ਸਿੱਖ ਜਵਾਨੀ ਦੀ ਸੰਭਾਲ: ਜ਼ਿਮੇਂਦਾਰੀ ਕਿਸਦੀ?
ਆਮ ਵੇਖਣ ਵਿੱਚ ਆਉਂਦਾ ਰਹਿੰਦਾ ਹੈ ਕਿ ਜਦੋਂ ਕਦੀ ਵੀ ਸਿੱਖ ਆਗੂਆਂ ਨੂੰ ਕਿਸੇ ਧਾਰਮਕ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁੱਟ, ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣ ਦੇ ਵੱਧ ਰਹੇ ਰੁਝਾਨ ਦੀ ਚਰਚਾ ਬਹੁਤ ਹੀ ਭਾਵੁਕਤਾ ਨਾਲ ਕਰਦੇ ਹਨ। ਪ੍ਰੰਤੂ ਜਦੋਂ ਉਨ੍ਹਾਂ ਨੂੰ ਨੌਜਵਾਨਾਂ ਵਿੱਚ ਵੱਧ ਰਹੇ ਇਸ ਰੁਝਾਨ ਦੇ ਕਾਰਣਾਂ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਘੜਿਆ-ਘੜਾਇਆ ਇਹ ਉੱਤਰ ਦੇ ਕੇ ਪੱਲਾ ਝਾੜ ਲੈਂਦੇ ਹਨ ਕਿ, ਇਸਦਾ ਮੁੱਖ ਕਾਰਣ ਧਾਰਮਕ ਜਥੇਬੰਦੀਆਂ ਦਾ ਸਿੱਖੀ ਦੇ ਪ੍ਰਚਾਰ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਪੱਖੋਂ ਇਮਾਨਦਾਰ ਨਾ ਹੋਣਾ ਹੈ। ਫਿਰ ਜਦੋਂ ਧਾਰਮਕ ਜਥੇਬੰਦੀਆਂ ਦੇ ਮੁੱਖੀਆਂ ਪਾਸੋਂ ਉਨ੍ਹਾਂ ਪੁਰ ਲਾਏ ਜਾ ਰਹੇ ਇਸ ਦੋਸ਼ਾਂ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਬੜੇ ਹੀ ਮਾਣ ਨਾਲ ਦਾਅਵਾ ਕਰਦਿਆਂ ਦਸਦੇ ਹਨ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਤਾਂ ਧਰਮ ਪ੍ਰਚਾਰ ਲਈ ਹਰ ਸਾਲ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਦਾਅਵਾ ਕਰਨ ਦੇ ਬਾਵਜੂਦ, ਉਹ ਇਸ ਸੁਆਲ ਦਾ ਜਵਾਬ ਦੇਣ ਤੋਂ ਪਾਸਾ ਵੱਟ ਜਾਂਦੇ ਹਨ ਕਿ ਤੁਹਾਡੀ ਜਥੇਬੰਦੀ ਵਲੋਂ ਹਰ ਸਾਲ ਧਰਮ ਪ੍ਰਚਾਰ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ ਵੀ ਨੌਜਵਾਨਾਂ ਦੇ ਸਿੱਖੀ ਵਿਰਸੇ ਨਾਲੋਂ ਟੁੱਟਦਿਆਂ ਜਾਣ ਦੇ ਵੱਧ ਰਹੇ ਰੁਝਾਨ ਨੂੰ ਠਲ੍ਹ ਕਿਉਂ ਨਹੀਂ ਪੈ ਰਹੀ?
ਕੁਝ ਹੀ ਸਮਾਂ ਪਹਿਲਾਂ ਦੀ ਗਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੇ ਆਪ ਸਵੀਕਾਰ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ `ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ, ਪੰਜਾਬ ਦੇ ਸਿੱਖ ਨੌਜਵਾਨਾਂ ਵਿੱਚ ਪਤੱਤ ਹੋਣ ਵਲ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ, ਪਰ ਉਨ੍ਹਾਂ ਇਸਦੇ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿਮੇਂਦਾਰ ਸਵੀਕਾਰਨ ਤੋਂ ਸਾਫ ਇਨਕਾਰ ਕਰ ਦਿਤਾ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਜ਼ਾਰਾਂ ਸਿੰਘ ਸਭਾਵਾਂ ਅਤੇ ਛੋਟੀਆਂ-ਵੱਡੀਆਂ ਅਨੇਕਾਂ ਧਾਰਮਕ ਜਥੇਬੰਦੀਆਂ ਹਨ, ਜੋ ਆਪੋ-ਆਪਣੇ ਸਾਧਨਾਂ ਤੇ ਸਮਰਥਾ ਅਨੁਸਾਰ ਧਰਮ ਪ੍ਰਚਾਰ ਦੇ ਖੇਤ੍ਰ ਵਿੱਚ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਯੋਗਦਾਨ ਪੁਰ ਕਰੋੜਾਂ ਹੀ ਰੁਪਏ ਖਰਚ ਹੋ ਰਹੇ ਹਨ। ਪਰ ਇਸ ਗਲ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸਦੇ ਬਾਵਜੂਦ ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁੱਟ, ਪਤਤ ਹੋਣ ਦਾ ਜੋ ਰੁਝਾਨ ਬਣਿਆ ਹੋਇਆ ਹੈ, ਉਸਨੂੰ ਕਿਸੇ ਵੀ ਪੱਧਰ ਤੇ ਠਲ੍ਹ ਨਹੀਂ ਪੈ ਰਹੀ।
ਵਰਨਣਯੋਗ ਗਲ ਇਹ ਵੀ ਹੈ ਕਿ ਸਿੱਖ ਆਗੂ ਆਪਣੇ-ਆਪਨੂੰ ਸਿੱਖ ਰਾਜਨੀਤੀ ਵਿੱਚ ਸਥਾਪਤ ਕਰਨ ਲਈ ਇਕ-ਦੂਜੇ ਤੇ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਉਨ੍ਹਾਂ ਦਾ ਵਿਰੋਧੀ ਨਿੱਜ ਸੁਆਰਥ ਦੀ ਪੂਰਤੀ ਲਈ, ਕੌਮ ਦੇ ਵੱਡੇ ਹਿਤਾਂ ਅਤੇ ਅਧਿਕਾਰਾਂ ਨੂੰ ਨਜ਼ਰ-ਅੰਦਾਜ਼ ਕਰ ਰਿਹਾ ਹੈ। ਸਿੱਖ ਅਤੇ ਸਿੱਖੀ ਦੇ ਦੁਸ਼ਮਣਾਂ ਨਾਲ, ਸਿੱਖ ਹਿਤਾਂ ਤੇ ਅਧਿਕਾਰਾਂ ਦਾ ਸੌਦਾ ਕਰ ਰਿਹਾ ਹੈ। ਇਸਦੇ ਨਾਲ ਹੀ ਉਹ ਇਹ ਦੋਸ਼ ਲਾਉਣੋਂ ਵੀ ਸੰਕੋਚ ਨਹੀਂ ਕਰਦੇ ਕਿ ਉਨ੍ਹਾਂ ਦੇ ਵਿਰੋਧੀ ਵਲੋਂ ਜਿਸਤਰ੍ਹਾਂ ਧਾਰਮਕ ਸੰਸਥਾਵਾਂ ਅਤੇ ਧਾਰਮਕ ਸਮਾਗਮਾਂ ਦੀ ਵਰਤੋਂ ਆਪਣਾ ਗੁਣ-ਗਾਨ ਕਰਨ ਅਤੇ ਵਿਰੋਧੀਆਂ ਨੂੰ ਭੰਡਣ ਲਈ ਕੀਤੀ ਜਾ ਰਹੀ ਹੈ, ਉਸ ਕਾਰਣ ਵੀ ਸਿੱਖ ਨੌਜਵਾਨਾਂ ਵਿੱਚ ਧਰਮ ਪ੍ਰਤੀ ਉਦਾਸੀਨਤਾ ਵੱਧਦੀ ਜਾ ਰਹੀ ਹੈ ਤੇ ਫਲਸਰੂਪ ਜਿਥੇ ਉਹ ਸਿੱਖੀ ਵਿਰਸੇ ਨਾਲੋਂ ਟੁੱਟ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ, ਉਥੇ ਹੀ ਉਹ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋ ਜਵਾਨੀ ਤੇ ਜ਼ਿੰਦਗੀ ਵੀ ਬਰਬਾਦ ਕਰ ਰਹੇ ਹਨ।
ਸਾਰੇ ਹਾਲਾਤ ਨੂੰ ਗੰਭੀਰਤਾ ਨਾਲ ਵਾਚਿਆਂ ਅਤੇ ਘੋਖਿਆਂ, ਇਸ ਹਮਾਮ ਵਿੱਚ ਸਾਰੇ ਹੀ ਨੰਗੇ ਨਜ਼ਰ ਆਉਣਗੇ। ਪੰਜਾਬ ਵਿੱਚ ਲੰਮੇਂ ਸਮੇਂ ਤੋਂ ਇਹ ਪਰੰਪਰਾ ਜਿਹੀ ਚਲੀ ਆ ਰਹੀ ਹੈ ਕਿ ਜਦੋਂ ਵੀ ਕਿਸੇ ਮਹਤੱਵਪੁਰਣ ਇਤਿਹਾਸਕ ਸਥਾਨ ਤੇ, ਉਸ ਸਥਾਨ ਨਾਲ ਸਬੰਧਤ ਇਤਿਹਾਸਕ ਸਾਕੇ ਦੀ ਯਾਦ ਮੰਨਾਉਣ ਲਈ ਜਿਥੇ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ `ਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਜੁੜਨ ਦੀ ਸੰਭਾਵਨਾ ਵਿਖਾਈ ਦਿੰਦੀ ਹੈ, ਤਾਂ ਪੰਜਾਬ ਵਿਚਲੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ, ਜਿਨ੍ਹਾਂ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖੀ ਦੀਆਂ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ, ਅਕਾਲੀ ਦਲ ਵੀ ਸ਼ਾਮਲ ਹੁੰਦੇ ਹਨ, ਉਥੇ ਆਪੋ-ਆਪਣੇ ਰਾਜਸੀ ਜਲਸੇ ਕਰਨ ਲਈ ਲਾਓ-ਲਸ਼ਕਰ ਲੈ ਕੇ ਪੁਜ ਜਾਂਦੀਆਂ ਹਨ, ਇਨ੍ਹਾਂ ਜਲਸਿਆਂ, ਜਿਨ੍ਹਾਂ ਨੂੰ ਇਨ੍ਹਾਂ ਦੇ ਆਯੋਜਕ ਕਾਨਫਰੰਸਾਂ ਦਾ ਨਾਂ ਦਿੰਦੇ ਹਨ, ਵਿੱਚ ਧਾਰਮਕ ਗਲਾਂ ਘਟ ਅਤੇ ਰਾਜਸੀ ਗਲਾਂ ਵਧੇਰੇ ਕੀਤੀਆਂ ਜਾਂਦੀਆਂ ਹਨ ਅਤੇ ਉਹ ਵੀ ਵਿਰੋਧੀ ਨੂੰ ਭੰਡਣ ਅਤੇ ਆਪਣਾ ਗੁਣ-ਗਾਨ ਕਰਨ ਲਈ।
ਭਾਵੇਂ ਮੁਕਤਸਰ ਵਿਖੇ ਚਾਲ੍ਹੀ ਮੁਕਤਿਆਂ ਦੀ ਸ਼ਹੀਦੀ ਦੀ ਯਾਦ ਮਨਾਈ ਜਾ ਰਹੀ ਹੋਵੇ ਅਤੇ ਭਾਵੇਂ ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ। ਇਨ੍ਹਾਂ ਮੌਕਿਆਂ ਤੇ ਆਯੋਜਿਤ ਕੀਤੇ ਜਾਂਦੇ ਜੋੜ ਮੇਲਿਆਂ ਦੌਰਾਨ ਰਾਜਸੀ ਪਾਰਟੀਆਂ ਵਲੋਂ ਕੀਤੇ ਜਾਂਦੇ ਜਲਸਿਆਂ (ਕਾਨਫਰੰਸਾਂ) ਵਿੱਚ ਲੀਡਰਾਂ ਵਲੋਂ ਕੀਤੇ ਜਾਂਦੇ ਭਾਸ਼ਣਾਂ ਵਿੱਚ, ਜਿਨ੍ਹਾਂ ਦੀ ਸ਼ਹਾਦਤ ਦੀ ਯਾਦ ਮੰਨਾਈ ਜਾ ਰਹੀ ਹੁੰਦੀ ਹੈ, ਉਨ੍ਹਾਂ ਦਾ ਜ਼ਿਕਰ ਸ਼ਾਇਦ ਨਾਂ ਮਾਤ੍ਰ ਸ਼ਰਧਾ ਦੇ ਫੁਲ ਭੇਂਟ ਕਰਨ ਤਕ ਸੀਮਤ ਹੁੰਦਾ ਹੈ, ਬਾਕੀ ਸਾਰਾ ਸਮਾਂ ਵਿਰੋਧੀਆਂ ਨੂੰ ਭੰਡਣ ਅਤੇ ਆਪਣਾ ਗੁਣ-ਗਾਨ ਕਰਨ ਲਈ ਹੀ ਵਰਤਿਆ ਗਿਆ ਹੁੰਦਾ ਹੈ।
ਅਜਿਹਾ ਕੁੱਝ ਕੇਵਲ ਕਾਂਗ੍ਰਸ ਜਾਂ ਦੂਜੀਆਂ ਰਾਜਸੀ ਪਾਰਟੀਆਂ ਦੇ ਜਲਸਿਆਂ ਵਿੱਚ ਹੀ ਨਹੀਂ ਹੁੰਦਾ, ਸਗੋਂ ਸਿੱਖੀ ਅਤੇ ਸਿੱਖੀ ਦੀਆਂ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਾਖੇ ਹੋਣ ਦੇ ਦਾਅਵੇਦਾਰ, ਅਕਾਲੀ ਦਲਾਂ ਦੇ ਜਲਸਿਆਂ ਵਿੱਚ ਵੀ ਹੁੰਦਾ ਹੈ। ਇਨ੍ਹਾਂ ਨੂੰ ਕੋਈ ਪੁੱਛੇ ਕਿ ਜੇ ਸਿੱਖੀ ਦੇ ਠੇਕੇਦਾਰ ਹੋਣ ਦੇ ਦਾਅਵੇਦਾਰ, ਅਕਾਲੀ ਆਗੂ ਹੀ, ਧਾਰਮਕ ਸਮਾਗਮਾਂ ਦੇ ਮੌਕਿਆਂ ਦੀ ਰਾਜਸੀ ਵਰਤੋਂ ਕਰਨ ਵਿੱਚ ਸਭ ਤੋਂ ਅੱਗੇ ਰਹਿੰਦੇ ਹੋਣ ਅਤੇ ਇਕ-ਦੂਜੇ ਦੀਆਂ ਪਗੜੀਆਂ ਉਛਾਲਣ ਵਿੱਚ ਕੋਈ ਕਸਰ ਨਾ ਛਡਦੇ ਹੋਣ ਤਾਂ ਦੂਜਿਆਂ ਦੇ ਨਾਲ ਸ਼ਿਕਵਾ ਕਾਹਦਾ?
ਇਹ ਗਲ ਸੋਚਣ ਤੇ ਸਮਝਣ ਵਾਲੀ ਹੈ ਕਿ ਇਨ੍ਹਾਂ ਮੌਕਿਆਂ ਤੇ ਜੋ ਲੋਕੀ ਸ਼ਹੀਦਾਂ ਪ੍ਰਤੀ ਆਪਣੀ ਅਕੀਦਤ ਪੇਸ਼ ਕਰਨ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਲਈ ਪਹੁੰਚਦੇ ਹਨ, ਉਹ ਇਨ੍ਹਾਂ ਭਾਸ਼ਣਾਂ ਤੋਂ ਕੀ ਸੰਦੇਸ਼ ਅਤੇ ਪ੍ਰੇਰਨਾ ਲੈ ਕੇ ਪਰਤਦੇ ਹੋਣਗੇ? ਇਨ੍ਹਾਂ ਸਿੱਖੀ ਦੇ ਠੇਕੇਦਾਰਾਂ ਵਲੋਂ ਜਿਸਤਰ੍ਹਾਂ ਇਕ-ਦੂਜੇ ਨੂੰ ਕੋਸਣ ਵਿੱਚ ਆਪਣੇ ਦਿਲ ਦਾ ਗੁਭਾਰ ਕਢਣ ਲਈ, ਧਾਰਮਕ ਮੌਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਕੀ ਉਸਤੋਂ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਪੁਜਣ ਵਾਲੇ ਸ਼ਰਧਾਲੂਆਂ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਗਿਣਤੀ ਕਿਸੇ ਵੀ ਤਰ੍ਹਾਂ ਘਟ ਨਹੀਂ ਹੁੰਦੀ ਹੋਵੇਗੀ, ਦੀ ਧਾਰਮਕ ਭਾਵਨਾ ਨੂੰ ਠੇਸ ਨਹੀਂ ਪੁਜਦੀ ਹੋਵੇਗੀ? ਉਨ੍ਹਾਂ ਦੇ ਦਿਲ ਵਿੱਚ ਇਹ ਵਿਚਾਰ ਪੈਦਾ ਨਹੀਂ ਹੁੰਦਾ ਹੋਵੇਗਾ ਕਿ ਕੀ ਕੌਮ ਦੇ ਸ਼ਹੀਦਾਂ ਨੇ ਅਜਿਹੇ ਹੀ ਸਿੱਖੀ ਦੇ ਠੇਕੇਦਾਰਾਂ ਦੀ ਸੁਆਰਥ-ਪੂਰਤੀ ਲਈ ਆਪਣੀਆਂ ਸ਼ਹਾਦਤਾਂ ਦਿਤੀਆਂ ਹਨ?
ਕੋਈ ਇਸ ਸੱਚਾਈ ਨੂੰ ਸਵੀਕਾਰ ਕਰੇ ਜਾਂ ਨਾਂਹ, ਪਰ ਸੱਚਾਈ ਇਹੀ ਹੈ ਕਿ ਸਿੱਖ ਨੌਜਵਾਨਾਂ ਵਿੱਚ ਸਿੱਖੀ ਪ੍ਰਤੀ ਜੋ ਉਦਾਸੀਨਤਾ ਵੇਖਣ ਨੂੰ ਮਿਲ ਰਹੀ ਹੈ, ਉਸਦਾ ਮੁੱਖ ਕਾਰਣ ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰਾਂ ਵਲੋਂ ਧਾਰਮਕ ਮੌਕਿਆਂ ਅਤੇ ਸਮਾਗਮਾਂ ਦੀ ਰਾਜਸੀ ਸੁਆਰਥ ਲਈ ਵਰਤੋਂ ਕੀਤਾ ਜਾਣਾ ਵੀ ਹੈ। ਇਹੀ ਕਾਰਣ ਹੈ ਕਿ ਧਾਰਮਕ ਜਥੇਬੰਦੀਆਂ ਵਲੋਂ ਧਰਮ ਪ੍ਰਚਾਰ ਪ੍ਰਚੰਡ ਕਰਨ ਦੇ ਨਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ, ਹਰ ਸਾਲ ਸੈਂਕੜੇ ਧਾਰਮਕ ਸਮਾਗਮ ਕਰਨ, ਚੇਤਨਾ, ਜਾਗ੍ਰਤੀ ਅਤੇ ਖਾਲਸਾ ਮਾਰਚ ਕੀਤੇ ਜਾਣ ਦੇ ਬਾਵਜੂਦ, ਸਿੱਖ ਨੌਜਵਾਨਾਂ ਵਿੱਚ ਧਰਮ ਪ੍ਰਤੀ ਉਦਾਸੀਨਤਾ ਘਟਣ ਦੀ ਬਜਾਏ ਲਗਾਤਾਰ ਵੱਧਦੀ ਹੀ ਜਾ ਰਹੀ ਹੈ, ਜਿਸ ਕਾਰਣ ਉਹ ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣ ਦੇ ਨਾਲ ਹੀ, ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋ ਆਪਣੀ ਜਵਾਨੀ ਅਤੇ ਜ਼ਿੰਦਗੀ ਬਰਬਾਦ ਕਰ ਰਹੇ ਹਨ।
ਪ੍ਰੀਭਾਸ਼ਾ ਅਸਲੀ ਅਕਾਲੀ ਦਲ ਦੀ: ਗਲ ਸ਼ਾਇਦ ਉਦੋਂ ਦੀ ਹੈ, ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ, ਜ. ਗੁਰਚਰਨ ਸਿੰਘ ਟੋਹੜਾ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਬੇ-ਇਜ਼ਤ ਕਰਕੇ ਹਟਾਏ ਜਾਣ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚੋਂ ਕਢ ਦਿਤੇ ਜਾਣ ਤੋਂ ਲਗਭਗ ਚਾਰ ਵਰ੍ਹੇ ਬਾਅਦ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਸ਼ਾਮਲ ਕਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪ ਦਿਤਾ ਗਿਆ ਸੀ, ਨੇ ਅਸਲੀ ਅਤੇ ਪੰਥਕ ਜਥੇਬੰਦੀ ਦੀ ਪ੍ਰੀਭਾਸ਼ਾ ਕਰਦਿਆਂ ਕਿਹਾ ਸੀ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਅਤੇ ਅਸਲੀ ਪੰਥਕ ਜਥੇਬੰਦੀ ਉਹੀ ਹੈ, ਜਿਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਹੈ। ਇਹੀ ਪ੍ਰੀਭਾਸ਼ਾ ਅਜ ਵੀ ਬਾਦਲ ਅਕਾਲੀ ਦਲ ਦੇ ਮੁਖੀਆਂ ਵਲੋਂ ਬਾਰ-ਬਾਰ ਦੋਹਰਾਈ ਜਾ ਕੇ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਇਹ (ਬਾਦਲ) ਅਕਾਲੀ ਦਲ ਹੀ ਸ਼ਹੀਦਾਂ ਦੀ ਵਿਰਾਸਤ ਦਾ ਵਾਰਿਸ ਹੈ।
…ਅਤੇ ਅੰਤ ਵਿੱਚ: ਸਿੱਖ ਬੁਧੀਜੀਵੀਆਂ ਦਾ ਮੰਨਣਾ ਹੈ ਕਿ ਜੇ ਅਸਲੀ ਅਕਾਲੀ ਦਲ ਅਤੇ ਅਸਲੀ ਪੰਥਕ ਜਥੇਬੰਦੀ ਦੀ ਉਪਰੋਕਤ ਪ੍ਰੀਭਾਸ਼ਾ ਨੂੰ ਸਵੀਕਾਰ ਕਰ ਲਿਆ ਜਾਏ ਤਾਂ ਪੰਥ ਦੀ ਪ੍ਰੀਭਾਸ਼ਾ ਬਾਰੇ ਵੀ ਮੁੜ ਵਿਚਾਰ ਕਰਨੀ ਹੋਵੇਗੀ ਅਤੇ ਉਸਦੀ ਵਿਆਖਿਆ ਵੀ ਉਸੇ ਰੂਪ ਵਿੱਚ ਕਰਨੀ ਹੋਵੇਗੀ, ਜਿਸ ਆਧਾਰ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਥਕ ਜਥੇਬੰਦੀ ਵਜੋਂ ਸਵੀਕਾਰ ਹੋ ਸਕੇ।
ਜਸਵੰਤ ਸਿੰਘ ‘ਅਜੀਤ’
ਜਸਵੰਤ ਸਿੰਘ ਅਜੀਤ
ਸਿੱਖ ਜਵਾਨੀ ਦੀ ਸੰਭਾਲ: ਜ਼ਿਮੇਂਦਾਰੀ ਕਿਸਦੀ?
Page Visitors: 2802