ਕੁੰਭ ਦੇ ਮੇਲੇ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਣ ਦਾ ਤਾਂ ਹੀ ਫਾਇਦਾ ਹੈ ਜੇ ਉਥੇ ਆਸਾ ਦੀ ਵਾਰ ਦੇ ਹਿੰਦੀ ’ਚ ਸਟੀਕ ਵੰਡੇ ਜਾਣ
ਬਠਿੰਡਾ, 14 ਜਨਵਰੀ (ਕਿਰਪਾਲ ਸਿੰਘ): ਅੱਜ ਕੱਲ੍ਹ ਗ੍ਰੰਥੀ ਜਾਂ ਪ੍ਰਚਾਰਕ ਪੁਜਾਰੀ ਨਹੀਂ ਹਨ ਬਲਕਿ ਪ੍ਰਬੰਧਕ ਪੁਜਾਰੀ ਬਣੇ ਹੋਏ ਹਨ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 663 ’ਤੇ ਧਨਾਸਰੀ ਰਾਗ ’ਚ ਦਰਜ ਸ਼ਬਦ
‘ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥1॥’ ਦੀ ਵਿਆਖਿਆ ਕਰਦੇ ਹੋਏ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਲੜੀਵਾਰ ਚੱਲ ਰਹੀ ਕਥਾ ਦੌਰਾਨ ਇੰਟਰਨੈਸ਼ਨਲ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਪ੍ਰੋ: ਸਾਹਿਬ ਸਿੰਘ ਜੀ ਤੋਂ ਬਿਨਾਂ ਬਾਕੀ ਸਾਰੇ ਵਿਆਖਿਆਕਾਰਾਂ ਨੇ ਸ਼ਬਦ ‘ਥਾਨਸਟ’ ਦੇ ਅਰਥ ‘ਉਪਾਸ਼ਨਾ ਲਈ ਨੀਯਤ ਕੀਤੇ ਧਾਰਮਕ ਸਥਾਨ’ ਕੀਤੇ ਹਨ ਪਰ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ‘ਪਵਿਤਰ ਹਿਰਦੇ’ ਕੀਤੇ ਹਨ ਕਿਉਂਕਿ ਗੁਰਮਤਿ ਅਨੁਸਾਰ ਕੋਈ ਵੀ ਸਥਾਨ ਪਵਿੱਤਰ ਜਾਂ ਭ੍ਰਿਸ਼ਟ ਨਹੀਂ ਹੁੰਦੇ ਬਲਕਿ ਉਥੇ ਰਹਿ ਰਹੇ ਲੋਕਾਂ ਦੇ ਹਿਰਦੇ ਪਵਿੱਤਰ ਜਾਂ ਭ੍ਰਿਸ਼ਟ ਹੁੰਦੇ ਹਨ ਤੇ ਉਨ੍ਹਾਂ ਦੇ ਕਿਰਦਾਰ ਸਦਕਾ ਉਸ ਸਥਾਨ ਨੂੰ ਪਵਿੱਤਰ ਜਾਂ ਭ੍ਰਿਸ਼ਟ ਮੰਨਿਆਂ ਜਾ ਸਕਦਾ ਹੈ। ਪਰ ਇਹ ਬਦਕਿਸਮਤੀ ਹੈ ਕਿ ਬਿਪਰਵਾਦੀ ਸੋਚ ਨੇ ਕੁਝ ਸਥਾਨਾਂ ਨੂੰ ਪਵਿੱਤਰ ਮੰਨ ਕੇ ਉਨ੍ਹਾਂ ਨੂੰ ਪੂਜਣਯੋਗ ਤੀਰਥ ਸਥਾਨ ਮੰਨ ਲਿਆ। ਪੁਜਾਰੀ ਕਿਸਮ ਦੇ ਲੋਕ ਜਿਹੜੇ ਅਸਲ ਵਿੱਚ ਧਾਰਮਕ ਨਹੀਂ ਹੁੰਦੇ ਪਰ ਲੋਕਾਂ ਨੂੰ ਠੱਗਣ ਲਈ ਧਾਰਮਕ ਲਿਬਾਸ ਪਹਿਨ ਕੇ ਆਪਣੇ ਆਪ ਨੂੰ ਧਰਮੀ ਬਣ ਕੇ ਵਿਖਾਉਣ ਦਾ ਯਤਨ ਕਰਦੇ ਹਨ। ਵਿਖਾਵੇ ਦੇ ਤੌਰ ’ਤੇ ਧਰਮੀ ਬਣੇ ਇਨ੍ਹਾਂ ਪਖੰਡੀਆਂ ਦਾ ਹਿਰਦਾ ਭ੍ਰਿਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦਾ ਅਸਲ ਵਾਹ ਵਾਸਤਾ ਧਰਮ ਨਾਲ ਜਾਂ ਲੋਕਾਂ ਨੂੰ ਚੰਗੀ ਜੀਵਨ ਸੇਧ ਦੇਣ ਲਈ ਨਹੀਂ ਬਲਕਿ ਧਰਮੀ ਹੋਣ ਦਾ ਨਾਟਕ ਕਰਕੇ ਲੋਕਾਂ ਦੀ ਕਮਾਈ ਠੱਗ ਕੇ ਪੈਸੇ ਇੱਕਤਰ ਕਰਨਾ ਹੁੰਦਾ ਹੈ। ਅਜਿਹੇ ਪਖੰਡੀ ਧਰਮੀਆਂ ਦੀ ਕਿਉਂਕਿ ਤੀਰਥ ਸਥਾਨਾਂ ’ਤੇ ਬਹੁਤਾਤ ਹੁੰਦੀ ਹੈ ਇਸ ਲਈ ਉਨ੍ਹਾਂ ਸਦਕਾ ਉਹ ਸਥਾਨ ਵੀ ਭ੍ਰਿਸ਼ਟ ਹੋ ਜਾਂਦੇ ਹਨ। ਇਸੇ ਕਰਕੇ ਉਥੇ ਰਹਿ ਰਹੇ ਧਰਮੀ ਪਖੰਡੀਆਂ ਦਾ ਪਖੰਡ ਜੱਗ ਜ਼ਾਹਰ ਕਰਕੇ ਉਨ੍ਹਾਂ ਨੂੰ ਜੀਵਨ ਦੀ ਸਹੀ ਸੇਧ ਦੇਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਪ੍ਰਚਾਰਕ ਫੇਰੀਆਂ ਦੌਰਾਨ ਜਿਆਦਾ ਤਰ ਲੋਕਾਂ ਵੱਲੋਂ ਮੰਨੇ ਗਏ ਧਾਰਮਕ ਤੀਰਥ ਸਥਾਨਾਂ ਦੀ ਹੀ ਯਾਤਰਾ ਕੀਤੀ ਸੀ। ਗਿਆਨੀ ਜਾਚਕ ਜੀ ਨੇ ਕਿਹਾ ਵੀਚਾਰ ਅਧੀਨ ਸ਼ਬਦ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥ ਪੁਰੀ ਦੀ ਫੇਰੀ ਦੌਰਾਨ ਉਸ ਸਮੇਂ ਉਚਾਰਣ ਕੀਤਾ ਜਦੋਂ ਉਨ੍ਹਾਂ ਨੇ ਇੱਕ ਪਖੰਡੀ ਸਾਧ ਨੂੰ ਵੇਖਿਆ ਜਿਹੜਾ ਅੱਖਾਂ ਤੇ ਨੱਕ ਬੰਦ ਕਰਕੇ ਪਦਮ ਆਸਨ ਲਾ ਕੇ ਬੈਠਾ ਲੋਕਾਂ ਨੂੰ ਇਹ ਪ੍ਰਭਾਵ ਦੇ ਰਿਹਾ ਸੀ ਕਿ ਉਸ ਨੂੰ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਹਨ। ਉਹ ਸਾਧ ਗੱਲੀਂ ਬਾਤੀਂ ਨਰਕ ਦੇ ਡਰਾਉਣੇ ਦ੍ਰਿਸ਼ ਵਿਖਾ ਕੇ ਇਸ ਤੋਂ ਬਚਨ ਲਈ ਦਾਨਪੁੰਨ ਕਰਨ ਲਈ ਪ੍ਰੇਰਣਾ ਦੇ ਰਿਹਾ ਸੀ ਪਰ ਚੋਰੀ ਚੋਰੀ ਅੱਖ ਖੋਲ੍ਹ ਕੇ ਆਪਣੇ ਸਾਹਮਣੇ ਰੱਖੇ ਉਸ ਲੋਟੇ ਨੂੰ ਵੇਖ ਲੈਂਦਾ ਸੀ, ਜਿਸ ਵਿੱਚ ਲੋਕ ਪੈਸੇ ਪਾਉਂਦੇ ਸਨ। ਗੁਰੂ ਸਾਹਿਬ ਜੀ ਨੇ ਉਸ ਦੇ ਇਸ ਪਖੰਡ ਨੂੰ ਵੇਖ ਕੇ ਭਾਈ ਮਰਦਾਨੇ ਨੂੰ ਕਿਹਾ ਕਿ ਇਸ ਦਾ ਲੋਟਾ ਚੁੱਕ ਕੇ ਇਸ ਦੇ ਪਿੱਛੇ ਰੱਖ ਦੇਹ ਤੇ ਲੋਕਾਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਜਦ ਉਸ ਪਖੰਡੀ ਨੇ ਵੇਖਿਆ ਕਿ ਲੋਟੇ ਵਿੱਚ ਪੈਸੇ ਸੁੱਟੇ ਜਾਣ ਦਾ ਕੋਈ ਖੜਾਕ ਹੀ ਨਹੀਂ ਹੋ ਰਿਹਾ ਤਾਂ ਉਸ ਨੇ ਚੋਰੀ ਅੱਖ ਖੋਲ੍ਹ ਕੇ ਵੇਖਿਆ ਕਿ ਲੋਟਾ ਗਾਇਬ ਹੈ। ਪਖੰਡੀ ਸਾਧ ਗੁੱਸੇ ’ਚ ਆ ਕੇ ਕਹਿਣ ਲੱਗਾ ਮਹਾਂਪੁਰਖਾਂ ਨਾਲ ਠੱਗੀ ਕੀਤੀ ਚੰਗੀ ਨਹੀਂ ਹੁੰਦੀ ਇਸ ਲਈ ਮੇਰਾ ਲੋਟਾ ਦੱਸੋ ਕਿਸ ਨੇ ਚੁਰਾਇਆ ਹੈ ਨਹੀਂ ਤਾਂ ਸਾਰਿਆਂ ਨੂੰ ਭਸਮ ਕਰ ਦੇਵਾਂਗਾ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਮਹਾਂਪੁਰਖਾਂ ਲਈ ਇਨ੍ਹਾਂ ਗੁੱਸਾ ਕਰਨ ਵੀ ਠੀਕ ਨਹੀਂ ਹੁੰਦਾ, ਤੁਹਾਨੂੰ ਤਾਂ ਤਿੰਨਾਂ ਲੋਕਾਂ ਦੀ ਸੋਝੀ ਹੈ ਜਰਾ ਸਮਾਧੀ ਲਾ ਕੇ ਵੇਖੋ ਲੋਟਾ ਤਾਂ ਇੱਥੇ ਨਜ਼ਦੀਕ ਹੀ ਹੋਵੇਗਾ। ਪਰ ਲੋਟਾ ਤਾਂ ਉਸ ਨੂੰ ਤਾਂ ਦਿੱਸਦਾ ਜੇ ਬਾਕਿਆ ਹੀ ਉਸ ਨੂੰ ਕੋਈ ਸੋਝੀ ਹੁੰਦੀ। ਇਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸਬਦ ਦਾ ਉਚਾਰਣ ਕੀਤਾ ਜਿਸ ਰਾਹੀਂ ਉਸ ਨੂੰ ਸਮਝਾਇਆ ਕਿ ਜਗਤ ਵਿਚ ਪਰਮਾਤਮਾ ਦਾ ਨਾਮ (ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ। (ਜੇਹੜੇ ਇਹ ਲੋਕ) ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ (ਇਹ) ਜਗਤ ਨੂੰ ਠੱਗਣ ਵਾਸਤੇ (ਕਰਦੇ ਹਨ, ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ) ਇਸੇ ਕਾਰਣ ਇਨ੍ਹਾਂ ਦੇ ਹਿਰਦੇ ਭ੍ਰਿਸ਼ਟ ਹੋ ਗਏ ਹਨ ॥1॥
ਇਸ ਦੇ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਸਤਿਗੁਰਾਂ ਨੇ ਫ਼ੁਰਮਾਨ ਕੀਤਾ: ‘ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥1॥'ਰਹਾਉ ॥' ਇਹ (ਮਨੁੱਖਾ ਜਨਮ ਦਾ) ਸਮਾ (ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ) ਨਹੀਂ ਹੈ, (ਇਹਨਾਂ ਢਬਾਂ ਨਾਲ) ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਇਹ ਉੱਚੇ ਆਚਰਨ ਦਾ ਤਰੀਕਾ ਹੈ। (ਇਹਨਾਂ ਪਖੰਡਾਂ ਰਾਹੀਂ) ਜਗਤ ਦੇ (ਅਨੇਕਾਂ) ਪਵਿਤ੍ਰ ਹਿਰਦੇ (ਭੀ) ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ (ਵਿਕਾਰਾਂ ਵਿਚ) ਡੁੱਬਣ ਲੱਗ ਪੈਂਦਾ ਹੈ ॥1॥ ਰਹਾਉ ॥
‘ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥2॥’ ਹੱਥ ਦੇ ਅੰਗੂਠੇ ਤੇ ਨਾਲ ਦੀਆਂ ਦੋ ਉਂਗਲਾਂ ਨਾਲ ਇਹ (ਆਪਣਾ) ਨੱਕ ਫੜਦੇ ਹਨ (ਸਮਾਧੀ ਦੀ ਸ਼ਕਲ ਵਿਚ ਬੈਠ ਕੇ ਮੂੰਹੋਂ ਆਖਦੇ ਹਨ ਕਿ) ਤਿੰਨੇ ਹੀ ਲੋਕ ਦਿੱਸ ਰਹੇ ਹਨ, ਪਰ ਆਪਣੀ ਹੀ ਪਿੱਠ ਪਿਛੇ ਪਈ ਕੋਈ ਚੀਜ਼ ਨਹੀਂ ਦਿੱਸਦੀ। ਇਹ ਅਸਚਰਜ ਪਦਮ ਆਸਨ ਹੈ ॥2॥
‘ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥3॥’ (ਆਪਣੇ ਆਪ ਨੂੰ ਹਿੰਦੂ ਧਰਮ ਦੇ ਰਾਖੇ ਸਮਝਣ ਵਾਲੇ) ਖਤ੍ਰੀਆਂ ਨੇ (ਆਪਣਾ ਇਹ) ਧਰਮ ਛੱਡ ਦਿੱਤਾ ਹੈ, ਜਿਨ੍ਹਾਂ ਨੂੰ ਇਹ ਮੂੰਹੋਂ ਮਲੇਛ ਕਹਿ ਰਹੇ ਹਨ (ਰੋਜ਼ੀ ਦੀ ਖ਼ਾਤਰ) ਉਹਨਾਂ ਦੀ ਬੋਲੀ ਗ੍ਰਹਣ ਕਰ ਚੁਕੇ ਹਨ। ਗਿਆਨੀ ਜਾਚਕ ਨੇ ਕਿਹਾ ਇਕ ਵਰਨ ਹੋਣ ਦਾ ਭਾਵ ਇਹ ਨਹੀਂ ਕਿ ਖਤਰੀਆਂ ਨੇ ਸੰਸਕ੍ਰਿਤ ਛੱਡ ਕੇ ਅਰਬੀ ਫ਼ਾਰਸੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਸੀ ਭਾਵ ਇਹ ਹੈ ਕਿ ਉਨਾਂ ਨੇ ਆਪਣੇ ਦੇਸ਼ ਵਾਸੀਆਂ ਦੀ ਰੱਖਿਆ ਕਰਨ ਦਾ ਆਪਣਾ ਫਰਜ਼ ਭੁਲਾ ਕੇ ਆਪਣੇ ਵੱਲੋਂ ਕਹੇ ਜਾਂਦੇ ਮਲੇਛਾਂ ਦੀ ਗੁਲਾਮੀ ਕਬੂਲ ਲਈ ਤੇ ਉਹ ਉਨ੍ਹਾਂ ਦੇ ਹੁਕਮ ਹੀ ਦੇਸ਼ ਦੀ ਰਿਆਇਆ ’ਤੇ ਲਾਗੂ ਕਰਨ ਲਈ ਉਨ੍ਹਾਂ ’ਤੇ ਜੁਲਮ ਕਰਨ ਲੱਗ ਪਏ ਸਨ। ਇਸ ਤਰ੍ਹਾਂ (ਇਹਨਾਂ ਦੇ) ਧਰਮ ਦੀ ਮਰਯਾਦਾ ਮੁੱਕ ਚੁੱਕੀ ਹੈ, ਸਾਰੀ ਸ੍ਰਿਸ਼ਟੀ ਇਕੋ ਵਰਨ ਦੀ ਹੋ ਗਈ ਹੈ। ਇਕ ਵਰਨ ਦੇ ਹੋਣ ਦਾ ਭਾਵ ਵੀ ਇਹ ਨਹੀਂ ਕਿ ਉਨ੍ਹਾਂ ਨੇ ਬ੍ਰਾਹਮਣ ਵੱਲੋਂ ਪਾਈ ਵਰਣਵੰਡ ਖਤਮ ਕਰਕੇ ਸਭ ਨੂੰ ਆਪਣੇ ਭਰਾ ਸਮਝਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਸਾਹਿਬ ਜੀ ਦਾ ਅਸਲ ਭਾਵ ਇਹ ਹੈ ਕਿ ਸਾਰੇ ਵਰਣਾਂ ਦੇ ਮਨੁੱਖਾਂ ਵਿੱਚ ਇਕੋ ਅਧਰਮ ਹੀ ਅਧਰਮ ਪ੍ਰਧਾਨ ਹੋ ਗਿਆ ਹੈ ॥3॥
‘ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥4॥1॥6॥8॥’ (ਬ੍ਰਾਹਮਣ ਲੋਕ) ਅਸ਼ਟਾਧਿਆਈ ਆਦਿਕ ਗ੍ਰੰਥ ਰਚ ਕੇ (ਉਹਨਾਂ ਅਨੁਸਾਰ) ਪੁਰਾਣਾਂ ਨੂੰ ਵਿਚਾਰਦੇ ਹਨ ਤੇ ਵੇਦਾਂ ਦਾ ਅਭਿਆਸ ਕਰਦੇ ਹਨ (ਬੱਸ! ਇਤਨੇ ਨੂੰ ਸ੍ਰੇਸ਼ਟ ਧਰਮ ਕਰਮ ਮੰਨੀ ਬੈਠੇ ਹਨ)।' ਪਰ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ (ਇਸ ਵਾਸਤੇ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਧਰਮ-ਕਰਮ ਹੈ) ॥4॥1॥6॥8॥
ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਇਹ ਸ਼ਬਦ ਸਿਰਫ ਜਗਨਨਾਥ ਵਿਖੇ ਅੱਖਾਂ ਮੀਟ ਕੇ ਸਮਾਧੀਆਂ ਲਾਉਣ ਵਾਲਿਆਂ ਲਈ ਹੀ ਨਹੀਂ ਪਰ ਸਾਡੇ ਵਿੱਚੋਂ ਜਿਹੜੇ ਅਸਲ ਵਿੱਚ ਧਰਮੀ ਨਹੀਂ ਆਪਣਾ ਲੋਭ ਲਾਲਚ ਪੂਰਾ ਕਰਨ ਲਈ ਜਾਂ ਧਰਮ ਦੇ ਨਾਮ ’ਤੇ ਠੱਗੀ ਮਾਰਨ ਲਈ ਧਰਮੀ ਹੋਣ ਦਾ ਵਿਖਾਵਾ ਕਰ ਰਹੇ ਹਨ, ਉਨ੍ਹਾਂ ’ਤੇ ਵੀ ਪੂਰੀ ਤਰ੍ਹਾਂ ਠੀਕ ਢੁਕਦਾ ਹੈ। ਮੌਜੂਦਾ ਗੁਰਦੁਆਰਾ ਪ੍ਰਬੰਧ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਇੱਕ ਇੰਟਰਨੈਸ਼ਨਲ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਉਨ੍ਹਾਂ ਦੇਸ਼ ਵਿਦੇਸ਼ ਦੇ ਬਹੁਤ ਸਾਰੇ ਧਰਮ ਸਥਾਨਾਂ ਤੇ ਉਨ੍ਹਾਂ ਦੇ ਪ੍ਰਬੰਧ ਦਾ ਅਧਿਐਨ ਕੀਤਾ ਹੈ ਤੇ ਵੇਖਿਆ ਹੈ ਕਿ ਸਾਰੇ ਧਰਮਾਂ ਦੇ ਧਾਰਮਕ ਸਥਾਨਾਂ ਨਾਲੋਂ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਬਹੁਤ ਅੱਛਾ ਹੈ। ਪਰ ਬਦਨਸੀਬੀ ਇਹ ਹੈ ਕਿ ਗੁਰਦੁਆਰਾ ਐਕਟ 1925 ਰਾਹੀਂ ਅਸੀਂ ਕਾਨੂੰਨ ਰਾਹੀ ਗੁਰਦੁਆਰਾ ਪ੍ਰਬੰਧ ਸਿਆਸੀ ਲੋਕਾਂ ਦੇ ਹੱਥ ਸੌਂਪ ਬੈਠੇ। ਇਸ ਪ੍ਰਬੰਧ ਅਧੀਨ ਅੱਜ ਕੱਲ੍ਹ ਗੁਰਦੁਆਰਿਆਂ ਦੇ ਗ੍ਰੰਥੀ ਜਾਂ ਪ੍ਰਚਾਰਕ ਪੁਜਾਰੀ ਨਹੀਂ ਰਹੇ ਬਲਕਿ ਪ੍ਰਬੰਧਕ ਪੁਜਾਰੀ ਬਣੇ ਹੋਏ ਹਨ, ਬੇਸ਼ੱਕ ਉਹ ਡੇਰੇਦਾਰਾਂ ਦੇ ਰੂਪ ਵਿੱਚ ਪ੍ਰਬੰਧਕ ਬਣੇ ਹੋਏ ਹਨ ਜਾਂ ਚੋਣ ਸਿਸਟਮ ਰਹੀਂ ਚੁਣੇ ਹੋਏ ਸਿਆਸੀ ਲੋਕ ਪ੍ਰਬੰਧਕ ਹਨ। ਕਿਉਂਕਿ ਇਨ੍ਹਾਂ ਦਾ ਧਿਆਨ ਵੀ ਉਸ ਪਾਖੰਡੀ ਸਾਧ ਵਾਂਗ ਗੋਲਕ (ਲੋਟੇ) ਵਿੱਚ ਪੈਣ ਵਾਲੀ ਮਾਇਆ ਵੱਲ ਹੀ ਰਹਿੰਦਾ ਹੈ। ਗੋਲਕ ਦੀ ਮਾਇਆ ਖਰਚਣੀ ਕਿਸ ਤਰ੍ਹਾਂ ਹੈ ਇਹ ਵੀ ਪ੍ਰਬੰਧਕਾਂ ਦੇ ਹੱਥ ਵਿੱਚ ਹੀ ਹੁੰਦੀ ਹੈ, ਗ੍ਰੰਥੀਆਂ ਨੂੰ ਤਾਂ ਸਿਰਫ ਬੱਝਵੀਂ ਤਨਖ਼ਾਹ ਹੀ ਮਿਲਦੀ ਹੈ। ਸੋ ਜਿਨ੍ਹਾਂ ਦਾ ਧਿਆਨ ਧਰਮ ਦੇ ਸਿਧਾਤਾਂ ਨਾਲੋਂ ਗੋਲਕ (ਲੋਟੇ) ਵਿੱਚ ਪੈਣ ਵਾਲੀ ਮਾਇਆ ਵੱਲ ਹੋਵੇ ਤੇ ਖਰਚਨ ਦਾ ਅਧਿਕਾਰ ਵੀ ਉਨ੍ਹਾਂ ਦਾ ਹੀ ਹੋਵੇ, ਉਹ ਹੀ ਅਸਲ ਪੁਜਾਰੀ ਹਨ। ਬੇਸ਼ੱਕ ਧਰਮ ਦੇ ਸਿਧਾਂਤ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ ਪਰ ਗੋਲਕ ’ਤੇ ਕਬਜ਼ਾ ਕਰਨ ਲਈ ਉਹ ਆਪਣੇ ਆਪ ਨੂੰ ਧਰਮੀ ਦਿਖਾਉਣ ਲਈ ਧਾਰਮਕ ਲਿਬਾਸ ਵੀ ਪਹਿਨ ਲੈਂਦੇ ਹਨ ਤੇ ਧਰਮ ਅਸਥਾਨਾਂ ’ਤੇ ਵੀ ਜਾਂਦੇ ਹਨ। ਗੋਲਕ ’ਤੇ ਕਬਜ਼ਾ ਕਰਨ ਲਈ ਵੋਟਾਂ ਪ੍ਰਪਤ ਕਰਨ ਲਈ ਇਹ ਲੋਕ ਧਰਮ ਦੇ ਹਰ ਸਿਧਾਂਤ ਨੂੰ ਦਾਅ ’ਤੇ ਲਾ ਸਕਦੇ ਹਨ। ਲੋਕਾਂ ਨੂੰ ਡਰਾਉਂਦੇ ਵੀ ਹਨ ਕਿ ਜੇ ਗੋਲਕ ਦਾ ਕਬਜ਼ਾ ਦੂਸਰੀ ਧਿਰ ਕੋਲ ਆ ਗਿਆ ਤਾਂ ਉਹ ਗੁਰੂ ਦੀ ਗੋਲਕ ਨੂੰ ਲੁੱਟ ਲੈਣਗੇ। ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ 98 ਸਾਲਾ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਆਪਣੇ ਰਾਜਨੀਤਕ ਭਾਈਵਾਲਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਸੱਦੇ ’ਤੇ ਸ਼੍ਰੋਮਣੀ ਕਮੇਟੀ ਜਥੇ ਲੈ ਕੇ ਕੁੰਭ ਦੇ ਮੇਲੇ ’ਤੇ ਉਸ ਅੰਮ੍ਰਿਤ ਵਿੱਚ ਡੁਬਕੀਆਂ ਲਾਉਣ ਜਾ ਰਹੇ ਹਨ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਖੋਹਣ ਲਈ ਦੇਵਤਿਆਂ ਤੇ ਦੈਂਤਾਂ ਦੀ ਹੋਈ ਲੜਾਈ ਵਿੱਚ ਇੱਥੇ ਕੁਝ ਅੰਮ੍ਰਿਤ ਡੁੱਲ੍ਹ ਗਿਆ ਸੀ। ਗਿਆਨੀ ਜਾਚਕ ਨੇ ਕਿਹਾ ਜੇ ਇਨ੍ਹਾਂ ਤੀਰਥਾਂ ਦੇ ਪ੍ਰਚਾਰ ਦੌਰਿਆਂ ਸਮੇਂ ਪਾਖੰਡੀ ਧਰਮੀਆਂ ਦਾ ਪਰਦਾ ਫ਼ਾਸ਼ ਕਰਕੇ ਲੋਕਾਈ ਨੂੰ ਸੇਧ ਦੇਣ ਲਈ ਗੁਰੂ ਨਾਨਕ ਸਾਹਿਬ ਜੀ ਵੱਲੋ ਉਚਾਰੇ ਗਏ ਸ਼ਬਦਾਂ ਤੇ ਆਸਾ ਦੀ ਵਾਰ ਦੀ ਹਿੰਦੀ ਵਿੱਚ ਸਟੀਕ ਪੁਸਤਕਾਂ ਉਥੇ ਵੰਡਦੇ ਹਨ ਤਾਂ ਸ਼੍ਰੋਮਣੀ ਕਮੇਟੀ ਦਾ ਉਥੇ ਜਾਣਾ ਸਫਲ ਹੈ ਪਰ ਜੇ ਉਥੇ ਲੰਗਰ ਲਾ ਕੇ ਅਤੇ ਪ੍ਰਯਾਗ ਦੇ ਦਰਿਆਵਾਂ (ਕਹੇ ਜਾਂਦੇ ਅੰਮ੍ਰਿਤ) ਵਿੱਚ ਡੁਬਕੀਆਂ ਲਾ ਕੇ ਹੀ ਵਾਪਸ ਆ ਜਾਂਦੇ ਹਨ ਤਾਂ ਸਮਝੋ ਇਹ ਉਨ੍ਹਾਂ ਪਾਖੰਡੀਆਂ ਵਾਂਗ ਹੀ ਧਰਮੀ ਹੋਣ ਦਾ ਨਾਟਕ ਕਰ ਰਹੇ ਹਨ ਜਿਨ੍ਹਾਂ ਦਾ ਪਾਖੰਡ ਨੰਗਾ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਵੀਚਾਰ ਅਧੀਨ ਇਹ ਸ਼ਬਦ ਤੇ ਇਸ ਤਰ੍ਹਾਂ ਦੀ ਅਨੇਕਾਂ ਹੋਰ ਸ਼ਬਦ ਉਚਾਰਣ ਕੀਤੇ ਸਨ। ਗਿਆਨੀ ਜਾਚਕ ਨੇ ਕਿਹਾ ਗੁਰੂ ਦੇ ਸਿਧਾਂਤ ਨਾਲ ਪਿਆਰ ਕਰਨ ਵਾਲੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਧਰਮ ਦਾ ਨਾਟਕ ਕਰ ਰਹੇ ਅਜਿਹੇ ਪਖੰਡੀ ਸਿਆਸੀ ਆਗੂਆਂ ਨੂੰ ਗੁਰਦੁਆਰ ਪ੍ਰਬੰਧ ਤੋਂ ਦੂਰ ਰੱਖਣ। ਉਨ੍ਹਾਂ ਕਿਹਾ ਜਿਹੜਾ ਪ੍ਰਚਾਰਕ ਇਨ੍ਹਾਂ ਸਿਆਸੀ ਲੋਕਾਂ ਦੇ ਪਾਖੰਡਾਂ ਦਾ ਪਰਦਾ ਫ਼ਾਸ਼ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦਾ ਹੈ ਉਸ ਨੂੰ ਪੰਥ ’ਚੋਂ ਛੇਕੇ ਜਾਣ ਦਾ ਡਰਾਵਾ ਵੀ ਦਿੰਦੇ ਹਨ।