ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਬੇਨਤੀ ਹੈ ਕਿ ਬੰਦ ਦੇ ਸੱਦੇ ਦੇਣੇ ਬੰਦ ਕਰਕੇ
ਬੇਨਤੀ ਹੈ ਕਿ ਬੰਦ ਦੇ ਸੱਦੇ ਦੇਣੇ ਬੰਦ ਕਰਕੇ
Page Visitors: 2863

ਬੇਨਤੀ ਹੈ ਕਿ ਬੰਦ ਦੇ ਸੱਦੇ ਦੇਣੇ ਬੰਦ ਕਰਕੇ
ਸਰਕਾਰ ਦੀਆਂ ਭਰਾ ਮਾਰੂ ਨੀਤੀਆਂ ਨੂੰ ਲੋਕਾਂ ਵਿੱਚ ਨੰਗਾ ਕਰਕੇ ਆਮ ਲੋਕਾਂ (ਪਬਲਿਕ) ਨੂੰ ਨਾਲ ਜੋੜੋ।
ਪੰਜਾਬ ਬੰਦ,ਬੱਸਾਂ ਬੰਦ,ਰੇਲਾਂ ਬੰਦ, ਦੁਕਾਨਾ ਬੰਦ ਕਰਵਾ ਕੇ ਆਮ ਪਬਲਿਕ ਦੀਆਂ ਪ੍ਰੇਸਾਨੀਆਂ ਵਿੱਚ ਵਾਧਾ ਨਹੀਂ ਕਰਨਾ ਚਾਹੀਂਦਾ।
ਰੋਜ ਦੇ ਧਰਨਿਆਂ ਅਤੇ ਬੰਦ ਦੇ ਸੱਦਿਆਂ ਤੋਂ ਦੁਖੀ ਆਮ ਲੋਕ ਹੀ ਤੁਹਾਡੇ ਵਿਰੋਧੀ ਬਣ ਜਾਂਣਗੇ।
ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਵਿੱਚ ਜਿੱਥੇ ਸਰਕਾਰ ਦੀ ਸਾਜਿਸ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਉਥੇ ਗੁਰੂ ਘਰਾਂ ਦੇ ਮਾੜੇ ਪ੍ਰਬੰਧਾਂ ਤੋਂ ਵੀ ਮਨੁੱਕਰ ਨਹੀਂ ਹੋਇਆ ਜਾ ਸਕਦਾ। ਜਿਹੜੇ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੁਰਖਿਅਤ ਨਹੀਂ ਹੈ ਜਾਂ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਨਹੀਂ ਕਰ ਸਕਦੇ, ਅਜਿਹੇ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖਣੇ ਹੀ ਨਹੀਂ ਚਾਹੀਂਦੇ। ਇਸ ਲਈ ਅਸੀਂ ਜਿੱਥੇ ਸਰਕਾਰ ਦੀਆਂ ਘੱਟੀਆ ਸਾਜਿਸਾਂ ਦਾ ਵਿਰੋਧ ਕਰਨਾ ਹੈ ਉਥੇ ਗੁਰੂ ਘਰਾਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਸਾਨੂੰ ਕਰਨਾ ਚਾਹੀਂਦਾ ਹੈ । ਸਾਨੂੰ ਸਰਕਾਰ (ਬਾਦਲ) ਦੀਆਂ ਚਾਲਾਂ ਨੂੰ ਸਮਝਣਾ ਚਾਹੀਂਦਾ ਹੈ, ਸੜਕਾਂ ਤੇ ਧਰਨੇ ਲਾਕੇ ਪੰਜਾਬ ਬੰਦ , ਬੱਸਾਂ ਬੰਦ , ਰੇਲਾਂ ਬੰਦ , ਦੁਕਾਨਾ ਬੰਦ ਕਰਵਾ ਕੇ ਆਮ ਪਬਲਿਕ ਦੀਆਂ ਪ੍ਰੇਸਾਨੀਆਂ ਵਿੱਚ ਵਾਧਾ ਨਹੀਂ ਕਰਨਾ ਚਾਹੀਂਦਾ। ਇਹਨਾ ਧਰਨਿਆਂ ਅਤੇ ਬੰਦ ਦੇ ਸੱਦਿਆਂ ਦਾ ਨੁਕਸਾਨ ਸਰਕਾਰਾਂ ਨੂੰ ਘੱਟ ਤੇ ਆਮ ਪਬਲਿਕ ਨੂੰ ਵੱਧ ਹੁੰਦਾ ਹੈ ।
ਜੇ ਤੁਸੀਂ ਵਿਰੋਧ ਕਰਨਾ ਹੈ ਤਾਂ ਸਿਰਫ ਸਰਕਾਰ ਦਾ ਕਰੋ, ਸਰਕਾਰ (ਬਾਦਲ) ਨਾਲ ਸਬੰਧਤ ਮੰਤਰੀਆਂ,ਐੱੰਮ ਐੱਲ ਏਆਂ, ਐੱਮ ਪੀਆਂ,ਸ੍ਰੋਮਣੀ ਕਮੇਟੀ ਦੇ ਪ੍ਰਧਾਨ,ਤਖਤਾਂ ਦੇ ਅਖੌਤੀ ਜਥੇਦਾਰਾਂ ਆਦਿ ਦਾ ਘਿਰਾਓ ਕਰੋ, ਇਹਨਾ ਦੀਆਂ ਕੋਠੀਆਂ ਨੂੰ ਘੇਰੋ, ਇਹਨਾ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਬੰਦ ਕਰ ਦਿਓ, ਇਹਨਾ ਦਾ ਘਿਰਾਓ ਕਰਦੇ ਸਮੇ ਵੀ ਧਿਆਨ ਰੱਖੋ ਕਿ ਆਮ ਪਬਲਿਕ ਨੂੰ ਕੋਈ ਸਮੱਸਿਆ ਨਾ ਆਵੇ।ਵੱਡੀਆਂ ਘਟਨਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਫਤਰਾਂ ਨੂੰ ਵੀ ਨਾ ਘੇਰੋ ਕਿਉਂਕਿ ਇਹਨਾ ਦੇ ਘੇਰਨ ਨਾਲ ਵੀ ਆਮ ਪਬਲਿਕ ਦੇ ਕੰਮ ਹੀ ਰੁਕਣਗੇ।ਪ੍ਰਸ਼ਾਸਨਿਕ ਅਧਿਕਾਰੀ ਬਹੁਤੇ ਦੋਸ਼ੀ ਨਹੀਂ ਹੁੰਦੇ,ਸਰਕਾਰਾਂ ਹੀ ਇਹਨਾ ਨੂੰ ਸਾਡੇ ਵਿਰੁੱਧ ਵਰਤਦੀਆਂ ਹਨ, ਜੋ ਸਰਕਾਰੀ ਮੁਲਾਜਮ,ਸਰਕਾਰ ਦੀ ਮੰਨ ਕੇ ਆਪਣਿਆਂ ਤੇ ਜੁਰਮ ਕਰਦੇ ਹਨ ਉਹਨਾ ਨੂੰ ਤਰੱਕੀਆਂ ਮਿਲਦੀਆਂ ਹਨ ,ਜੋ ਨਹੀਂ ਮੰਨਦੇ ਉਹਨਾ ਨੂੰ ਖੁੱਡੇ ਲਾ ਦਿੱਤਾ ਜਾਂਦਾ ਹੈ । ਬਹੁਤ ਸਾਰੇ ਸਰਕਾਰੀ ਮੁਲਾਜਮ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੁੰਦੇ ਹਨ ਪਰ ਉਹ ਡਰਦੇ ਬੋਲ ਨੀ ਸਕਦੇ ਹੁੰਦੇ ਪਰ ਉਹ ਅੰਦਰੋ ਅੰਦਰੀ ਸਰਕਾਰ ਤੋਂ ਬਦਲਾ ਵੀ ਲੈਣਾ ਚਾਹੁੰਦੇ ਹੁੰਦੇ ਹਨ।ਪੰਜਾਬ ਪੁਲਿਸ ਵੀ ਬਾਦਲ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੈ।
  ਖਾੜਕੂਵਾਦ ਦੇ ਸਮੇ ਵੀ ਇਹੀ ਕੁੱਝ ਹੋਇਆ ਸੀ। ਸ਼ੁਰੂ ਵਿੱਚ ਪੁਲਿਸ ਖਾੜਕੂ ਸਿੰਘਾਂ ਦੀ ਵਿਰੋਧੀ ਨਹੀਂ ਸੀ ਆਮ ਪਬਲਿਕ ਦਾ ਵੀ ਖਾੜਕੂ ਸਿੰਘਾਂ ਨੂੰ ਪੂਰਾ ਸਾਥ ਸੀ । ਕਿਉਂਕਿ ਖਾੜਕੂ ਸਿੰਘਾਂ ਨੇ ਸਮਾਜਿਕ ਕੁਰੀਤੀਆਂ (ਦਾਜ ਦਹੇਜ,ਨਸਿਆਂ ਅਤੇ ਲੱਚਰਤਾ) ਨੂੰ ਨੱਥ ਪਾਈ ਹੋਈ ਸੀ, ਇਸ ਗੱਲ ਦੀ ਪ੍ਰੋੜਤਾ ਕਰਦਿਆਂ ਸਾਬਕਾ ਡੀ ਜੀ ਪੀ ਸ਼ਸੀਕਾਂਤ ਨੇ ਕਿਹਾ ਸੀ ਕਿ ਖਾੜਕੂਆਂ ਨੇ ਪੰਜਾਬ ਵਿੱਚ ਨਸ਼ਾ ਨਹੀਂ ਸੀ ਵਿਕਣ ਦਿੱਤਾ।ਇਸ ਲਈ ਸਰਕਾਰ ਨੂੰ ਖਾੜਕੂ ਸਿੰਘਾਂ ਤੋਂ ਘੱਟ ਪਰ ਖਾੜਕੂ ਸਿੰਘਾਂ ਦੀ ਲੋਕਾਂ ਵਿੱਚ ਵੱਧ ਰਹੀ ਹਰਮਨ ਪਿਆਰਤਾ ਤੋਂ ਜਿਆਦਾ ਖੱਤਰਾ ਸੀ
। ਇਸੇ ਲਈ ਸਰਕਾਰ ਨੇ ਆਪਣੇ ਭਾੜੇ ਦੇ ਖਾੜਕੂ ਪੈਦਾ ਕਰਕੇ, ਚਲਦੀਆਂ ਬੱਸਾਂ ਵਿੱਚੋਂ ਲਾਹ ਕੇ ਇੱਕ ਫਿਰਕੇ ਦੇ ਲੋਕ ਮਰਵਾਏ, ਪੁਲਿਸ ਵਾਲਿਆਂ ਦੇ ਪਰੀਵਾਰਾਂ ਨੂੰ ਮਰਵਾਇਆ, ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟਵਾਈਆਂ, ਲੁੱਟਾਂ ਖੋਹਾਂ ਕਰਵਾਈਆਂ ਆਦਿ, ਅਜਿਹੀਆਂ ਕਾਰਵਾਈਆਂ ਕਰਕੇ ਖਾੜਕੂ ਸਿੰਘਾਂ ਨੂੰ ਆਮ ਲੋਕਾਂ (ਪਬਲਿਕ) ਦੀਆਂ ਨਜਰਾਂ ਵਿੱਚੋਂ ਡੇਗ ਦਿੱਤਾ ।ਆਪਣੇ ਆਪ ਨੂੰ ਖਾੜਕੂ ਕਹਾਉਂਦੀਆਂ ਫੈਂਡਰੇਸਨਾ (ਜੋ ਅੱਜ ਬਾਦਲ ਦੀਆਂ ਸੇਵਾਦਾਰ ਹਨ) ਵੱਲੋਂ ਰੋਜ ਦੇ ਬੰਦ ਦੇ ਸੱਦਿਆਂ ਤੋਂ ਦੁਖੀ ਲੋਕ, ਜਿਹੜੇ ਖਾੜਕੂ ਸਿੰਘਾਂ ਨੂੰ ਆਪਣੇ ਰਾਖੇ ਸਮਝਦੇ ਸੀ ਉਹੀ ਕਹਿਣ ਲੱਗ ਗਏ ਕਿ ਖਾੜਕੂ ਸਿੰਘ ਤਾਂ ਮਾੜੇ ਕੰਮ ਕਰਨ ਲੱਗ ਪਏ ਹਨ, ਹੁਣ ਤਾਂ ਇਹਨਾ ਤੋਂ ਮੁਕਤੀ ਹੀ ਚਾਹੀਂਦੀ ਹੈ, ਬੱਸ ਫਿਰ ਕੀ ਸੀ ਥੋੜੇ ਜਿਹੇ ਸਮੇ ਵਿੱਚ ਹੀ ਸਮੇ ਦੀ ਸਰਕਾਰ ਨੇ  ਖਾੜਕੂ ਸਿੰਘਾਂ ਨੂੰ ਖਤਮ ਕਰ ਦਿੱਤਾ ਸੀ, ਠੀਕ ਹੈ ਕਿ ਖਾੜਕੂਵਾਦ ਸਮੇ ਵੀ ਤੇ ਅੱਜ ਵੀ ਸਾਡੇ ਉਤੇ ਗੋਲੀਆਂ ਪੁਲਿਸ ਨੇ ਹੀ ਚਲਾਈਆਂ ਹਨ।
ਪਰ ਇਸ ਗੱਲ ਤੋਂ ਵੀ ਮਨੁੱਕਰ ਨਹੀਂ ਹੋਇਆ ਜਾ ਸਕਦਾ ਕਿ ਇੰਦਰਾ ਗਾਂਧੀ ਤੇ ਬੇਅੰਤ ਸਿੰਘ ਨੂੰ ਮਾਰਨ ਵਾਲੇ ਵੀ ਪੁਲਿਸ ਵਾਲੇ ਹੀ ਸਨ, ਜਿੰਨਾ  ਪੁਲਿਸ ਵਾਲਿਆਂ ਨੇ ਖਾੜਕੂ ਸਿੰਘਾਂ ਤੇ ਤਸੱਦਦ ਨਹੀਂ ਸੀ ਕੀਤਾ ਉਹਨਾ ਬਹੁਤਿਆਂ ਨੂੰ  ਸਿੰਘਾਂ ਦੇ ਨਾਲ ਹੀ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰ ਦਿੱਤਾ ਸੀ , ਜੇ ਤਰੱਕੀਆਂ ਮਿਲੀਆਂ ਹਨ ਉਹ ਸਰਕਾਰ ਦੇ ਇਸਾਰੇ ਤੇ ਜੁਰਮ ਕਰਨ ਵਾਲਿਆਂ ਨੂੰ ਹੀ ਮਿਲੀਆਂ ਹਨ , ਅੱਜ ਵੀ ਤੁਹਾਡੇ ਉਪਰ ਸਰਕਾਰ ਦੇ ਇਸਾਰੇ (ਹੁਕਮ) ਨਾਲ ਹੀ ਗੋਲੀ ਚਲਦੀ ਹੈ ,ਜਦੋਂ ਕਿਸਾਨਾ ਨੇ ਬੰਦ ਦੇ ਸੱਦੇ ਦਿੱਤੇ ਰੇਲਾਂ ਰੋਕੀਆਂ ਤਾਂ ਪੁਲਿਸ ਦੀ ਗੋਲੀ ਨਹੀਂ ਚੱਲੀ , ਜਦੋਂ ਸਿਰਸੇ ਵਾਲਿਆਂ ਨੇ ਰੇਲਾਂ ਰੋਕੀਆਂ ਉਦੋਂ ਵੀ ਪੁਲਿਸ ਦੀ ਗੋਲੀ ਨਹੀਂ ਚੱਲੀ, ਪਰ ਜਦੋਂ ਗੁਰੂ ਗ੍ਰੰਥ ਸਾਹਬਿ ਜੀ ਦੀ ਹੋਈ ਬੇਅਦਬੀ ਦੇ ਦੁੱਖ ਵਿੱਚ ਸਿਖਾਂ ਨੇ ਰੋਸ ਪ੍ਰਗਟ ਕੀਤਾ ਤਾਂ ਤੁਰੰਤ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕਰ ਦਿੱਤੇ, ਇਸ ਵਿੱਚ ਪੁਲਿਸ ਦੀ ਉਹਨਾ ਸ਼ਹੀਦ ਸਿੰਘਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ , ਬੱਸ ਉਹਨਾ ਨੇ ਤਾਂ ਸਰਕਾਰ ਦਾ ਹੁਕਮ ਹੀ ਵਜਾਇਆ ਹੈ ਸਰਕਾਰ ਦਾ ਹੁਕਮ ਸੀ ਕਿ ਸਿੰਘਾਂ ਨੂੰ ਮਾਰੋ, ਪੁਲਿਸ ਨੇ ਮਾਰ ਦਿੱਤੇ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ , ਬਾਦਲ ਨੂੰ ਪਤਾ ਹੈ ਕਿ ਸਿੱਖ ਕੌਮ ਦੀ ਯਾਦਅਸਤ ਬਹੁਤ ਕੰਮਜੋਰ ਹੈ ਇਹ ਤਾਂ ਸਾਲ ਛੇ ਮਹੀਨਿਆਂ ਵਿੱਚ ਹੀ ਆਪਣੇ ਤੇ ਹੋਏ ਜੁਰਮ ਨੂੰ ਭੁਲ ਜਾਂਦੀ ਹੈ , ਵੋਟਾਂ ਵੇਲੇ ਕਹਿ ਦਿਓ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਬੱਸ ਇਸਨੇ ਮੇਰੇ ਵਾਲੇ ਕੀਤੇ ਜੁਰਮਾਂ ਨੂੰ ਭੁਲਾ ਕੇ ਵੋਟਾਂ ਮੈਨੂੰ ਹੀ ਪਾ ਦੇਣੀਆਂ ਹਨ,ਇਸੇ ਲਈ ਬਾਦਲ ਸਿੱਖਾਂ ਨੂੰ ਮਾਰਨ ਲੱਗਿਆਂ ਨਹੀਂ ਡਰਦਾ,1978 ਦੀ ਵਸਾਖੀ ਵਾਲੇ ਦਿਨ ਵੀ ਨਰੰਕਾਰੀ ਕਾਂਢ ਰਾਹੀਂ ਇਸ ਨੇ ਹੀ ਪੁਲਿਸ ਤੋਂ 13 ਸਿੰਘਾਂ ਨੂੰ ਸ਼ਹੀਦ ਅਤੇ ਦਰਜਨਾ ਸਿੰਘਾਂ ਨੂੰ ਜਖਮੀ ਕਰਵਾਇਆ ਸੀ, ਇਹੀ ਕਾਂਢ ਦਰਵਾਰ ਸਾਹਿਬ ਤੇ ਹਮਲੇ ਦਾ ਮੁੱਢ ਸੀ ,ਇਹੀ ਕਾਂਢ ਦਿੱਲੀ ਸਿੱਖ ਕਤਲੇਆਮ ਦਾ ਮੁੱਢ ਸੀ। ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤ ਮਈ ਰੋਸ ਮਾਰਚ ਕਰ ਰਹੇ ਸਿੰਘਾਂ ਉਪਰ ਵੀ ਬਾਦਲ ਸਰਕਾਰ ਨੇ ਗੋਲੀਆਂ ਚਲਵਾ ਕੇ ਇੱਕ ਸਿੰਘ ਨੂੰ ਸ਼ਹੀਦ ਅਤੇ ਦਰਜਨਾ ਸਿੰਘਾਂ ਨੁੰ ਜਖਮੀ ਕਰਵਾਇਆ ਸੀ, 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਭਾਈ ਰਾਜੋਆਣਾ ਦੀ ਫਾਸੀ ਦਾ ਵਿਰੋਧ ਕਰਦੇ ਸਿੰਘਾਂ ਤੇ ਗੋਲੀ ਚਲਵਾ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਅਤੇ ਕਈ ਸਿੰਘਾਂ ਨੂੰ ਜਖਮੀ ਕਰਵਾਇਆ, ਹੁਣ ਫੇਰ 14 ਅਕਤੂਬਰ ਨੂੰ ਜਦੋਂ ਗੁਰੂ ਗ੍ਰੰਥ ਸਾਹਬਿ ਜੀ ਦੀ ਹੋਈ ਬੇਅਬਦੀ ਦੇ ਰੋਸ ਵਿੱਚ ਸਿਖਾਂ ਨੇ ਰੋਸ ਕੀਤਾ ਤਾਂ ਤੁਰੰਤ ਗੋਲੀਆਂ ਚਲਾ ਕੇ 2 ਸਿੰਘ ਸ਼ਹੀਦ ਅਤੇ ਦਰਜਨਾਂ ਸਿੰਘ ਜਖਮੀ ਕਰ ਦਿੱਤੇ, ਇਹ ਸੱਭ ਕੁੱਝ ਸਰਕਾਰ ਨੇ ਗਿਣੀ ਮਿਥੀ ਸਾਜਿਸ ਅਧੀਨ ਕਰਵਾਇਆ ਹੈ। ਸਰਕਾਰ ਦੀਆਂ ਚਾਲਾਂ ਨੂੰ ਪਹਿਚਾਣੋ, ਸਰਕਾਰ ਦੀਆਂ ਧੱਕੇਸਾਹੀਆਂ ਦੀ ਸਜਾ ਸੜਕਾਂ ਤੇ ਧਰਨੇ ਲਾਕੇ ਪੰਜਾਬ ਬੰਦ , ਬੱਸਾਂ ਬੰਦ , ਰੇਲਾਂ ਬੰਦ , ਦੁਕਾਨਾ ਬੰਦ ਕਰਵਾ ਕੇ ਆਮ ਪਬਲਿਕ ਨੂੰ ਨਾ ਦਿਓ, ਸਰਕਾਰ ਵੀ ਤੁਹਾਡੇ ਤੋਂ ਇਹੀ ਕੁੱਝ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਤੁਹਾਡੇ ਇਹਨਾ ਰੋਜ ਦੇ ਧਰਨਿਆਂ ਅਤੇ ਬੰਦ ਦੇ ਸੱਦਿਆਂ ਤੋਂ ਦੁਖੀ ਆਮ ਲੋਕ ਹੀ ਤੁਹਾਡੇ ਵਿਰੋਧੀ ਬਣ ਜਾਂਣਗੇ। ਜਦੋਂ ਕਿਸੇ ਸੰਘਰਸ ਦਾ ਵਿਰੋਧ ਆਮ ਲੋਕ ਕਰਨ ਲੱਗ ਜਾਣ ਤਾਂ ਫਿਰ ਸਰਕਾਰ ਉਤੇ ਵੀ ਉਸ ਸੰਘਰਸ ਦਾ ਕੋਈ ਅਸਰ ਨਹੀਂ ਰਹਿੰਦਾ ਅਤੇ ਸਰਕਾਰ ਨੂੰ ਸੰਘਰਸ ਕਰਦੇ ਲੋਕ ਕੁੱਟਣੇ ਮਾਰਨੇ ਵੀ ਸੌਖੇ ਹੋ ਜਾਂਦੇ ਹਨ ਕਿਉਂਕਿ ਸਰਕਾਰ ਵੱਲੋਂ ਕੀਤੀ ਗਈ ਕੁੱਟ ਮਾਰ ਦਾ ਆਮ ਲੋਕਾਂ ਵਿੱਚ ਰੋਸ ਨਹੀਂ ਫੈਲਦਾ , ਰੋਸ ਤਾਂ ਕੀ ਆਮ ਲੋਕ ਤਾਂ ਇਹ ਕਹਿਣ ਲੱਗ ਜਾਂਦੇ ਹਨ ਕਿ ਇਹਨਾ ਨੇ ਤਪਾ ਰੱਖੇ ਸੀ , ਕੁੱਟੇ ਮਾਰੇ ਬਿਨਾ ਇਹ ਠੀਕ ਨਹੀਂ ਸਨ ਆੳੇੁਂਦੇ ਸਰਕਾਰ ਨੇ ਵਧੀਆ ਕੀਤਾ ਇਹਨਾ (ਧਰਨਾਕਾਰੀਆਂ) ਨੂੰ ਸਬਕ ਸਿੱਖਾ ਦਿੱਤਾ।ਇਸ ਲਈ ਬੇਨਤੀ ਹੈ ਕਿ ਬੰਦ ਦੇ ਸੱਦੇ ਦੇਣੇ ਬੰਦ ਕਰਕੇ ਸਰਕਾਰ ਦੀਆਂ ਭਰਾ ਮਾਰੂ ਨੀਤੀਆਂ ਨੂੰ ਲੋਕਾਂ ਵਿੱਚ ਨੰਗਾ ਕਰਕੇ ਆਮ ਲੋਕਾਂ (ਪਬਲਿਕ) ਨੂੰ ਨਾਲ ਜੋੜੋ ।  
 ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ              
  ਮੋ : 94170-23911                
      21-10-15

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.