*ਹੁਕਮਨਾਮੇ ਜਾਰੀ ਕਰਨ ਲਈ ਜਥੇਦਾਰਾਂ ਅੱਗੇ ਅਪੀਲਾਂ ਕਰਨ ਨਾਲੋਂ ਚੰਗਾ ਹੈ ਕਿ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ
ਬਠਿੰਡਾ, 12 ਜਨਵਰੀ (ਕਿਰਪਾਲ ਸਿੰਘ) ਗੁਰੂ ਨਾਨਕ ਸਾਹਿਬ ਕੁੰਭ ਦੇ ਮੇਲੇ ’ਤੇ ਲੰਗਰ ਲਾਉਣ ਨਹੀਂ ਸਗੋਂ ਉਥੇ ਹੋ ਰਹੇ ਫੋਕਟ ਕਰਮ ਕਾਂਡਾਂ ਦਾ ਦਲੀਲ ਪੂਰਬਕ ਢੰਗ ਨਾਲ ਖੰਡਨ ਕਰਨ ਲਈ ਗਏ ਸਨ। ਇਹ ਸ਼ਬਦ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁਖ ਸੇਵਾਦਾਰ ਅਤੇ ਨਵੀ ਬਣੀ ਜਥੇਬੰਦੀ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਦੇ ਪ੍ਰਧਾਨ ਪ੍ਰੋ. ਦਰਸ਼ਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋਂ, ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਦੀਆਂ ਹਰਿਦੁਆਰ ਪ੍ਰਚਾਰ ਫੇਰੀਆਂ ਦਾ ਹਵਾਲਾ ਦੇ ਕੇ ਦਿੱਤੇ ਇਸ ਬਿਆਨ ਕਿ ‘‘ਸ਼੍ਰੋਮਣੀ ਕਮੇਟੀ ਵੱਲੋਂ, ਗੁਰੂ ਨਾਨਕ ਦੇਵ ਜੀ ਵੱਲੋਂ 20 ਰੁਪਏ ਖਰਚ ਕੇ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਣ ਤੇ ਗੁਰੂ ਅਮਰਦਾਸ ਜੀ ਵਲੋਂ ਗੋਇੰਦਵਾਲ ਵਿਖੇ ਸੰਗਤ ਤੇ ਪੰਗਤ ਦੀ ਪ੍ਰੰਪਰਾ ਨੂੰ ਲਾਜਮੀ ਕੀਤੇ ਜਾਣ ਵਾਲੀ ਲੰਗਰ ਪ੍ਰਥਾ ਬਾਰੇ ਦੂਸਰੇ ਧਰਮ ਨੂੰ ਜਾਣਕਾਰੀ ਦੇਣ ਲਈ ਲੰਗਰ ਲਾਇਆ ਜਾਵੇਗਾ’’, ’ਤੇ ਪ੍ਰਤੀਕਰਮ ਕਰਦੇ ਹੋਏ ਕਹੇ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁੰਭ ਦੇ ਮੇਲੇ ਮੌਕੇ ਹਰਿਦੁਆਰ ਵਿਖੇ ਪਾਂਡਿਆਂ ਵਲੋਂ ਆਪਣੇ ਪਿੱਤਰਾਂ ਨਮਿਤ ਸੂਰਜ ਨੂੰ ਪਾਣੀ ਦਿੱਤੇ ਜਾਣ ਦੇ ਉਲਟ ਪੱਛਮ ਵੱਲ ਪਾਣੀ ਸੁੱਟ ਕੇ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਸਾਡੇ ਵੱਲੋਂ ਭੇਜੀ ਕੋਈ ਵੀ ਵਸਤੂ ਪਿਤਰਾਂ ਨੂੰ ਨਹੀਂ ਮਿਲ ਸਕਦੀ। ਪਿੱਤਰਾਂ ਨਮਿਤ ਕਰਵਾਉਣ ਵਾਲਿਆਂ ਨੂੰ ਕਬੀਰ ਸਾਹਿਬ ਜੀ ਦਾ ਸ਼ਬਦ: ‘ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥’ (ਗੁਰੂ ਗ੍ਰੰਥ ਸਾਹਿਬ -ਪੰਨਾ 332) ਸੁਣਾ ਕੇ ਸ਼ਰਾਧਾਂ ਦਾ ਜੋਰਦਾਰ ਢੰਗ ਨਾਲ ਖੰਡਨ ਕੀਤਾ ਸੀ। ਇਸੇ ਤਰ੍ਹਾਂ ਉਚੀ ਜਾਤ ਦਾ ਅਭਿਮਾਨ ਪਾਲ਼ ਕੇ ਆਪਣੇ ਚੌਕੇ ਨੂੰ ਪਵਿੱਤਰ ਮੰਨ ਕੇ ਕਾਰਾਂ ਕੱਢ ਕੇ ਬੈਠੇ ਵੈਸ਼ਨਵ ਸਾਧ ਤੋਂ ਮਰਦਾਨਾ ਜੀ ਨੂੰ ਅੱਗ ਲੈਣ ਲਈ ਭੇਜੇ ਜਾਣ ਅਤੇ ਵੈਸ਼ਨਵ ਸਾਧ ਦੇ ਚੌਕੇ ’ਤੇ ਉਸ ਵੱਲੋਂ ਮੰਨੇ ਜਾ ਰਹੇ ਨੀਚ ਜਾਤ ਦੇ ਮਰਦਾਨੇ ਦਾ ਪ੍ਰਛਾਵਾਂ ਪੈ ਜਾਣ ਤੋਂ ਲੋਹਾ ਲਾਖਾ ਹੋਏ ਸਾਧ ਨੂੰ ‘ਸਲੋਕ ਮਃ 1 ॥ ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥1॥’ (ਸਿਰੀਰਾਗੁ ਕੀ ਵਾਰ ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 91) ਸੁਣਾ ਕੇ ਉਸ ਦੇ ਜਾਤ ਅਭਿਮਾਨ ਨੂੰ ਚੂਰ ਚੂਰ ਕਰਕੇ ਰੱਖ ਦਿੱਤਾ ਸੀ।
ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਤੀਰਥਾਂ ਉਤੇ ਇਕੱਠੀ ਹੋਈ ਸਾਰੀ ਲੁਕਾਈ ਨੂੰ (ਗ਼ਲਤ ਰਸਤੇ ਤੋਂ) ਬਚਾਣ ਲਈ ਤੀਰਥਾਂ ਉਤੇ ਜਾਣ ਦਾ ਉੱਦਮ ਕੀਤਾ ਸੀ: ‘ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ ……….. ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ, ਤਿਨ ਕਾ ਥਾਉ ਥੇਹੁ ਗਵਾਇਆ ॥’ (ਤੁਖਾਰੀ ਮ: 4, ਗੁਰੂ ਗ੍ਰੰਥ ਸਾਹਿਬ - ਪੰਨਾ 1117)
ਸ: ਮੱਕੜ ਦੇ ਇਸ ਬਿਆਨ ਕਿ ਦੂਸਰੇ ਧਰਮਾਂ ਵਾਲਿਆਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਉਹ ਕੁੰਭ ਦੇ ਮੇਲੇ ’ਤੇ ਅਲਾਹਾਬਾਦ ਜਾ ਰਹੇ ਹਨ ’ਤੇ ਪ੍ਰਤੀਕਰਮ ਕਰਦੇ ਹੋਏ ਪ੍ਰੋ ਦਰਸ਼ਨ ਸਿੰਘ ਨੇ ਕਿਹਾ ਉਥੇ ਦੂਸਰੇ ਕਿਹੜੇ ਧਰਮਾਂ ਦੇ ਲੋਕ ਹੋਣਗੇ ਜਿਨ੍ਹਾਂ ਨੂੰ ਉਹ ਸਿੱਖੀ ਸਬੰਧੀ ਜਾਣਕਾਰੀ ਦੇਣਗੇ? ਉਨ੍ਹਾਂ ਤਾਂ ਸੱਦਾ ਹੀ ਬੋਧੀਆਂ, ਜੈਨੀਆਂ ਤੇ ਸਿੱਖਾਂ ਨੂੰ ਦਿੱਤਾ ਹੈ ਜਿਨ੍ਹਾਂ ਨੂੰ ਉਹ ਹਿੰਦੂ ਧਰਮ ਦਾ ਹੀ ਇੱਕ ਅੰਗ ਮੰਨਦੇ ਹਨ। ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਮੱਕੜ ਸਪਸ਼ਟ ਕਰੇ ਕਿ ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਮੰਨਦੇ ਹੋਏ ਕੁੰਭ ਦੇ ਮੇਲੇ ’ਤੇ ਜਾ ਰਹੇ ਹਨ ਜਾਂ ਨਿਆਰੀ ਕੌਮ ਮੰਨਦੇ ਹੋਏ ਉਥੇ ਭਾਈ ਕਾਹਨ ਸਿੰਘ ਨਾਭਾ ਦੀਆਂ ਪੁਸਤਕਾਂ ‘ਹਮ ਹਿੰਦੂ ਨਹੀਂ’ ਦੀ ਪ੍ਰਦਰਸ਼ਨੀ ਲਾਉਣਗੇ/ਵੰਡਣਗੇ ਤੇ ਇਸ ਦਾ ਪ੍ਰਚਾਰ ਕਰਨਗੇ? ਹਿੰਦੂ ਤੀਰਥਾਂ ’ਤੇ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਵੱਲੋਂ ਪ੍ਰਚਾਰ ਫੇਰੀਆਂ ਮੌਕੇ ਉਨ੍ਹਾਂ ਵੱਲੋਂ ਗਾਇਣ ਕੀਤੇ ਸ਼ਬਦਾਂ ਦੀ ਵਿਆਖਿਆ ਕਰਨਗੇ?
ਕੁੰਭ ਦੇ ਮੇਲੇ ’ਤੇ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਨੂੰ ਪ੍ਰਫੁੱਲਤ ਕਰਨ ਲਈ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਨਾਲ ਸਬੰਧਿਤ ਪ੍ਰਦਰਸ਼ਨੀ ਲਾਏ ਜਾਣ ਦੇ ਸ: ਮੱਖੜ ਦੇ ਬਿਆਨ ’ਤੇ ਵਿਅੰਗ ਕਸਦਿਆਂ ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਕਿ ਪੰਾਜਬ ’ਚ ਜਿੰਨੇ ਵੀ ਡੇਰੇਦਾਰਾਂ ਦੀ ਬਰਸੀਆਂ ’ਤੇ ਇਹ ਪ੍ਰਧਾਨ ਅਤੇ ਇਹ ਗੁਲਾਮ ਵਿਰਤੀ ਵਾਲੇ ਜਥੇਦਾਰ ਜਾਂਦੇ ਹਨ ਉਥੇ ਕਿਹੜਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ? ਨੀਲਧਾਰੀ ਸਤਨਾਮ ਸਿੰਘ ਪਿਪਲੀ ਵਾਲੇ ਦੇ ਸੱਦੇ ’ਤੇ ਗੁਲਾਮ ਵਿਰਤੀ ਵਾਲੇ ਜਥੇਦਾਰ ਹਰਨਾਮ ਸਿੰਘ ਕਿਲੇਵਾਲੇ ਦੀ ਬਰਸੀ ਤੇ ਗਏ ਤਾਂ ੳਨ੍ਹਾਂ ਨੂੰ ਰਾਜਯੋਗੀ ਅਤੇ ਉਨ੍ਹਾਂ ਦੀ ਪਤਨੀ ਨੂੰ ਰਾਣੀ ਮਾਂ ਦੀਆਂ ਉਪਾਧੀਆਂ ਦੇ ਕੇ ਗੁਰੂ ਦਾ ਦਰਜਾ ਦੇ ਆਏ ਸਨ ਉਸੇ ਤਰ੍ਹਾਂ ਹੁਣ ਕੁੰਭ ਦੇ ਮੇਲੇ ’ਤੇ ਪੂਰੀਆਂ ਪਾ ਆਉਣਗੇ।
ਸ਼੍ਰੋਮਣੀ ਕਮੇਟੀ ਨੂੰ ਕੁੰਭ ਦੇ ਮੇਲੇ ਵਿਚ ਸ਼ਮੂਲੀਅਤ ਕਰਨ ਤੋ ਰੋਕਣ ਲਈ ਹੁਕਮਨਾਮਾ ਜਾਰੀ ਕਰਨ ਲਈ ਜਥੇਦਾਰਾਂ ਨੂੰ ਅਪੀਲ ਕਰਨ ਵਾਲੇ ਗੁਰਸਿੱਖਾਂ ਨੂੰ ਪ੍ਰੋ: ਦਰਸ਼ਨ ਸਿੰਘ ਨੇ ਚੇਤਾ ਕਰਵਾਇਆ ਕਿ ਪਿਛਲੇ 15-20 ਸਾਲ ਦੇ ਤਜਰਬੇ ਤੋਂ ਇਨ੍ਹਾਂ ਵੀਰਾਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਬਾਦਲ ਦੀ ਜੇਬ ’ਚੋਂ ਨਿਕਲੇ ਜਥੇਦਾਰ ਕਦੀ ਵੀ ਗੁਰਮਤਿ ਸਿਧਾਂਤਾਂ ਨੂੰ ਲਾਗੂ ਕਰਾਉਣ ਲਈ ਕੋਈ ਹੁਕਮਨਾਮਾ ਜਿਹੜਾ ਬਾਦਲ ਦੀ ਸੋਚ ਤੋਂ ਉਲਟ ਹੋਵੇ, ਨਾ ਜਾਰੀ ਕਰ ਸਕਦੇ ਹਨ ਅਤੇ ਨਾ ਲਾਗੂ ਕਰਵਾ ਸਕਦੇ ਹਨ। ਇਨ੍ਹਾਂ ਜਥੇਦਾਰਾਂ ਦਾ ਤਾਂ ਇੱਕੋ ਕੰਮ ਹੈ ਕਿ ਗੁਰਮਤਿ ਦੀ ਗੱਲ ਕਰਨ ਵਾਲੇ ਵਿਦਵਾਨਾਂ/ ਪ੍ਰਚਾਰਕਾਂ ਤੇ ਆਗੂਆਂ ਵਿਰੁੱਧ ਹੁਕਨਾਮੇ ਜਾਰੀ ਕਰਕੇ ਉਨ੍ਹਾਂ ਦੀ ਜ਼ਬਾਨ ਬੰਦ ਕਰਵਾਉਣਾ। ਇਸ ਲਈ ਹੁਕਮਨਾਮੇ ਜਾਰੀ ਕਰਨ ਲਈ ਇਨ੍ਹਾਂ ਅੱਗੇ ਅਪੀਲਾਂ ਕਰਨ ਨਾਲੋਂ ਚੰਗਾ ਹੈ ਕਿ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ।
ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰੂ ਨਾਨਕ ਸਾਹਿਬ ਕੁੰਭ ਦੇ ਮੇਲੇ ’ਤੇ ਲੰਗਰ ਲਾਉਣ ਨਹੀਂ ਉਥੇ ਹੋ ਰਹੇ ਫੋਕਟ ਕਰਮ ਕਾਂਡਾਂ ਦਾ ਦਲੀਲ ਪੂਰਬਕ ਢੰਗ ਨਾਲ ਖੰਡਨ ਕਰਨ ਲਈ ਗਏ ਸਨ: ਪ੍ਰੋ. ਦਰਸ਼ਨ ਸਿੰਘ
Page Visitors: 2521