ਇਤਿਹਾਸ ਨੂੰ ਸਾਡੇ ਹੀ ਪਰਚਾਰਕਾਂ ਨੇ ਬਣਾਇਆ ‘ਮਿਥਹਾਸ’
26.9.15 ਨੂੰ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਪੁਰਬ ਮਨਾਇਆ ਗਿਆ। ਸਵੇਰੇ ਮੰਜੀ ਸਾਹਿਬ (ਦੀਵਾਨ-ਹਾਲ) ਤੋਂ ਭਾਈ ਸਾਹਿਬ ਜੀ ਨੇ ਬੜੀ ਸੋਹਣੀ ਕਥਾ ਸੁਣਾਈ। ਅਖੀਰ ਵਿੱਚ ਉਨ੍ਹਾਂ ਇਕ ਸਾਖੀ ਸੁਣਾਈ, ਜੋ ਏਵੇਂ ਹੈ ।
ਬੀਬੀ ਭਾਨੀ ਜੀ, ਸੇਵਾ ਸਿਮਰਨ ਦੀ ਮੂਰਤ ਜੋ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਸੁਪੁਤਰੀ ਸਨ।ਇਕ ਦਿਨ ਆਪਣੇ ਪਿਤਾ ਜੀ ਨੂੰ ਮਿਲਣ ਗਏ, ਪਿਤਾ ਜੀ ਭਜਨ ਬੰਦਗੀ ਕਰ ਰਹੇ ਸੀ।ਭਜਨ ਬੰਦਗੀ ਤੋਂ ਵਿਹਲੇ ਹੋ ਜਦੋਂ ਗੁਰੂ ਪਿਤਾ ਜੀ ਨੇ ਨੇਤਰ ਖੋਲ੍ਹੇ ਤੇ ਸਾਹਮਣੇ ਬੀਬੀ ਭਾਨੀ ਜੀ ਨੂੰ ਖੜ੍ਹੇ ਵੇਖ (ਸ਼ਬਦ ਕਵੀ ਸੰਤੋਖ ਜੀ ਦੇ ਨੇ)ਕਹਿੰਦੇ ਨੇ-
"ਰਾਮਦਾਸ ਅਬ ਤਨ ਪਰਹਰੈ,
ਕਹੋ ਪੁਤਰੀ ਕਿਆ ਤਬ ਤੂੰ ਕਰੇ"
ਅਰਥ:- ਹੇ ਪੁੱਤਰੀ ਜੇ ਤੇਰਾ ਪਤਿ ਰਾਮਦਾਸ ਤਨ ਤਿਆਗ ਦੇ ਤਾਂ ਤੂੰ ਕੀ ਕਰੇਗੀ।
ਰਜ਼ਾ ਦੀ ਮੂਰਤ ਬੀਬੀ ਭਾਨੀ ਜੀ ਨੇ ਆਪਣੇ ਸੁਹਾਗ ਦੀ ਨਿਸ਼ਾਨੀ ਆਪਣੀ ਨੱਥ ਗੁਰੂ ਚਰਨਾਂ ਵਿੱਚ ਰਖ ਦਿੱਤੀ। ਗੁਰੂ ਅਮਰਦਾਸ ਜੀ ਫੁਰਮਾਂਦੇ ਨੇ, ਪਾ ਲੈਂ ਬੱਚੀ! ਬੀਬੀ ਜੀ ਬੜੀ ਨਿਮਰਤਾ ਨਾਲ ਕਹਿੰਦੇ ਨੇ, "ਲੁਹਾਈ ਵੀ ਆਪ ਜੋ ਹੁਣ ਪਾਉ ਵੀ ਆਪ ਪਿਤਾ ਜੀ"
* ਕੀ ਇਹ ਸਿੱਖੀ ਸਿਧਾਂਤ ਹੈ ?
ਉਵੇਂ ਤਾਂ ਬੀਬੀ ਭਾਨੀ ਜੀ ਨੂੰ ਸੇਵਾ, ਸਿਮਰਨ ਦੀ ਮੂਰਤ, ਰਜ਼ਾ ਵਿੱਚ ਰਹਿਣ ਵਾਲੀ ਦਸਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਨੱਕ ਵਿੱਚ ਨੱਥ ਪਾਉਣ ਵਾਲੀ ਇਕ ਮਨੂੰਵਾਦੀ ਵਿਚਾਰ ਧਾਰਾ ਦੀ ਇਸਤਰੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ।ਬ੍ਰਾਹਮਣਵਾਦ ਭਾਵੇਂ ਇਹਨਾਂ ਚੀਜ਼ਾਂ ਨੂੰ ਸੁਹਾਗ ਦੀ ਨਿਸ਼ਾਨੀ ਮੰਨੇ ਐਪਰ ਗੁਰਬਾਣੀ ਨੇ ਤੇ ਸੁਹਾਗਣ ਦਾ concept ਇੰਜ ਦਸਿਆ ਹੈ-
"ਸੁਹਾਗਣੀ ਆਪ ਸਵਾਰੀੳਨੁ ਲਾਏ ਪ੍ਰੇਮ ਪਿਆਰ।।
ਸਤਿਗੁਰੂ ਕੇ ਭਾਣੇ ਚਲਦੀਆ ਨਾਮੇ ਸਹਿਜ ਸੀਗਾਰ ।। (ਅੰ 246)
ਸਾਡੇ ਸਿੱਖ ਇਤਿਹਾਸ ਦੀ ਬੀਬੀ ਸੂਰਬੀਰ ਹੈ! ਜੋਧਾਂ ਹੈ! ਉਹ ਜੰਗਾਂ ਲੜ, ਭਾਣੇ ਵਿਚ ਰਹਿਣ ਵਾਲੀ ਨਿਡਰ ਸਿੰਘਣੀ ਹੈ!
ਉਹ ਆਪਣੇ ਬੱਚਿਆਂ ਦੇ ਟੋਟਿਆਂ ਦੇ ਗਲ ਹਾਰ ਪਵਾਉਣ ਦਾ ਜਜ਼ਬਾ ਰੱਖਦੀ ਹੈ! ਪਰ ਗੁਰੂ ਆਸੇ ਤੋਂ ਉਲਟ ਇਕ ਕਦਮ ਵੀ ਨਹੀਂ ਰਖਦੀ।ਉਹ ਨੱਕ ਵਿੱਚ ਨੱਥ, ਜੋ ਕੀ ਗੁਲਾਮੀ ਦੀ ਨਿਸ਼ਾਨੀ ਹੈ ਨਹੀਂ ਪਾਉਂਦੀ। ਗੁਰੂ ਬਾਣੀ ਦੀ philosophy ਤਾਂ ਨੱਕ ਕੱਨ ਛਿਦਵਾਉਣ ਦਾ ਜੜ੍ਹ ਤੋਂ ਵਿਰੋਧ ਕਰਦੀ ਹੈ-
"ਸਾਬਤ ਸੂਰਤ ਦਸਤਾਰ ਸਿਰਾ"
ਭਾਈ ਨੰਦ ਲਾਲ ਜੀ ਤੇ ਉਸਨੂੰ ਬੇਈਮਾਨ ਕਹਿੰਦੇ ਨੇ ਜਿਹੜਾ ਗੁਰੂ ਬਖਸ਼ੇ ਸਰੂਪ ਨਾਲ ਛੇੜਛਾੜ ਕਰਦਾ ਹੈ-
"ਸਾਬਤ ਸੂਰਤ ਰਬ ਦੀ ਭੰਨੇ ਬੇਈਮਾਨ"
ਉਹ ਗੁਰੂ ਅਮਰਦਾਸ ਜੀ ਜਿਨ੍ਹਾਂ ਬਾਲ ਵਿਆਹ, ਸਤੀ ਪ੍ਰਥਾ ਦਾ ਪੁਰਜ਼ੋਰ ਵਿਰੋਧ ਕੀਤਾ! ਵਿਧਵਾ ਵਿਆਹ ਕਰਵਾਏ!
ਉਹ ਆਪਣੀ ਧੀ ਨੂੰ ਕਹਿਣਗੇ, ਨੱਕ ਵਿੱਚ ਨੱਥ ਪਾ ਲੈਂ!
ਸਵਾਲ ਹੀ ਨਹੀਂ ਪੈਦਾ ਹੋ ਸਕਦਾ। ਸਾਡੇ ਧਰਮ ਵਿਚ ਇਸਤਰੀ ਨੂੰ ਮਰਦਾਂ ਵਾਂਗ ਰੁਤਬਾ ਤੇ ਸਨਮਾਨ ਦਿੱਤਾ ਗਿਆ ਹੈ। ਜਦੋਂ ਇਸਤਰੀ ਨੂੰ- "ਢੋਰ ਗਵਾਰ ਸ਼ੂਦਰ ਅਤੇ ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ" ਕਿਹਾ ਗਿਆ ਉਸ ਟਾਈਮ ਗੁਰੂ ਨਾਨਕ ਜੀ ਨੇ-
"ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ ।।"(ਅੰ 473)
ਦਾ ਨਾਅਰਾ ਬੁਲੰਦ ਕੀਤਾ।ਇਸ ਤੋਂ ਜਿਆਦਾ ਸਬੂਤ ਦੀ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਬੀਬੀ ਖੀਵੀ ਜੀ ਲਈ ਗੁਰੂ ਗਰੰਥ ਸਾਹਿਬ ਵਿਚ ਸੱਤੇ ਬਲਵੰਡ ਨੇ ਇਉਂ ਲਿਖਿਆ-"ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤਰਾਲੀ ।।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ।। (ਅੰ 967) ਅਤੇ ਅੱਗੇ ਸਾਖੀ ਇਵੇਂ ਚਲਦੀ ਹੈ
ਐਨੀ ਨਿਮਰਤਾ ਤੇ ਗੁਰੂ ਸਾਹਿਬ ਖੁਸ਼ ਹੋ ਬੀਬੀ ਜੀ ਨੂੰ ਕਹਿੰਦੇ ਨੇ-
"ਅਪਨੀ ਆਰਬਲਾ ਅਬ ਮੈਂ ਦੇਵੋ
ਹਿਤ ਪਰਲੋਕ ਗਮਨ ਸ਼ੁਭ ਲੇਵੋੇ"
ਇਸ ਤਰਹਾਂ ਗੁਰੂ ਜੀ ਨੇ ਆਪਣੀ ਉਮਰ ਦੇ ਛੇ ਸਾਲ, ਸੱਤ ਮਹੀਨੇ, ਗਿਆਰਾਂ ਦਿਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ।
* ਕੀ ਗੁਰਮਤਿ ਅਨੁਸਾਰ ਇਹ ਸੰਭਵ ਹੈ ? ਕੀ ਇਸ ਗੱਲ ਤੇ ਆਪ ਜੀ ਯਕੀਨ ਕਰੋਗੇ ?
ਵੇਖੋ ਸਾਡੇ ਇਤਿਹਾਸ ਨੂੰ ਕਿਵੇਂ ਸਾਡੇ ਹੀ ਪਰਚਾਰਕਾਂ ਵਲੋਂ ਮਿਥਿਹਾਸ ਬਣਾ ਪੇਸ਼ ਕੀਤਾ ਜਾ ਰਿਹਾ ਹੈ।
ਗੁਰੂ ਬਾਣੀ ਤੇ ਸਾਨੂੰ ਇਹ ਦਿੜ੍ਹ ਕਰਵਾਉਂਦੀ ਹੈ-
"ਮਰਣੁ ਲਿਖਾਇ ਮੰਡਲ ਮਹਿ ਆਏ।।(ਅੰ 685)
"ਸਾਹੇ ਲਿਖੇ ਨਾ ਚਲਨੀ ਜਿੰਦੂ ਕੂੰ ਸਮਝਾਇ।। ( ਅੰ 1377)
"ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ।। ( ਅੰ 1363)
ਜੇ ਸਾਡੇ ਪਰਚਾਰਕ ਕਾਹਬੇ ਵਿਚੋਂ ਹੀ ਕੁਫਰ ਦਾ ਪਰਚਾਰ ਕਰਨਗੇ ਤਾਂ ਗੁਰਬਾਣੀ ਦਾ ਪਰਚਾਰ ਕੌਣ ਕਰੇਗਾ ? ਅਤੇ ਕਿੱਥੋਂ ਕੀਤਾ ਜਾਵੇਗਾ ?
ਕੀ ਕਰੀਏ ਗੁਰੂ ਸਾਹਿਬ ਨੇ ਸਾਡੇ ਵਿੱਚ ਸੱਚ ਬੋਲਣ ਦੀ ਐਸੀ ਸਪਿਰਟ ਭਰੀ ਹੈ ਕਿ ਜਿਹੜੀ ਗਲ ਗੁਰੂ ਬਾਣੀ ਦੀ ਕਸਵੱਟੀ ਤੇ ਖਰੀ ਨਾ ਉਤਰੇ ਉਹ ਸਹਾਰ ਹੀ ਨਹੀਂ ਹੁੰਦੀ।
ਸੋ ਮੇਰੇ ਵੀਰੋ ਭੈਣੋ, ਜਰਾ ਸੋਚੀਏ ਤੇ ਸੁਚੇਤ ਹੋਈਏ ਅਤੇ ਹੋਰਾਂ ਨੂੰ ਕਰੀਏ ਤਾਂ ਕਿ ਜੋ 29 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾਂ ਹੈ ਉਸ ਵਿੱਚ ਐਸੀਆਂ ਮਿਥਿਹਾਸਕ ਸਾਖੀਆਂ ਸੁਣਨ ਨੂੰ ਨਾ ਮਿਲਣ, ਜਿਨ੍ਹਾਂ ਦਾ ਸਮਾਜ ਵਿੱਚ ਗਲਤ ਸੁਨੇਹਾ ਅੱਪੜਦਾ ਹੈ।
ਸੱਚੇ ਪਾਤਸ਼ਾਹ ਮਿਹਰ ਕਰੋ ਤਾਂ ਕਿ ਆਪਣੀ ਕੌਮ ਦੀ ਪਨੀਰੀ ਨੂੰ ਗੁਰਮਤਿ ਵਾਲੀ ਸੂਝਬੂਝ ਦੇਣ ਵਿੱਚ ਸਫਲ ਹੋ ਸਕੀਏ ਤੇ ਪੰਥ ਦੀ ਚੜ੍ਹਦੀ ਕਲਾ ਲਈ ਆਪਣਾ ਯੋਗ ਪਾ ਗੁਰੂ ਚਰਨਾਂ ਵਿਚ ਪਰਵਾਨ ਹੋ ਸਕੀਏ!
ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਹਿ!
ਸਰਬਜੀਤ ਕੌਰ" ਅਲਖਦੇਵਾ
9837063513