*ਸਿੱਖ ਜਥੇਬੰਦੀਆਂ ਨੂੰ ਸਿਧਾਂਤਕ ਹੋਣ ਦੀ ਅਪੀਲ*
*ਗੁਰੂ ਗ੍ਰੰਥ ਸਾਹਿਬ ਦੇ ਪਤਰੇ ਪਾੜਨ ਵਾਲਿਆਂ ਤੇ ਪੰਜਾਬ ਸਰਕਾਰ ਨੂੰ ਲਾਹਨਤ ਅਤੇ ਸਿੱਖ ਜਥੇਬੰਦੀਆਂ ਨੂੰ ਸਿਧਾਂਤਕ ਹੋਣ ਦੀ ਅਪੀਲ*
*ਅਵਤਾਰ ਸਿੰਘ ਮਿਸ਼ਨਰੀ ਤੇ ਸਾਥੀ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ.)*
ਸ਼ਬਦ ਗੁਰੂ *“ਗੁਰੂ ਗ੍ਰੰਥ ਸਾਹਿਬ”* ਮਨੁੱਖਤਾ ਨੂੰ ਸਚਾਈ ਭਰਪੂਰ ਸਰਬਸਾਂਝਾ ਉਪਦੇਸ਼ ਦਿੰਦੇ ਹਨ-
*ਖਤ੍ਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ੁ ਚਹੁੰ ਵਰਨਾ ਕਉ ਸਾਂਝਾ॥ (747)*
ਇਸ ਗ੍ਰੰਥ ਵਿੱਚ ਬ੍ਰਾਹਮਣ, ਸ਼ੂਦਰ, ਸੂਫੀ ਮੁਸਲਮਾਨਾਂ, ਭੱਟਾਂ, ਸਿੱਖਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਦੀ ਪਵਿਤਰ ਬਾਣੀ ਦਰਜ ਹੈ ਜੋ ਸਾਰੀ ਕਾਇਨਾਤ ਨੂੰ ਸੱਚ ਪਛਾਨਣ, ਸੱਚ ਨਾਲ ਜੁੜਨ, ਸੱਚ ਬੋਲਣ, ਸੁਖਸਾਂਤੀ ਅਤੇ ਭਰਾਤਰੀਭਾਵ ਨਾਲ ਰਹਿਣ ਤੇ ਜੀਣ ਦਾ ਉਪਦੇਸ਼ ਦਿੰਦੀ ਹੈ। ਇਸ ਗ੍ਰੰਥ ਵਿੱਚ ਦਰਸਾਇਆ ਗਿਆ ਹੈ ਕਿ ਅਸੀਂ ਸਾਰੇ ਇਸਤਰੀਆਂ ਪੁਰਖ ਪ੍ਰਮਾਤਮਾਂ ਦੇ ਹੀ ਬੱਚੇ ਬੱਚੀਆਂ ਹਾਂ-
*ਏਕੁ ਪਿਤਾ ਏਕਸੁ ਕੇ ਹਮ ਬਾਰਿਕ॥ (611)*
ਸਾਨੂੰ ਬੁਰਾਈਆਂ, ਅਉਗੁਣਾਂ, ਕਮਜੋਰੀਆਂ, ਭੁੱਖਮਰੀਆਂ, ਬੇਈਮਾਨੀਆਂ ਅਤੇ ਮਨੁੱਖਤਾ ਦੇ ਦਰਿੰਦੇ ਕਾਤਲਾਂ ਨਾਲ ਲੜਨਾ ਚਾਹੀਦਾ ਹੈ ਨਾਂ ਕਿ ਆਪਸ ਵਿੱਚ ਕਤਲੋਗਾਰਤ ਕਰਨੀ ਚਾਹੀਦੀ ਹੈ। ਕਿਰਤ ਕਰਨਾ, ਵੰਡ ਛੱਕਣਾ, ਨਾਮ ਜਪਣਾ, ਸ਼ੁੱਭ ਗੁਣ ਧਾਰਨ ਕਰਨੇ, ਪਰਉਪਕਾਰੀ ਹੋ ਮਨੁੱਖਤਾ ਦੀ ਸੇਵਾ ਵਿੱਚ ਤੱਤਪਰ ਰਹਿਣਾ ਇਸ ਗ੍ਰੰਥ ਦੀ ਸ਼ੁੱਭ ਸਿਖਿਆ ਹੈ।ਲੱਖ ਲਾਹਨਤ ਹੈ ਜੋ ਐਸੇ ਗ੍ਰੰਥ ਸਾੜਦਾ, ਫਾੜਦਾ ਅਤੇ ਬੇਅਦਬੀ ਕਰਦਾ ਜਾਂ ਕਰਨ ਵਾਲੇ ਕਿਸੇ ਵੀ ਅਜਗਰ ਪਾਖੰਡੀ ਸਾਧ ਜਾਂ ਸੰਪ੍ਰਦਾਈ ਡੇਰੇਦਾਰ ਦਾ ਸਾਥ ਦਿੰਦਾ ਹੈ। ਅੱਜ ਬਹੁਤੀਆਂ ਲੜਾਈਆਂ,ਕਤਲੋਗਾਰਤ ਧਰਮ ਦੇ ਨਾਂ ਤੇ ਭੇਖਧਾਰੀ ਅਤੇ ਰਾਜਧਾਰੀ ਬੇਈਮਾਨ ਲੀਡਰ ਕਰ ਕਰਵਾ ਰਹੇ ਹਨ। ਐਸ ਵੇਲੇ ਪੰਜਾਬ ਵਿੱਚ ਅਕਾਲੀਆਂ ਦਾ ਰਾਜ ਹੈ। ਅਕਾਲੀ ਕੇਵਲ ਅਕਾਲ ਦਾ ਉਪਾਸ਼ਕ ਹੁੰਦਾ ਹੈ ਪਰ ਅਜੋਕੇ ਬਹੁਤੇ ਸਰਕਾਰੀ ਅਕਾਲੀ ਪਾਖਡੀ ਡੇਰੇਦਾਰਾਂ, ਸੰਪ੍ਰਦਾਈਆਂ ਅਤੇ ਥੋਥੇ ਕਰਮਕਾਂਡਾਂ ਦੇ ਪੁਜਾਰੀ ਹੋ ਗਏ ਹਨ। ਸੌੜੀ ਰਾਜਨੀਤੀ ਦੀ ਜੁੱਤੀ ਨੂੰ ਇਨ੍ਹਾਂ ਨੇ ਸੱਚ ਧਰਮ ਦੇ ਸਿਰ ਤੇ ਰੱਖਿਆ ਹੋਇਆ ਹੈ। ਇਨ੍ਹਾਂ ਨੇ ਧਰਮ ਪ੍ਰਚਾਰਕਾਂ ਨੂੰ ਵੀ ਪੁਜਾਰੀ ਬਣਾ ਆਪਣੇ ਅਧੀਨ ਕੀਤਾ ਹੋਇਆ ਹੈ। ਉੱਤੋਂ ਇਹ ਉਨ੍ਹਾਂ ਨੂੰ ਜਥੇਦਾਰ ਕਹਿੰਦੇ ਤੇ ਵਿੱਚੋਂ ਨੌਕਰ ਸਮਝ ਕੇ ਆਪਣੇ ਵਿਰੋਧੀਆਂ ਵਿਰੁੱਧ ਛੇਕ ਛਕਾਈ ਦੇ ਪੁੱਠੇ ਸਿੱਧੇ ਕੂੜਨਾਮੇ ਜਾਰੀ ਕਰਵਾ ਕਰਵਾ ਸਿੱਖਾਂ ਨੂੰ ਡਰਾਉਂਦੇ, ਧਮਕਾਉਂਦੇ ਰਹਿੰਦੇ ਹਨ। ਜਿਸ ਕਰਕੇ ਅਜੋਕਾ ਨੌਜਵਾਨ ਅਤੇ ਸ਼ਰਧਾਲੂ ਸਿੱਖੀ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਪਾੜੋ ਅਤੇ ਰਾਜ ਕਰੋ ਵਾਲਿਆਂ ਦੀ ਪਦਾਇਸ਼ ਡੇਰੇ, ਸੰਪ੍ਰਦਾਵਾਂ ਅਤੇ ਵੱਖ ਵੱਖ ਮਰਯਾਦਾਵਾਂ ਚਲਾਉਣ ਦੀ ਗੰਦੀ ਨੀਤੀ ਅਕਾਲੀਆਂ ਅਤੇ ਟਕਸਾਲੀਆਂ ਨੇ ਵੀ ਅਪਣਾਅ ਲਈ ਹੈ। ਇਹ ਲੋਕ ਆਮ ਲੋਕਾਂ ਨੂੰ ਚੰਗੀ ਸਿਖਿਆ, ਰੁਜਗਾਰ ਅਤੇ ਰਾਜ ਦੇਣ ਦੀ ਬਜਾਏ ਆਏ ਦਿਨ ਧਰਮ ਦੇ ਨਾਂ ਤੇ ਕੋਈ ਨਾਂ ਕੋਈ ਉਪੱਧਰ ਖੜਾ ਕਰਕੇ ਨੋਟਾਂ ਅਤੇ ਵੋਟਾਂ ਦੀ ਰਾਜਨੀਤੀ ਖੇਡਦੇ, ਵੱਖ ਵੱਖ ਭਾਈਚਾਰਿਆਂ ਨੂੰ ਆਪਸ ਵਿੱਚ ਟਕਰਾਈ ਰੱਖਦੇ ਹਨ। ਕਾਨੂੰਨ, ਇਨਸਾਫ ਤੇ ਲੋਕ ਸੇਵਾ ਨੂੰ ਛਿੱਕੇ ਟੰਗ ਗੁੰਡਾਗਰਦੀ ਕਰਦੇ ਰਹਿੰਦੇ ਹਨ। ਸਿੱਖਾਂ ਦਾ ਜਿਨ੍ਹਾਂ ਨੁਕਸਾਨ ਡੇਰੇਦਾਰ, ਸੰਪ੍ਰਦਾਈਆਂ ਅਤੇ ਬਾਦਲੀ ਅਕਾਲੀਆਂ ਨੇ ਕੀਤਾ ਹੈ ਓਨ੍ਹਾਂ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ ਅਤੇ ਆਏ ਦਿਨ ਕਰ ਰਹੇ ਹਨ।
ਇਨ੍ਹਾਂ ਕੋਲ ਹੁਣ ਪਾਵਰ ਹੈ ਇਸ ਲਈ ਇਹ ਹੁਣ ਇਹ ਹੁਕਨਾਮਾਂ ਜਾਂ ਫੁਰਮਾਨ ਅਕਾਲ ਤਖਤ ਦੀ ਫਸੀਲ ਤੋਂ ਜਾਰੀ ਕਿਉਂ ਨਹੀਂ ਕਰਦੇ ਕਿ ਸਿੱਖ ਧਰਮ ਵਿੱਚ ਕੋਈ ਸੰਪ੍ਰਦਾ, ਟਕਸਾਲ ਜਾਂ ਡੇਰਾ ਨਹੀਂ ਸਗੋਂ ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ ਹੈ। ਫਿਰ ਸਾਰੇ ਸਿੱਖ ਇਨ੍ਹਾਂ ਦਾ ਸਾਥ ਦੇਣਗੇ ਅਤੇ ਸਿੱਖ ਧਰਮ ਦੇ ਨਾਂ ਤੇ ਕੋਈ ਡੇਰੇਦਾਰ ਸੰਪ੍ਰਦਾਈ ਖੜਾ ਨਹੀਂ ਹੋਵੇਗਾ।
ਦੂਜੇ ਪਾਸੇ ਬਹੁਤੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਵੀ ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ ਨੂੰ ਛੱਡ ਕੇ ਡੇਰੇਦਾਰ ਅਤੇ ਸੰਪ੍ਰਦਾਈ ਸੋਚ ਤੇ ਮਰਯਾਦਾ ਮੱਗਰ ਲੱਗੀਆਂ ਫਿਰਦੀਆਂ ਹਨ। ਗੁਰਮਤਿ ਸਿਧਾਂਤ ਨਾਲੋਂ ਸ਼ਖਸ਼ੀ ਪੂਜਾ ਨੂੰ ਵੱਧ ਮਾਨਤਾ ਦਿੰਦੀਆਂ ਹੋਈਆਂ ਸਿੱਖ ਸੰਗਤਾਂ ਨੂੰ ਭੰਬਲਭੂਸੇ ਵਿੱਚ ਪਾਈ ਰੱਖਦੀਆਂ ਹਨ। ਜੇ ਆਪਣੀ ਸੰਪ੍ਰਦਾਈ ਸੋਚ ਨੂੰ ਛੱਡ ਇੱਕ ਗ੍ਰੰਥ ਦੇ ਪੰਥ ਦੀ ਸੋਚ ਨੂੰ ਅਪਣਾਅ ਲੈਣ ਤਾਂ ਸਦੀਵੀ ਏਕਤਾ ਦੇ ਸੂਤਰ ਵਿੱਚ ਪਰੋਈਆਂ ਜਾ ਸਕਦੀਆਂ ਹਨ। ਪਰ ਇਹ ਤਾਂ ਬਹੁਤੀਆਂ ਸ਼ਖਸ਼ੀ ਸੋਚ ਤੇ ਕਿ *“ਭਿੰਡਰਾਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਬਾਪੂ ਸੂਰਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਤੇ ਹੁਣ ਢੱਡਰੀਆਂ ਵਾਲਿਆ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” *ਪਰ *“ਗੁਰੂ ਗ੍ਰੰਥ ਸਾਹਿਬ” ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” ਕਹਿਣ ਵੇਲੇ ਇਨ੍ਹਾਂ ਦੇ ਮੂੰਹ ਸੀਤੇ ਜਾਂਦੇ ਹਨ। ਕੀ ਸਿੱਖ ਨੇ ਗੁਰੂ ਦੀ ਸੋਚ ਤੇ ਪਹਿਰਾ ਦੇਣਾ ਹੈ ਜਾ ਵੱਖ ਵੱਖ ਸੰਤਾਂ, ਮਹੰਤਾਂ, ਸਿੱਖਾਂ ਜਾਂ ਕਿਸੇ ਜਥੇਬੰਦੀ ਦੇ ਆਗੂ ਦੀ ਸੋਚ ਤੇ?*
ਅੱਜ ਸਾਰੇ ਪੁਵਾੜੇ ਦੀ ਜੜ ਪੁਜਾਰੀਵਾਦ ਪ੍ਰਥਾ ਹੈ। ਸਿੱਖਾਂ ਨੂੰ ਇਕੱਠੇ ਹੋ ਇਸ ਪ੍ਰਥਾ ਨੂੰ ਬੰਦ ਕਰ ਦੇਣਾਂ ਚਾਹੀਦਾ ਹੈ ਜਿਵੇਂ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਬੰਦ ਕੀਤੀ ਸੀ। ਸਮੁੱਚੇ ਸੰਸਾਰ ਦੇ ਸਿੱਖਾਂ ਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੀ ਕਬੂਲਣੀ ਚਾਹੀਦੀ ਹੈ। ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਗੁਰਸਿੱਖਾਂ ਦਾ ਸਰਬੱਤ ਖਾਲਸਾ ਬੁਲਾ,ਗੁਰਮਤਿ ਵਿਚਾਰ ਵਿਟਾਂਦਰਾ ਕਰਕੇ, ਕੌਮੀ ਭਲਾਈ ਲਈ ਮਤੇ ਗੁਰਮਤੇ ਪਾਸ ਕਰਨੇ ਚਾਹੀਦੇ ਹਨ ਜੋ ਉਸ ਪ੍ਰਤੀਨਿਧੀ ਇਕੱਠ ਚੋਂ ਵਕਤੀ ਤੌਰ ਤੇ ਚੁਣਿਆਂ ਜਥੇਦਾਰ ਸਾਰੀ ਕੌਮ ਦੇ ਨਾਂ ਗੁਰੂ ਗ੍ਰੰਥ ਗ੍ਰੰਥ ਸਾਹਿਬ ਦੀ ਛੱਤ੍ਰ ਛਾਇਆ ਹੇਠ ਜਾਰੀ ਕਰ, ਫਿਰ ਸੰਗਤ ਵਿੱਚ ਮਿਲ ਜਾਵੇ।
ਪਰਮਾਨੈਂਟ ਜਥੇਦਾਰ ਪੁਜਾਰੀ ਨਹੀਂ ਥਾਪਣਾ ਚਾਹੀਦਾ ਜੋ ਆਪਣੇ ਆਪੋ ਨੂੰ ਗੁਰੂ ਤੋਂ ਵੀ ਉੱਪਰ ਸਮਝ ਕੇ ਫੁਰਮਾਨ ਜਾਰੀ ਕਰੀ ਜਾਵੇ ਤੇ ਉਨ੍ਹਾਂ ਨੂੰ ਇਲਾਹੀ ਕਹੇ। ਘੱਟ ਤੋਂ ਘੱਟ ਸਿੱਖ ਕੌਮ ਨੂੰ ਇਸ ਵੇਲੇ ਸਮੁੱਚੇ ਸੰਪ੍ਰਦਾਈ ਡੇਰਿਆਂ ਬਾਈਕਾਟ ਕਰਨਾ ਚਾਹੀਦਾ ਹੈ। ਕੌਮ ਚੋਂ ਪ੍ਰਵਾਰਵਾਦ ਦਾ ਕੋਹੜ ਵੀ ਕੱਢਣਾ ਚਾਹੀਦਾ ਹੈ। ਜਿਨ੍ਹਾਂ ਚਿਰ ਤੁਸੀਂ ਪਾਵਰ ਵਿੱਚ ਨਹੀਂ ਆਉਂਦੇ ਇਵੇਂ ਆਏ ਦਿਨ ਮਰਦੇ ਤੇ ਖਪਦੇ ਰਹੋਗੇ। ਇਸ ਸਭ ਦੁਖਾਂਤ ਦੇ ਹੱਲ ਲਈ ਸਾਰੀਆਂ ਸਿੱਖ ਜਥੇਬੰਦੀਆਂ ਵੱਖਰੇਵੇ ਤੇ ਚੌਧਰ ਦੇ ਔਹਦਿਆਂ ਦਾ ਹੰਕਾਰ ਛੱਡ ਕੇ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿਧਾਂਤਕ ਤੇ ਗੜਸ ਵਾਲੇ ਮੈਂਬਰ ਖੜੇ ਕਰਕੇ ਇਹ ਚੋਣ ਜਿੱਤਣ। ਧਰਮ ਅਸਥਾਨਾਂ ਦਾ ਕਬਜਾ ਸਰਕਾਰੀਆਂ ਅਤੇ ਪੁਜਾਰੀਆਂ ਤੋਂ ਛੁੱਡਵਾਉਣ। ਸ੍ਰੋਮਣੀ ਕਮੇਟੀ ਸਿੱਖ ਕੌਮ ਦੀ ਰੀੜ ਦੀ ਹੱਡੀ ਹੈ ਇਸ ਨੂੰ ਮਸੰਦਾਂ ਤੋਂ ਬਚਾ ਲਈਏ।
ਫਿਲਹਾਲ ਸਾਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਜੋ ਭ੍ਰਿਸ਼ਟ ਨਿਜਾਮ ਨੂੰ ਬਦਲ ਸਕਦੀ ਹੈ। ਐਸ ਵੇਲੇ ਪੰਜਾਬ ਵਿੱਚ ਭਾਜਪਾ ਅਤੇ ਬਾਦਲੀ ਅਕਾਲੀਆਂ ਦਾ ਜੇ ਕੋਈ ਪਾਰਟੀ ਬਦਲ ਹੈ ਤਾਂ ਉਹ ਆਮ ਆਦਮੀ ਪਾਰਟੀ ਹੀ ਹੈ। ਵੇਖਣਾ ਕਿਤੇ ਐਤਕੀਂ ਫਿਰ ਵੱਖ ਵੱਖ ਝੰਡੇ ਨਾਂ ਚੱਕ ਲੈਣੇ। ਸਰਦਾਰ ਸਿਮਰਨਜੀਤ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਅਜੇ ਪੰਜਾਬ ਸਰਕਾਰ ਦੀ ਚੋਣ ਲੜਨ ਦੀ ਬਜਾਏ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਜਾਵੇ ਨਹੀਂ ਤਾਂ ਤੁਸੀਂ ਬਾਦਲ ਦਲ ਨੂੰ ਹੀ ਮਜਬੂਤ ਕਰੋਗੇ। ਖਾਲਿਸਤਾਨ ਸਿੱਖਾਂ ਦਾ ਮੌਲਿਕ ਅਧਿਕਾਰ ਹੈ ਪਰ ਅਜੇ ਤਾਂ ਬੇਰੁਜਗਾਰੀ, ਨਸ਼ੇ ਅਤੇ ਸਰਕਾਰੀ ਦਮਨ ਨਾਲ ਉਜਾੜ ਦਿੱਤੇ ਪੰਜਾਬ ਦੇ ਕਿਸਾਨ, ਜਵਾਨ, ਬਜੁੱਰਗ ਅਤੇ ਬਲਾਤਕਾਰ ਦਾ ਸ਼ਿਕਾਰ ਔਰਤਾਂ ਨੂੰ ਸੰਭਾਲਣ ਦੀ ਲੋੜ ਹੈ।
ਜਿਨ੍ਹਾਂ ਚਿਰ ਤੁਸੀਂ ਲੋਕ ਭਲਾਈ ਦੇ ਕਾਰਜ ਆਰੰਭ ਨਹੀਂ ਕਰਦੇ ਉਨ੍ਹਾਂ ਚਿਰ ਉਹ ਤੁਹਾਡਾ ਸਾਥ ਨਹੀਂ ਦੇਣਗੇ। ਗੁਰਦੁਆਰਿਆਂ ਦੀਆਂ ਗੋਲਕਾਂ ਧਰਮ ਪ੍ਰਚਾਰ ਅਤੇ ਲੋਕ ਭਲਾਈ ਲਈ ਹਨ ਨਾਂ ਕਿ ਰਾਜਨੀਤੀ ਲਈ ਬਰਬਾਦ ਕਰਨ ਵਾਸਤੇ। ਪੰਜਾਬ ਵਿੱਚ ਚੰਗੇ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਕਾਰਖਾਨੇ ਖੋਲ੍ਹ ਕੇ ਲੋਕਾਂ ਨੂੰ ਚੰਗੀ ਸਿਖਿਆ ਅਤੇ ਰੁਜਗਾਰ ਦਿਓ ਤਾਂ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ ਅਤੇ ਲੋਕ ਵੀ ਨਸ਼ਿਆਂ ਅਤੇ ਡੇਰੇਦਾਰ ਸੰਤਾਂ ਦੀ ਲੱਤ ਤੋਂ ਬਚ ਸਕਦੇ ਹਨ ਵਰਨਾਂ ਜਾਤ ਪਾਤ ਤੇ ਊਚ ਨੀਚ ਦੇ ਸਤਾਏ ਤੇ ਦੁਰਕਾਰੇ ਲੋਕ ਪੇਟ ਤੇ ਲਾਲਚ ਖਾਤਰ ਡੇਰਿਆਂ ਵੱਲ ਹੀ ਭੱਜਣਗੇ।
ਮਾਰੋ ਹੰਮਲਾ ਸਰਬੱਤ ਖਾਲਸੇ ਵਿੱਚ ਇਹ ਐਲਾਨ ਕਰ ਦਿਓ ਕਿ ਸਿੱਖਾਂ ਵਿੱਚ ਕੋਈ ਜਾਤ ਪਾਤ ਨਹੀਂ ਤੇ ਜੋ ਜਾਤ ਪਾਤ ਵਿੱਚ ਵਿਸ਼ਵਾਸ਼ ਰੱਖਦਾ ਹੈ ਉਹ ਸਿੱਖ ਨਹੀਂ। ਜੋ ਸਾਡੇ ਪਿਤਾ ਪਰਮੇਸ਼ਰ ਦੀ ਜਾਤ ਹੈ ਉਹ ਹੀ ਸਾਡੀ ਸਭ ਦੀ ਹੈ। ਦੇਖਣਾ ਫਿਰ ਜਾਲਮ ਸਰਕਾਰਾਂ ਤੇ ਊਚ ਨੀਚੀ ਧਰਮ ਆਗੂਆਂ ਦੇ ਸਤਾਏ ਹੋਏ ਲੋਕ ਕਿਵੇਂ ਤੁਹਾਡੇ ਪੰਥਕ ਕਾਫਲੇ ਨਾਲ ਆਪ ਮੁਹਾਰ ਆ ਜੁੜਦੇ ਹਨ।
ਅਖੀਰ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਜਥੇਬੰਦੀ ਵੱਲੋਂ ਸਰਕਾਰੀ ਦਮਨ ਅਤੇ ਭੂਤਰੇ ਪਾਖੰਡੀ ਸਾਧਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਤਰੇ ਪਾੜ ਕੇ ਬੇਅਦਬੀ ਕਰਨ ਦੀ ਕਰੜੇ ਤੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਭਾਰਤ ਅਤੇ ਪੰਜਾਬ ਸਰਕਾਰ ਤੋਂ ਦੋਸ਼ੀਆਂ ਨੂੰ ਪਕੜ ਕੇ ਢੁੱਕਵੀ ਸਜਾ ਦੇਣ ਅਤੇ ਚਿਰਾਂ ਤੋਂ ਜੇਲਾਂ ਵਿੱਚ ਬੰਦ ਨਿਰਦੋਸ਼ ਲੋਕਾਂ ਨੂੰ ਬਿਨਾਂ ਦੇਰੀ ਛੱਡਣ ਦੀ ਅਪੀਲ ਕਰਦੀ ਹੈ। ਸ਼ਹੀਦ ਅਤੇ ਫਟੜ ਹੋਏ ਸਿੰਘਾਂ ਦੇ ਪ੍ਰਵਾਰਾਂ ਨਾਲ ਹਮਦਰਦੀ ਅਤੇ ਪੰਥਕ ਪ੍ਰਚਾਰਕਾਂ ਦੀ ਗ੍ਰਿਗਤਾਰੀ ਦੀ ਨਿਖੇਧੀ ਕਰਦੀ ਹੈ। ਪੰਥਕ ਪ੍ਰਚਾਰਕਾਂ ਨੂੰ ਇੱਕ ਜੁੱਟ ਹੋ ਕੇ ਗੁਰਮਤਿ ਦਾ ਸਿਧਾਂਤਕ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਸੰਗਤਾਂ ਵਿੱਚ ਜਾਗਰਤੀ ਪੈਦਾ ਹੋ ਸੱਕੇ ਤੇ ਉਹ ਆਪਣੇ ਵਡਮੁੱਲੇ ਵਿਰਸੇ ਦੀ ਪਹਿਚਾਣ ਕਰਕੇ ਖੋਟੇ ਤੇ ਖਰੇ ਦੀ ਪਰਖ ਕਰਨ ਵਾਲੀਆਂ ਜਾਗਰੂਕ ਹੋ ਜਾਣ।
ਅਵਤਾਰ ਸਿੰਘ ਮਿਸ਼ਨਰੀ
*ਸਿੱਖ ਜਥੇਬੰਦੀਆਂ ਨੂੰ ਸਿਧਾਂਤਕ ਹੋਣ ਦੀ ਅਪੀਲ*
Page Visitors: 2629