ਧਰਮ ਨੂੰ ਰਾਜਨੀਤੀ ਦੀ ਪਕੜ ਤੋਂ ਬਚਾਉਣਾ ਸਮੇ ਦੀ ਵੱਡੀ ਲੋੜ !!
ਅਜੋਕੇ ਰਾਜਨੀਤਕ ਮਹੌਲ ਵਿੱਚ ਪਲਿਆ ਇਨਸਾਨ ਇਹ ਸਮਝਦਾ ਹੈ ਕਿ ਅੱਜ ਦੇ ਸਮੇ ਰਾਜਨੀਤਕ ਸ਼ਕਤੀ ਹਥਿਆਉਣਾ ਹੀ ਸਭ ਤੋਂ ਵੱਡੀ ਤਾਕਤ ਹਾਸਲ ਕਰਨਾ ਹੈ। ਰਾਜਨੀਤੀ ਹਥਿਆਉਂਦਾ ਉਹ ਇਹ ਜਾਣ ਜਾਂਦਾ ਹੈ ਕਿ ਸਿੱਧੇ-ਸਾਧੇ ਲੋਕ ਧਰਮ ਦਾ ਸਤਿਕਾਰ ਕਰਦੇ ਹੋਏ ਧਰਮ ਤੋਂ ਸਭ ਕੁਝ ਵਾਰਨ ਲਈ ਤਿਆਰ ਹੋ ਜਾਦੇ ਹਨ, ਸੋ ਕਿਓਂ ਨਾ ਉਹਨਾਂ ਦੀ ਇਸ ਸ਼ਰਧਾਲੂ ਭਾਵਨਾ ਦਾ ਫਾਇਦਾ ਉਠਾਇਆ ਜਾਵੇ। ਮੀਰੀ-ਪੀਰੀ ਜਾਂ ਧਰਮ-ਰਾਜਨੀਤੀ ਦੇ ਸੁਮੇਲ ਦੇ ਕੇਵਲ ਆਪਣੇ ਸਵਾਰਥੀ ਹਿਤਾਂ ਲਈ ਅਰਥ ਕਰਦਿਆਂ ਰਾਜਨੀਤਕ ਲੋਕ ਇਹਨਾ ਸ਼ਬਦ-ਜੁੱਟਾਂ ਦੀ ਗਲਤ ਵਰਤੋਂ ਰਾਹੀਂ ਅਸਲ ਵਿੱਚ ਧਰਮ ਤੇ ਰਾਜਨੀਤੀ ਨੂੰ ਠੋਸਣ ਦਾ ਯਤਨ ਕਰ ਰਹੇ ਹੁੰਦੇ ਹਨ।
ਗੁਰੂ ਸਾਹਿਬਾਂ ਨੇ ਕਦੇ ਵੀ ਧਰਮ ਤੇ ਰਾਜਨੀਤੀ ਨੂੰ ਬਰਾਬਰ ਜਾਂ ਰਲਗੱਡ ਨਹੀਂ ਸੀ ਕੀਤਾ ਸਗੋਂ ਸਦਾ ਧਰਮ ਨੂੰ ਉੱਪਰ ਰੱਖਿਆ ਸੀ। ਵੈਸੇ ਵੀ ਧਰਮ ਗੁਣ ਰੂਪੀ ਸਚਾਈ ਹੈ ਜਦ ਕਿ ਰਾਜਨੀਤੀ ਕੇਵਲ ਸ਼ਤਰੰਜੀ ਚਾਲਾਂ ਵਾਲਾ ਝੂਠ ਫਰੇਬ ਅਤੇ ਹਰ ਜਾਇਜ/ਨਜਾਇਜ ਤਰੀਕੇ ਰਾਜਸੀ ਗੱਦੀ ਹਥਿਆਉਣ ਦਾ ਢੰਗ। ਇਹ ਦੋਵੇਂ ਇਕੱਠੇ ਹੋ ਹੀ ਨਹੀਂ ਸਕਦੇ। ਗੁਰੂ ਸਾਹਿਬਾਂ ਤਾਂ ਰਾਜਨੀਤੀ ਨੂੰ ਧਰਮ ਦਾ ਕੁੰਡਾ ਦਿੱਤਾ ਸੀ ਕਿ ਅਗਰ ਸਾਸ਼ਕ ਰੱਬ ਦੇ ਭੈਅ ਵਾਲੇ ਹੋਣਗੇ, ੳਹਨਾਂ ਨੂੰ ਆਪਣੀ ਪਰਜਾ ਦੇ ਹਰ ਇਨਸਾਨ ਵਿੱਚ ਰੱਬ ਨਜਰ ਆਵੇਗਾ ਤਾਂ ਉਹ ਸਮਾਜ ਦਾ ਕਦੇ ਬੁਰਾ ਨਹੀਂ ਕਰ ਸਕਣਗੇ। ਪਰ ਅੱਜ ਕਲ ਰਾਜਨੀਤਕ ਲੋਕ ਧਾਰਮਿਕ ਸ਼ਰਧਾ ਨੂੰ ਆਪਣੇ ਹਿੱਤ ਵਿੱਚ ਭਗਤਾਉਣ ਨੂੰ ਹੀ ਧਰਮ-ਰਾਜਨੀਤੀ ਦਾ ਸੁਮੇਲ ਕਰਨਾ ਆਖ ਰਹੇ ਹਨ।
ਸਿੱਖ ਰਾਜਨੀਤਕਾਂ ਨੇ ਛੇਵੇਂ ਨਾਨਕ ਦੇ ਮੁਗਲੀਆ ਹਕੂਮਤ ਨੂੰ ਚੈਲੇਂਜ ਵਜੋਂ ਬਣਾਏ ਤਖਤ ਨੂੰ ਅਕਾਲ-ਤਖਤ ਦਾ ਨਾਮ ਦੇਕੇ ਇਸੇ ਕਾਰਜ ਨੂੰ ਕਰਨ ਦੀ ਨੀਤੀ ਧਾਰੀ ਹੋਈ ਹੈ। ਜਾਣੇ ਅਣਜਾਣੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਇਸ ਤਖਤ ਨੂੰ ਉੱਪਰ ਕਰਨ ਲਈ ਅਕਾਲ ਤਖਤ ਦਾ ਸਰਬ ਉੱਚ ਹੋਣਾ ਵੀ ਸੰਗਤਾਂ ਦੇ ਜਿਹਨ ਵਿੱਚ ਵਸਾ ਦਿੱਤਾ ਗਿਆ ਹੈ ਜਦ ਕਿ ਅਸੀਂ ਸਭ ਜਾਣਦੇ ਹਾਂ ਕਿ ਸਿੱਖ ਲਈ ਸਰਬ ਉੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਸਰਬ ਉੱਚ ਕੇਵਲ ਇਕ ਹੁੰਦਾ ਹੈ ਦੋ ਨਹੀਂ । ਅਸਲ ਵਿੱਚ ਰਾਜਨੀਤੀ ਦੀ ਮਨਸ਼ਾ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤਖਤ ਨੂੰ ਉੱਚਿਆਂ ਦਿਖਾਕੇ ਸਭ ਸਿੱਖਾਂ ਨੂੰ ਤਖਤ ਅੱਗੇ ਝੁਕਦਾ ਕਰ ਉੱਥੋਂ ਹੋਏ ਰਾਜਨੀਤਕ ਫੈਸਲਿਆਂ ਨੂੰ ਰੱਬੀ ਫੈਸਲੇ ਗਰਦਾਨਕੇ ਸੰਗਤਾਂ ਨੂੰ ਮੰਨਣ ਲਈ ਮਜਬੂਰ ਕਰਕੇ ਆਪਣਾ ਉੱਲੂ ਸਿੱਧਾ ਕਰਨਾ ਹੈ।
ਕਾਰਜ ਪ੍ਰਣਾਲੀ, ਕਾਰਜ ਖੇਤਰ ਅਤੇ ਕਾਰਜ ਵਿਧੀ ਤੋਂ ਬਗੈਰ ਕੇਵਲ ਆਪਣੀ ਨੀਤੀ ਰਾਹੀਂ ਜਗਿਆਸੂ ਸੰਗਤਾਂ ਨੂੰ ਅਕਾਲ ਤਖਤ ਇਕ ਫਲਸਫਾ ਆਖ ਪਤਿਆਉਣਾ ਵੀ ਰਾਜਨੀਤਕਾਂ ਦੀ ਚਾਲ ਦਾ ਹਿੱਸਾ ਹੈ ਜਦ ਕਿ ਇਕ ਇਮਾਰਤ ਦੇ ਅਖੌਤੀ ਪ੍ਰਬੰਧਕ ਨੂੰ ਜੱਥੇਦਾਰ ਆਖ, ਪ੍ਰਾਚੀਨ ਕਾਲ ਤੋਂ ਵੱਖ ਵੱਖ ਜੱਥਿਆਂ ਦੀ ਪ੍ਰਤੀਨਿਧਤਾ ਕਰਦੇ ਜੱਥਿਆਂ ਦੇ ਜੱਥੇਦਾਰਾਂ ਦੀ ਉਪਾਧੀ ਨਾਲ ਬੁਲਾਉਣਾ, ਉਹਨਾਂ ਬਿਖੜੇ ਸਮਿਆਂ ਵਿੱਚ ਸਿਰ ਦੀ ਬਾਜੀ ਲਾਕੇ ਕੌਮ ਨੂੰ ਅਗਵਾਈ ਦੇਣ ਵਾਲੇ ਜੱਥੇਦਾਰਾਂ ਦੀ ਬੇ-ਇੱਜਤੀ ਕਰਨ ਬਰਾਬਰ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅਗਰ ਸਾਨੂੰ ਉਹਨਾ ਜੱਥੇਦਾਰਾਂ ਤੇ ਮਾਣ ਹੈ ਤਾਂ ਅੱਜ ਦੇ ਰਾਜਨੀਤਕਾਂ ਨੂੰ ਅਜਿਹੇ ਜੱਥੇਦਾਰ ਵਰਗੇ ਲਕਬ ਦੇਣੇ ਤੁਰੰਤ ਬੰਦ ਕਰ ਦੇਣੇ ਚਾਹੀਦੇ ਹਨ ।
ਅਸੀਂ ਸਭ ਜਾਣਦੇ ਹਾਂ ਕਿ ਛੇਵੇਂ ਨਾਨਕ ਇਸ ਤਖਤ ਤੇ ਬੈਠਦੇ ਸਨ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਸ ਤਖਤ ਤੇ ਕੇਵਲ ਗੁਰੂ ਹੀ ਬੈਠ ਸਕਦੇ ਹਨ । ਅਗਰ ਅੱਜ ਦੇ ਸਮੇ ਇਸ ਤਖਤ ਉੱਪਰ ਕੋਈ ਬਿਰਾਜਮਾਨ ਅਖਵਾ ਸਕਦਾ ਹੈ ਤਾਂ ੳਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹੋ ਸਕਦੇ ਹਨ ਜੱਥੇਦਾਰੀ ਦੀ ਆੜ ਵਿੱਚ ਕੋਈ ਮਨੁੱਖ ਨਹੀਂ । ਰਾਜ, ਤਖਤ ਜਾਂ ਅਕਾਲ ਤਖਤ ਦਾ ਸਿਧਾਂਤ ਵੀ ਕੇਵਲ ਓਹ ਹੀ ਹੋ ਸਕਦਾ ਹੈ ਜੋ ਗੁਰੂ ਗ੍ਰੰਥ ਸਾਹਿਬ ਵਿਚਲੇ ਗੁਰ ਉਪਦੇਸ਼ਾਂ ਰਾਹੀਂ ਪ੍ਰਗਟ ਹੋ ਰਿਹਾ ਹੋਵੇ। ਸੋ ਛੇਵੇਂ ਨਾਨਕ ਦੇ ਸਿਰਜੇ ਇਸ ਤਖਤ ਦੀ ਬਹਾਲੀ ਲਈ ਇਹ ਬਹੁਤ ਜਰੂਰੀ ਹੈ ਕਿ ਇਸ ਤਖਤ/ਅਕਾਲ ਤਖਤ ਦੇ ਬਣਾਏ ਗਏ ਜੱਥੇਦਾਰ ਦੀ ਪ੍ਰਥਾ ਤੁਰੰਤ ਬੰਦ ਕਰ ਦਿੱਤੀ ਜਾਵੇ ਤਾਂ ਕਿ ਰਾਜਨੀਤੀ ਰਾਹੀਂ ਧਰਮ ਦੀ ਦੁਰਵਰਤੋਂ ਖਤਮ ਕਰੀ ਜਾ ਸਕੇ।
ਵੈਸੇ ਆਪਾਂ ਸਭ ਦੇਖ ਰਹੇ ਹਾਂ ਕਿ ਇਹ ਜੱਥੇਦਾਰ ਜੋ ਰਾਜਨੀਤਕਾਂ ਦੇ ਹੁਕਮ ਸੁਣਾਉਂਦੇ ਹਨ ਉਹ ਸ਼ਰੋਮਣੀ ਕਮੇਟੀ ਦੇ ਮੁਲਾਜਮ ਹਨ । ਸ਼ਰੋਮਣੀ ਕਮੇਟੀ ਅਕਾਲੀ ਦਲ ਦੇ ਹੇਠਾਂ ਵਿਛਾ ਲਈ ਗਈ ਹੈ ਅਤੇ ਅਕਾਲੀ ਦਲ ਆਪਣੀਆਂ ਰਾਜਸੀ ਲਾਲਸਾਵਾਂ ਕਾਰਣ ਕੇਂਦਰੀ ਸਰਕਾਰ ਜਾਂ ਕੁਝ, ਦੇਸ਼ ਨੂੰ ਕੰਟਰੋਲ ਕਰ ਰਹੀਆਂ ਫਿਰਕੂ ਜੱਥੇਬੰਦੀਆਂ ਦੇ ਪ੍ਰਭਾਵ ਅਧੀਨ ਹੈ। ਸੋ ਸਪੱਸ਼ਟ ਹੈ ਕਿ ਇਹ ਤਖਤ ਆਜਾਦ ਨਹੀਂ ਹੈ ਕੇਵਲ ਰਾਜਨੀਤਕਾਂ ਦੀ ਕਠਪੁਤਲੀ ਹੈ । ਇਹ ਉੱਪਰ ਤੋਂ ਚੱਲੀ ਕੜੀ ਜੋ ਆਮ ਸਿੱਖ ਨੂੰ ਪਰਭਾਵਤ ਕਰ ਮੂਰਖ ਬਣਾ ਰਹੀ ਹੈ ਨੂੰ ਤੋੜਨਾ ਬੇਹੱਦ ਜਰੂਰੀ ਹੈ। ਜੱਥੇਦਾਰੀ ਪ੍ਰਥਾ ਨੂੰ ਤੁਰੰਤ ਰੱਦ ਕਰਕੇ ਇਸ ਸਿੱਖ ਤਖਤ/ਅਕਾਲ ਤਖਤ ਨੂੰ ਅਜਾਦ ਕਰਵਾਇਆ ਜਾ ਸਕਦਾ ਹੈ ਤਾਂ ਕਿ ਕੋਈ ਵੀ ਕਿਸੇ ਰਾਜਨੀਤਕ ਕੁਚਾਲ ਵੱਲੋਂ ਆਇਆ ਹੁਕਮ ਤਖਤ ਰਾਹੀਂ ਸੰਗਤਾਂ ਤੇ ਅਸਰ ਨਾ ਪਾ ਸਕੇ। ਇਸ ਕੜੀ ਦਾ ਟੁੱਟ ਜਾਣਾ ਹੀ ਧਰਮ ਨੂੰ ਰਾਜਨੀਤਕਾਂ ਦੀ ਚਾਲ ਤੋਂ ਬਚਾਉਣਾ ਹੈ ਅਤੇ ਅਕਾਲ ਤਖਤ ਦਾ ਆਜਾਦ ਹੋਣਾ ਹੈ। ਇਹ ਕੰਮ ਕਿਤੇ ਵੀ ਪੰਥ ਦੇ ਇਕੱਠ ਵਿੱਚ ਜਾਂ ਤਖਤ ਤੇ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਕੀਤਾ ਜਾ ਸਕਦਾ ਹੈ ਜਿਸ ਵਿੱਚ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਣ ਤਕ ਕੀਤੀ ਗਈ ਅਵੱਗਿਆ ਦੀ ਮਾਫੀ ਮੰਗ ਤੁਰੰਤ ਤਖਤ ਗੁਰੂ ਜੀ ਦੇ ਸਪੁਰਦ ਕਰ ਦੇਣ ਦੀ ਬੇਨਤੀ ਕਰੇ।
ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)