-: ਸਚੇ ਤੇਰੇ ਖੰਡ ਸਚੇ ਬ੍ਰਹਮੰਡ॥:-
ਇਹ ਲੇਖ ਗੁਰਚਰਨ ਸਿੰਘ ਜਿਉਣਵਾਲਾ ਨਾਲ ਹੋਏ ਮੇਰੇ ਵਿਚਾਰ ਵਟਾਂਦਰੇ ਤੇ ਆਧਾਰਿਤ ਹੈ।ਪਰ ਸਤਿਨਮ ਸਿੰਘ ਮੌਂਟਰੀਅਰ ਹਮੇਸ਼ਾਂ “ਇਕੋ / ਇਕ ਓ ” ਦੀ ਗੱਲ ਕਰਦੇ ਰਹਿੰਦੇ ਹਨ।ਗੁਰਚਰਨ ਸਿੰਘ ਅਤੇ ਸਤਿਨਾਮ ਸਿੰਘ ਦਾ ਵਿਸ਼ਾ ਰਲਦਾ ਮਿਲਦਾ ਹੋਣ ਕਰਕੇ ਲੇਖ ਵਿੱਚ ਵਿਸ਼ੇ ਨਾਲ ਸੰਬੰਧਤ ਕੁਝ ਹੋਰ ਵਾਧੂ ਵਿਚਾਰ ਜੋੜੇ ਗਏ ਹਨ।
ਗੁਰਚਰਨ ਸਿੰਘ ਜਿਉਣਵਾਲਾ:- ਜਿਸ ਰਚਨਾ ਨੂੰ “ਮਹਲਾ 2॥
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿੱਚ ਵਾਸੁ॥” (ਪੰਨਾ-463)
ਲਿਖ ਕੇ ਫਿਰ ਗੁਰੂ ਨਾਨਕ ਸਾਹਿਬ ਦਾ ਇਸੇ ਪੰਨੇ ਤੇ ਸਲੋਕ ਹੈ:- “ਸਲੋਕ ਮ:1॥
ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥
ਸਚੇ ਤੇਰੇ ਕਰਣੇ ਸਰਬ ਬੀਚਾਰ॥ ਸਚਾ ਤੇਰਾ ਅਮਰੁ ਸਚਾ ਦੀਬਾਣੁ॥
ਸਚਾ ਤੇਰਾ ਹੁਕਮ ਸਚਾ ਫੁਰਮਾਣੁ॥ ਸਚਾ ਤੇਰਾ ਕਰਮੁ ਸਚਾ ਨੀਸਾਣੁ॥
ਸਚੇ ਤੁਧੁ ਆਖਹਿ ਲਖ ਕਰੋੜਿ॥ ਸਚੇ ਸਭਿ ਤਾਣਿ ਸਚੈ ਸਭਿ ਜੋਰਿ॥
ਸਚੀ ਤੇਰੀ ਸਿਫਤਿ ਸਚੀ ਸਾਲਾਹ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥
ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ॥1॥ (ਪੰਨਾ-463)
….ਇਸੇ ਪਸਾਰੇ ਨੂੰ ਗੁਰੂ ਜੀ ਨਹੀਂ ਲਿਖ ਸਕਦੇ ਕਿ:
“ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥49॥
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥
ਕਹੁ ਨਾਨਕ ਥਿਰੁ ਕਛੁ ਨਹੀਂ ਸੁਪਨੇ ਜਿਉ ਸੰਸਾਰੁ॥50॥
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥51॥
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥52॥(ਪੰਨਾ-1427)
“ਜਿਉ ਸੁਪਨਾ ਅਰੁ ਪੇਖਨਾ ਐਸੇ ਜਗੁ ਕਉ ਜਾਨਿ॥
ਇਨ ਮੈ ਕਛੁ ਸਾਚੋ ਨਹੀਂ ਨਾਨਕ ਬਿਨੁ ਭਗਵਾਨ॥23॥
ਨਿਸਿਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ॥
ਕੋਟਨ ਮਹਿ ਨਾਨਕ ਕੋਊ ਨਾਰਾਇਣੁ ਜਹਿ ਚੀਤਿ॥24॥
ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥25॥
ਪ੍ਰਾਨੀ ਕਛੁ ਨ ਚੇਤਈ ਮਦਿ ਮਾਇਆ ਕੈ ਅੰਧੁ॥
ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ॥26॥(ਪੰਨਾ-1427)।
ਇਹ ਸਾਰਾ ਪਸਾਰਾ ਝੂਠਾ ਹੈ”।
ਜਿਉਣਵਾਲਾ ਦੇ ਸਵਾਲ:-
(1) “ਗੁਰੂ ਜੀ ਕਿਹੜੇ ਪਸਾਰੇ ਨੂੰ ਬੁਦਬੁਦੇ ਨਾਲ ਮੇਲ ਰਹੇ ਹਨ”?
(2) “ਉਹ ਕਿਹੜਾ ਜਗ ਹੈ ਜਿਹੜਾ ਸੁਪਨੇ ਦੀ ਤਰ੍ਹਾਂ ਪੈਦਾ ਹੁੰਦਾ ਹੈ ਤੇ ਖ਼ਤਮ ਹੋ ਜਾਂਦਾ ਹੈ”?
(3) “ਇਹ ਦਿਸਣ ਵਾਲਾ ਸੰਸਾਰ/ਜਗ ਬੁਦਬਦੇ ਦੀ ਤਰ੍ਹਾਂ ਉਪਜਦਾ ਤੇ ਬਿਨਸਦਾ ਨਹੀਂ। ਬੁਦਬੁਦੇ ਦੀ ਉਮਰ ਪਲਾਂ ਦੀ ਹੁੰਦੀ ਹੈ ਜਦੋਂ ਕਿ ਇਹ ਸੰਸਾਰ ਕਰੋੜਾਂ ਸਾਲ ਰਹਿੰਦਾ ਹੈ। ਇਹ ਮੈਂ ਮੰਨ ਲਿਆ ਕਿ ਕਿਸੇ ਨਾ ਕਿਸੇ ਦਿਨ ਇਹ ਵੀ ਖ਼ਤਮ ਹੋ ਜਾਵੇਗਾ।ਪਰ ਫਿਰ ਵੀ ਬੁਦਬੁਦੇ ਦੀ ਤਰ੍ਹਾਂ ਨਹੀਂ ਹੈ”?
(4) “ਕੀ ਜਨਮ ਮਰਣ ਦਾ ਚੱਕਰ ਬ੍ਰਹਮਣ ਦਾ ਚਲਾਇਆ ਹੋਇਆ ਨਹੀਂ ਹੈ”?
ਜਸਬੀਰ ਸਿੰਘ ਵਿਰਦੀ:-
ਗੁਰਚਰਨ ਸਿੰਘ ਜੀ! ਇਸ ਤੋਂ ਪਹਿਲਾਂ ਕਿ ਤੁਹਾਡੀ ਲਿਖਤ ਬਾਰੇ ਮੈਂ ਆਪਣੇ ਵਿਚਾਰ ਦਿਆਂ ਪ੍ਰੋ: ਸਾਹਿਬ ਸਿੰਘ ਜੀ ਨੇ ਆਸਾ ਦੀ ਵਾਰ ਦੇ ਉਪਰ ਦਿੱਤੇ ਸਲੋਕ ਦੇ ਅਰਥਾਂ ਦੇ ਅਖੀਰ ਵਿੱਚ ਜੋ ਨੋਟ ਲਿਖਿਆ ਹੈ ਇਥੇ ਪੇਸ਼ ਕਰਨਾ ਚਾਹਾਂਗਾ ਜੋ ਕਿ ਇਸ ਤਰ੍ਹਾਂ ਹੈ:-
“ਕਈ ਮਤਾਂ ਵਾਲੇ ਇਹ ਖਿਆਲ ਕਰਦੇ ਹਨ ਕਿ ਇਹ ਜਗਤ ਅਸਲ ਵਿੱਚ ਕੁਝ ਨਹੀਂ ਹੈ, ਭਰਮ ਰੂਪ ਹੈ।ਗੁਰੂ ਨਾਨਕ ਸਾਹਿਬ ਇਸ ਸਲੋਕ ਵਿੱਚ ਫੁਰਮਾਉਂਦੇ ਹਨ ਕਿ ਖੰਡਾਂ, ਬ੍ਰਹਮੰਡਾਂ, ਆਦਿਕ ਵਾਲਾ ਇਹ ਸਾਰਾ ਸਿਲਸਿਲਾ ਭਰਮ ਰੂਪ ਨਹੀਂ ਹੈ; ਹਸਤੀ ਵਾਲੇ ਰੱਬ ਦਾ ਸੱਚ-ਮੁੱਚ ਇਹ ਹਸਤੀ ਵਾਲਾ ਹੀ ਪਸਾਰਾ ਹੈ।ਪਰ ਹੈ ਇਹ ਸਾਰੀ ਖੇਡ ਉਸ ਦੇ ਆਪਣੇ ਹੱਥ ਵਿੱਚ।ਸਮੁਚੇ ਤੌਰ ਤੇ ਇਹ ਸਾਰੀ ਕੁਦਰਤ ਉਸ ਦਾ ਇੱਕ ਅਟੱਲ ਪਰਬੰਧ ਹੈ, ਪਰ ਇਸ ਵਿੱਚ ਦੇ ਜੇ ਵੱਖੋ ਵੱਖਰੇ ਪਦਾਰਥ, ਜੀਅ ਜੰਤਾਂ ਦੇ ਸਰੀਰ ਆਦਿਕ ਲਈਏ ਤਾਂ ਇਹ ਨਾਸਵੰਤ ਹਨ।ਹਾਂ, ਜੋ ਉਸ ਨੂੰ ਸਿਮਰਦੇ ਹਨ, ਉਹ ਉਸ ਦਾ ਰੂਪ ਹੋ ਜਾਂਦੇ ਹਨ”।
ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਸਲੋਕ ਵਿੱਚ ਹਰ ਇੱਕ ਚੀਜ ਨੂੰ ਸੱਚ ਨਹੀਂ ਕਿਹਾ ‘ਕੱਚ’ ਦਾ ਜ਼ਿਕਰ ਵੀ ਕੀਤਾ ਗਿਆ ਹੈ:
“ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ॥”
ਜਿਹੜੇ ਉਸ ਨੂੰ ਸਿਮਰਦੇ ਹਨ ਉਹ ਉਸ ਪ੍ਰਭੂ ਦਾ ਰੂਪ ਹੋ ਜਾਂਦੇ ਹਨ ਅਰਥਾਤ ਉਸੇ ਵਾਙੂੰ ਸੱਚੇ ਹਨ। ਇਸ ਦੇ ਉਲਟ (ਮਨਮੁੱਖ ਬੰਦੇ) ਜਿਹੜੇ ਜੰਮਦੇ ਮਰਦੇ ਹਨ ਅਰਥਾਤ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਉਹ ਕੱਚੇ ਹਨ (ਜੋ ਮਰਿ ਜੰਮੇ ਸੁ ਕਚੁ ਨਿਕਚ)। ‘ਸਚ’ ਦਾ ਅਰਥ ਹੈ ਹੋਂਦ ਵਾਲਾ।ਇਸ ਦੇ ਉਲਟ ਗੁਰਬਾਣੀ ਵਿੱਚ ਲਫ਼ਜ਼ ਆਏ ਹਨ ‘ਕਚ’ ਅਤੇ ‘ਕੂੜ’।ਆਸਾ ਦੀ ਵਾਰ ਵਿੱਚ ਹੀ ਅੱਗੇ ਗੁਰੂ ਸਾਹਿਬ ਕਹਿੰਦੇ ਹਨ:
“ਕੂੜੁ ਰਾਜਾ ਕੂੜੁ ਪਰਜਾ ਕੂੜ ਸਭੁ ਸੰਸਾਰੁ॥ …
…. ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜ॥ (ਪੰਨਾ-468)।
ਇਕ ਪਰਮਾਤਮਾ ਤੋਂ ਬਿਨਾ ਸਭ ਕੁਝ ਨਾਸ਼ਵਾਨ ਹੈ।
ਉਸ ਦੀ ਰਚੀ ਹੋਈ ਸ੍ਰਿਸ਼ਟੀ ਸੱਚ ਹੈ ਕੋਈ ਭ੍ਰਮ, ਭੁਲੇਖਾ ਨਹੀਂ।
“ਆਪਿ ਸਤਿ ਕੀਆ ਸਭਿ ਸਤਿ”
ਪਰ ਸ੍ਰਿਸ਼ਟੀ ਵਿੱਚ ਦੇ ਪਦਾਰਥ ਕੋਈ ਵੀ ਸਦਾ ਕਾਇਮ ਰਹਿਣ ਵਾਲੇ ਨਹੀਂ।ਅਤੇ ਨਾ ਹੀ ਹਮੇਸ਼ਾਂ ਸਾਥ ਨਿਭਣ ਵਾਲੇ ਹਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕਾਂ ਵਿੱਚ ਵੀ ਇਸੇ ਵਿਚਾਰ ਨੂੰ ਹੀ ਉਜਾਗਰ ਕੀਤਾ ਗਿਆ ਹੈ ਕਿ ਜਗਤ ਦੀ ਸਾਰੀ ਰਚਨਾ ਨਾਸਵੰਤ ਹੈ। ਇਸ ਵਿਚਲੇ ਪਦਾਰਥਾਂ ਨੂੰ ਇਸੇ ਤਰ੍ਹਾਂ ਹੀ ਸਮਝੋ ਜਿਵੇਂ ਸੁਪਨੇ ਵਿੱਚ ਅਨੇਕਾਂ ਪਦਾਰਥ ਦੇਖਦੇ ਹਾਂ ਪਰ ਸੁਪਨੇ ਵਿੱਚ ਆਪਣੇ ਬਣਾਏ ਪਦਾਰਥਾਂ ਵਿੱਚੋਂ ਸੁਪਨਾ ਟੁੱਟਣ ਤੇ ਹੱਥ ਪੱਲੇ ਕੁੱਝ ਵੀ ਨਹੀਂ ਹੁੰਦਾ। ਰੇਤ ਦੀ ਕੰਧ ਵਾਂਗ ਜਗਤ ਵਿੱਚ ਕੋਈ ਵੀ ਚੀਜ ਸਦਾ ਕਾਇਮ ਰਹਿਣ ਵਾਲੀ (ਸਥਿਰ) ਨਹੀਂ ਰਾਮ(–ਚੰਦ੍ਰ) ਅਤੇ ਰਾਵਣ ਵਰਗੇ ਵੱਡੇ ਪਰਿਵਾਰਾਂ ਵਾਲੇ ਵੀ ਇੱਥੇ ਸਦਾ ਕਾਇਮ ਨਹੀਂ ਰਹਿ ਸਕੇ। ਇਸ ਜਗਤ ਰਚਨਾ ਦਾ ਸਿਲਸਿਲਾ ਹੀ ਇਸ ਤਰ੍ਹਾਂ ਦਾ ਹੈ ਕਿ ਇੱਥੇ ਕੋਈ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਜੋ ਪੈਦਾ ਹੋਇਆ ਹੈ ਉਸ ਨੇ ਅੱਜ ਜਾਂ ਭਲਕੇ ਜਰੂਰ ਨਾਸ ਹੋ ਜਾਣਾ ਹੈ।
ਗੁਰਚਰਨ ਸਿੰਘ ਜਿਉਣਵਾਲਾ ਦੇ ਸਵਾਲਾਂ ਦੇ ਜਵਾਬ:
1- ਇਨਸਾਨ ਸਮੇਤ ਸੰਸਾਰ ਦੇ ਹਰ ਪਦਾਰਥ ਦੀ ਹੋਂਦ ਨੂੰ ਗੁਰੂ ਸਾਹਿਬ ਨੇਂ ਪਾਣੀ ਦੇ ਬੁਦਬੁਦੇ ਸਮਾਨ ਦੱਸਿਆ ਹੈ, ਜੋ ਕਿ ਪੱਕੇ ਤੌਰ ਤੇ ਕਾਇਮ ਨਹੀਂ ਰਹਿੰਦਾ।
“ਗਰਬੁ ਕਰਤੁ ਹੋ ਦੇਹ ਕੋ ਬਿਨਸੈ ਛਿਨ ਮਹਿ ਮੀਤ॥
ਜਿਨਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਮੀਤੁ॥42॥”
“ਜੋ ਦੀਸੈ ਸੋ ਚਾਲਨਹਾਰੁ॥ ਲਪਟ ਰਹਿਓ ਤਹ ਅੰਧ ਅੰਧਾਰੁ॥ (268)
“ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥” (ਪੰਨਾ 219)
2- ਇਸ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾ ਹਰ ਪਦਾਰਥ ਨੂੰ ਸੁਪਨੇ ਵਿੱਚ ਦੇਖੇ ਅਤੇ ਹਾਸਲ ਕੀਤੇ ਪਦਾਰਥ ਸਮਾਨ ਹੀ ਸਮਝਣਾ ਚਾਹੀਦਾ ਹੈ। ਕਿਉਂਕਿ ਜੀਵਨ ਰੂਪੀ ਸੁਪਨਾ ਖ਼ਤਮ ਹੋ ਜਾਣ ਤੇ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਵੀ ਨਾਲ ਨਹੀਂ ਨਿਭਣਾ। ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ, ਪ੍ਰਭੂ ਨੂੰ ਹਮੇਸ਼ਾਂ ਯਾਦ ਰੱਖਦੇ ਹਨ ਉਹ ਸੱਚੇ ਹਨ। ਉਹ
“ਨਾਨਕ ਸਚੁ ਧਿਆਇਨਿ ਸਚੁ॥”
ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਅਤੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਉਨ੍ਹਾਂ ਨੂੰ ਗੁਰੂ ਸਾਹਿਬ ਨੇ ਕੱਚੇ ਕਿਹਾ ਹੈ-
“ਜੋ ਮਰਿ ਜੰਮੇ ਸੁ ਕਚੁ ਨਿਕਚੁ” ਅਤੇ
“ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨਿ॥
ਇਨ ਮਹਿ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ॥41॥
3- ਸੰਸਾਰ ਦੇ ਹਰ ਪਦਾਰਥ ਦੀ ਵੱਖਰੀ ਵੱਖਰੀ ਮਿਆਦ (ਅਵਧੀ) ਹੈ। ਪਾਣੀ ਦੇ ਬੁਦਬੁਦੇ ਦੀ ਮਿਆਦ ਕੁੱਝਕੁ ਪਲ ਹੀ ਹੁੰਦੀ ਹੈ, ਉਸੇ ਤਰ੍ਹਾਂ ਇਨਸਾਨ ਅਤੇ ਹੋਰ ਜੀਵਾਂ ਸਮੇਤ ਹਰ ਪਦਾਰਥ ਦੀ ਕੋਈ ਨਾ ਕੋਈ ਮਿਆਦ ਹੈ (ਪਰੋ ਆਜੁ ਕੈ ਕਾਲ)। ਪਰ ਹਰ ਇਕ ਨੇ ਨਾਸ਼ ਜਰੂਰ ਹੋਣਾ ਹੈ। ਸੰਸਾਰ ਵਿੱਚ ਕਈ ਜੀਵ ਐਸੇ ਹਨ ਜਿਨ੍ਹਾਂ ਦੀ ਉਮਰ ਕੁਝ ਕੁ ਪਲ ਹੀ ਹੁੰਦੀ ਹੈ ਅਤੇ ਕਈ ਦਰੱਖਤ ਆਦਿ ਐਸੇ ਵੀ ਮਿਲਦੇ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਹਜਾਰਾਂ ਸਾਲ ਪੁਰਾਣੇ ਹਨ।
4- ਜਨਮ ਮਰਣ ਦਾ ਚੱਕਰ ਬ੍ਰਹਮਣ ਦਾ ਨਹੀਂ ਪਰਮਾਤਮਾ ਦਾ ਚਲਾਇਆ ਹੋਇਆ ਹੈ।
“ਆਵਾ ਗਉਣੁ ਕੀਆ ਕਰਤਾਰਿ॥” (ਪੰਨਾ-842)।
“ਆਵਾ ਗਉਣੁ ਰਚਾਇ ਉਪਾਈ ਮੇਦਨੀ॥” (ਪੰਨਾ-1283)।
“ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥” (ਪੰਨਾ-1239)।
ਬ੍ਰਹਮਣ ਕਿਸੇ ਨੂੰ ਜਨਮ ਜਾਂ ਮ੍ਰਿਤੂ ਨਹੀਂ ਦੇ ਸਕਦਾ। ਹਾਂ ਜਨਮ ਮਰਨ ਦੇ ਨਾਮ ਤੇ ਕਰਮ-ਕਾਂਡਾਂ ਦੇ ਜਰੀਏ ਲੋਕਾਂ ਨੂੰ ਲੁੱਟਦਾ ਜਰੂਰ ਹੈ।
*****
‘ਸਚੇ ਤੇਰੇ ਖੰਡ..’ ਬਾਰੇ ਵਧੇਰੇ ਵਿਚਾਰ:-
ਜਦੋਂ ਵੀ ਆਵਾਗਵਨ ਸੰਬੰਧੀ ਵਿਚਾਰ ਚਰਚਾ ਚੱਲਦੀ ਹੈ ਤਾਂ ਸਤਿਨਾਮ ਸਿੰਘ ਮੌਂਟਰੀਅਲ ‘ਮਨੁੱਖ’ ਨੂੰ ‘ਅਖੌਤੀ ਮਨੁੱਖ’ ਦੱਸਕੇ ਹੀ ਵਿਚਾਰ ਦਿੰਦੇ ਹਨ।ਉਹਨਾਂ ਮੁਤਾਬਕ-
“ਬੰਦਾ ਤੇ ਰੱਬ ਦੋ ਨਹੀਂ ਇੱਕੋ ਹੀ ਹਨ, ਜਿਸ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਉਸ ਨੂੰ ਸਿਰਫ ਇਕੋ ਹੀ ਹਰ ਪਾਸੇ ਦਿਸਦਾ ਹੈ।’
‘ਜਿਸ ਦਾ ਭ੍ਰਮ ਮਿਟ ਜਾਂਦਾ ਹੈ ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਸਾਰਾ ਕੁਝ ਇਕ ਹੀ ਹੈ।’
ਸਤਿਨਾਮ ਸਿੰਘ ਦੇ ਕਹਿਣ ਦਾ ਭਾਵ ਬਣਦਾ ਹੈ ਕਿ- ਭ੍ਰਮ, ਭੁਲੇਖੇ ਅਤੇ ਅਗਿਆਨਤਾ ਕਾਰਨ ‘ਮਨੁੱਖ, ਮਨੁੱਖ’ ਦਿਸਦਾ ਹੈ। ਅਸਲ ਵਿੱਚ ਸਭ ‘ਇਕੋ (ਬ੍ਰਹਮ)’ ਹੀ ਹੈ।”
ਸਤਿਨਾਮ ਸਿੰਘ ਹਮੇਸ਼ਾਂ ਜਾਹਰ ਕਰਦੇ ਹਨ ਕਿ ਉਹਨਾਂ ਨੇ ‘ਇਕੋ’ ਬਾਰੇ ਸਾਰਾ ਗਿਆਨ ਹਾਸਲ ਕਰ ਲਿਆ ਹੈ।ਹੋਰ ਦੂਜੇ ਤਾਂ ਸਾਰੇ ਅਨਪੜ੍ਹ ਗਵਾਰ ਹੀ ਹਨ।ਪਰ ਜਿੱਥੋਂ ਤੱਕ ਇਹਨਾਂ ਦੀਆਂ ਲਿਖਤਾਂ ਤੋਂ ਮੈਂ ਅੰਦਾਜਾ ਲਗਾਇਆ ਹੈ, ਉਹਨਾਂ ਨੂੰ ‘ਗੁਰਮਤਿ ਅਨੁਸਾਰੀ ਇਕੋ’ ਬਾਰੇ ਵਧੇਰੇ ਗਿਆਨ ਹਾਸਲ ਕਰਨ ਦੀ ਜਰੂਰਤ ਹੈ।ਮੇਰੇ ਮੁਤਾਬਕ ਗੁਰਮਤਿ ਦੇ ਅਰਥਾਂ ਵਾਲੇ ‘ਇਕੋ’ ਨੂੰ ਜਾਣੇ-ਅਨਜਾਣੇ ਉਹ ਵੇਦਾਂਤ ਮੱਤ ਦੇ ਅਰਥਾਂ ਵਿੱਚ ਪ੍ਰਚਾਰੀ ਜਾ ਰਹੇ ਹਨ।
ਵੇਦਾਂਤ ਮੱਤ ਅਨੁਸਾਰ-
“ਏਕਾ ਬ੍ਰਹਮ ਦੁਤੀਆ ਨਾਸਤੀ” ਜਾਣੀ ਕਿ- ‘ਸਿਰਫ ਬ੍ਰਹਮ ਹੀ ਬ੍ਰਹਮ ਹੈ।ਬ੍ਰਹਮ ਤੋਂ ਬਿਨਾ ਹੋਰ ਦੂਜਾ ਕੁਝ ਵੀ ਨਹੀਂ’। ਦਿਸਦਾ ਜੋ ਕੁਝ ਵੀ ਹੈ ਸਭ ਭ੍ਰਮ ਹੈ, ਭੁਲੇਖਾ ਹੈ। ਜਿਵੇਂ ਹਨੇਰੇ ਵਿੱਚ ਰੱਸੀ ਤੋਂ ਸੱਪ ਹੋਣ ਦਾ ਭੁਲੇਖਾ ਪੈਂਦਾ ਹੈ। ਜਿਵੇਂ ਘੜੇ ਵਿੱਚ ਆਕਾਸ਼ ਦਾ ਪ੍ਰਤੀਬਿੰਬ ਦਿਸਣ ਤੇ ਘੜੇ ਵਿੱਚ ਆਕਾਸ਼ ਦੇ ਹੋਣ ਦਾ ਭ੍ਰਮ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਦਿਸਦਾ ਸੰਸਾਰ ਸਭ ਭ੍ਰਮ ਹੈ ਭੁਲੇਖਾ ਹੈ, ਅਸਲੀਅਤ ਨਹੀਂ ਹੈ।
ਗੁਰਮਤਿ:- ਇਸ ਦੇ ਉਲਟ ਗੁਰੂ ਸਾਹਿਬ ਨੇ ਆਪਣਾ ਮੱਤ ਦਿੱਤਾ ਹੈ ਕਿ ਸੰਸਾਰ ਭ੍ਰਮ, ਭੁਲੇਖਾ ਨਹੀਂ ਅਸਲ ਵਿੱਚ ਕਰਤੇ ਦੀ ਰਚਨਾ ਹੈ।ਸੱਚੇ ਦੀ ਸੱਚੀ ਕ੍ਰਿਤ ਹੈ-
“ਆਪਿ ਸਤਿ ਕੀਆ ਸਭਿ ਸਤਿ॥” ਹੈ।
“ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥
‘ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥”
ਅਰਥਾਤ ‘ਕੁਦਰਤ’ ਉਸ ਤੋਂ ਵੱਖਰੀ ‘ਦੁਯੀ’ ਚੀਜ਼ ਹੈ ਅਤੇ ‘ਕਰਿ ਆਸਣੁ ਡਿਠੋ ਚਾਉ’, ਅਰਥਾਤ ਕੁਦਰਤ ਵਿੱਚ ਆਸਣ ਕਰੀ ਬੈਠਾ ਪ੍ਰਭੂ ਵੱਖਰਾ ਹੈ।ਇਸ ਤਰ੍ਹਾਂ ਕੁਦਰਤ ਵਿੱਚ ਵਿਆਪਕ ਹੋਣ ਕਰਕੇ ਉਹ:-
“ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਇ॥” ਹੈ।
ਅਰਥਾਤ ਉਹ ਹਰ ਥਾਂ ਵਿਆਪਕ ਹੈ।
ਵੇਦਾਂਤ ਦੇ ‘ਏਕਾ ਬ੍ਰਹਮ ਦੁਤੀਆ ਨਾਸਤੀ’ ਅਤੇ ਗੁਰਮਤਿ ਦੇ ‘ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ’ ਵਿੱਚ ਫਰਕ:-
ਓਪਰੀ ਨਜ਼ਰੇ ਦੋਨੋਂ ਗੱਲਾਂ ਇੱਕ ਸਮਾਨ ਹੀ ਨਜ਼ਰ ਆਉਂਦੀਆਂ ਹਨ। ਪਰ ਭਾਵਾਰਥਾਂ ਤੋਂ ਸਿਧਾਂਤਕ ਤੌਰ ਤੇ ਦੋਨਾਂ ਦਾ ਬਹੁਤ ਵੱਡਾ ਫਰਕ ਹੈ।
ਵੇਦਾਂਤ ਅਨੁਸਾਰ- ਜਿਵੇਂ ਘੜੇ ਦੇ ਪਾਣੀ ਵਿੱਚ ਆਕਾਸ਼ ਦਾ ਪਰਛਾਵਾਂ ਦਿਸਦਾ ਤਾਂ ਹੈ ਪਰ ਇਸਦੀ ਅਸਲੀਅਤ ਕੋਈ ਨਹੀਂ। ਜਿਵੇਂ ਹਨੇਰੇ ਵਿੱਚ ਰੱਸੀ ਤੋਂ ਸੱਪ ਦੇ ਹੋਣ ਦਾ ਭ੍ਰਮ ਪੈਦਾ ਹੁੰਦਾ ਹੈ, ਪਰ ਇਹ ਅਸਲੀਅਤ ਨਹੀਂ। ਉਸੇ ਤਰ੍ਹਾਂ ਦਿਸਦਾ ਸੰਸਾਰ ਭ੍ਰਮ ਹੈ, ਭੁਲੇਖਾ ਹੈ, ਛਲ਼ ਹੈ, ਫਰੇਬ ਹੈ। ਇਸ ਦੀ ਅਸਲੀਅਤ ਕੋਈ ਨਹੀਂ।
ਗੁਰਮਤਿ ਅਨੁਸਾਰ- ਸਾਰਾ ਦਿਸਦਾ ਪਸਾਰਾ ਭ੍ਰਮ ਨਹੀਂ ਅਸਲ ਵਿੱਚ ਹੈ ਅਤੇ ਕਰਤੇ ਦੀ ਸੱਚੀ ਕ੍ਰਿਤ ਹੈ-
“ਸਚੇ ਤੇਰੇ ਲੋਅ ਸਚੇ ਆਕਾਰ॥”-
“ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥”
ਵੱਖ ਵੱਖ ਦਿਸਦੇ ਆਕਾਰ ਅਸਲੀਅਤ ਵਿੱਚ ਹਨ; ਭ੍ਰਮ, ਭੁਲੇਖਾ ਨਹੀਂ।
ਸਭ ਉਸੇ ਦੀ ਕ੍ਰਿਤ ਹੈ ਅਤੇ ਸਾਰੇ ਆਕਾਰਾਂ ਵਿੱਚ ਉਹ ਵਿਆਪਕ ਹੈ, ਇਸ ਤਰ੍ਹਾਂ ਦਿਸਦਾ ਅਣਦਿਸਦਾ ਸੰਸਾਰ-ਪਸਾਰਾ,
‘ਸਭ ਗੋਬਿੰਦੁ ਸਭ ਗੋਬਿੰਦੁ’ ਹੈ।
ਸਤਿਨਾਮ ਸਿੰਘ ਦੀ ਸੋਚ ਵੇਦਾਂਤ ਦੀ ਹਾਮੀ ਅਤੇ ਗੁਰਮਤਿ ਦੇ ਉਲਟ ਕਿਵੇਂ:-
ਸਤਿਨਾਮ ਸਿੰਘ, ਮਨੁੱਖ ਨੂੰ ‘ਅਖੌਤੀ ਮਨੁੱਖ’ ਹੀ ਦੱਸਦੇ ਹਨ।ਉਹਨਾਂ ਮੁਤਾਬਕ ‘ਬੰਦਾ ਤੇ ਰੱਬ ਦੋ ਨਹੀਂ ਇੱਕੋ ਹੀ ਹਨ।ਜਿਸ ਦਾ ਇਹ ਭ੍ਰਮ ਮਿਟ ਜਾਂਦਾ ਹੈ ਉਸ ਨੂੰ ਸਮਝ ਲੱਗ ਜਾਂਦੀ ਹੈ ਕਿ ਇਹ ਸਾਰਾ ਕੁਝ ਇਕ ਹੀ ਹੈ। ਵੇਦਾਂਤ ਦਾ ਵੀ ਇਹੀ ਮੱਤ ਹੈ ਕਿ- ਜਿਵੇਂ ਰੱਸੀ ਤੋਂ ਸੱਪ ਦੇ ਹੋਣ ਦਾ ਭ੍ਰਮ ਪੈਂਦਾ ਹੁੰਦਾ ਹੈ। ਘੜੇ ਦੇ ਪਾਣੀ ਵਿੱਚ ਆਕਾਸ਼ ਦੇ ਹੋਣ ਦਾ ਭ੍ਰਮ ਪੈਂਦਾ ਹੈ, ਜੋ ਕਿ ਅਸਲੀਅਤ ਨਹੀਂ। ਇਸੇ ਤਰ੍ਹਾਂ ਸਤਿਨਾਮ ਸਿੰਘ ਮੁਤਾਬਕ ਜਿਸ ਨੂੰ ਦੁਨੀਆਂ ਮਨੁੱਖ ਸਮਝਦੀ ਹੈ ਉਹ ਮਨੁੱਖ ਨਹੀਂ ਮਨੁੱਖ ਹੋਣ ਦਾ ਭ੍ਰਮ ਹੈ, ਭੁਲੇਖਾ ਹੈ ਅਸਲੀਅਤ ਵਿੱਚ ‘ਇੱਕੋ (ਬ੍ਰਹਮ)’ ਹੀ ਹੈ।ਇਸ ਤਰ੍ਹਾਂ ਸਤਿਨਾਮ ਸਿੰਘ ਜਾਣੇ ਅਨਜਾਣੇ ‘ਏਕਾ ਬ੍ਰਹਮ ਦੁਤੀਆ ਨਾਸਤੀ’ ਦੇ ਹਾਮੀ ਹਨ।
ਇਸ ਦੇ ਉਲਟ ਉਹ ਗੁਰਮਤਿ ਦੇ ਸੰਕਲਪ- ‘ਸਚੇ ਤੇਰੇ ਲੋਅ ਸਚੇ ਆਕਾਰ’ ਅਨੁਸਾਰੀ; ਮਨੁੱਖ, ਕੀੜੇ, ਪਤੰਗੇ, ਘੋੜੇ, ਹਾਥੀ, ਵਨਸਪਤੀ ਆਦਿ ਆਕਾਰਾਂ ਨੂੰ ਸਤਿਨਾਮ ਸਿੰਘ ਸੱਚ ਮੰਨਣ ਤੋਂ ਇਨਕਾਰੀ ਹਨ।ਇਹਨਾਂ ਆਕਾਰਾਂ ਨੂੰ ਭ੍ਰਮ, ਭੁਲੇਖਾ ਅਤੇ ਅਖੌਤੀ ਦੱਸਦੇ ਹਨ।
ਸਤਿਨਾਮ ਸਿੰਘ ਨੂੰ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਜੇ ਸਾਰੇ ਦਿਸਦੇ ਆਕਾਰ ਗੋਬਿੰਦ (ਪ੍ਰਭੂ) ਹੀ ਹੈ, ਭ੍ਰਮ ਭੁਲੇਖੇ ਕਾਰਨ ਆਕਾਰ ਵੱਖ ਵੱਖ ਦਿਸਦੇ ਹਨ ਤਾਂ ਕੀ ਬਲਾਤਕਾਰੀ ਬਾਬੇ ਵੀ ਗੋਬਿੰਦ (ਪ੍ਰਭੂ) ਹੀ ਹਨ ? ਇਸ ਗੱਲ ਦਾ ਜਵਾਬ ਸਤਿਨਾਮ ਸਿੰਘ ਪਾਸੋਂ ਅੱਜ ਤੱਕ ਨਹੀਂ ਮਿਲ ਸਕਿਆ।
“..ਤੁਧੁ ਵੇਕੀ ਜਗਤੁ ਉਪਾਇਆ॥”
ਅਨੁਸਾਰ ਉਸ ਨੇ ਵੱਖ ਵੱਖ ਕਿਸਮ ਦਾ ਜਗਤ ਪੈਦਾ ਕੀਤਾ ਹੋਇਆ ਹੈ।ਅਤੇ ਸਾਰੇ ਆਕਾਰਾਂ ਵਿੱਚ ਉਸ ਦਾ ਵਾਸਾ ਹੈ, ਪਰ ਸਾਰੇ ਆਕਾਰ ਪ੍ਰਭੂ ਨਹੀਂ ਹਨ। ਮਨੁੱਖ ਨੇ ਗੋਬਿੰਦ ਨੂੰ ਸਿਮਰ ਕੇ ਉਸ ਦਾ ਰੂਪ ਹੋਣਾ ਹੈ, ਨਾ ਕਿ ਹਉਮੈ ਸਹਿਤ ਜਿਸ ਰੂਪ ਵਿੱਚ ਹੁਣ ਇਹ ਹੈ, ਇਹ ਗੋਬਿੰਦ ਹੈ।ਕਰੋੜਾਂ’ਚੋਂ ਕੋਈ ਇੱਕ ਅੱਧ ਹੀ ਹੈ, ਜਿਸ ਵਿੱਚ ਅਤੇ ਗੋਬਿੰਦ ਵਿੱਚ ਕੋਈ ਫਰਕ ਨਹੀਂ।
ਮਨੁੱਖ ਵਿੱਚ ਪ੍ਰਭੂ ਦਾ ਵਾਸਾ ਹੈ ਪਰ ਫੇਰ ਵੀ ਇਹ ਪ੍ਰਭੂ ਤੋਂ ਦੂਰੀ ਬਣਾਈ ਬੈਠਾ ਹੈ।ਫੁਰਮਾਨ ਹੈ-
“ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ॥” (ਪੰਨਾ 205)
ਅਰਥ- (ਹੇ ਭਾਈ! ਆਤਮਾ ਤੇ ਪਰਮਾਤਮਾ ਦੀ) ਇਕੋ ਹੀ ਸੰਗਤ ਹੈ, ਦੋਵੇਂ ਇਕੋ ਹੀ (ਹਿਰਦੇ-)ਘਰ ਵਿੱਚ ਵਸਦੇ ਹਨ, ਪਰ (ਆਪੋ ਵਿੱਚ) ਮਿਲ ਕੇ (ਕਦੇ) ਗੱਲ ਨਹੀਂ ਕਰਦੇ। ਅਤੇ ਪ੍ਰਭੂ ਵੀ ਕੁਦਰਤ ਵਿੱਚ ਵਿਆਪਕ ਹੋਣ ਦੇ ਬਾਵਜੂਦ ਕੁਦਰਤ ਤੋਂ ਨਿਰਲੇਪ ਹੈ-
“ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ॥”।
“ਸਭ ਕੈ ਮਧਿ ਸਗਲ ਤੇ ਉਦਾਸ॥”।
“ਸਭ ਕੈ ਮਧਿ ਅਲਿਪਤੋ ਰਹੈ॥”।
“ਬਿਆਪਤ ਕਰਤਾ ਅਲਿਪਤੋ ਕਰਤਾ॥” (ਪੰਨਾ 862)
ਉਹ ਸਭਨਾਂ ਵਿੱਚ ਵਿਆਪਕ ਭੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਹੈ।
ਆਖਿਰ ਵਿੱਚ- “ਵੇਦਾਂਤ ਦੇ ‘ਏਕਾ ਬ੍ਰਹਮ ਦੁਤੀਆ ਨਾਸਤੀ’ ਦਾ ਅਰਥ ਹੈ- ਬ੍ਰਹਮ ਤੋਂ ਬਿਨਾ ਹੋਰ ਕੁਝ ਵੀ ਨਹੀਂ।ਦਿਸਦਾ ਜੋ ਕੁਝ ਵੀ ਹੈ ਸਭ ਭ੍ਰਮ ਹੈ, ਭੁਲੇਖਾ ਹੈ।
ਅਤੇ ਗੁਰਮਤਿ ਦੇ ‘ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ’ ਦਾ ਅਰਥ ਹੈ:- ਇਹ ਸੰਸਾਰ ਭ੍ਰਮ, ਭੁਲੇਖਾ ਨਹੀਂ।ਅਸਲ ਵਿੱਚ ਸੱਚੇ ਦੀ ਸੱਚੀ ਕ੍ਰਿਤ ਹੈ।ਸੰਸਾਰ ਦੀ ਹਰ ਸ਼ੈਅ ਵਿੱਚ ਉਹ ਵਿਆਪਕ ਹੈ।ਇਸ ਤਰ੍ਹਾਂ ਉਹ- “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ॥”
*****
ਨੋਟ: ਇਹ ਲੇਖ ਸਤਿਨਮ ਸਿੰਘ ਮੌਂਟਰੀਅਲ ਨੂੰ ਭੇਜ ਦਿੱਤਾ ਜਾਵੇਗਾ।ਉਮੀਦ ਕੀਤੀ ਜਾਂਦੀ ਹੈ ਕਿ ਚੱਲਦੇ ਵਿਸ਼ੇ ਬਾਰੇ ਸਤਿਨਾਮ ਸਿੰਘ ਸੁਹਿਰਦਤਾ ਨਾਲ ਆਪਣੇ ਵਿਚਾਰ ਦੇਣਗੇ ਤਾਂ ਕਿ ਗੁਰਮਤਿ ਸੰਬੰਧੀ ਪਏ ਭੁਲੇਖੇ ਦੂਰ ਹੋ ਸਕਣ।
ਜਸਬੀਰ ਸਿੰਘ ਵਿਰਦੀ
14-10-2015