ਮਸਲਾ ਅਰਦਾਸ ਸਮਾਗਮ ਦਾ ਜਾਂ ਭਗਵੰਤ ਮਾਨ ਦਾ?
ਐਤਵਾਰ 25 ਅਕਤੂੁਬਰ 2015 ਨੂੰ ਜ਼ਿਲਾ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਸ਼ਹੀਦ ਭਾਈ ਗੁਰਜੀਤ ਸਿੰਘ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ ਆਯੋਜਿਤ ਕੀਤਾ ਗਿਆ। ਪਰ ਹੈਰਾਨੀ ਅਤੇ ਅਫਸੋਸ ਦੀ ਗੱਲ ਹੈ ਕਿ ਇਸ ਮਹੱਤਵਪੂਰਨ ਪ੍ਰੋਗਰਾਮ, ਜਿਸ ਵਿਚ ਪੰਥਕ ਧਿਰਾਂ ਨੇ ਬਾਦਲਕਿਆਂ ਖਿਲਾਫ ਸੰਘਰਸ਼ ਦਾ ਅਗਲਾ ਪ੍ਰੋਗਰਾਮ ਐਲਾਣਨਾ ਸੀ, ਬਾਰੇ ਬੜੀ ਅਜੀਬ ਕਿਸਮ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।
ਇਸ ਪ੍ਰੋਗਰਾਮ ਬਾਰੇ ਚਰਚਾ ਤਾਂ ਇਹ ਹੋਣੀ ਚਾਹੀਦੀ ਸੀ ਕਿ ਇਸ ਸਮਾਗਮ ਵਿਚ ਪੰਜਾਬ ਹੀ ਨਹੀਂ, ਸਮੁੱਚੇ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਸਿੱਖਾਂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਸ਼ਹੀਦਾਂ ਦੇ ਪਰਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ। ਚਰਚਾ ਇਹ ਹੋਣੀ ਚਾਹੀਦੀ ਸੀ ਕਿ ਹਜ਼ਾਰਾਂ-ਲੱਖਾਂ ਸਿੱਖਾਂ ਦੇ ਠਾਠਾਂ ਮਾਰਦੇ ਇਕੱਠ ਨੇ, ਇਕ ਵੀ ਵਰਦੀਧਾਰੀ ਪੁਲਿਸਕਰਮੀ ਦੀ ਮੌਜੂਦਗੀ ਦੇ ਬਿਨਾਂ, ਪੂਰਨ ਸੰਜੀਦਗੀ ਅਤੇ ਸੂਝ-ਬੂਝ ਨਾਲ ਕੰਮ ਲੈਂਦਿਆਂ, ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰਨ ਦਿੱਤੀ। ਚਰਚਾ ਇਹ ਹੋਣੀ ਚਾਹੀਦੀ ਸੀ ਕਿ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ਗੇਟ 'ਤੇ ਹੀ ਲਿਖ ਕੇ ਚੇਤਾਵਨੀ ਲਗਾਈ ਹੋਈ ਸੀ ਕਿ ਇਸ ਰੋਸ ਸਮਾਗਮ ਵਿਚ ਪੰਜਾਬ ਪੁਲਿਸ, ਸੀ.ਆਈ.ਡੀ. ਅਤੇ ਪੀ.ਟੀ.ਸੀ. ਚੈਨਲ ਦੇ ਨੁਮਾਇੰਦਿਆਂ ਦਾ ਸ਼ਾਮਲ ਹੋਣਾ ਮਨ੍ਹਾ ਹੈ। ਚਰਚਾ ਇਹ ਹੋਣੀ ਚਾਹੀਦੀ ਸੀ ਕਿ ਪ੍ਰੋਗਰਾਮ ਵਿਚ ਪਾਸ ਕੀਤੇ ਗਏ ਮਤਿਆਂ 'ਤੇ ਅਮਲ ਕਿਵੇਂ ਕੀਤਾ ਜਾਵੇ।
ਪਰ ਪ੍ਰੋਗਰਾਮ ਬਾਰੇ ਚਰਚਾ ਇਹ ਸੁਣਨ ਨੂੰ ਮਿਲ ਰਹੀ ਹੈ ਕਿ ਇਸ ਵਿਚ ਆਮ ਆਦਮੀ ਪਾਰਟੀ ਨਾਲ ਸਬੰਧਿਤ ਸੰਸਦ ਮੈਂਬਰ ਭਗਵੰਤ ਮਾਨ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਸ਼ਾਮਲ ਹੋਇਆ ਸੀ। ਉਸ ਤੋਂ ਵੀ ਵੱਡੀ ਅਸਚਰਜ ਦੀ ਗੱਲ ਇਹ ਹੈ ਕਿ ਇਸ ਅਫਵਾਹ ਦਾ ਅਧਾਰ ਕੁਝ ਕੁ ਸਕਿੰਟ ਦੇ ਉਸ ਵੀਡੀਓ ਕਲਿਪ ਨੂੰ ਬਣਾਇਆ ਜਾ ਰਿਹਾ ਹੈ, ਜਿਸ ਵਿਚ ਇਕ ਵਿਅਕਤੀ ਪ੍ਰੋਗਰਾਮ ਤੋਂ ਵਾਪਸ ਜਾ ਰਹੇ ਭਗਵੰਤ ਮਾਨ 'ਤੇ ਚੀਕਦਿਆਂ ਕਹਿ ਰਿਹਾ ਹੈ, ''ਇਹ ਦੱਲਾ ਇੱਥੇ ਸ਼ਰਾਬ ਪੀ ਕੇ ਆਇਆ ਸੀ''। ਵੈਸੇ, ਇਸ ਸਬੰਧ ਵਿਚ ਭਗਵੰਤ ਮਾਨ ਆਪਣਾ ਸਪਸ਼ਟੀਕਰਨ ਖੁਦ ਦੇ ਚੁੱਕਿਆ ਹੈ ਕਿ ਉਹ ਅਰਦਾਸ ਸਮਾਗਮ ਵਿਚ ਸ਼ਰਾਬ ਪੀ ਕੇ ਸ਼ਾਮਲ ਨਹੀਂ ਹੋਇਆ ਸੀ। ਪਰ ਮਸਲੇ ਦੀ ਤਹਿ ਤੱਕ ਜਾਣ ਲਈ ਕੁਝ ਤੱਥਾਂ 'ਤੇ ਗੌਰ ਕਰਨਾ ਜ਼ਰੂਰੀ ਹੈ।
ਭਗਵੰਤ ਮਾਨ ਅਰਦਾਸ ਸਮਾਗਮ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਮੱਥਾ ਟੇਕਣ ਲਈ ਸੁੱਚਾ ਸਿੰਘ ਛੋਟੇਪੁਰ ਦੇ ਨਾਲ, ਪਹਿਲਾਂ ਕਾਫੀ ਚਿਰ ਆਮ ਸੰਗਤਾਂ ਦੀ ਪੰਕਤੀ ਵਿਚ ਖੜਾ ਰਿਹਾ। ਫਿਰ ਕੁਝ ਪ੍ਰਬੰਧਕਾਂ ਨੇ ਉਸਨੂੰ ਪੰਕਤੀ ਤੋਂ ਬਾਹਰ ਲਿਜਾ ਕੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਸਾਹਮਣੇ ਬਿਠਾ ਦਿੱਤਾ। ਮੈਂ ਖੁਦ ਭਗਵੰਤ ਮਾਨ ਤੋਂ ਮਹਿਜ਼ 10-15 ਫੁੱਟ ਦੀ ਦੂਰੀ 'ਤੇ ਮੀਡੀਆਕਰਮੀਆਂ ਵਿਚਕਾਰ ਬੈਠਾ ਹੋਇਆ ਸੀ ਅਤੇ ਮੀਡੀਆਕਰਮੀਆਂ ਦੀ ਭੀੜ ਦੇ ਬਾਵਜੂਦ, ਮੈਂ ਆਪਣੇ ਕੈਮਰੇ ਨਾਲ ਉਸਦੀ ਇਕ ਫੋਟੋ ਵੀ ਖਿੱਚੀ ਸੀ। ਭਗਵੰਤ ਮਾਨ ਲਗਭਗ ਅੱਧਾ ਘੰਟਾ ਗੁਰੂ ਸਾਹਿਬ ਦੇ ਸਰੂਪ ਦੇ ਸਾਹਮਣੇ ਬੈਠਾ ਰਿਹਾ। ਫਿਰ ਮੈਂ ਉਸਨੂੰ ਸਟੇਜ ਦੇ ਉੱਪਰ ਆਉਂਦੇ ਵੇਖਿਆ। ਪਰ ਉਸ ਦੇ ਸਟੇਜ ਦੇ ਆਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ, ਸਟੇਜ ਸਕੱਤਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਬਾਰ-ਬਾਰ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਸਟੇਜ 'ਤੇ ਬਹੁਤ ਜ਼ਿਆਦਾ ਵਿਅਕਤੀ ਆ ਚੁੱਕੇ ਹਨ, ਜਿਨ੍ਹਾਂ ਦੇ ਭਾਰ ਨਾਲ ਸਟੇਜ ਕਿਸੇ ਵੀ ਵਕਤ ਟੁੱਟ ਸਕਦੀ ਹੈ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ਮਾਨ ਸਰੂਪ ਦੀ ਬੇਅਦਬੀ ਹੋ ਸਕਦੀ ਹੈ। ਸ਼ਾਇਦ ਇਸ ਚੇਤਾਵਨੀ ਜਾਂ ਖੁਦ ਨੂੰ ਬੁਲਾਰਿਆਂ ਦੀ ਲਿਸਟ ਵਿਚ ਸ਼ਾਮਲ ਹੋਇਆ ਨਾ ਪਾਉਣ ਕਾਰਨ, ਕੁਝ ਸਮੇਂ ਉਪਰੰਤ ਭਗਵੰਤ ਮਾਨ ਸਟੇਜ ਤੋਂ ਨੀਚੇ ਉਤਰ ਕੇ ਸਮਾਗਮ ਸਥਾਨ ਤੋਂ ਬਾਹਰ ਆ ਗਿਆ। ਜਿਥੋਂ ਉਸਦੇ ਵਾਪਸ ਜਾਂਦੇ ਸਮੇਂ ਉਕਤ ਵੀਡੀਓ ਕਲਿਪ ਬਣਾ ਕੇ ਸੋਸ਼ਲ ਮੀਡੀਆ 'ਤੇ ਫੈਲਾ ਦਿੱਤੀ ਗਈ।
ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਦੇ ਪੰਡਾਲ ਵਿਚ ਅੱਧਾ-ਪੌਣਾ ਘੰਟਾ ਮੌਜੂਦ ਰਹਿਣ ਦੇ ਬਾਵਜੂਦ, ਉੱਥੇ ਮੌਜੂਦ ਹਜ਼ਾਰਾਂ ਸਿੱਖਾਂ ਜਾਂ ਉਸਦੇ ਐਨ ਨਾਲ ਜੁੜ ਕੇ ਬੈਠੇ ਲੋਕਾਂ ਨੂੰ ਉਸ ਦੇ ਮੂੰਹ ਵਿਚੋਂ ਸ਼ਰਾਬ ਦੀ ਗੰਧ ਨਹੀਂ ਆਈ। ਪਰ ਜਦ ਉਹ ਪ੍ਰੋਗਰਾਮ ਤੋਂ ਵਾਪਸ ਜਾ ਰਿਹਾ ਸੀ, ਤਾਂ ਇਕ ਵਿਅਕਤੀ ਨੂੰ ਭਗਵੰਤ ਮਾਨ ਦੇ ਸ਼ਰਾਬ ਪੀ ਕੇ ਸਮਾਗਮ ਵਿਚ ਆਏ ਹੋਣ ਦੀ ਕਿਥੋਂ ਅਕਾਸ਼ਵਾਣੀ ਹੋ ਗਈ। ਜੇਕਰ ਭਗਵੰਤ ਮਾਨ ਆਮ ਦਿਨਾਂ ਵਿਚ ਸ਼ਰਾਬ ਪੀਂਦਾ ਵੀ ਹੋਵੇ (ਭਗਵੰਤ ਮਾਨ ਕੋਈ ਪ੍ਰਚਾਰਕ ਜਾਂ ਮਹਾਤਮਾ ਨਹੀਂ ਬਲਕਿ ਇਕ ਪਤਿਤ ਸਿੱਖ ਹੈ, ਜੋ ਕਿੱਤੇ ਵਜੋਂ ਇਕ ਕਲਾਕਾਰ ਅਤੇ ਸਿਆਸੀ ਤੌਰ 'ਤੇ ਇਕ ਸੰਸਦ ਮੈਂਬਰ ਹੈ), ਤਾਂ ਵੀ ਕੀ ਉਹ ਏਨਾ ਨਾਸਮਝ ਹੈ ਕਿ ਏਨੇ ਮਹੱਤਪੂਰਨ ਧਾਰਮਕ ਸਮਾਗਮ ਵਿਚ ਸ਼ਰਾਬ ਪੀ ਕੇ ਆ ਜਾਵੇ ਅਤੇ ਆਪਣੇ ਅਕਸ ਲਈ ਖੁਦ ਖਤਰਾ ਖੜਾ ਕਰ ਲਵੇ? ਜਿਹੜੇ ਲੋਕ ਅੱਜ ਭਗਵੰਤ ਮਾਨ ਦੇ ਕਥਿਤ ਤੌਰ 'ਤੇ ਸ਼ਰਾਬ ਪੀ ਕੇ ਧਾਰਮਕ ਸਮਾਗਮ ਵਿਚ ਆਉਣ ਬਾਰੇ ਰੌਲਾ ਪਾ ਰਹੇ ਹਨ ਕਿ ਉਨ੍ਹਾਂ ਨੇ ਕਦੇ ਪੰਜਾਬ ਦੀ ਗਲੀ-ਗਲੀ, ਪਿੰਡ-ਪਿੰਡ ਵਿਚ ਸ਼ਰਾਬ ਦੇ ਠੇਕੇ ਖੁਲ੍ਹਵਾਉਣ ਵਾਲੇ ਬਾਦਲਕਿਆਂ ਖਿਲਾਫ ਕੋਈ ਰੋਸ ਪ੍ਰਗਟ ਕਰਨ ਦੀ ਜੁਰਅੱਤ ਕੀਤੀ ਹੈ? ਕੀ ਇਕ ਵਿਅਕਤੀ ਵੱਲੋਂ (ਬਹੁਤ ਸੰਭਾਵਨਾ ਹੈ ਕਿ ਕਿਸੇ ਸੋਚੀ-ਸਮਝੀ ਸਾਜਿਸ਼ ਤਹਿਤ) ਭਗਵੰਤ ਮਾਨ 'ਤੇ ਕੋਈ ਇਲਜ਼ਾਮ ਲਗਾਉਣ ਨਾਲ ਹੀ ਉਹ ਦੋਸ਼ੀ ਸਿੱਧ ਹੋ ਜਾਂਦਾ ਹੈ? ਕੀ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਜਾਂ ਉਸਦਾ ਸਮਰਥਨ ਕਰ ਰਹੇ ਹੋਰਨਾਂ ਲੋਕਾਂ (ਜਿਨ੍ਹਾਂ ਵਿਚੋਂ ਬਹੁਤੇ ਆਮ ਆਦਮੀ ਪਾਰਟੀ ਦੇ ਸਿਆਸੀ ਵਿਰੋਧੀ ਹਨ) ਨੇ ਅਰਦਾਸ ਸਮਾਗਮ ਵਿਚ ਸ਼ਾਮਲ ਹੋਏ ਬਾਕੀ ਸਿਆਸਤਦਾਨਾਂ ਦਾ ਕੋਈ ਐਲਕੋਹਲ-ਟੈਸਟ ਕਰਵਾਇਆ ਸੀ ਕਿ ਉਹ ਲੋਕ ਸ਼ਰਾਬ ਪੀ ਕੇ ਸਮਾਗਮ ਵਿਚ ਸ਼ਾਮਲ ਹੋਏ ਸਨ ਜਾਂ ਬਿਨਾਂ ਸ਼ਰਾਬ ਪੀਤਿਆਂ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਬੜੇ ਸਰਲ ਅਤੇ ਪ੍ਰਤੱਖ ਹਨ ਕਿ ਅਸਲ ਵਿਚ ਕਿਸੇ ਵਿਅਕਤੀ ਨੂੰ ਭਗਵੰਤ ਮਾਨ ਦੇ ਮੂੰਹੋਂ ਸ਼ਰਾਬ ਦੀ ਬੂ ਨਹੀਂ ਆਈ, ਜਿਸ ਕਰਕੇ ਇਹ ਦੋਸ਼ ਸਹੀ ਨਹੀਂ ਮੰਨਿਆ ਜਾ ਸਕਦਾ ਕਿ ਉਹ ਸ਼ਰਾਬ ਪੀ ਕੇ ਸਮਾਗਮ ਵਿਚ ਆਇਆ ਸੀ। ਪਰ ਮੇਰਾ ਇਹ ਲੇਖ ਲਿਖਣ ਦਾ ਮਕਸਦ ਭਗਵੰਤ ਮਾਨ ਬਾਰੇ ਸਫਾਈਆਂ ਪੇਸ਼ ਕਰਨਾ ਨਹੀਂ ਬਲਕਿ ਪਿਛਲੇ 10-12 ਦਿਨਾਂ ਤੋਂ ਧਰਨਿਆਂ 'ਤੇ ਸਿੱਖ ਕਾਰਕੁੰਨਾਂ ਨੂੰ ਇਸ ਪੱਖ ਤੋਂ ਸੁਚੇਤ ਕਰਨਾ ਹੈ ਕਿ ਉਹ ਗੁਰੂ ਸਾਹਿਬ ਦੇ ਸਤਿਕਾਰ, ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਬੇਦੋਸ਼ੇ ਨੌਜਵਾਨਾਂ ਖਿਲਾਫ ਦਰਜ ਝੂਠੇ ਮੁਕੱਦਮੇ ਰੱਦ ਕਰਵਾਉਣ ਦੀ ਆਪਣੀ ਮੁਹਿੰਮ ਨੂੰ ਬਾਦਲਕਿਆਂ ਦੀਆਂ ਕੋਝੀਆਂ ਹਰਕਤਾਂ ਤੋਂ ਬਚਾ ਕੇ ਰੱਖਣ। ਜਿਵੇਂ ਕਿ ਮੈਂ ਉੱਪਰ ਵੀ ਜ਼ਿਕਰ ਕੀਤਾ ਹੈ, ਬਰਗਾੜੀ ਸਮਾਗਮ ਬਾਰੇ ਚਰਚਾ ਤਾਂ ਇਸ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਹੋਣੀ ਚਾਹੀਦੀ ਸੀ - ਪਰ ਭਗਵੰਤ ਮਾਨ ਬਾਰੇ ਬੇਲੋੜੀ ਬਹਿਸ ਅਰੰਭ ਕਰਵਾ ਕੇ ਸਿੱਖਾਂ ਦੀਆਂ ਦੁਸ਼ਮਣ ਧਿਰਾਂ ਸਾਡਾ ਧਿਆਨ ਵਟਾ ਰਹੀਆਂ ਹਨ। ਖਾਲਸਾ ਜੀ, ਧਿਆਨ ਰੱਖਣਾ !! ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੀਆਂ ਘਟਨਾਵਾਂ ਦਾ ਮੁੱਢ ਵੀ ਧਰਨੇ ਦੇ ਰਹੇ ਕਿਸਾਨਾਂ ਅਤੇ ਬਾਪੂ ਸੂਰਤ ਸਿੰਘ ਦੀ ਮੁਹਿੰਮ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਬੰਨ੍ਹਿਆ ਗਿਆ ਸੀ। ਹੁਣ ਵੀ ਜੇਕਰ ਅਸੀਂ ਬਰਗਾੜੀ ਸਮਾਗਮ ਵਿਚ ਪਾਸ ਕੀਤੇ ਗਏ ਮਤਿਆਂ ਨੂੰ ਸਫਲ ਬਣਾਉਣ ਲਈ ਭਵਿੱਖ ਦੀ ਵਿਉਂਤਬੰਦੀ ਉਲੀਕਣ ਦੀ ਬਜਾਏ ਭਗਵੰਤ ਮਾਨ ਦੇ ਸ਼ਰਾਬ ਪੀ ਕੇ ਜਾਂ ਪੀਤੇ ਬਿਨ੍ਹਾਂ ਸਮਾਗਮ ਵਿਚ ਆਏ ਹੋਣ ਦੀ ਬਹਿਸ ਵਿਚ ਹੀ ਉਲਝ ਕੇ ਰਹਿ ਗਏ, ਤਾਂ ਆਰ.ਐਸ.ਐਸ.ਂਬਾਦਲ ਗਠਜੋੜ ਸਾਡਾ ਧਿਆਨ ਆਪਣੇ ਨਿਸ਼ਾਨ ਤੋਂ ਭਟਕਾਉਣ ਅਤੇ ਮੁੜ ਤੋਂ ਸਿੱਖ ਪੰਥ 'ਤੇ ਭਾਰੂ ਹੋਣ ਵਿਚ ਕਾਮਯਾਬ ਹੋ ਜਾਵੇਗਾ। ਇਸਲਈ ਇਸ ਬੇਲੋੜੀ ਬਹਿਸ ਨੂੰ ਅੱਗੇ ਤੋਰ 'ਤੇ ਬਾਦਲਕਿਆਂ ਦੀ ਕੁਲ੍ਹਾੜੀ ਦਾ ਦਸਤਾ ਬਣਨ ਦੀ ਬਜਾਏ, ਪੰਥਕ ਪ੍ਰਚਾਰਕਾਂ ਦੀ ਮਦਦ ਵੱਲ ਧਿਆਨ ਦੇਈਏ ਅਤੇ ਅਕਾਲ ਤਖਤ ਸਾਹਿਬ ਨੂੰ ਬਾਦਲਕਿਆਂ ਦੀਆਂ ਕਠਪੁਤਲੀਆਂ ਤੋਂ ਅਜ਼ਾਦ ਕਰਵਾਉਣ ਦੇ ਪ੍ਰੋਗਰਾਮ ਦੀ ਸਾਰਥਕ ਯੋਜਨਾ ਉਲੀਕੀ ਜਾਵੇ ਜੀ। ਬਾਕੀ ਰੱਬ ਰਾਖਾ !!ਬੇਨਤੀ ਕਰਤਾ :
ਐਡਵੋਕੇਟ ਸਰਬਜੀਤ ਸਿੰਘ, ਨਵੀਂ ਦਿੱਲੀ
ਮਿਤੀ : 27 ਅਕਤੂਬਰ 2015