- = ਮਾਫ਼ੀਨਾਮੇ ਦਾ ਸੱਚ ? = -
ਬੇਸ਼ੱਕ ਡੇਰਾ ਮੁੱਖੀ ਵਲੋਂ ਲਿਖੇ ਪੱਤਰ ਦੇ ਹੇਠ ਲਿਖਿਆ ਗਿਆ ਹੈ "ਖਿਮਾ ਦਾ ਜਾਚਕ", ਪਰ ਪੱਤਰ ਵਿਚਲੀ ਇਬਾਰਤ ਅੰਦਰ ਕਿਸੇ ਐਸੀ ਗਲਤੀ ਦੀ ਸਵਕ੍ਰਿਤੀ ਨਜ਼ਰ ਨਹੀਂ ਆਉਂਦੀ ਜਿਸ ਲਈ "ਖਿਮਾ ਦਾ ਜਾਚਕ" ਸ਼ਬਦ ਵਰਤੇ ਗਏ ਹਨ। ਇਸ ਲਈ ਹੇਠਲੇ ਸ਼ਬਦ ਇਕ ਰਸਮੀ ਜਿਹੀ ਗਲ ਤੋਂ ਵੱਧ ਪ੍ਰਤੀਤ ਨਹੀਂ ਹੁੰਦੇ। ਪੱਤਰ ਦੀ ਭਾਵਨਾ ਤਾਂ ‘ਅਸੀ ਨਿਰਦੋਸ਼ ਤੁਹਾਨੂੰ ਗਲਤਫਹਮੀ’ ਜਿਹੀ ਨਜ਼ਰ ਆਉਂਦੀ ਹੈ।
ਹੁਣ ਇਨ੍ਹਾਂ ਸ਼ਬਦਾਂ ਨੂੰ ਵਿਚਾਰਦੇ ਹਾਂ:-
"…..ਗੁਰਮਤਿ ਦੀ ਰੋਸ਼ਨੀ ਵਿਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਭੇਜੇ ਗਏ ਖਿਮਾਂ ਯਾਚਨਾ ਪੱਤਰ ਅਤੇ ਸਪੱਸ਼ਟੀਕਰਨ ਨੂੰ ਪ੍ਰਵਾਨ ਕਰਦਿਆਂ ਅੱਗੇ ਲਈ ਹਦਾਇਤ ਕੀਤੀ ਗਈ ਹੈ ਕਿ ਡੇਰਾ ਮੁਖੀ ਵੱਲੋਂ ਕੋਈ ਵੀ ਅਜਿਹਾ ਸਵਾਂਗ ਨਾ ਕੀਤਾ ਜਾਵੇ, ਜਿਸ ਨਾਲ ਸਿੱਖ ਪੰਥ ਅਤੇ ਹੋਰ ਧਰਮਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ "
ਇਨ੍ਹਾਂ ਸ਼ਬਦਾਂ ਤੋਂ ਸਪਸ਼ਟ ਹੈ ਕਿ ਕਿਸੇ ਐਸੀ ਗਲਤੀ ਵੱਲ ਇਸ਼ਾਰਾ ਹੈ ਜਿਸ ਨੂੰ ਅੱਗੇ ਲਈ ਨਾ ਕਰਨ ਦੀ ਹਿਦਾਅਤ ਦਿੱਤੀ ਗਈ ਹੈ। ਇਹ ਇਕ ਅਜੀਬ ਜਿਹੀ ਦੁਬਿਧਾ ਹੈ! ਦੋਸ਼ੀ ਗਲਤੀ ਮੰਨ ਨਹੀਂ ਰਿਹਾ ਅਤੇ ਮੁਨਸਫ਼ ਦੋਸ਼ੀ ਮੰਨ ਕੇ ਗਲਤੀ ਨਾ ਦੁਹਰਾਉਣ ਦੀ ਹਿਦਾਅਤ ਦੇ ਰਹੇ ਹਨ। ਜੇ ਕਰ ਸਪਸ਼ਟੀਕਰਣ (ਅਸੀ ਨਿਰਦੋਸ਼ ਤੁਹਾਨੂੰ ਗਲਤਫਹਮੀ ) ਦੇ ਬਾਵਜੂਦ ਦੋਸ਼ ਪਾਇਆ ਗਿਆ ਹੈ ਤਾਂ ਸਿੱਖ ਪਰੰਪਰਾ ਮੁਤਾਬਕ ਉਸ ਲਈ ਦਿੱਤੀ ਜਾਂਦੀ 'ਸੇਵਾ ਰੂਪ ਅਤੇ ਸੰਕੇਤਕ ਸਜ਼ਾ' ਕਿੱਥੇ ਹੈ ?
ਪਰੰਪਰਾ ਤਾਂ ਇਹ ਹੈ ਕਿ ਦੋਸ਼ੀ ਸਮਝਿਆ ਜਾ ਰਿਹਾ ਬੰਦਾ ਸਪਸ਼ਟੀਕਰਨ ਦਿੰਦਾ ਹੈ। ਜੇ ਕਰ ਸਪਸ਼ਟੀਕਰਨ ਸੰਤੋਸ਼ਜਨਕ ਹੈ ਅਤੇ ਜ਼ਾਹਰ ਕਰਦਾ ਹੈ ਕਿ ਕੋਈ ਦੋਸ਼ ਹੀ ਨਹੀਂ ਸੀ ਫਿਰ ਤਾਂ ਗਲ ਹੀ ਮੁੱਕੀ! ਪਰ ਜੇ ਕਰ ਦੋਸ਼ ਪਾਇਆ ਜਾਂਦਾ ਹੈ ਤਾਂ ਸਜ਼ਾ ਲੱਗੇਗੀ ਬਾ-ਸ਼ਰਤੇ ਕਿ ਉਸ ਸਜ਼ਾ ਨੂੰ ਕਬੂਲਣ ਲਈ ਬੰਦਾ ਹਾਜ਼ਰ ਹੋਵੇ!
ਖੈਰ, ਪੱਤਰ ਵਿਚ ਤਾਂ ਦੋਸ਼ ਸਵੀਕਾਰ ਕਰਨ ਜਾਂ ਮਾਫੀ ਮੰਗਣ ਜਿਹੀ ਗਲ ਨਜ਼ਰ ਨਹੀਂ ਆਉਂਦੀ। ਇਵੇਂ ਜਾਪਦਾ ਹੈ ਜਿਵੇਂ ਕਿ ਚਤੂਰ ਲੱਫ਼ਾਜ਼ੀ ਦਾ ਪੱਤਰਨੁਮਾਂ ਉਪਰਾਲਾ ਕਿਸੇ ਨੂੰ ਮੁਰਖ ਬਣਾਉਣ ਦਾ ਜਤਨ ਹੋਵੇ। ਕੀ ਪੰਥਕ ਹਲਕੇ ਇਕ ਪੱਤਰ ਵਿਚਲੀ ਚਤੁਰਾਈ ਨੂੰ ਵੀ ਨਹੀਂ ਸਮਝ ਸਕਦੇ? ਜੇ ਕਰ ਸਮਝਦੇ ਹਨ ਤਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਮਾਫ਼ੀਨਾਮੇ ਦੀ ਅਸਲਿਅਤ ਕੀ ਹੈ ਅਤੇ ਦੋਹਾਂ ਧਿਰਾਂ ਵਿਚੋਂ ਕੋਣ ਸੱਚ ਬੋਲ ਰਿਹਾ ਹੈ ?
ਹਰਦੇਵ ਸਿੰਘ, ਜੰਮੂ-੨੭-੦੯.੨੦੧੫