ਤੱਤੀ ਤੱਤੀ ਖਿਚੜੀ ! (ਨਿੱਕੀ ਕਹਾਣੀ)
ਤੱਤੀ ਤੱਤੀ ਖਿਚੜੀ, ਤੱਤਾ ਤੱਤਾ ਘਿਓ !
ਖਾਓ ਮੇਰੇ ਬਚਿਓ, ਮੈਂ ਤੁਹਾਡਾ ਪਿਓ !
ਆਇਆ ਬਚਪਨ ਯਾਦ ? ਹਰਪਾਲ ਸਿੰਘ ਨੇ ਹਸਦੇ ਹਸਦੇ ਦੇਸੀ ਘਿਓ ਦਾ ਇੱਕ ਚਮਚਾ ਭਰ ਕੇ ਆਪਣੇ ਪੁੱਤਰ ਰਣਜੀਤ ਸਿੰਘ ਦੀ ਪਲੇਟ ਵਿਚਲੀ ਗਰਮਾ-ਗਰਮ ਖਿਚੜੀ ਉੱਤੇ ਪਾ ਦਿੱਤਾ !
ਸਾਡੇ ਛੋਟੇ ਹੁੰਦੇਆਂ ਖਿਚੜੀ ਖੁਆਉਣ ਵੇਲੇ ਤੁਸੀਂ ਇਸੀ ਤਰੀਕੇ ਬੋਲਦੇ ਸੀ ! ਓ...ਹਾਏ ! ਮੇਰਾ ਮੁੰਹ ਸੜ ਗਿਆ ! (ਰਣਜੀਤ ਨੇ ਪਲੇਟ ਦੇ ਵਿਚਕਾਰੋਂ ਚਮਚਾ ਭਰ ਕੇ ਮੁੰਹ ਵਿੱਚ ਪਾਇਆ ਸੀ)
ਹਰਪਾਲ ਸਿੰਘ (ਸਮਝਾਉਂਦੇ ਹੋਏ) : ਪੁੱਤਰ ਜੀ ! ਗਰਮਾ-ਗਰਮ ਖਿਚੜੀ ਖਾਣੀ ਹੋਵੇ ਤਾਂ ਵਿਚਕਾਰੋਂ ਨਹੀਂ ਬਲਕਿ ਸਾਈਡਾਂ ਤੋਂ ਖਾਣਾ ਸ਼ੁਰੂ ਕਰੋ ! ਇਸ ਤਰੀਕੇ ਸਹਿਜੇ ਸਹਿਜੇ ਤੁਸੀਂ ਵਿਚਕਾਰ ਵਾਲੀ ਖਿਚੜੀ ਵੀ ਬਿਨਾ ਮੁੰਹ ਸਾੜੇ ਖਾ ਪਾਓਗੇ !
ਰਣਜੀਤ ਸਿੰਘ (ਗੱਲ ਨੂੰ ਸਮਝਦਾ ਹੋਇਆ ਵਖਰੀ ਦੁਨਿਆ ਵਿੱਚ ਪੁੱਜ ਗਿਆ) : ਇਨ੍ਹਾਂ ਸਿਆਸੀਆਂ ਨੇ ਆਪਣੀ ਸਿਆਸਤ ਲਈ ਵੱਖ ਵੱਖ ਵਿਚਾਰਧਾਰਾ ਦੇ ਸਿੱਖਾਂ ਨੂੰ ਵੱਖ ਵੱਖ ਤਰੀਕੇ ਨਾਲ ਭੜਕਾ ਕੇ ਨਿੱਕੇ ਨਿੱਕੇ ਮੋਰਚੇਆਂ ਵਿੱਚ ਫਸਾ ਦਿੱਤਾ ਹੈ ਤੇ ਉਨ੍ਹਾਂ ਨੂੰ ਅਸਲ ਮੰਜਿਲ ਭਾਵ ਏਕੇ ਤੋਂ ਦੂਰ ਕਰ ਦਿੱਤਾ ਹੈ ! ਓਹ ਵਿਚਾਰੇ ਹਰ ਭੜਕਾਊ ਗੱਲ ਤੇ ਗੁੱਸੇ ਵਿੱਚ ਆ ਕੇ ਬਿਨਾ ਵਿਚਾਰੇ ਸਿੱਧਾ ਵਿਚਕਾਰ ਭਾਵ ਤਾਕਤ ਵਾਲੀ ਥਾਂ ਤੇ ਆਪਣਾ ਪ੍ਰਦਰਸ਼ਨ ਕਰਦੇ ਹਨ ਤੇ ਉਨ੍ਹਾਂ ਨੂੰ ਮੁੰਹ ਦੀ ਖਾਣੀ ਪੈਂਦੀ ਹੈ ! ਸਿੱਖਾਂ ਵਿਚਲੇ ਏਕੇ ਦੇ ਵੱਡ ਗੱਠੇ ਨੂੰ ਤੀਲਾ ਤੀਲਾ ਕਰ ਦਿੱਤਾ ਗਿਆ ਹੈ ਤਾਂਕਿ ਉਨ੍ਹਾਂ ਨੂੰ ਵੱਖ ਵੱਖ ਕਰ ਕੇ ਆਸਾਨੀ ਨਾਲ ਤੋੜਿਆ ਜਾ ਸਕੇ ! ਅੱਜ ਸਿੱਖ ਹੀ ਦੂਜੇ ਸਿੱਖ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਲਗ ਪਿਆ ਹੈ !
ਹਰਪਾਲ ਸਿੰਘ : ਜਦੋਂ ਸਰਕਾਰਾਂ ਆਪਣੇ ਪੱਖ ਦੀਆਂ ਨਾ ਹੋਣ ਤਾਂ ਤਾਕਤ ਗੁਆਉਣ ਦੀ ਥਾਂ ਉਸ ਵੇਲੇ ਤਾਕਤ ਬਣਾਉਣ ਦੀ ਮੁਹੀਮ ਸ਼ੁਰੂ ਕਰ ਦੇਣੀ ਚਾਹੀਦੀ ਹੈ ! ਮੁੱਖ ਮੁੱਦੇਆਂ ਤੋ ਧਿਆਨ ਹਟਾਉਣ ਲਈ ਹਿੰਦੁਆਂ ਨੂੰ ਗਾਂ, ਮੁਸਲਮਾਨਾਂ ਨੂੰ ਸੂਰ ਤੇ ਹੁਣ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਵਿਖਾ ਕੇ ਭੜਕਾਉਣ ਦੀ ਸੋਚੀ ਸਮਝੀ ਚਾਲ ਭਾਵੇਂ ਪੁਰਾਣੀ ਹੈ ਪਰ ਹੈ ਅੱਜ ਵੀ ਕਾਮਿਆਬ !
ਸਿੱਖ ਨੇ ਕਿਸੀ ਪਾਸੋ ਡਰਨਾ ਨਹੀਂ ਹੈ ਪਰ ਨਾਜਾਇਜ਼ ਡਰਾਉਣਾ ਵੀ ਨਹੀਂ ਹੈ ! ਤਾਕਤ ਘੱਟ ਹੋਵੇ ਤਾਂ ਇੱਕ ਵਾਰ ਵਿੱਚ ਇੱਕ ਪਾਸੇ ਚਲ ਕੇ ਓਹ ਮੋਰਚਾ ਫਤਿਹ ਕਰ ਲੈਣਾ ਚਾਹੀਦਾ ਹੈ ਨਾ ਕੀ ਨਿੱਕੇ ਨਿੱਕੇ ਮੋਰਚੇ ਲਾ ਕੇ ਜਾਨ-ਮਾਲ ਦਾ ਨੁਕਸਾਨ ! ਪਹਿਲਾਂ ਆਪਸੀ ਏਕੇ ਵੱਲ ਵਧੋ, ਤਾਂ ਹੀ ਆਪਣੀ ਮੰਜਿਲ ਤੇ ਪੁੱਜ ਪਾਓਗੇ ! "ਸ਼ੱਕੀ ਖਾਲਸਾ" ਕਦੀ ਵੀ
ਸਰਬਤ ਖਾਲਸਾ ਨਹੀਂ ਬੁਲਾ ਸਕਦਾ ! ਲਟਕਿਆ ਹੋਇਆ ਇੱਕ ਇੱਕ ਮੁੱਦਾ ਚੁੱਕ ਕੇ ਉਸਨੂੰ ਇੱਕ ਇੱਕ ਕਰ ਕੇ ਮੁਕਾਓ ਤਾਂਹੀ ਚੜਦੀ ਕਲਾ ਵਰਤੇਗੀ !
ਸਿੱਖਾਂ ਵਿਚਲੇ ਮੁੱਦੇ ਜਦੋ ਖਤਮ ਹੋਣਗੇ ਤਾਂ ਹੋਣਗੇ ! ਮੇਰੀ ਖਿਚੜੀ ਖਤਮ ! ਪਾਓ ਹੋਰ ਦੋ ਕੜਛੀਆਂ ਤੇ ਉੱਤੇ ਇੱਕ ਚਮਚਾ ਦੇਸੀ ਘਿਓ !
ਲੈ ਪੁੱਤਰ ! (ਹੋਰ ਖਿਚੜੀ ਪਾ ਕੇ ਉੱਤੋਂ ਦੇਸੀ ਘਿਓ ਦਾ ਚਮਚਾ ਭਰ ਕੇ ਪਾਉਂਦਾ ਹੈ)
ਓ...ਹਾਏ ! ਮੇਰਾ ਮੁੰਹ ਫਿਰ ਸੜ ਗਿਆ ! ਮੈਂ ਭੁੱਲ ਗਿਆ ਸੀ ਕੀ ਖਿਚੜੀ ਵਿਚਕਾਰੋਂ ਗਰਮ ਹੈ ! (ਰਣਜੀਤ ਬੋਲਿਆ)
ਹਰਪਾਲ ਸਿੰਘ (ਸਮਝਾਉਂਦੇ ਹੋਏ) : ਬਸ ਇਸੀ ਤਰੀਕੇ ਸਿੱਖਾਂ ਨੂੰ ਪਤਾ ਸਭ ਕੁਝ ਹੈ ਪਰ ਆਪਣੀਆਂ ਗਲਤੀਆਂ ਤੋ ਸਿੱਖਣ ਦੀ ਥਾਂ ਓਹ ਗਲਤੀਆਂ ਦੋਹਰਾ ਰਹੇ ਹਨ ਤੇ ਤੇਰੇ ਵਾਂਗ ਉਨ੍ਹਾਂ ਦਾ ਵੀ ਮੁੰਹ ਬਾਰ ਬਾਰ ਸੜ ਰਿਹਾ ਹੈ !
ਬਲਵਿੰਦਰ ਸਿੰਘ ਬਾਈਸਨ
http://nikkikahani.com/