-: ਜੋਤੀ ਮਹਿ ਜੋਤਿ ਰਲਿ ਜਾਇਆ, ਭਾਗ 2 :-
ਕੁਝ ਦਿਨ ਪਹਿਲਾਂ ਮੈਂ ‘ਜੋਤੀ ਮਹਿ ਜੋਤਿ ਰਲਿ ਜਾਇਆ’ ਲੇਖ ਲਿਖਿਆ ਸੀ।ਉਸ ਲੇਖ ਵਿੱਚ ਅਜੋਕੇ ਵਿਦਵਾਨਾਂ ਵੱਲੋਂ ਆਵਾਗਵਨ ਸੰਕਲਪ ਸੰਬੰਧੀ ਪਾਏ ਜਾ ਰਹੇ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਪਰ ਸਤਿਨਾਮ ਸਿੰਘ ਮੌਂਟਰੀਅਲ ਜੀ ਨੇ ਮੇਰੇ ਸਾਰੇ ਵਿਚਾਰਾਂ ਨੂੰ ਨਜ਼ਰ ਅੰਦਾਜ ਕਰਕੇ ਮੇਰੇ ਉਸ ਲੇਖ ਦੇ ਪ੍ਰਤੀਕਰਮ ਵਜੋਂ “ਮੌਤ” ਸਿਰਲੇਖ ਨਾਂ ਦਾ ਇੱਕ ਲੇਖ-ਨੁਮਾ ਪੱਤਰ ਲਿਖਿਆ ਹੈ।ਪੇਸ਼ ਹਨ ਉਸ ਲੇਖ ਸੰਬੰਧੀ ਕੁਝ ਖਾਸ ਨੁਕਤਿਆਂ ਬਾਰੇ ਵਿਚਾਰ:-
ਸਤਿਨਾਮ ਸਿੰਘ ਮੌਂਟਰੀਅਲ ਜੀ ਲਿਖਦੇ ਹਨ- “ਸਰੀਰਕ ਮੌਤ ਦੀ ਵਿਆਖਿਆ ਗੁਰੂ ਜੀ ਨੇ 885 ਪੰਨੇ ਤੇ ਬੜੇ ਵਿਸਥਾਰ ਸਹਿਤ ਕੀਤੀ ਹੋਈ ਹੈ, “ਪਵਨੈ ਮਹਿ ਪਵਨ ਸਮਾਇਆ” ਵਾਲੇ ਸ਼ਬਦ ਵਿੱਚ।ਇਸੇ ਹੀ ਸ਼ਬਦ ਦੀਆਂ ਆਖਰੀ ਪੰਗਤੀਆਂ ਵਿੱਚ ਆਵਾਗਵਨ ਨੂੰ ਭਰਮ (ਭੁਲੇਖਾ” ਝੂਠ) ਦੱਸਿਆ ਹੈ ਇਹ ਵੀ ਕਿਹਾ ਹੈ ਕਿ ਗੁਰੂ ਇਹ ਭਰਮ ਚੁਕਾ ਦਿੰਦਾ ਹੈ- “ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ॥”(885)
ਵਿਚਾਰ:- ਆਵਾਗਵਨ ਦਾ ਮਤਲਬ ਹੈ- ਇਹ ਸਰੀਰ ਤਿਆਗਣ ਤੋਂ ਬਾਅਦ ਫੇਰ ਹੋਰ ਸਰੀਰ ਧਾਰ ਕੇ ਸੰਸਾਰ ਤੇ ਆਉਣਾ, ਅਰਥਾਤ ਮਰਨ ਤੋਂ ਬਾਅਦ ਫੇਰ ਜਨਮ। ਤੁਕ ਵਿੱਚ ਲਫਜ਼ ਹਨ- ‘ਨਾ ਕੋ ਮਰੈ ਨਾ ਆਵੈ ਜਾਇਆ’।ਇਹਨਾਂ ਲਫਜ਼ਾਂ ਨੂੰ ਓਪਰੀ ਨਜ਼ਰੇ ਦੇਖੀਏ ਤਾਂ ਬੇਸ਼ੱਕ ਭੁਲੇਖਾ ਲੱਗ ਸਕਦਾ ਹੈ ਕਿ ਆਵਾਗਵਨ ਦਾ ਖੰਡਨ ਕੀਤਾ ਗਿਆ ਹੈ। ਪਰ ਜੇ ਜ਼ਰਾ ਕੁ ਵੀ ਧਿਆਨ ਨਾਲ ਵਿਚਾਰੀਏ ਤਾਂ ਪਤਾ ਲੱਗ ਜਾਏਗਾ ਇਹਨਾਂ ਲਫਜ਼ਾਂ ਦਾ ਬਿਲਕੁਲ ਵੀ ਆਵਾਗਵਨ ਨਾਲ ਕੋਈ ਸੰਬੰਧ ਨਹੀਂ ਹੈ।
ਸੰਬੰਧਤ ਤੁਕ ਵਿੱਚ ਲਿਖੇ ਲਫਜ਼ਾਂ ‘ਨਾ ਕੋ ਮਰੈ’ ਵੱਲ ਖਾਸ ਤੌਰ ਤੇ ਧਿਆਨ ਦੇਣ ਨਾਲ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ।ਜੇ ‘ਨਾ ਆਵੈ ਜਾਇਆ’ ਦੇ ਅਰਥ ਮਰਨ ਤੋਂ ਬਾਅਦ ਫੇਰ ਜਨਮ ਨਾਲ ਜੋੜਦੇ ਹਾਂ ਤਾਂ ਪਹਿਲਾਂ ਮਰਨਾ ਜਰੂਰੀ ਹੈ, ਉਸ ਤੋਂ ਬਾਅਦ ਹੀ ਫੇਰ ਆਉਣ ਜਾਂ ਨਾ ਆਉਣ ਅਰਥਾਤ ਆਵਾਗਵਨ ਦੀ ਗੱਲ ਹੋ ਸਕਦੀ ਹੈ। ਪਰ ਸ਼ਬਦ ਵਿੱਚ ਤਾਂ ‘ਨਾ ਕੋ ਮਰੈ’ ਦੀ ਗੱਲ ਕਹੀ ਗਈ ਹੈ। ਇਸ ਦਾ ਮਤਲਬ ‘ਨਾ ਕੋ ਮਰੈ ਨਾ ਆਵੈ ਜਾਇਆ’ ਦਾ ਸੰਬੰਧ ਇਹ ਸਰੀਰ ਤਿਆਗ ਕੇ ਹੋਰ ਸਰੀਰ ਧਾਰਨ ਅਰਥਾਤ ਮਰ ਕੇ ਫੇਰ ਜਨਮ ਲੈਣ ਵਾਲੇ ਆਵਾਗਵਨ ਨਾਲ ਬਿਲਕੁਲ ਨਹੀਂ ਹੈ।
ਸ਼ਬਦ ਵਿੱਚ ਲਫਜ਼ ਹਨ-
“ਆਵਤ ਜਾਵਤ ਹੁਕਮਿ ਅਪਾਰਿ॥” ਅਤੇ
“ …ਨਾ ਆਵੈ ਜਾਇਆ”
ਦੋਨੋਂ ਆਪਾ ਵਿਰੋਧੀ ਗੱਲਾਂ ਲੱਗਦੀਆਂ ਹਨ।
ਪਰ ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਇੱਕੋ ਹੀ ਸ਼ਬਦ ਵਿੱਚ ਆਪਣੀ ਹੀ ਗੱਲ ਕੱਟ ਰਹੇ ਹੋਣ।
ਦਰ ਅਸਲ ‘ਆਵਤ ਜਾਵਤ ਹੁਕਮਿ ਆਪਾਰਿ’ ਕਿਸ ਦੇ ਲਈ ਅਤੇ ‘ਨਾ ਆਵੈ ਜਾਇਆ’ ਕਿਸ ਦੇ ਲਈ ਕਿਹਾ ਗਿਆ ਹੈ ਇਹ ਫਰਕ ਸਮਝਣ ਦੀ ਜਰੂਰਤ ਹੈ।
ਗੁਰਬਾਣੀ ਅਨੁਸਾਰ ‘ਜੀਵ, ਜੀਵਾਤਮਾ, ਸਾਡਾ ਆਪਾ, ਸਾਡਾ ਅਸਲਾ’ ਕਦੇ ਜੰਮਦਾ ਮਰਦਾ ਨਹੀਂ-
“ਮੇਰਾ ਮੇਰਾ ਕਰਿ ਬਿਲਲਾਹੀ॥ ਮਰਣਹਾਰੁ ਇਹੁ ਜੀਅਰਾ ਨਾਹੀ॥” (ਪੰਨਾ 188)
ਪ੍ਰਭੂ ਦੀ ਅੰਸ਼ ਹੋਣ ਕਰਕੇ ਇਸ ਦੇ ਬੁਨਿਆਦੀ ਗੁਣ ਵੀ ਪ੍ਰਭੂ ਵਾਲੇ ਹੀ ਹਨ।ਫੁਰਮਾਨ ਹੈ-
“ਅਚਰਜ ਕਥਾ ਮਹਾ ਅਨੂਪ॥ ਪ੍ਰਾਤਮਾ ਪਾਰਬ੍ਰਹਮ ਕਾ ਰੂਪ॥ਰਹਾਉ॥
ਨਾ ਇਹੁ ਬੂਢਾ ਨਾ ਇਹ ਬਾਲਾ।ਨਾ ਇਸੁ ਦੂਖੁ ਨਹੀ ਜਮ ਜਾਲਾ॥
ਨਾ ਇਹੁ ਬਿਨਸੈ ਨਾ ਇਹੁ ਜਾਇ॥ਆਦਿ ਜੁਗਾਦੀ ਰਹਿਆ ਸਮਾਇ॥” (ਪੰਨਾ 868)
(ਇੱਥੇ ਪ੍ਰਾਤਮਾ ਲਫਜ਼, ਜੀਵਾਤਮਾ ਲਈ ਵਰਤਿਆ ਗਿਆ ਹੈ)
ਗੁਰਬਾਣੀ ਅਨੁਸਾਰ ‘ਜੀਵ, ਜੀਵਾਤਮਾ’ ਕਦੇ ਜੰਮਦਾ ਮਰਦਾ ਨਹੀਂ। ਪ੍ਰਭੂ ਦੀ ਤਰ੍ਹਾਂ ਇਹ ਬਿਨਸਦਾ ਨਹੀਂ ਅਤੇ ਪਰਮਾਤਮਾ ਦੀ ਤਰ੍ਹਾਂ ਇਹ ਆਦਿ ਜੁਗਾਦੀ ਹੈ। ਪੱਕੇ ਤੌਰ ਤੇ ਇਹ ਕਿਸੇ ਦਾ ਮਾਂ, ਬਾਪ, ਬੇਟਾ, ਬੇਟੀ ਭੈਣ ਭਰਾ ਆਦਿ ਕੁਝ ਵੀ ਨਹੀਂ। ਇਹ ਜੀਵ ਇੱਕ ਸਰੀਰਕ ਚੋਲਾ ਤਿਆਗਦਾ ਹੈ, ਅਤੇ ਨਵਾਂ ਸਰੀਰਕ ਚੋਲਾ ਧਾਰ ਕੇ ਅਤੇ ਨਵੇਂ ਰਿਸਤੇ ਕਾਇਮ ਕਰਕੇ ਸੰਸਾਰ ਤੇ ਆ ਜਾਂਦਾ ਹੈ। ਅਤੇ ਜੀਵਨ ਅਵਧੀ ਖਤਮ ਹੋਣ ਤੇ ਸਰੀਰਕ ਚੋਲਾ ਤਿਆਗ ਕੇ ਸੰਸਾਰ ਤੋਂ ਤੁਰ ਜਾਂਦਾ ਹੈ। ਜਿਸ ਨੂੰ ਜਨਮ ਲੈਣਾ ਅਤੇ ਮਰਨਾ ਕਿਹਾ ਜਾਂਦਾ ਹੈ।
ਜੀਵਾਤਮਾ ਕੀ ਹੈ, ਇਸ ਬਾਰੇ ਗੁਰਬਾਣੀ ਫੁਰਮਾਨ ਦੇਖੋ:-
“ਨਾ ਇਹੁ ਮਾਨਸੁ ਨਾ ਇਹੁ ਦੇਉ॥ ਨਾ ਇਹੁ ਜਤੀ ਕਹਾਵੈ ਸੇਉ॥
ਨਾ ਇਹੁ ਜੋਗੀ ਨਾ ਅਵਧੂਤਾ॥ ਨਾ ਇਸੁ ਮਾਇ ਨ ਕਾਹੂ ਪੂਤਾ ॥1॥
ਇਆ ਮੰਦਰ ਮਹਿ ਕੌਨ ਬਸਾਈ ॥ਰਹਾਉ॥
ਨਾ ਇਹੁ ਗਿਰਹੀ ਨਾ ਓਦਾਸੀ॥ ਨਾ ਇਹੁ ਰਾਜ ਨ ਭੀਖ ਮੰਗਾਸੀ॥
ਨਾ ਇਸੁ ਪਿੰਡੁ ਨ ਰਕਤੂ ਰਾਤੀ॥ ਨਾ ਇਹੁ ਬ੍ਰਹਮਨੁ ਨਾ ਇਹ ਖਾਤੀ॥2॥
ਨਾ ਇਹੁ ਤਪਾ ਕਹਾਵੈ ਸੇਖੁ॥ ਨਾ ਇਹੁ ਜੀਵੈ ਨ ਮਰਤਾ ਦੇਖੁ॥
ਇਸੁ ਮਰਤੇ ਕਉ ਜੇ ਕੋਊ ਰੋਵੈ॥ ਜੋ ਰੋਵੈ ਸੋਈ ਪਤਿ ਖੋਵੈ॥3॥
ਗੁਰ ਪ੍ਰਸਾਦਿ ਮੈਂ ਡਗਰੋ ਪਾਇਆ॥ ਜੀਵਨ ਮਰਨ ਦੋਊ ਮਿਟਵਾਇਆ॥
ਕਹੁ ਕਬੀਰ ਇਹੁ ਰਾਮ ਕੀ ਅੰਸੁ॥ ਜਸ ਕਾਗਦ ਪਰ ਮਿਟੈ ਨ ਮੰਸੁ॥4॥” (ਪੰਨਾ 871)
ਰਹਾਉ ਦੀ ਪੰਗਤੀ ਵਿੱਚ ਪੁੱਛੇ ਗਏ ਸਵਾਲ ‘ਇਆ ਮੰਦਰ ਮਹਿ ਕੌਨ ਬਸਾਈ॥’ ਬਾਰੇ ਸਾਰੇ ਸ਼ਬਦ ਵਿੱਚ ਬੜੇ ਵਿਸਥਾਰ ਨਾਲ ਜਵਾਬ ਦਿੱਤਾ ਗਿਆ ਹੈ।
ਕਬੀਰ ਜੀ ਦੇ ਇਸ ਸ਼ਬਦ ਵਿੱਚ ਵੀ ਤਕਰੀਬਨ ‘ਪਵਨੈ ਮਹਿ ਪਵਨ ਸਮਾਇਆ’ ਵਾਲੇ ਨੁਕਤੇ ਤੇ ਹੀ ਵਿਚਾਰ ਦਿੱਤੀ ਗਈ ਹੈ। ਪਰ ਇਸ ਸ਼ਬਦ ਵਿੱਚ ਉਸ ਬਾਰੇ ਕੁੱਝ ਜਿਆਦਾ ਵਿਸਥਾਰ ਨਾਲ ਸਮਝਾਇਆ ਗਿਆ ਹੈ, ਜਿਸ ਬਾਰੇ ਪਵਨੈ ਮਹਿ ਪਵਨ ਸਮਾਇਆ ਵਾਲੇ ਸ਼ਬਦ ਵਿੱਚ ਕਿਹਾ ਗਿਆ ਹੈ ਕਿ
“ਜੋ ਇਹੁ ਜਾਨਹੁ ਸੋ ਇਹੁ ਨਾਹਿ॥”
ਤਾਂ ਫੇਰ ਇਹ ਕੀ ਹੈ, ਇਸ ਦਾ ਜਵਾਬ ਕਬੀਰ ਜੀ ਦੇ ਇਸ ਸ਼ਬਦ ਵਿੱਚ ਸੌਖਾ ਸਮਝ ਆ ਜਾਂਦਾ ਹੈ।
ਜਿਸ ਗੱਲ ਨੂੰ ਉਸ ਸ਼ਬਦ ਵਿੱਚ ‘ਨਾ ਕੋ ਮਰੈ ਨਾ ਆਵੈ ਜਾਇਆ॥’ ਕਿਹਾ ਹੈ ਇੱਥੇ ਉਸ ਨੂੰ ‘ਨਾ ਇਹੁ ਜੀਵੇ ਨਾ ਮਰਤਾ’ ਕਿਹਾ ਹੈ।ਅਰਥਾਤ ‘ਜੀਵਾਤਮਾ’ ਵਿੱਚ ਜੀਵਨ ਨਹੀਂ ਹੈ, ਇਸ ਤਰ੍ਹਾਂ ਇਹ ਮਰਨ ਜੋਗਾ ਵੀ ਨਹੀਂ ਹੈ।ਪਵਨੈ ਮਹਿ ਪਵਨ ਸਮਾਇਆ ਵਾਲੇ ਸ਼ਬਦ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਕਿਸੇ ਦਾ ਸਰੀਰਕ ਚੋਲਾ ਛੱਡ ਜਾਣ ਤੇ ਰੋਣ ਵਾਲੇ ਭੁਲੇਖੇ ਵਿੱਚ ਹੀ ਹਨ, ਜਦਕਿ ਅਸਲ ਵਿੱਚ ਜੀਵ ਨਾ ਮਰਿਆ ਹੈ ਨਾ ਇਹ ਮਰਨ ਜੋਗਾ ਹੈ।ਇੱਥੇ ਇਸ ਸ਼ਬਦ ਵਿੱਚ ਕਬੀਰ ਜੀ ਵੀ ਇਹੀ ਸਮਝਾ ਰਹੇ ਹਨ ਕਿ ਜਿਹੜਾ ਕੋਈ ਕਿਸੇ ਨੂੰ ਮਰਿਆ ਸਮਝ ਕੇ ਰੋਂਦਾ ਹੈ ਉਹ ਖੁਆਰ ਹੀ ਹੁੰਦਾ ਹੈ। ਅਰਥਾਤ ਬੇ-ਵਜ੍ਹਾ ਹੀ ਰੋਂਦਾ ਹੈ।
‘ਨਾ ਕੋ ਮਰੈ ਨਾ ਆਵੈ ਜਾਇਆ’ “ਜੀਵ” ਦੇ ਲਈ ਕਿਹਾ ਹੈ। ਕਿਉਂਕਿ ਇਹ ਜੰਮਦਾ ਮਰਦਾ ਨਹੀਂ। ਅਤੇ
‘ਆਵਤ ਜਾਵਤ ਹੁਕਮਿ ਅਪਾਰਿ’ ਜੀਵ ਦੇ “ਸਰੀਰਕ ਚੋਲਾ ਧਾਰ ਕੇ ਜੱਗ ਤੇ ਆਉਣ” ਬਾਰੇ ਕਿਹਾ ਗਿਆ ਹੈ।
ਬੱਸ ਜੇ ਇਹ ਫਰਕ ਸਮਝ ਆ ਜਾਵੇ ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ ।
ਕਹੁ ਨਾਨਕ ਗੁਰਿ ਭਰਮ ਚੁਕਾਇਆ ਬਾਰੇ:- ਕਿਸੇ ਦੇ ਸਰੀਰਕ ਚੋਲਾ ਤਿਆਗਣ ਤੇ ਸਮਝਿਆ ਜਾਂਦਾ ਹੈ ਕਿ ਇਹ ਮਰ ਗਿਆ ਹੈ। ਜਦਕਿ ਅਸਲੀਅਤ ਇਹ ਹੈ ਕਿ ਇਹ ਮਰਿਆ ਨਹੀਂ, ਨਾ ਹੀ ਇਹ ਮਰਨ ਜੋਗਾ ਹੈ।‘ਨਾ ਇਹੁ ਜੀਵੈ’ ਅਰਥਾਤ ਇਸ ਵਿੱਚ ਜੀਵਨ ਵੀ ਨਹੀਂ ਹੈ। ਜਦੋਂ ਸਰੀਰ ਅਤੇ ਜੀਵਨ-ਜੋਤਿ ਨਾਲ ਇਸ ਦਾ ਮੇਲ ਹੁੰਦਾ ਹੈ, ਤਾਂ ਇਹ ਜੱਗ ਤੇ ਆਉਂਦਾ ਹੈ। ਗੁਰੂ ਨੇ ਇਹ ਭਰਮ ਚੁਕਾਇਆ ਹੈ ਕਿ ਜਿਸ ਨੂੰ ਆਪਾਂ ਸਮਝਦੇ ਹਾਂ ਕਿ ਜੀਵ ਜੰਮਦਾ ਮਰਦਾ ਹੈ, ਅਸਲ ਵਿੱਚ ਇਹ ਗੱਲ ਨਹੀਂ ਹੈ। ਜੀਵ ਜੰਮਦਾ ਮਰਦਾ ਨਹੀਂ, ਇਹ ਸਰੀਰਕ ਚੋਲਾ ਧਾਰ ਕੇ ਜੱਗ ਤੇ ਆਉਂਦਾ ਹੈ। ਅਤੇ ਜੀਵਨ ਅਵਧੀ ਮੁੱਕਣ ਤੇ ਇਹ ਸਰੀਰਕ ਚੋਲਾ ਤਿਆਗ ਦਿੰਦਾ ਹੈ ਅਤੇ ਨਵਾਂ ਸਰੀਰਕ ਚੋਲਾ ਧਾਰ ਲੈਂਦਾ ਹੈ। ਜਾਂ ਗੁਰਮੁਖਾਂ ਵਾਲਾ ਜੀਵਨ ਬਿਤਾਉਣ ਤੇ ਹਮੇਸ਼ਾਂ ਲਈ ਪ੍ਰਭੂ ਵਿੱਚ ਸਮਾਅ ਜਾਂਦਾ ਹੈ, ਮੁੜ ਜਨਮ ਮਰਨ ਦੇ ਗੇੜ ਤੋਂ ਮੁਕਤੀ ਹਾਸਲ ਕਰ ਲੈਂਦਾ ਹੈ।
ਨੋਟ- ਇਸ ਤੋਂ ਅੱਗੇ ਸਤਿਨਾਮ ਸਿੰਘ ਮੌਂਟਰੀਅਲ ਜੀ ਨੇ “ਪਰ” ਸਿਰਲੇਖ ਹੇਠਾਂ ਆਤਮਕ ਮੌਤ ਬਾਰੇ ਵਿਚਾਰ ਦਿੱਤੇ ਹਨ।ਪਰ ਅਸਲ ਵਿੱਚ ਸਰੀਰਕ ਮੌਤ ਅਤੇ ਆਵਾਗਵਨ ਵਾਲੀਆਂ ਗੁਰਬਾਣੀ ਉਦਾਹਰਣਾਂ ਨੂੰ ਵੀ ਆਤਮਕ ਮੌਤ ਦੇ ਅਰਥਾਂ ਵਿੱਚ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਬਾਰੇ ਵੱਖਰੇ ਲੇਖ ਵਿੱਚ ਵਿਚਾਰ ਸਾਂਝੇ ਕੀਤੇ ਜਾਣਗੇ।
ਜਸਬੀਰ ਸਿੰਘ ਵਿਰਦੀ
26-09-2015