ਧਾਰਮਕ ਸਲਾਹਕਾਰ ਕਮੇਟੀ ਦੇ ਪੁਨਰਗਠਨ ਦੀ ਲੋੜ
ਸ਼੍ਰੀ ਅਕਾਲ ਤਖ਼ਤ ਸਬੰਧਤ ਵਾਪਰੇ ਤਾਜ਼ਾ ਘਟਨਾ ਕ੍ਰਮ ਤੋਂ ਇਸ ਗਲ ਦੀ ਪ੍ਰਬਲ ਲੋੜ ਉੱਤਪੰਨ ਹੋਈ ਹੈ ਕਿ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਰੁੰਤ ਸੂਝਵਾਨ ਸਿੱਖ ਵਿਦਵਾਨ ਸੱਜਣਾਂ ਦੀ ਇਕ ‘ਧਾਰਮਕ ਸਲਾਹਕਾਰ ਕਮੇਟੀ ’ ਦੇ ਪੁਨਰ ਗਠਨ ਲਈ ਪ੍ਰਭਾਵੀ ਕਦਮ ਪੁੱਟੇ ਜਾਣ ਤਾਂ ਕਿ ਐਸੀ ਧਾਰਮਕ ਸਲਾਹਕਾਰ ਕਮੇਟੀ, ਕਿਸੇ ਦਰਪੇਸ਼ ਪੰਥਕ ਮਸਲੇ ਬਾਰੇ ਉੱਚਿਤ ਨਿਰਣੈ ਤੇ ਪਹੁੰਚਣ ਲਈ, ਆਪਣੀ ਰਾਏ ਸ਼੍ਰੀ ਅਕਾਲ ਤਖ਼ਤ ਦੀ ਸਰਪਰਸਤੀ ਸਨਮੁੱਖ ਪੇਸ਼ ਕਰੇ। ੧੯੦੦ ਦੇ ਆਰੰਭਕ ਦਹਾਕਿਆਂ ਵਿਚ ਅਜਿਹੀ ਧਾਰਮਕ ਸਲਾਹਕਾਰ ਕਮੇਟੀ ਪੰਥਕ ਮਸਲਿਆਂ ਬਾਰੇ ਉਸਾਰੂ ਸਲਾਹਕਾਰ ਭੂਮਿਕਾ ਨਿਭਾਉਂਦੀ ਰਹੀ ਹੈ। ਇਸ ਦੇ ਨਿਸ਼ਚਿਤ ਗਠਨ ਲਈ ਮਤੇ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ।ਧਾਰਮਕ ਸਲਾਹਕਾਰ ਕਮੇਟੀ ਦੇ ਵਿਦਵਾਨ ਮੈਂਬਰਾਂ ਦੀ ਦੀ ਗਿਣਤੀ ਲੱਗਭਗ ੨੫ ਹੋਵੇ। ਇਨ੍ਹਾਂ ਸੱਜਣਾ ਦੀ ਨਿਸ਼ਾਨ ਦੇਹੀ ਅਤੇ ਨੋਮਿਨੇਸ਼ਨ ਵੇਲੇ ਇਹ ਸੁਨਿਸ਼ਚਤ ਕੀਤਾ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਦਾ ਸਬੰਧ ਕਿਸੇ ਰਾਜਨੀਤਕ ਪਾਰਟੀ/ਸੰਸਥਾ ਨਾਲ ਨਾ ਹੋਵੇ, ਇਹ ਗੁਰਮਤਿ ਦੇ ਜਾਣਕਾਰ ਹੋਣ ਅਤੇ ਸ਼੍ਰੀ ਅਕਾਲ ਤਖ਼ਤ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਦੇ ਵਿਰੌਧੀ ਨਾ ਹੋਣ।
ਕਮੇਟੀ ਦੇ ਸੁਝਾਅ ਲਈ ਭੇਜੇ ਗਏ ਮਸਲੇ ਦੀ ਸੂਚਨਾ ਜਨਤਕ ਹੋਵੇ ਅਤੇ ਇਸ ਵਲੋਂ ਆਏ ਸੁਝਾਆਂ ਪੁਰ ਘੱਟੋ-ਘੱਟ ੨੦ ਹਾਜ਼ਰ ਮੈਂਬਰਾਂ ਦੇ ਦਸਤਖ਼ਤ ਹੋਣ। ਆਪਸੀ ਸੰਪਰਕ ਅਤੇ ਚਰਚਾ ਲਈ ਮੈਂਬਰਾਂ ਵਿਚੋਂ ਕਨਵੀਨਰ ਦੀ ਭੂਮਿਕਾ ਕਿਸੇ ਨੂੰ ਦਿੱਤੀ ਜਾ ਸਕਦੀ ਹੈ।
ਇਹ ਕਮੇਟੀ ਕਿਸੇ ਵਿਸ਼ੇਸ਼ ਸ਼ਿਕਾਅਤ ਦੇ ਸੰਗਿਆਨ ਲੇਣ ਜਾਂ ਨਾ ਲੇਣ ਬਾਰੇ ਵੀ ਆਪਣੀ ਰਾਏ ਪ੍ਰਗਟ ਕਰ ਸਕਦੀ ਹੈ। ਐਸੀ ਕਮੇਟੀ ਦੇ ਪੁਨਰਗਠਨ ਨਾਲ ਜਿੱਥੇ ਇਕ ਪਾਸੇ ਵਿਚਾਰ ਦਾ ਦਾਰਿਰਾ ਵੱਡਾ ਹੋ ਸਕਦਾ ਹੈ ਅਤੇ ਦੂਜੇ ਪਾਸੇ ਲਾਹੇਵੰਧ ਪਾਰਦਰਸ਼ਤਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਹਰਦੇਵ ਸਿੰਘ ਜੰਮੂ-੨੯-੦੯-੨੦੧੫