ਰੱਬ ਦਾ ਵਾਸਤਾ ਜੇ ਆਪਣਾ ਰੋਸ ਆਪਣੇ ਅੰਦਰ ਹੀ ਸੰਭਾਲਣਾ ਸਿਖੋ
ਪਤਾ ਨਹੀਂ ਸਿੱਖਾਂ ਦੇ ਲੀਡਰ ਕਿਸ ਮਿੱਟੀ ਦੇ ਬਣੇ ਹੋਏ ਹਨ ? ਉਨ੍ਹਾਂ ਨੂੰ ਸਿੱਖੀ ਸਿਧਾਂਤਾਂ ਦਾ ਜ਼ਰਾ ਜਿੰਨਾ ਵੀ ਗਿਆਨ ਨਹੀਂ , ਉਹ ਲੜਾਈ ਦੇ ਸਾਰੇ ਪੈਂਤੜੇ, ਅਜਿਹੇ ਵਰਤਦੇ ਹਨ, ਜੋ ਦੁਸ਼ਮਣਾਂ ਨੇ ਉਨ੍ਹਾਂ ਦੇ ਦਿਮਾਗ ਵਿਚ ਭਰ ਦਿੱਤੇ ਹਨ। ਅਜਿਹੇ ਪੈਂਤੜਿਆਂ ਨਾਲ ਦੁਸ਼ਮਣ ਦਾ ਰੱਤੀ ਭਰ ਵੀ ਨੁਕਸਾਨ ਨਹੀਂ ਹੁੰਦਾ, ਪਰ ਸਿੱਖਾਂ ਦਾ ਬਚਦਾ ਕੁਝ ਨਹੀਂ।
ਮਿਸਾਲ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਕਿਸ ਨੇ ਕੀਤੀ ? ਕੌਣ ਨਹੀਂ ਜਾਣਦਾ ? ਸੌਦਾ-ਸਾਧ ਦੇ ਚੇਲਿਆਂ ਨੇ ਕੀਤੀ।
ਕਿਸ ਨੇ ਕਰਵਾਈ ? ਕੌਣ ਨਹੀਂ ਜਾਣਦਾ ? ਬਾਦਲ ਪਰਿਵਾਰ ਨੇ ਕਰਵਾਈ, ਜਿਸ ਦੇ ਇਵਜ਼ ਵਿਚ ਪਰਧਾਨ-ਮੰਤ੍ਰੀ ਮੋਦੀ ਨੇ ਪਰਕਾਸ਼ ਸਿੰਘ ਬਾਦਲ ਨੂੰ ਨੈਲਸਨ ਮੰਡੇਲਾ (ਅਮਨ ਦਾ ਪੁਜਾਰੀ) ਦੇ ਖਿਤਾਬ ਨਾਲ ਨਿਵਾਜਿਆ।
ਪਰਕਾਸ਼ ਸਿੰਘ ਬਾਦਲ, ਦਰਬਾਰ ਸਾਹਿਬ ਜਾ ਕੇ, ਪੰਜਾਬ ਵਿਚ ਅਮਨ ਸ਼ਾਨਤੀ ਲਈ ਅਰਦਾਸ ਕਰਵਾੳਂਦਾ ਹੈ, ਯਾਨੀ ਹੱਥਾਂ ਨਾਲ ਲਾਈ ਅੱਗ ਨੂੰ ਅਰਦਾਸ ਨਾਲ ਬੁਝਾਉਣ ਦੀ ਗੱਲ ਕਰਦਾ ਹੈ, ਇਹੀ ਨਹੀਂ ਸਿੱਖਾਂ ਨੂੰ ਵੀ ਸਮਝਾਉਂਦਾ ਹੈ ਕਿ ਜੇ ਕਿਤੇ ਅੱਗ ਲੱਗੀ ਦਾ ਤੁਹਾਨੂੰ ਸੇਕ ਲਗਦਾ ਹੈ, ਤਾਂ ਤੁਸੀਂ ਵੀ ਦਰਬਾਰ ਸਾਹਿਬ ਅਰਦਾਸ ਕਰਵਾਉ, ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਏ ਵਾਲੀ ਗੱਲ ਨਾ ਕਰਿਉ। (ਨਹੀਂ ਤਾਂ ਮੈਨੂੰ ਵੀ ਸੇਕ ਲੱਗੇਗਾ)
ਹੈ ਕੋਈ ਅਜਿਹਾ ਲੀਡਰ, ਜੋ ਉਸ ਦੇ ਮੂੰਹ ਤੇ ਸੱਚੀ ਗੱਲ ਕਹੇ ?
ਸੁਖਬੀਰ ਬਾਦਲ ਨੇ ਤਖਤਾਂ ਦੇ ਜਥੇਦਾਰਾਂ ਨੂੰ ਨਾਲ ਲੈ ਕੇ, ਸੌਦਾ ਸਾਧ ਨਾਲ ਰਲ ਕੇ ਇਹ ਸਾਰਾ ਪਲਾਨ ਬਣਾਇਆ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ, ਸਿੱਖ ਰਿਪੋਰਟ ਲਿਖਵਾਉਣ ਗਏ, ਉਨ੍ਹਾਂ ਦੀ ਰਿਪੋਰਟ ਨਹੀਂ ਲਿਖੀ ਗਈ। ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਪੋਸਟਰ ਲੱਗੇ, ਸਰਕਾਰ ਅਤੇ ਪਰਸ਼ਾਸਨ, ਕਿਸੇ ਦੇ ਵੀ ਕੰਨ ਤੇ ਜੂੰ ਨਹੀਂ ਸਰਕੀ, ਕੋਈ ਪੁੱਛ-ਪੜਤਾਲ ਨਹੀਂ ਹੋਈ, ਕਿਉਂ ? ਬਲਕਿ ਸੌਦਾ ਸਾਧ ਦੀ ਫਿਲਮ ਨੂੰ ਪੰਜਾਬ ਵਿਚ ਰਿਲੀਜ਼ ਕਰਨ ਦੀ ਵਿਉਂਤ-ਬੰਦੀ ਕੀਤੀ ਗਈ।
ਸੌਦਾ ਸਾਧ ਦੇ ਚੇਲਿਆਂ ਨੂੰ ਸ਼ਹਿ ਮਿਲੀ, ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਜਦ ਸਿੱਖਾਂ ਨੇ ਬੇਅਦਬੀ ਦੇ ਵਿਰੋਧ ਵਿਚ ਪਰਦਰਸ਼ਨ ਕੀਤਾ, ਤਾਂ ਉਨ੍ਹਾਂ ਤੇ ਗੋਲੀ ਚਲਾ ਕੇ, ਦੋ ਸਿੱਖ ਮਾਰ ਦਿੱਤੇ ਅਤੇ ਦਰਜਣਾਂ ਫੱਟੜ ਹੋਏ। ਸੁਖਬੀਰ ਬਾਦਲ ਦਾ ਬਿਆਨ ਆਇਆ, ‘ਜੇ ਕੋਈ ਬੇਅਦਬੀ ਕਰਨ ਵਾਲੇ ਬਾਰੇ ਦੱਸੇ ਤਾਂ ਮੈਂ ਉਸ ਨੂੰ ਇਕ ਕਰੋੜ ਦਾ ਇਨਾਮ ਦੇਵਾਂਗਾ’ ।
ਹੈ ਕੋਈ ਅਜਿਹਾ ਲੀਡਰ, ਜੋ ਉਸ ਨੂੰ ਕਹੇ ਕਿ ਇਹ ਬੇਅਦਬੀ ਕਰਵਾਉਣ ਵਾਲਾ ਤੂੰ ਹੈਂ ? ਜੇ ਲੀਡਰਾਂ ਵਿਚ ਸੱਚ ਬੋਲਣ ਦੀ ਹਿੱਮਤ ਨਹੀਂ ਤਾਂ ਉਹ ਕਿਰਪਾ ਕਰ ਕੇ ਸਿੱਖਾਂ ਨੂੰ ਕੁਰਾਹੇ ਨਾ ਪਾਉਣ।
ਦੋ ਮਹੀਨੇ ਇਹ ਸਾਰਾ ਡਰਾਮਾ ਚਲਦਾ ਰਿਹਾ, ਉਸ ਦੌਰਾਨ ਸਿੱਖ ਲੀਡਰਾਂ ਨੇ ਕੀ ਕੀਤਾ ? ਬੇਅਦਬੀ ਹੋਣ ਮਗਰੋਂ ਰੋਸ-ਮੁਜ਼ਾਹਰਾ ਕੀਤਾ। (ਅਤੇ ਅੱਜ ਸਾਰੇ ਭਾਰਤ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ)
ਕੀ ਸਿੱਖ ਲੀਡਰ ਦੱਸ ਸਕਦੇ ਹਨ ਕਿ ਉਹ ਰੋਸ-ਮੁਜ਼ਾਹਰਾ ਕਿਸ ਪਲੈਨਿੰਗ ਅਧੀਨ ਕੀਤਾ ਗਿਆ ਸੀ ?
ਕੀ ਮੁਜ਼ਾਹਰਾ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅੱਗੋਂ ਲਈ ਰੁਕ ਜਾਣੀ ਸੀ ? (ਜੋ ਲਗਾਤਾਰ ਜਾਰੀ ਹੈ)
ਕੀ ਰੋਸ-ਮੁਜ਼ਾਹਰੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਭਰਪਾਈ ਹੋ ਜਾਣੀ ਸੀ ?
ਕੀ ਰੋਸ-ਮੁਜ਼ਾਹਰੇ ਨਾਲ ਦੋਸ਼ੀ ਫੜੇ ਜਾਣੇ ਸਨ ? (ਜੋ ਅੱਜ ਤਕ ਨਹੀਂ ਫੜੇ ਗਏ ਅਤੇ ਨਾ ਹੀ ਫੜੇ ਜਾਣੇ ਹਨ, ਬਲਕਿ ਇਹ ਕੰਮ 2017 ਦੀਆਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਕੀਤਾ ਜਾਵੇਗਾ, ਜਦੋਂ ਕਿਸੇ ਗਰੀਬ ਨੂੰ ਫੜ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਵੇਗਾ, ਅਤੇ ਸਿੱਖ ਖੁਸ਼ ਹੋ ਕੇ ਪੂਰੇ ਜੋਸ਼ ਨਾਲ ਬਾਦਲ ਨੂੰ ਵੋਟਾਂ ਪਾ ਕੇ ਅਗਲੇ ਪੰਜ ਸਾਲਾਂ ਲਈ ਫਿਰ ਬਾਦਲ-ਪੁਤ੍ਰ ਨੂੰ ਬਾਦਸ਼ਾਹ ਬਣਾ ਕੇ ਸਿੱਖੀ ਦੀ ਵੱਡ-ਮੁੱਲੀ ਸੇਵਾ ਕਰਨਗੇ)
ਜੇ ਰੋਸ-ਮੁਜ਼ਾਹਰੇ ਨਾਲ ਇਹ ਕੁਝ ਨਹੀਂ ਹੋਣਾ ਸੀ ਤਾਂ, ਇਹ ਰੋਸ-ਮੁਜ਼ਾਹਰਾ ਕਿਸ ਪਲੈਨਿੰਗ ਨਾਲ ਕੀਤਾ ਗਿਆ ਸੀ ? ਜਿਸ ਵਿਚ ਦੋ ਸਿੱਖਾਂ ਦੀਆਂ ਜਾਨਾਂ ਗਈਆਂ, ਦਰਜਣਾਂ ਫੱਟੜ ਹੋਏ, ਜਿਨ੍ਹਾਂ ਦੇ ਇਲਾਜ ਤੇ ਲੱਖਾਂ ਰੁਪਏ ਖਰਚ ਹੋਣਗੇ, ਉਨ੍ਹਾਂ ਦੇ ਘਰ ਦੇ ਕੰਮਾਂ ਦਾ ਕਿੰਨੇ ਦਿਨਾਂ ਦਾ ਨੁਕਸਾਨ ਹੋਵੇਗਾ ? ਕੀ ਉਹ ਦੋ ਸਿੱਖ ਵਾਪਸ ਮਿਲ ਜਾਣਗੇ ? ਕੀ ਉਨ੍ਹਾਂ ਦੇ ਕਤਲ ਬਾਰੇ ਇੰਸਾਫ ਮਿਲ ਜਾਵੇਗਾ ? ਜੇ ਨਹੀਂ ਤਾਂ ਪੰਥ ਦੇ ਉਹ ਦੋ ਹੀਰੇ ਕਿਸ ਲੇਖੇ ਲੱਗੇ ? (ਕਿਤੇ ਆਪਣੇ ਪੁੱਤ ਮਰਵਾਉਂ ਤਾਂ ਤੁਹਾਨੂੰ ਲੇਖੇ-ਜੋਖੇ ਦੀ ਸਮਝ ਆਵੇ। ਏਥੇ ਸਿੱਖਾਂ ਦੇ ਨੁਕਸਾਨ ਦੀ ਗੱਲ ਨਹੀਂ, ਉਹ ਤਾਂ ਰੋਜ਼ ਹੀ ਹੁੰਦਾ ਹੈ, ਗੱਲ ਤਾਂ ਤੁਹਾਡੀ ਲੀਡਰੀ ਦੀ ਹੈ, ਜਿਸ ਦਾ ਹਿਸਾਬ ਹੁਣ ਸਿੱਖਾਂ ਨੇ ਹਰ ਘਟਨਾ ਮਗਰੋਂ ਲੈਣਾ ਹੈ)
ਸਾਰੇ ਭਾਰਤ ਵਿਚ ਜੋ ਮੁਜ਼ਾਹਰੇ ਹੋ ਰਹੇ ਹਨ, ਉਨ੍ਹਾਂ ਨਾਲ ਸਿੱਖਾਂ ਦਾ ਕਿੰਨੇ ਕਰੋੜ ਦਾ ਨੁਕਸਾਨ ਹੋਵੇਗਾ ? ਸਿੱਖਾਂ ਦੀਆਂ ਕੰਮ ਦੀਆਂ ਦਿਹਾੜੀਆਂ ਦਾ ਕਿੰਨਾ ਨੁਕਸਾਨ ਹੋਣਾ ਹੈ ? ਇਹ ਕਿਸ ਲੇਖੇ ਵਿਚ ਪਵੇਗਾ ? ਇਸ ਦਾ ਹਿਸਾਬ ਕੌਣ ਦੇਵੇਗਾ ?
ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ-ਹੜਤਾਲ ਦਾ ਢੰਗ ਕਾਨੂਨ ਦੀ ਕਿਸ ਕਿਤਾਬ ਵਿਚ ਲਿਖਿਆ ਹੋਇਆ ਹੈ ? ਇਹ ਰਿਹਾਈ ਸਰਕਾਰ ਦੇ ਤਰਸ ਨਾਲ ਹੀ ਮਿਲਦੀ ਹੈ, ਅਤੇ ਸਰਕਾਰ ਕਈ ਵਾਰ ਅਜਿਹੀਆਂ ਦਰਖਾਸਤਾਂ ਦੇ ਜਵਾਬ ਵਿਚ ਸੁਪ੍ਰੀਮ-ਕੋਰਟ ਨੂੰ ਲਿਖ ਕੇ ਦੇ ਚੁੱਕੀ ਹੈ ਕਿ ਇਨ੍ਹਾਂ ਕੈਦੀਆਂ ਦੀ ਰਹਾਈ ਪੰਜਾਬ ਦੇ ਅਮਨ ਲਈ ਖਤਰਾ ਹੈ।ਫਿਰ ਸਰਕਾਰ ਵਲੋਂ ਤਰਸ ਦੀ ਕਿਸ ਆਧਾਰ ਤੇ ਉਮੀਦ ਸੀ ? ਚਲੋ ਗੁਰਬਖਸ਼ ਸਿੰਘ ਨੇ ਤਾਂ ਤੁਹਾਨੂੰ ਇਸ ਰਾਹੇ ਪਾ ਕੇ ਕੁਝ ਖੱਟ ਲਿਆ, ਪਰ ਸੂਰਤ ਸਿੰਘ ਤਾਂ ਵਿਚਾਰਾ ਭਲਾਮਾਣਸ ਬੰਦਾ ਹੈ, ਤੁਸੀਂ ਉਸ ਨੂੰ ਇਹ ਕਿਉਂ ਨਹੀਂ ਸਮਝਾਇਆ ਕਿ ਇਸ ਢੰਗ ਨਾਲ ਕੈਦੀਆਂ ਦੀ ਰਹਾਈ ਨਹੀਂ ਹੋਣ ਵਾਲੀ ? ਜਿਸ ਦੇ ਸਿੱਟੇ ਵਜੋਂ ਅੱਜ ਬਾਦਲ ਸਰਕਾਰ ਉਸ ਦਾ ਸ਼ੋਸ਼ਣ ਕਰ ਰਹੀ ਹੈ, ਨਾ ਉਸ ਨੂੰ ਜੀਣ ਦਿੰਦੀ ਹੈ ਅਤੇ ਨਾ ਮਰਨ ਹੀ ਦਿੰਦੀ ਹੈ। ਉਸ ਦਾ ਜਵਾਈ ਵੀ ਏਸੇ ਭੇੜ ਦੀ ਭੇਂਟ ਚੜ੍ਹ ਚੁੱਕਾ ਹੈ, ਤੁਸੀਂ ਉਸ ਲਈ ਕੀ ਕੀਤਾ ਹੈ ? ਅਤੇ ਕੀ ਕਰ ਰਹੇ ਹੋ ?
ਪਰ ਸ਼ਾਇਦ ਤੁਹਾਨੂੰ ਏਨੀ ਅਕਲ ਹੀ ਨਹੀਂ, ਤੁਸੀਂ ਗਾਂਧੀ ਵਲੋਂ ਰੱਖੇ ਮਰਨ ਵਰਤਾਂ ਦੇ ਭੰਬਲ-ਭੂਸੇ ਵਿਚ ਫਸੇ ਇਹ ਨਹੀਂ ਜਾਣਦੇ ਉਹ ਅੰਗਰੇਜ਼ਾਂ ਅਤੇ ਗਾਂਧੀ ਦੀ ਮਿਲੀ ਭੁਗਤ ਦੇ ਕੰਮ ਸਨ। ਜਿਸ ਆਸਰੇ ਤੁਹਾਨੂੰ ਇਹ ਰਾਹ ਵਿਖਾਇਆ ਗਿਆ ਸੀ, ਜਿਸ ਤੇ ਚੱਲਿਆਂ ਸਰਕਾਰ ਦਾ ਕੁਝ ਵਿਗੜਦਾ ਨਹੀਂ ਅਤੇ ਤੁਹਾਡਾ ਲਗਾਤਾਰ ਨੁਕਸਾਨ ਹੁੰਦਾ ਰਹਿੰਦਾ ਹੈ। (ਜਿਸ ਤੇ ਉਹ ਅੰਦਰ ਵੜ ਕੇ ਹੱਸਦੇ ਸਨ) ਏਸੇ ਗਠ-ਜੋੜ ਆਸਰੇ ਅੰਗਰੇਜ਼ ਸਿੱਖਾਂ ਦੀ ਹਜ਼ਾਰਾਂ ਸਾਲ ਦੀ ਗੁਲਾਮੀ ਅਤੇ ਗਾਂਧੀ-ਵਾਦੀਆਂ ਦੀ ਹਜ਼ਾਰਾਂ ਸਾਲਾਂ ਦੀ ਹਕੂਮਤ ਦਾ ਪੱਕਾ ਇੰਤਜ਼ਾਮ ਕਰ ਗਿਆ। ਉਹ ਅੱਜ ਵੀ ਇਸ ਕੰਮ ਵਿਚ ਗਾਂਧੀ-ਵਾਦੀਆਂ ਦੀ ਮਦਦ ਕਰ ਰਿਹਾ ਹੈ, 84 ਦੇ ਦਰਬਾਰ ਸਾਹਿਬ ਤੇ ਹਮਲੇ ਵੇਲੇ ਵੀ ਇੰਦਰਾ ਅਤੇ ਥੈਚਰ (ਪ੍ਰਧਾਨ ਮੰਤ੍ਰੀ, ਇੰਗਲੈਂਡ) ਦਾ ਆਪਸ ਵਿਚ ਸਲਾਹ-ਮਸ਼ਵਰਾ ਹੁੰਦਾ ਰਿਹਾ ਹੈ ਅਤੇ ਅੱਜ ਵੀ ਸਾਰੀ ਦੁਨੀਆ ਦੀਆਂ ਖਬਰਾਂ ਨਿਰਪੱਖ ਦੇਣ ਲਈ ਮਸ਼ਹੂਰ ਇੰਗਲੈਂਡ ਦੀ ਏਜੈਂਸੀ ਬੀ.ਬੀ.ਸੀ. ਪੰਜਾਬ ਦੀਆਂ ਖਬਰਾਂ ਦੇਣ ਤੋਂ ਕੰਨੀ ਕਤਰਾ ਰਹੀ ਹੈ।
ਸਿੱਖੋ ਜ਼ਰਾ ਹੋਸ਼ ਦਾ ਲੜ ਫੜੌ, ਘਟਨਾ ਵਾਪਰੀ, ਰੋਹ ਜਾਗਿਆ ਅਤੇ ਥੋੜਾ ਸਵਾਰਦੇ-ਸਵਾਰਦੇ ਜ਼ਿਆਦਾ ਨੁਕਸਾਨ ਵੀ ਕਰਵਾ ਲਿਆ ਅਤੇ ਰੋਹ ਵੀ ਠੰਡਾ ਪੈ ਗਿਆ। ਰੋਹ ਨੂੰ ਦਿਲ ਵਿਚ ਸਾਂਭਣਾ ਸਿਖੋ, ਜੇ ਤੁਹਾਡੇ ਦਿਲ ਵਿਚ ਰੋਸ ਹੋਵੇਗਾ ਤਾਂ ਤੁਸੀਂ ਦਿਨ-ਰਾਤ ਇਹ ਸੋਚੋਗੇ ਕਿ ‘ਕੀ ਕੀਤਾ ਜਾਵੇ ? ਜਿਸ ਨਾਲ ਅਜਿਹੀ ਘਟਨਾ ਦੋਬਾਰਾ ਨਾ ਵਾਪਰੇ’ ਉਸ ਸੋਚ ਕਾ ਕੋਈ ਸਿੱਟਾ ਜ਼ਰੂਰ ਨਿਕਲੇਗਾ, ਜੋ ਤੁਹਾਨੂੰ ਸਿਖਾਵੇਗਾ ਕਿ ‘ਦੁਸ਼ਮਣ ਤੇ ਉਸ ਵੇਲੇ ਸੱਟ ਮਾਰੋ ਜਦ ਦੁਸ਼ਮਣ ਦਾ ਕੁਝ ਬਚੇ ਨਾ ਅਤੇ ਤੁਹਾਡਾ ਕੁਝ ਵਿਗੜੇ ਨਾ।
ਇਹ ਵੀ ਸਮਝਣ ਦੀ ਲੋੜ ਹੈ ਕਿ ਤੁਹਾਡੇ ਲੀਡਰ, ਤੁਸੀਂ ਨਹੀਂ ਥਾਪੇ, ਇਹ ਤੁਹਾਡੀ ਦੁਸ਼ਮਣ ਸਰਕਾਰ ਵਲੋਂ ਥਾਪੇ ਹੋਏ ਹਨ, ਇਹ ਹੀ ਨਹੀਂ, ਇਨ੍ਹਾਂ ਦੇ ਨੰਗੇ ਹੋਣ ਨਾਲ, ਇਨ੍ਹਾਂ ਦੇ ਰੱਦ ਹੋਣ ਦੀ ਸੂਰਤ ਵਿਚ, ਇਨ੍ਹਾਂ ਦਾ ਥਾਂ ਲੈਣ ਵਾਲਿਆਂ ਦੀ ਵੀ ਕਤਾਰ ਲੱਗੀ ਹੋਈ ਹੈ, ਜਿਨ੍ਹਾਂ ਤੁਹਾਨੂੰ ਕਿਸੇ ਬੰਨੇ ਨਹੀਂ ਲੱਗਣ ਦੇਣਾ, ਉਨ੍ਹਾਂ ਨੂੰ ਪਛਾਣੋ ਅਤੇ ਜੋ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਵਿਚੋਂ ਸਹੀ ਫੈਸਲੇ ਲੈਣ ਵਾਲਿਆਂ ਤੇ ਭਰੋਸਾ ਬਣਾਵੋ, ਉਨ੍ਹਾਂ ਨੂੰ ਲੀਡਰ ਥਾਪੋ, ਉਹ ਤੁਹਾਨੂੰ ਕਦੀ ਵੀ ਨੀਵਾਂ ਨਹੀਂ ਵਿਖਾਉਣਗੇ।
ਆਪਣਾ ਰੋਸ ਆਪਣੇ ਅੰਦਰ ਹੀ ਸੰਭਾਲਦੇ ਹੋਏ ਦੁਸ਼ਮਣਾਂ ਨਾਲ ਨਿਪਟਣ ਦੀ ਵਿਉਂਤਬੰਦੀ ਕਰੋ। ਲੀਡਰਾਂ ਦੇ ਰੌਲਾ ਪਾਉਣ ਤੇ ਕਿ ਤੁਹਾਡਾ ਕੰਨ ਕੁੱਤਾ ਲੈ ਗਿਆ ਹੈ, ਕੁੱਤੇ ਮਗਰ ਭੱਜਣਾ ਛੱਡ ਕੇ ਅਜਿਹਾ ਇੰਤਜ਼ਾਮ ਕਰੋ, ਜਿਸ ਨਾਲ ਤੁਹਾਨੂੰ ਪੂਰਾ ਯਕੀਨ ਹੋ ਜਾਵੇ ਕਿ ਮੇਰਾ ਕੰਨ ਕੁੱਤਾ ਲਿਜਾ ਹੀ ਨਹੀਂ ਸਕਦਾ। ਜੇ ਤੁਸੀਂ ਏਨਾ ਕੁਝ ਕਰ ਲਵੋਗੇ ਤਾਂ, ਤੁਹਾਨੂੰ ਕਦੀ ਪਛਤਾਉਣ ਦੀ ਲੋੜ ਨਹੀਂ ਪਵੇਗੀ ।
ਅਮਰ ਜੀਤ ਸਿੰਘ ਚੰਦੀ