-
ਗੁਰੂ ਸਾਹਿਬ ਦੀ ਹਜੂਰੀ ਵਿਚ ਹਾਰ ਪਾ ਕੇ ਕੀਤੀ ਰਹਿਤ ਮਰਯਾਦਾ ਦੀ ਘੋਰ ਉਲੰਘਣਾ
-
ਪੰਜਾਬ ਤੋ ਬਾਹਰਲੇ ਤਖਤਾਂ ਤੇ ਹੋ ਰਹੀ ਮਨਮਤ ਦਰਬਾਰ ਸਾਹਿਬ ਲਾਗੂ ਨਾ ਕੀਤੀ ਜਾਵੇ-ਪ੍ਰਿੰ:ਸੁਰਿੰਦਰ ਸਿੰਘ
ਅਨੰਦਪੁਰ ਸਾਹਿਬ, 15 ਜਨਵਰੀ (ਸੁਰਿੰਦਰ ਸਿੰਘ ਸੋਨੀ)ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗਰੰਥ ਤੇ ਗੁਰੂ ਪੰਥ ਨੂੰ ਗੁਰਤਾ ਗੱਦੀ ਬਖਸ਼ ਕੇ ਸਿੱਖਾਂ ਵਿਚੋ ਸ਼ਖਸ਼ੀ ਪੂਜਾ ਦੀ ਮਾਨਤਾ ਖਤਮ ਕਰਕੇ ਕੇਵਲ ਤੇ ਕੇਵਲ ਸਿੱਖੀ ਸਿਧਾਤਾਂ ਨਾਲ ਜੋੜਿਆ ਸੀ ਤੇ ਪੰਥ ਨੂੰ ਪੁਜਾਰੀਆਂ,ਰਾਗੀਆਂ,ਸਾਧਾਂ ਸੰਤਾਂ ਜਾਂ ਪ੍ਰਚਾਰਕਾਂ ਦਾ ਮੁਥਾਜ ਨਹੀ ਬਣਾਇਆ ਸਗੋ ਸ਼ਬਦ ਤੇ ਸਿਧਾਂਤ ਨੂੰ ਸਰਬਉਚ ਦਰਜਾ ਦਿਤਾ ਸੀ। ਪਰ ਸਿੱਖਾਂ ਦੀ ਸਰਬਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਅੱਜ ਗੁਰੂ ਸਾਹਿਬ ਵਲੋ ਬਖਸ਼ੇ ਪਾਵਨ ਸਿਧਾਤਾਂ ਦੀਆਂ ਧੱਜੀਆਂ ਉਡਾਉਣ ਤੇ ਤੁਲੀ ਹੋਈ ਹੈ। ਇਸ ਦੀ ਤਾਜਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋ 13 ਜਨਵਰੀ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰ ਰਹੇ ਰਾਗੀ ਸਿੰਘਾਂ ਦੇ ਗਲਾਂ ਵਿਚ ਫੁੱਲਾਂ ਦੇ ਹਾਰ ਪਾਏ ਸਾਰੀ ਦੁਨੀਆਂ ਨੇ ਪੀ ਟੀ ਸੀ ਚੈਨਲ ਤੇ ਸਿੱਧੇ ਪ੍ਰਸਾਰਨ ਰਾਹੀਂ ਦੇਖੇ। ਜਦੋ ਕਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿਚ ਕੋਈ ਵੀ ਵਿਅਕਤੀ ਵਿਸ਼ੇਸ਼ ਦਰਜਾ ਨਹੀ ਰਖਦਾ ਤੇ ਸਾਰੇ ਬਰਾਬਰ ਹੀ ਹੁੰਦੇ ਹਨ। ਇਸ ਬਾਰੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪਿੰ.ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਪੰਥ ਨੇ ਲੰਮਾ ਸਮਾਂ ਲਾ ਕੇ ਸਿੱਖ ਰਹਿਤ ਮਰਯਾਦਾ ਤਿਆਰ ਕਰਵਾਈ ਸੀ ਜੋ ਕਿ ਸੰਸਾਰ ਭਰ ਦੇ ਗੁਰੂ ਘਰਾਂ ਤੇ ਹਰੇਕ ਸਿੱਖ ਦੇ ਜੀਵਨ ਵਿਚ ਲਾਗੂ ਹੋਣੀ ਅਤੀ ਜਰੂਰੀ ਹੈ। ਉਨਾਂ ਕਿਹਾ ਕਿ ਪੰਜਾਬ ਤੋ ਬਾਹਰਲੇ ਤਖਤਾਂ ਤੇ ਕਈ ਕਿਸਮ ਦੀ ਮਨਮਤ ਤੇ ਆਪ ਹੁਦਰਾਪਨ ਕੀਤਾ ਜਾ ਰਿਹਾ ਹੈ ਜੋ ਅੱਤ ਅਫਸੋਸ ਨਾਕ ਹੈ। ਉਨਾਂ ਕਿਹਾ ਕਿ ਉਨਾਂ ਦੀ ਦੇਖਾ ਦੇਖੀ ਹੀ ਪੰਜਾਬ ਵਿਚ ਵੀ ਧਾਰਮਿਕ ਅਸਥਾਨਾਂ ਤੇ ਵੱਖ ਵੱਖ ਡੇਰਿਆਂ ਤੋ ਟ੍ਰੇਨਿੰਗ ਲੈ ਕੇ ਆਏ ਕੁੱਝ ਧਾਰਮਿਕ ਆਗੂ ਉਥੋ ਦੀ ਮਰਿਆਦਾ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨਾਂ ਕਿਹਾ ਕਿ ਹੁਣ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੁਰੀ ਵਿਚ ਰਾਗੀ ਸਿੰਘਾਂ ਨੂੰ ਹਾਰ ਪੁਆਉਣੇ ਵੀ ਪੰਜਾਬ ਤੋ ਬਾਹਰਲੇ ਤਖਤਾਂ ਦੀ ਨਕਲ ਹੀ ਹੈ ਜੋ ਨਿਰੋਲ ਮਨਮਤ ਹੈ। ਉਨਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਸ਼੍ਰੀ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਨਹੀ ਹੋਣੀ ਚਾਹੀਦੀ ਤੇ ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਮੁੱਖ ਫਰਜ ਬਣਦਾ ਹੈ ਕਿ ਉਹ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਲਾਗੂ ਕਰਵਾਉਣ।