ਸਚੁ ਪੁਰਾਣਾ ਹੋਵੈ ਨਾਹੀ
(ਚੌਥੀ ਉਦਾਸੀ ਗੁਰੂ ਨਾਨਕ )
ਲੇਖਕ: ਸੋਹਣ ਲਾਲ ਚੌਹਾਨ ਰਿਵਿਊਕਾਰ- ਡਾ ਦਲਵਿੰਦਰ ਸਿੰਘ ਗ੍ਰੇਵਾਲ
ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਸੰਦੇਸ਼ ਦੇਣ ਲਈ ਚਹੁੰ ਖੰਡਾਂ ਦੀ ਯਾਤਰਾ ਕੀਤੀ।
ਚਹੁੰ ਖੰਡ ਪ੍ਰਿਥਮੀ ਸੱਚਾ ਢੋਆ। (ਭਾਈ ਗੁਰਦਾਸ ਵਾਰ 1)
ਚਹੁੰ ਖੰਡਾਂ ਦਾ ਇਹ ਸਫਰ ਚਾਰ ਉਦਾਸੀਆਂ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ:
ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ੳਦਾਸੀ ਕੀ ਰੀਤ ਚਲਾਈ
ਚੜ੍ਹਿਆ ਸੋਧਣਿ ਧਰਤਿ ਲੁਕਾਈ। (ਭਾਈ ਗੁਰਦਾਸ ਵਾਰ: 1)
ਇਨ੍ਹਾਂ ਚਾਰ ਉਦਾਸੀਆਂ (ਪੂਰਬ, ਦੱਖਣ, ਉਤਰ ਤੇ ਪੱਛਮ) ਦੇ ਸਬੂਤ ਕਾਇਮ ਹਨ ਜਿਨ੍ਹਾਂ ਵਿਚੋਂ ਕੁੱਝ ਸੰਭਾਲੇ ਗਏ ਤੇ ਕੁੱਝ ਸਮੇਂ ਦੀ ਬੁਕਲ ਵਿੱਚ ਖੋ ਗਏ ਖਾਸ ਕਰਕੇ ਗੁਰੂ ਜੀ ਦੀਆਂ ਭਾਰਤ ਤੋਂ ਬਾਹਰ ਦੀਆਂ ਦੋ ਉਦਾਸੀਆਂ ਸੁਮੇਰ ਉਦਾਸੀ ਤੇ ਪੱਛਮ ਉਦਾਸੀ ਦੇ। ਇਸ ਦਾ ਅਨੁਭਵ ਦਾਸ ਨੂੰ ਹਿਮਾਲਿਆ ਪਹਾੜੀਆਂ ਦੀ ਸੈਨਾ ਤੈਨਾਤੀ ਸਮੇਂ ਹੋਇਆ ਜਦੋਂ ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਅਰੁਣਾਚਲ, ਆਸਾਮ, ਮੇਘਾਲਿਆ, ਮਨੀਪੁਰ, ਬਰ੍ਹਮਾ, ਚੀਨ, ਤਿਬਤ, ਭੁਟਾਨ, ਨੇਪਾਲ, ਉਤਰਾਂਚਲ, ਹਿਮਾਚਲ, ਲੇਹ-ਲਦਾਖ ਤੇ ਕਸ਼ਮੀਰ ਦੀ ਯਾਤਰਾ ਸਬੰਧੀ ਬੜੇ ਹੀ ਰੌਚਿਕ ਤੱਥ ਪ੍ਰਾਪਤ ਹੋਏ ਜਿਸ ਨੂੰ ਦਾਸ ਨੇ ਤਿੰਨ ਕਿਤਾਬਾਂ ‘ਅਮੇਜ਼ਿੰਗ ਟ੍ਰੈਵਲਜ਼ ਆਫ ਗੁਰੂ ਨਾਨਕ’, ‘ਗੁਰੂ ਨਾਨਕ ਟ੍ਰੈਵਲਜ਼ ਟੂ ਹਿਮਾਲਿਆਜ਼ ਐਡ ਫਾਰ ਈਸਟ’ ਤੇ ‘ਸੋ ਥਾਨ ਸੁਹਾਵਾ’ ਤੇ ਕਈ ਲੇਖ ਲੜੀਆਂ ਰਾਹੀਂ ਪਾਠਕਾਂ ਸਾਹਮਣੇ ਲਿਆਂਦਾ।
ਚੌਥੀ ਉਦਾਸੀ ਪੱਛਮ ਜਾਂ ਅਰਬ ਦੇਸ਼ਾਂ ਦੀ ਵੀ ਡੂੰਘੀ ਖੋਜ ਦੀ ਮੁਥਾਜ ਹੈ। ਇਸ ਬਾਰੇ ਭਾਈ ਗੁਰਦਾਸ, ਪੰਡਿਤ ਤਾਰਾ ਸਿੰਘ ਨਰੋਤਮ, ਗਿਆਨੀ ਗਿਆਨ ਸਿੰਘ, ਆਦਿ ਦੀ ਮੌਲਿਕ ਖੋਜ ਨੂੰ ਭਾਈ ਕਾਹਨ ਸਿੰਘ ਨਾਭਾ, ਡਾ: ਗੰਡਾ ਸਿੰਘ, ਭਾਈ ਸ਼ੇਰ ਸਿੰਘ ਕਸ਼ਮੀਰ, ਸ: ਕਰਮ ਸਿੰਘ ਹਿਸਟੋਰੀਅਨ, ਭਗਤ ਲਛਮਣ ਸਿੰਘ, ਗਿਆਨੀ ਲਾਲ ਸਿੰਘ ਸੰਗਰੂਰ ਤੇ ਡਾ: ਸੁਰਿੰਦਰ ਸਿੰਘ ਕੋਹਲੀ ਦੀ ਖੋਜ ਨੇ ਚੰਗੇ ਜਾਮੇ ਵਿੱਚ ਪੇਸ਼ ਕੀਤਾ ਪਰ ਪੂਰੀ ਯਾਤਰਾ ਦੀ ਤਸਵੀਰ ਧੁੰਦਲੀ ਹੀ ਰਹੀ। ਖਾਸ ਕਰਕੇ ਇਹ ਸਵਾਲ (1) ਕਿ ਗੁਰੂ ਜੀ ਨੇ ਚੌਥੀ ਉਦਾਸੀ ਕਿਥੋਂ ਤੇ ਕਦ ਸ਼ੁਰੂ ਕੀਤੀ (2) ਉਨ੍ਹਾਂ ਦਾ ਮੱਕੇ ਜਾਣ ਦਾ ਰਾਹ ਤੇ ਜ਼ਰੀਆ ਕੀ ਸੀ? ਮੱਕੇ ਤੋਂ ਅੱਗੇ ਉਹ ਕਿਸ ਕਿਸ ਥਾਂ ਗਏ ਤੇ ਕਿਸ ਕਿਸ ਨੂੰ ਮਿਲੇ? (3) ਉਨ੍ਹਾਂ ਦੀ ਵਾਪਸੀ ਦਾ ਰਾਹ ਕੀ ਸੀ? (4) ਇਸ ਯਾਤਰਾ ਦੀਆਂ ਖਾਸ ਖਾਸ ਘਟਨਾਵਾਂ ਕੀ ਸਨ? ਅੰਗ੍ਰੇਜ਼ ਖੋਜੀ ਮਕਲੋਡ ਨੇ ਤਾਂ ਗੁਰੂ ਨਾਨਕ ਉਪਰ ਖੋਜ ਕਰਦਿਆਂ ਇਹ ਹੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਨਾਨਕ ਦੀ ਅਰਬ ਯਾਤਰਾ ਦੇ ਪੁਖਤਾ ਸਬੂਤ ਨਹੀਂ ਮਿਲਦੇ ਸੋ ਇਸ ਉਦਾਸੀ ਨੂੰ ਮੰਨਣਾ ਠੀਕ ਨਹੀਂ।
ਇਸ ਸਾਰੀ ਸ਼ਾਹਦੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਹਿੰਮਤ ਸਿੰਘ ਨੇ ਅਪਣੇ ਪੇਪਰ “ਗੁਰੂ ਨਾਨਕ- ਵਿਅਕਤਿਤਵ: ਅਤਿਪ੍ਰਮਾਣਿਕ ਪੁਨਰਾਵਲੋਕਨ” ਵਿੱਚ ਹੇਠ ਲਿਖੇ ਸ੍ਰੋਤਾਂ ਅਨੁਸਾਰ ਨਵੀਂ ਸੋਚ ਦਿਤੀ ਹੈ:
1. ਸੱਯਾਹਤੇ ਬਾਬਾ ਨਾਨਕ ਫਕੀਰ: (1509 ਈ: ਅਣਛਪਿਆ) ਲਿਖਿਤ ਤਾਜੁਦੀਨ ਨਕਸ਼ਬੰਦੀ, ਇੰਦਲਾਸ, ਈਰਾਨ-ਈਰਾਕ ਦਾ ਨਿਵਾਸੀ: ਪਹਿਲਾ ਪੰਜਾਬੀ ਅਨੁਵਾਦ (ਅਣਛਪਿਆ) -ਸੱਯਦ ਪ੍ਰਿਥੀਪਾਲ ਸਿੰਘ।
2. ਤਵਾਰੀਖੇ ਅਰਬ (ਖਵਾਜਾ ਗ਼ੈਨ-ਉਲ-ਆਬਿਦਨਿ 1505-06 ਈ: )
3. ਗੁਨੀਆਤੁਸਾਲੇਹੀਨ: (ਅਬਦੁਲ ਰਹਮਾਨ 1506-07 ਈ: )
4. ਤਵਾਰੀਖਿ ਰਾਸ਼ਿਦੀ: (ਹੈਦਰ ਤੁਗਲੁਕ 1541-46)
ਸੱਯਾਹਤੇ ਬਾਬਾ ਨਾਨਕ ਫਕੀਰ ਦਾ ਲੇਖਕ ਤਾਜੁਦੀਨ ਨਕਸ਼ਬੰਦੀ, ਇੰਦਲਾਸ ਅਪਣੇ ਆਪ ਨੂੰ ਗੁਰੂ ਨਾਨਕ ਦੇਵ ਤੇ ਮਰਦਾਨੇ ਦਾ ਹਮਸਫਰੀ ਬਿਆਨਦਾ ਹੈ ਤੇ ਸਾਰੇ ਹਾਲਾਤ ਹਮਸਫਰੀ ਭਾਵ ਅੱਖੀਂ ਦੇਖੇ ਦਿਤੇ ਹਨ ਜਿਸ ਦਾ ਖਰੜਾ ਸੱਯਦ ਪ੍ਰਿਥੀਪਾਲ ਸਿੰਘ ਨੂੰ ਮਦੀਨੇ ਦੀ ਲਾਇਬ੍ਰੇਰੀ ਵਿਚੋਂ ਮਿਲਿਆ ਸੀ।
ਤਵਾਰੀਖੇ ਅਰਬ (ਖਵਾਜਾ ਜ਼ੈਨ-ਉਲ-ਆਬਿਦੀਨ) ਦਾ ਉਰਦੂ ਤਰਜਮਾ ਮੁਹੰਮਦ ਇਕਬਾਲ ਦੇ ਵਾਲਿਦ ਨੇ ਕੀਤਾ।
ਗੁਨੀਆਤੁਸਾਲੇਹੀਨ ਦਾ ਲੇਖਕ ਅਬਦੁਲ ਰਹਮਾਨ ਰਾਜਾ ਖਲੀਫ ਬਕਰ ਦੀ ਗੱਦੀ ਦਾ ਪੰਜਵਾਂ ਜਾਂਨਿਸ਼ੀਨ ਸੀ ਜਿਸ ਨੂੰ ਬਗਦਾਦ ਦੇ ਅਮੀਰ ਨੇ ਗੁਰੂ ਨਾਨਕ ਦੀ ਭਾਲ ਵਿੱਚ ਭੇਜਿਆ ਸੀ ਤੇ ਜਿਸ ਨੇ ਗੁਰੂ ਨਾਨਕ ਨਾਲ ਹੋਈ ਰੂਬਰੂ ਮੁਲਾਕਾਤ ਨੂੰ ਕਲਮ ਬੰਦ ਕੀਤਾ ਹੈ।
ਤਵਾਰੀਖੇ ਰਾਸ਼ਿਦੀ ਦਾ ਲੇਖਕ ਹੈਦਰ ਤੁਗਲਕ ਬਾਬਰ ਦਾ ਮਸੇਰਾ ਭਰਾ ਸੀ ਜੋ ਕਸ਼ਮੀਰ-ਪੰਜਾਬ ਦਾ ਹਾਕਮ ਵੀ ਰਿਹਾ ਸੀ।
ਇਨ੍ਹਾਂ ਸਭ ਪੁਸਤਕਾਂ ਵਿੱਚ ਗੁਰੂ ਨਾਨਕ ਦੇਵ ਦਾ ਮੱਕੇ ਤੇ ਮਦੀਨਾ ਜਾਣਾ ਲਿਖਿਆ ਹੈ। ਮਦੀਨੇ ਵਿੱਚ ਰੁਕਨਦੀਨ ਤੇ ਉਸ ਦੇ ਕਬੀਲੇ ਦਾ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਬਣ ਜਾਣਾ, ਜਿਸ ਦੇ ਬਦਲੇ ਰੁਕਨਦੀਨ ਨੂੰ ਸੰਗਸਾਰ (ਪੱਥਰ ਮਾਰਮਾਰ ਕੇ) ਸ਼ਹੀਦ ਕੀਤਾ ਗਿਆ ਤੇ ਇਸਦੇ ਸਿਬੀ ਅਤੇ ਬੁਧੁ ਕਬੀਲੇ ਅਰਬ ਦੇਸ਼ ਤੋਂ ਦਰਬਦਰ ਕਰ ਦਿਤੇ ਗਏ ਜਿਨ੍ਹਾਂ ਨੂੰ ਅਫਗਾਨਿਸਤਾਨ ਦੇ ਇਨਸਾਫਪਸੰਦਾ ਨੇ ‘ਤੀਰਾਹ’ ਅਤੇ “ਲਵਾੜਗੀਰ’ ਵਿੱਚ ਪਨਾਹ ਦਿਤੀ।। ਗੁਰੂ ਨਾਨਕ ਦੇ ਪਿਛੇ ਵੀ ਅਬਦੁਲ ਰਹਮਾਨ ਨੂੰ ਭੇਜਿਆ ਗਿਆ; ਜਿਸ ਦੇ ਸ਼ਬਦਾਂ ਵਿੱਚ “ਜਦ ਮੈ ਬੜੀ ਤੇਜ਼ੀ ਤੇ ਕਾਹਲੀ ਨਾਲ ਘੋੜੇ ਨੂੰ ਦੌੜਾਈ ਜਾ ਰਿਹਾ ਸੀ ਤਾਂ ਅਚਾਨਕ ਮੇਰਾ ਘੋੜਾ ਖੜ੍ਹ ਗਿਆ, ਚਲਾਉਣ ਦੀ ਕੋਸ਼ਿਸ਼ ਕੀਤੀ, ਅੱਡੀ, ਚਾਬਕ ਬੇਕਾਰ। ਘੋੜਾ ਨਾ ਤੁਰਿਆ ਤਾਂ ੳਤਾਂਹ ਕਰਕੇ ਵੇਖਿਆ ਤਾਂ ਸਿਰਫ ਸੌ ਗਜ਼ ਦੀ ਦੂਰੀ ਤੇ ਫਕੀਰ ਬੈਠੇ ਸਨ ਜਿਨ੍ਹਾਂ ਵਿਚਕਾਰ ਜੋ ਬਜ਼ੁਰਗ ਬੈਠੇ ਸਨ ਉਨ੍ਹਾਂ ਦਾ ਨੂਰ ਇਉਂ ਜਾਪਿਆ ਜਿਉਂ ਲੱਖਾਂ ਸੂਰਜਾਂ ਦੀ ਚਮਕ। ਇਸ ਨੂਰਾਨੀ ਜਲਵੇ ਨੇ ਮੇਰੀਆਂ ਅੱਖਾਂ ਬੰਦ ਕਰ ਦਿਤੀਆਂ ਤੇ ਆਕਾਸ਼ ਬਾਣੀ ਹੋਈ … ਤੇ ਮੈਨੂੰ ਲਾਹਨਤਾਂ ਪਈਆਂ “ਤੇਰੇ ਨਾਲੋਂ ਤਾਂ ਇਹ ਹੈਵਾਨ ਚੰਗਾ ਹੈ ਜਿਸ ਨੇ ਚਾਬਕ ਖਾ ਕੇ ਵੀ ਤੈਨੂੰ ਬੇਅਦਬੀ ਦੇ ਘੇਰੇ ਵਿੱਚ ਨਾ ਜਾਣ ਦਿਤਾ। ਜਿਸ ਨੂੰ ਕਾਫਰ ਜਾਣਕੇ ਮਾਰਨ ਦੀ ਨੀਅਤ ਨਾਲ ਆਇਆ ਸੈਂ ਸੱਚਾ ਪੀਰ ਉਹ ਹੀ ਹੈ ਜਿਸ ਦੀਆ ਪਰਿਕ੍ਰਮਾ ਖਾਨਾ-ਏ-ਕਾਅਬਾ ਨੇ ਕੀਤੀਆਂ, ਸਾਹ ਸ਼ਰਫ ਵਰਗੀਆਂ ਸ਼ਖਸ਼ੀਅਤਾਂ ਅਤੇ ਕਾਜ਼ੀ ਰੁਕਨਦੀਨ ਸਾਰੀ ਦੁਨੀਆਂ ਦੇ ਫਤਵਾਐਲ ਨੇ ਚਰਨ ਛੋਹ ਪ੍ਰਾਪਤ ਕਰ ਨਜਾਤ ਹਾਸਲ ਕੀਤਾ, ਸਮੁਚੇ ਅਰਬ ਨੂੰ ‘ਜਾਮੇ-ਵਹਾਦਤ’ ਪਿਲਾ ਕੇ ਹੁਣ ਤੇਰੇ ਸਾਹਮਣੇ ਬੈਠਾ ਹੈ, ਸੁਰਤ ਕਰ. .” “ਮੈਨੂੰ ਸੁਰਤ ਆ ਗਈ, ਘੋੜਾ ਵੀ ਛੋੜ ਦਿਤਾ. . ਪੈਰਾਂ ਦਾ ਜੋੜਾ ਵੀ ਛੁੱਡਾ ਦਿਤਾ”।
ਉਪਰੋਕਤ ਪੁਸਤਕਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਵਿੱਚ ਮੱਕਾ ਮਦੀਨਾ ਜਾਣਾ ਤਾਂ ਪ੍ਰਮਣਿਤ ਹੁੰਦਾ ਹੈ ਪਰ ਬਾਕੀ ਸਵਾਲਾਂ ਦੇ ਜਵਾਬ ਨਹੀ ਮਿਲਦੇ।ਸੋਹਣ ਲਾਲ ਚੌਹਾਨ ਦੀ ਪੁਸਤਕ ‘ਸੱਚ ਪੁਰਾਣਾ ਹੋਵੇ ਨਾਹੀਂ’ ਬਾਕੀ ਪ੍ਰਸ਼ਨਾਂ ਦੇ ਉਤਰ ਲੱਭਣ ਦਾ ਅਨੂਠਾ ਯਤਨ ਹੈ। ਯਾਤਰਾ ਸਮਾਂ 1519-1521 ਦਿਤਾ ਹੈ, ਮੱਕੇ ਜਾਣ ਦਾ ਮਾਰਗ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕਰਕੇ ਪਾਕਪਟਨ, ਮੁਲਤਾਨ, ਉੱਚ, ਲੱਖਪਤ, ਹਿੰਗਲਾਜ ਤੇ ਸੋਨ-ਮਿਆਨੀ ਬੰਦਰਗਾਹ ਤੋਂ ਸਮੁੰਦਰੀ ਜ਼ਹਾਜ਼ ਰਾਹੀਂ ਮੱਕੇ ਜਾਣਾ ਲਿਖਿਆ ਹੈ। ਮੱਕੇ ਜਾਣ ਦੀ ਗਵਾਹੀ ਆਲਮਮੀਰ ਜਨੈਲੁਦੀਨ (ਜੈਨਉਲ ਆਬਦੀਨ) ਦੇ ਸਤਾਰਵੀਂ ਸਦੀ ਦੇ ਇਨਸਾਈਕਲੋਪੀਡੀਆ ਦੀ ਦਿਤੀ ਹੈ। ਹੱਜ ਯਾਤਰਾ ਵੇਲੇ ਗੁਰੂ ਜੀ ਨੇ ਇਰਹਾਮ (ਹਾਜੀਆਂ ਵਾਲਾ ਨੀਲਾ ਲਿਬਾਸ) ਧਾਰਨ ਕੀਤਾ। ਮੱਕੇ ਅੰਦਰ ਗੁਰੂ ਜੀ ਦੀਆਂ ਖੜਾਵਾਂ ਯਾਦ ਵਜੋਂ ਸਾਂਭੀਆ ਹੋਈਆਂ ਹਨ ਜੋ ਭਾਈ ਗੁਰਦਾਸ ਦੀ ਲਿਖਤ ਅਨੁਸਾਰ ਹੈ।
ਧਰੀ ਨਿਸਾਨੀ ਕਉਸਿ ਦੀ ਮਕੇ ਅੰਦਰ ਪੂਜ ਕਰਾਈ (ਭਾਈ ਗੁਰਦਾਸ ਵਾਰ 1)
ਮੱਕੇ ਤੋਂ ਮਦੀਨੇ 400 ਮੀਲ ਦਾ ਸਫਰ ਪੈਦਲ ਤਹਿ ਕੀਤਾ। ਬਗਦਾਦ ਦੀ ਗਵਾਹੀ ਪੀਰ ਬਹਿਲੋਲ (ਦਸਤਗੀਰ) ਵਲੋਂ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਥੜੇ ਤੇ ਸ਼ਿਲਾਲੇਖ ਦੀ ਫੋਟੋ, ਬਗਦਾਦ ਗੁਰ ਸਥਾਨ ਦੀ ਫੋਟੋ, ਗੁਰ ਸਥਾਨ ਦੇ ਬਾਹਰ ਲੱਗੇ ਸ਼ਿਲਾਲੇਖ ਤੇ ਸੰਤ ਮਸਕੀਨ ਦੀ ਗੁਰ ਸਥਾਨ ਅੱਗੇ ਖਿਚੀਆਂ ਫੋਟੋਆਂ ਹਨ ਜੋ ਪਹਿਲਾਂ ਦੇ ਖੋਜੀਆਂ ਵਲੋਂ ਵੀ ਪੇਸ਼ ਹੋ ਚੁਕੀਆਂ ਹਨ। ਲਿਖਾਰੀ ਦੀ ਦਾਸ ਨਾਲ ਹੋਈ ਗੱਲ ਬਾਤ ਅਨੁਸਾਰ ਲਿਖਾਰੀ ਨੇ ਅਪਣੀ ਨੌਕਰੀ ਦੌਰਾਨ ਇਨ੍ਹਾਂ ਸਥਾਨਾਂ ਦੇ ਖੁਦ ਦਰਸ਼ਨ ਕੀਤੇ। ਬਗਦਾਦ ਵਿੱਚ ਗੁਰੂ ਜੀ ਦੀ ਮੁਲਾਕਾਤ ਪੀਰ ਬਹਿਲੋਲ, ਪੀਰ ਅਬਦੁਲ ਕਾਦਿਰ ਜੀਲਾਨੀ ਨਾਲ ਹੋਈ ਜਿਸ ਦਾ ਸਬੂਤ ਨਸੀਹਤਨਾਮਾ ਮੰਨਦਾ ਹੈ। ਲਿਖਾਰੀ ਰੁਕਨਦੀਨ ਦਾ ਨਾਮ ਅਰਬੀ ਨਹੀਂ ਮੰਨਦਾ ਪਰ ਉਸਦੇ ਕਬੀਲੇ ਸਿਬੀਆ ਬਾਰੇ ਜ਼ਰੂਰ ਲਿਖਦਾ ਹੈ ਕਿ ਉਹ ਸੁਨਿਆਰ ਜਾਤੀ ਦੇ ਹਨ ਜਿਨ੍ਹਾਂ ਕੋਲ ਗੁਰੂ ਜੀ ਦੇ ਸ਼ਬਦ ਹਨ।
ਮਦੀਨੇ ਤੋਂ ਅਗਲਾ ਸਫਰ ਤੁਰਕੀ ਦੇ ਉਸ ਵੇਲੇ ਅਧੀਨ ਇਲਾਕੇ ਫਲਸਤੀਨ ਦਾ ਹੈ। ਯੈਰੂਸ਼ਲਮ, ਡਿਮਾਸਕਸ ਅਤੇ ਅਲੈਪੋ ਜਾਣ ਦਾ ਵੀ ਜ਼ਿਕਰ ਕੀਤਾ ਹੈ। ਗੁਰੂ ਜੀ ਅਲੈਪੋ ਵਿਖੇ ਧਾਰਮਿਕ ਆਗੂ ਪੀਰ ਮਹੀਉਦੀਨ ਦੇ ਰੂਬਰੂ ਹੋਏ। ਇਸਲਾਮ ਵਿੱਚ ਸੰਗੀਤ ਉਤੇ ਪਾਬੰਦੀ ਹੋਣ ਦੇ ਬਾਵਜੂਦ ਰਬਾਬ ਦੇ ਸੰਗੀਤ ਨਾਲ ਸ਼ਬਦ ਉਚਾਰਿਆ ਜਿਸ ਤੇ ਪੀਰ ਮਹੀਉਦੀਨ ਵਜਦ ਵਿੱਚ ਆ ਗਏ। ਸਥਾਨਕ ਅਧਿਕਾਰੀ ਨੂੰ ਪਤਾ ਲੱਗਾ ਤਾਂ ਉਸ ਨੇ ਅਪਣੇ ਅਧਿਕਾਰੀ ਅਬਦੁਲ ਰਹਿਮਾਨ ਰੂਮੀ ਨੂੰ ਭੇਜਿਆ। ਅਲੈਪੋ ਵਿੱਚ ਗੁਰੂ ਜੀ ਦੀ ਯਾਦ ਵਿੱਚ ਮਸਜਿਦ ਵਲੀ ਹਿੰਦ ਮੌਜੂਦ ਹੈ ਜੋ ਮਸਜਿਦ ਸ਼ੇਖ ਫਰੀਦ ਦੇ ਪਾਸ ਹੈ।
ਇਸ ਤੋਂ ਅਗਲਾ ਜ਼ਿਕਰ ਇਸਤੰਬੋਲ ਦੇ ਬੌਸਪੋਰਸ ਇਲਾਕੇ ਦਾ ਹੈ ਜਿਥੇ ਪੁਰਾਤਨ ਸ਼ਿਲਾਲੇਖ ਤੇ ਹੇਠ ਲਿਖੀ ਇਬਾਰਤ ਮਿਲੀ ਹੈ ਜਿਸ ਦਾ ਜ਼ਿਕਰ ਡਾ: ਦਵਿੰਦਰ ਸਿੰਘ ਗਿਲ ਨੇ ਵੀ ਅਪਣੇ ਪਰਚੇ ਵਿੱਚ ਕੀਤਾ ਹੈ।
ਜਹਾਂਗੀਰ ਜ਼ਮਾਂ ਹਿੰਦਲਤ ਅਬਦ ਅਲਮਜੀਦ ਨਾਨਕ
ਜ਼ਮਾਨੇ ਦਾ ਮਾਲਿਕ ਹਿੰਦ ਦਾ ਬੰਦਾ ਰੱਬ ਦਾ ਨਾਨਕ
ਤੁਰਕੀ ਰਾਜ ਵਿੱਚ ਗੁਰੂ ਜੀ ਕਾਫੀ ਸਮਾਂ ਰਹੇ। ਉਸ ਸਮੇਂ ਤੁਰਕੀ ਦਾ ਸ਼ਾਸ਼ਕ ਸਾਲਿਮ ਦਸਿਆ ਗਿਆ ਹੈ ਤੇ ਉਸ ਦਾ ਰਾਜ ਯੂਰਪ ਤਕ ਫੈਲਿਆ ਸੀ। ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਪੱਕਾ ਪੈਰੋਕਾਰ ਸਿੱਧ ਕੀਤਾ ਹੈ। ਗ੍ਰੀਸ ਵੀ ਉਨ੍ਹੀ ਦਿਨੀ ਤੁਰਕੀ ਦੇ ਅਧੀਨ ਸੀ। ਗੁਰੂ ਨਾਨਕ ਦੇਵ ਜੀ ਗ੍ਰੀਸ ਵੀ ਗਏ ਜਿਥੇ ਥਾਸੋਸ ਟਾਪੂ ਤੇ ਗੁਰੂ ਨਾਨਕ ਦੇਵ ਜੀ ੳਪਦੇਸ਼ ਦਿੰਦੇ ਰਹੇ। ਇਥੇ ਸੁਲਤਾਨ ਸਲਿਮ ਨੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ‘ਇਲਾਹੀ ਨੂਰ ਮਸਜਿਦ’ ਬਣਵਾਈ। ਗੁਰੂ ਨਾਨਕ ਦੇਵ ਜੀ ਗ੍ਰੀਸ ਤੋਂ ਮਾਊਂਟ ਉਲੰਪਸ, ਆਰਤਾ, ਕਸਟੋਰੀਆ ਹੁੰਦੇ ਹੋਏ ਅਲਬਾਨੀਆਂ ਪਹੁੰਚੇ। ਅਲਬਾਨੀਆ ਦੀ ਵਿਲੌਰ ਬੰਦਰਗਾਹ ਤੋਂ ਮਰਦਾਨੇ ਨਾਲ ਇਟਲੀ ਦੀ ਬੰਦਰਗਾਹ ਬਾਰੀ ਤਕ ਪਹੁੰਚੇ। ਉਥੋਂ ਮਾਰਟਿਨ ਲੂਥਰ ਦੇ ਨਾਲ ਰੋਮ ਚਲੇ ਗਏ। ਇਨ੍ਹਾਂ ਫੇਰੀਆਂ ਦੀ ਗਵਾਹੀ ਲਿਖਾਰੀ ਨੇ ਸੁਜਾਨ ਰਾਏ ਭੰਡਾਰੀ ਦੀਆਂ ਫਾਰਸੀ ਹੱਥ ਲਿਖਤਾਂ ਤੇ ਮਾਰਟਿਨ ਲੂਥਰ ਦੀਆ ਲਿਖਤਾਂ ਤੋਂ ਲਈ ਦੱਸੀ ਹੈ।
ਤੁਰਕੀ ਤੋਂ ਬਾਕੂ ਅਜਰਬਾਇਜਾਨ ਦੀ ਯਾਤਰਾ ਡਾ ਕੋਹਲੀ ਦੀ ਪੁਸਤਕ ਤੇ ਆਧਾਰਿਤ ਹੈ ਜਿਥੇ ਗੁਰੂ ਨਾਨਕ ਹੱਥ ਲਿਖਤ ਮੂਲ ਮੰਤਰ ਮੌਜੂਦ ਹੈ। ਆਜਰਬਾਏਜਾਨ ਤੋਂ ਗੁਰੂ ਜੀ ਈਰਾਨ ਦਾਖਲ ਹੋਏ। ਨਾਜ਼ਿਕ ਤੋਂ ਖਵੋਏ ਤਬਰੇਜ਼ ਪਹੁੰਚਣ ਤੋਂ ਪਹਿਲਾਂ ਸੰਤ ਸ਼ਿਰਾਜ਼ ਨੂੰ ਉਪਦੇਸ਼ ਦਿਤਾ ਜਿੱਥੇ ਅਜ ਵੀ ਗੁਰੂ ਨਾਨਕ ਨੂੰ ਵਲੀ ਅਲਹਿੰਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤਬਰੇਜ਼ ਤੋਂ ਤਹਿਰਾਨ ਹੁੰਦੇ ਹੋਏ ਗੁਰੂ ਜੀ ਇਸਫਾਹਾਨ ਪਹੁੰਚੇ ਜਿਥੇ ਸੂਫੀ ਸੰਤਾਂ ਨੂੰ ਉਪਦੇਸ਼ ਦਿਤਾ। ਏਥੋਂ ਅੱਗੇ ਮਸ਼ਹਦ ਪਹੁੰਚੇ ਜਿਸ ਦੇ ਜ਼ਿਕਰ ਦਾ ਆਧਾਰ ਭਾਈ ਮਨੀ ਸਿੰਘ ਵਾਲੀ ਸਾਖੀ ਨੂੰ ਲਿਆ ਗਿਆ ਹੈ। ਅੱਗੇ ਤੁਰਕਮੇਨਿਸਤਾਨ ਰਾਹੀਂ ਉਗਰੈਂਚ ਵਾਇਆ ਖੀਵਾ ਪਹੁੰਚੇ ਤੇ ਅਮੂ ਦਰਿਆ ਦੇ ਨਾਲ ਨਾਲ ਬੁਖਾਰਾ ਤਕ ਪਹੁੰਚੇ ਜਿਥੇ ਚਸ਼ਮਾ ਖੁਦਵਾਇਆ ਤੇ ਧਰਮਸਾਲਾ ਸਥਾਪਿਤ ਹੋਈ। ਅੱਗਲਾ ਪੜਾ ਸਮਰਕੰਦ ਕਰਕੇ ਵਾਕੰਦ (ਬੁਖਾਰਾ ਤੋਂ 12 ਮੀਲ) ਪਹੁੰਚੇ ਜਿਥੇ ਪੀਰ ਬਹਾਉਦੀਨ ਗੁਰੂ ਜੀ ਦਾ ਸ਼ਰਧਾਲੂ ਬਣਿਆ ਤੇ ਮੂਲ ਮੰਤਰ ਦਾ ਪਾਠ ਰੋਜ਼ ਹੋਣ ਲੱਗ ਪਿਆ। ਗੁਰੂ ਜੀ ਨੇ ਇੱਕ ਦਰਖਤ ਵੀ ਲਾਇਆ ਜੋ ਅੱਜ ਵੀ ਮੌਜੂਦ ਹੈ। ਅੱਗੇ ਕਾਰਮੀਨ ਗਏ ਜਿਥੇ ਗੁਰੂ ਜੀ ਵਲੀ ਅਲਹਿੰਦ ਦੇ ਨਾਮ ਨਾਲ ਜਾਣੇ ਜਾਂਦੇ ਹਨ। ਕਾਰਮੀਨ ਤੋਂ ਕਾਰਸ਼ੀ ਗਏ ਜਿਥੇ ਨਾਨਕ-ਕਲੰਦਰ (ਕਲੰਦਰ ਭਾਵ ਮੋਢੀ) ਦੇ ਨਾਮ ਨਾਲ ਸਥਾਨ ਹੈ। ਕਾਰਸ਼ੀ ਤੋਂ ਸਮਰਕੰਦ ਵਾਪਿਸ ਹੁੰਦੇ ਹੋਏ ਸਬਜ਼ ਪਹੁੰਚੇ ਤੇ ਅਰਗਜ਼, ਕਾਟਾ, ਕਰਗਨ, ਪੰਜਸ਼ੇਬਾ ਆਦਿ ਵਿੱਚ ਪ੍ਰਚਾਰ ਕੀਤਾ। ਨਰਾਟਾ ਦਾ ਚਸ਼ਮਾ ਵਲੀ ਹਿੰਦ ਗੁਰੂ ਦੀ ਯਾਦ ਦਿਵਾਂਦਾ ਹੈ। ਨਰਾਟਾ ਤੋਂ ਊਰਾ ਤਾਈਊਬ, ਕੋਕੰਡ, ਮਰਜੀਲੋਨ, ਫਰਗਾਨਾ, ਔਸ਼ ਅਤੇ ਤਾਸ਼ਕੰਦ ਤਕ ਉਪਦੇਸ਼ ਦਿਤਾ ਜਿੱਥੇ ਨਾਨਕ ਵਲੀ ਹਿੰਦ ਦਾ ਜਾਪ ਅੱਜ ਵੀ ਹੁੰਦਾ ਹੈ।
ਉਜ਼ਬੇਕਿਸਥਾਨ ਤੋਂ ਗੁਰੂ ਜੀ ਅਫਗਾਨਿਸਤਾਨ ਦੇ ਬਲਖ ਇਲਾਕੇ ਵਿੱਚ ਦਾਖਿਲ ਹੋਏ ਤੇ ਮਜ਼ਾਰੇ ਸ਼ਰੀਫ ਪਹੁੰਚੇ ਜਿਥੇ ਪੀਰ ਰਜ਼ਾਬ ਸ਼ਾਹ ਤੇ ਪੀਰ ਬਾਲਗਦਾਂ ਗੁਰੂ ਜੀ ਦੇ ਮੁਰੀਦ ਬਣੇ। ਬੜੇ ਕਾਜ਼ੀਆ ਤੇ ਮੁਲਾਣਿਆ ਨੂੰ ਵੀ ਉਪਦੇਸ਼ ਦਿਤਾ। ਮਜ਼ਾਰੇ ਸ਼ਰੀਫ ਤੋਂ ਮਇਮਨਾਹ ਸ਼ਹਿਰ ਪਹੁੰਚੇ ਜਿਥੋਂ ਅੱਗੇ ਅਬਦੂ ਹੁੰਦੇ ਹੋਏ ਖੁਲਾਮ ਰੁਕੇ ਜਿੱਥੇ ਪੀਰ ਰੋਸ਼ਨ ਜ਼ਮੀਰ ਨੂੰ ਉਪਦੇਸ਼ ਦਿਤਾ। ਖੁਲਾਸ ਤੋਂ ਖਟਬਾਮੀਆਂ ਰਾਹੀਂ ਕਾਬੁਲ ਪਹੁੰਚੇ। ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਥੜਾ ਮੌਜੂਦ ਹੈ। ਏਥੇ ਬਾਬਰ ਵੀ ਗੁਰੂ ਦਰਸ਼ਨ ਲਈ ਆਇਆ। ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦਵਾਰਾ ਹੈ। ਕਾਬਲ ਤੋਂ ਅੱਗੇ ਲਿਬਲਸ, ਲੁਕਮਾਨ, ਸੁਲਤਾਨਪੁਰ ਜਾ ਖੁਦ ਵਿਕ ਕੇ ਦਾਸ ਪ੍ਰਥਾ ਖਤਮ ਕੀਤੀ। ਅੱਗੇ ਅੱਕ ਸਰਾਏ (ਗੁਰਦਵਾਰਾ ਹੈ) ਗਏ ਤਾਂ ਸੰਗਤ ਨੂੰ ਪੋਥੀ ਭੇਟ ਕੀਤੀ ਜੋ ਅੱਜ ਵੀ ਮੌਜੂਦ ਹੈ। ਇਥੇ ਪਹਾੜੀ ਤੇ ਸੰਤ ਘੜੂਕਾ ਦਾ ਗੁੰਗਾਪਣ ਦੂਰ ਕੀਤਾ। ਏਥੇ ਗੁਰੁ ਨਾਨਕ ਦੇ ਸ਼ਰਧਾਲੂ ਮੁਰੀਦ ਨਾਨਕੀ ਨਾਮ ਨਾਲ ਜਾਣੇ ਜਾਂਦੇ ਹਨ। ਘੜੂਕਾ ਤੋਂ ਫਰਹਾ, ਸੁਲਤਾਨਪੁਰ ਹੁੰਦੇ ਜਲਾਲਾਬਾਦ ਪਹੁੰਚੇ ਜਿਥੇ ਤਿੰਨ ਪਾਣੀ ਦੇ ਚਸ਼ਮੇ ਜ਼ਾਹਿਰ ਕੀਤੇ ਤੇ ਪੀਰ ਅਬਦੁਲ ਗੌਸ ਨੂੰ ਉਪਦੇਸ਼ ਦਿਤਾ। ਜਲਾਲਾਬਾਦ ਤੋਂ ਕੰਧਾਰ ਗਜ਼ਨੀ ਤੇ ਫਿਰ ਕਾਬਲ ਦਾ ਜ਼ਿਕਰ ਹੈ। ਭਾਈ ਮਰਦਾਨਾ ਕੁਰਮ ਦਰਿਆ ਕੰਢੇ ਸਵਰਗਵਾਸ ਹੋਏ। ਜਿਥੋਂ ਬੇਸੁਧ, ਲਾਲਪੁਰਾ, ਡਾਕਾ ਹੁੰਦੇ ਹੋਏ ਦਰਾ ਖੈਬਰ ਰਾਹੀਂ ਜਮਰੌਦ ਤੇ ਗੋਰਖ ਹਟੜੀ ਪੇਸਾਵਰ ਪਹੁੰਚੇ ਜਿਥੇ ਮੁਹੱਲਾ ਗੰਜ ਵਿਖੇ ਪਦਚਿਨ੍ਹ ਹੈ। ਅੱਗੇ ਨੌਸ਼ਹਿਰਾ (ਧਰਮਸਾਲਾ ਹਰੀ ਸਿੰਘ) ਹੋਤੀ ਮਰਦਾਨ ਤੇ ਬਾਲਕੋਟ ਗਏ। ਹੋਤੀ ਮਰਦਾਨ ਵਿੱਚ ਭਾਈ ਮਰਦਾਨਾ ਦੀ ਯਾਦ ਵਿੱਚ ਚਸ਼ਮਾ ਖੁਦਵਾਇਆ ਜਿਸ ਦਾ ਪਾਣੀ ਦਵਾਈ ਤੇ ਕੋਹੜ ਰੋਗ ਦੂਰ ਕਰਨ ਵਾਲਾ ਮੰਨਿਆ ਜਾਂਦਾ ਹੈ।
ਬਾਲਾਕੋਟ ਤੋਂ ਨੂਰ ਸ਼ਹਿਰ, ਖੈਰਾਬਾਦ, ਅਟਕ ਤੇ ਫਿਰ ਹਸਨ ਅਬਦਾਲ ਪਹੁੰਚੇ ਜਿਥੇ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਅਗੇ ਬਾਲਗੁਦਾਈ, ਸਯਦਪੁਰ (ਏਮਨਾਬਾਦ) ਹੁੰਦੇ ਹੋਏ ਵਾਪਸ ਕਰਤਾਰ ਪੁਰ ਪਹੁੰਚੇ। ਲੇਖਕ ਨੇ ਮੰਨਿਆ ਹੈ ਕਿ ਹੋਰ ਖੋਜ ਦੀ ਜ਼ਰੂਰਤ ਹੈ ਪ੍ਰੰਤੂ ਇਹ ਨਹੀਂ ਦਸਿਆ ਕਿ ਲੇਖਕ ਆਪ ਕਿਸ ਕਿਸ ਥਾਂ ਪਹੁੰਚੇ ਤੇ ਸ਼ਾਹਦੀ ਇਕਠੀ ਕੀਤੀ। ਏਨੇ ਵਿਸ਼ਾਲ ਇਲਾਕੇ ਦੀ ਖੋਜ ਖਾਲਾ ਜੀ ਦਾ ਵਾੜਾ ਨਹੀਂ। ਇਹ ਤਾਂ ਖੋਜੀ ਸੰਸਥਾਵਾਂ (ਯੂਨੀਵਰਸਿਟੀਆਂ) ਹੀ ਸਹੀ ਤਰ੍ਹਾਂ ਕਰ ਸਕਦੀਆਂ ਹਨ ਜਿਸ ਲਈ ਫੰਡ ਵੀ ਬੜੇ ਲੋੜੀਂਦੇ ਹਨ ਜੋ ਸਰਕਾਰ ਹੀ ਦੇ ਸਕਦੀ ਹੈ। ਪਰ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਸੋਹਣ ਲਾਲ ਚੌਹਾਨ ਨੇ ਬੜਾ ਮਹਾਨ ਉਦਮ ਕੀਤਾ ਹੈ ਜਿਸ ਦੀ ਦਾਦ ਦੇਣੀ ਬਣਦੀ ਹੈ। ਖੋਜੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਉਦਾਸੀਆਂ ਦੀ ਖੋਜ ਵੱਡੇ ਪੱਧਰ ਤੇ ਕਰਵਾਉਣ ਤੇ ਸੋਹਣ ਲਾਲ ਜੀ ਵਰਗੇ ਸਿਰੜੀ-ਸਿਦਕੀ ਵੀਰਾਂ ਦੀ ਸੇਧ ਤੇ ਮਦਦ ਲੈਣ।