ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ? (ਭਾਗ ਚੌਥਾ)
ਸਰਬੱਤ-ਖਾਲਸਾ ਰਾਹੀਂ ਪਰਾਪਤ ਕੀਤਾ ਜਾਣ ਵਾਲਾ ਟੀਚਾ ?
ਅਜਿਹੇ ਸਰਬੱਤ-ਖਾਲਸਾ ਇਕੱਠਾਂ ਵਿਚ ਪੰਥ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ ਹੋ ਸਕਦੀ ਹੈ, ‘ਗੁਰਮਤਾ’ ਅਤੇ ‘ਮਤਾ’ ਕੀਤਾ ਜਾ ਸਕਦਾ ਹੈ, ਪਰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਇਨ੍ਹਾਂ ਸਰਬੱਤ-ਖਾਲਸਾ ਇਕੱਠਾਂ ਦਾ ਟੀਚਾ ਖਾਲਸਾ ਰਾਜ ਹੋਣਾ ਚਾਹੀਦਾ ਹੈ।
(‘ਗੁਰਮਤਾ’ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੂਰੇ ਪੰਥ ਦੇ ਸਮੁਚੇ ਮਸਲ੍ਹਿਆਂ ਤੇ ਹੁੰਦਾ ਹੈ ਅਤੇ ‘ਮਤਾ’ ਲੋਕਲ ਸੰਗਤ ਦੇ ਮਸਲ੍ਹਿਆਂ ਤੇ ਹੁੰਦਾ ਹੈ, ਦੋਵਾਂ ਦਾ ਕੇਂਦਰ-ਬਿੰਦੂ ‘ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ, ਅਤੇ ਟੀਚਾ ਖਾਲਸਾ ਰਾਜ ਹੁੰਦਾ ਹੈ)
ਖਾਲਸਾ ਰਾਜ ਕੀ ਹੈ ?
ਖਾਲਸਾ ਰਾਜ ਬਾਰੇ ਵਿਚਾਰ ਕਰਨ ਤੋਂ ਪਹਿਲਾਂ, ਜੋ ਕੁਝ ਸਾਨੂੰ ਅੱਜ ‘ਖਾਲਸਾ ਰਾਜ’ ਦੇ ਨਾਮ ਤੇ, ‘ਖਾਲਿਸਤਾਨ’ ਦੇ ਨਾਮ ਤੇ ਜਾਂ ‘ਸਿੱਖਾਂ ਦੇ ਘਰ’ ਦੇ ਨਾਮ ਤੇ, ਲੀਡਰਾਂ ਵਲੋ ਪਰੋਸਿਆ ਜਾ ਰਿਹਾ ਹੈ, ਉਸ ਬਾਰੇ ਵਿਚਾਰ ਕਰ ਲੈਣੀ ਜ਼ਰੂਰੀ ਹੈ, ਜੋ ਸਾਨੂੰ ਅਸਲੀਅਤ ਦੀ ਜਾਣਕਾਰੀ ਹੋ ਸਕੇ।
ਖਾਲਸਾ ਰਾਜ ਦੀ ਥਾਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਕਿਉਂਕਿ ਸਿੱਖ ਲੀਡਰ ਗੁਰਮਤਿ ਤੋਂ ਜ਼ਿਆਦਾ, ਅੱਜ ਦੇ ਹਾਲਾਤ ਤੋਂ ਪਰਭਾਵਤ ਹਨ। ਸੇਵਾ ਦੇ ਨਾਮ ਤੇ, ਰਾਜ-ਗੱਦੀਆਂ, ਮਾਇਆ ਦੇ ਪੁਜਾਰੀ ਹਨ ਅਤੇ ਹਉਮੈ ਦੀ ਸੋਚ ਵਾਲੇ ਹਨ।
(ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ, ਮੈਂ ਆਪਣੇ ਇਕ ਵੀਰ (ਇਤਿਹਾਸਕਾਰ) ਦੇ ਕੁਝ ਲਫਜ਼ ਤੁਹਾਡੇ ਸਾਮ੍ਹਣੇ ਰੱਖ ਕੇ ਫਿਰ ਅਗਾਂਹ ਵਧਦਾ ਹਾਂ। ਵੀਰ ਜੀ ਦਾ ਨਾਮ ਨਹੀਂ ਲਿਖ ਰਿਹਾ, ਕਿਉਂਕਿ ਅੱਜ ਅਸੀਂ ਸਿਧਾਂਤਾਂ ਨਾਲੋਂ ਨਾਵਾਂ ਅਤੇ ਬੰਦਿਆਂ ਨੂੰ ਜ਼ਿਆਦਾ ਪਿਆਰ ਕਰਦੇ ਹਾਂ ਅਤੇ ਸਿਧਾਂਤ-ਹੀਣਤਾ ਨਾਲੋਂ ਬੰਦਿਆਂ ਅਤੇ ਨਾਵਾਂ ਨਾਲ ਨਫਰਤ ਕਰਦੇ ਹਾਂ। ਖੈਰ ਵੀਰ ਜੀ ਦੇ ਲਫਜ਼ ਇਵੇਂ ਹਨ।)
“ ਜਿਉਂ-ਜਿਉਂ ਸਿੱਖਾਂ ਕੋਲ ਤਾਕਤ ਆਉਂਦੀ ਗਈ, ਦੌਲਤ ਮਿਲਣ ਲੱਗ ਪਈ, ਲੋਕ ‘ਸਿਰਦਾਰ’ ਕਹਿ ਕੇ ਸਿਰ ਝੁਕਾ ਕੇ ਸਲਾਮਾਂ ਕਰਨ ਲੱਗ ਪਏ ਤਾਂ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਆਪਣਾ-ਆਪ ‘ਕੁਝ ਹੋਰ ਹੀ’ ਲੱਗਣ ਲੱਗ ਪਿਆ। ਹੌਲੀ-ਹੌਲੀ ਉਨ੍ਹਾਂ ਨੇ ਨਿਜ਼ਾਮ ਚਲਾਉਣ ਵਾਸਤੇ, ਲੇਖਾ ਰੱਖਣ ਵਾਲੇ, ਖੱਤ ਲਿਖਣ ਵਾਲੇ ‘ਅਫਸਰ’ ਵੀ ਲਾਉਣੇ ਸ਼ੁਰੂ ਕਰ ਦਿੱਤੇ। ਇਹ ਸਾਰੇ ਮੁਲਾਜ਼ਿਮ ਗੈਰ-ਸਿੱਖ ਤੇ ਵਧੇਰੇ ਕਰ ਕੇ ਹਿੰਦੂ ਸਨ ਤੇ ਕੁਝ ਪੰਜਾਬੀ ਖੱਤਰੀ ਵੀ ਸਨ। ਇਨ੍ਹਾਂ ਦਾ ਇਕ ਵੱਡਾ ਹਿੱਸਾ ਪਹਿਲਾਂ ਕਿਸੇ-ਨਾ-ਕਿਸੇ ਮੁਗਲ ਜਾਂ ਹਿੰਦੂ ਰਾਜੇ, ਵਜ਼ੀਰ, ਅਮੀਰ, ਨਵਾਬ, ਫੌਜਦਾਰ, ਨਾਇਬ ਵਗੈਰਾ ਕੋਲ ਕੰਮ ਕਰਦਾ ਰਿਹਾ ਸੀ, ਤੇ ਉਨ੍ਹਾਂ ਕੋਲ ਉਸ ਨਿਜ਼ਾਮ ਦਾ ਤਜਰਬਾ ਹੀ ਨਹੀਂ, ਬਲਕਿ ਆਦਤਾਂ ਵੀ ਕਾਇਮ ਸਨ। ਹਿੰਦੂ ਰਜਵਾੜਿਆਂ, ਨਵਾਬਾਂ ਤੇ ਜ਼ਿਮੀਦਾਰਾਂ ਦੇ ਤੌਰ-ਤਰੀਕੇ ਵੀ ਵਧੇਰੇ ਕਰ ਕੇ ਮੁਗਲਾਂ ਵਰਗੇ ਹੀ ਸਨ, ਤੇ ਇਸ ਕਰ ਕੇ ਉਨ੍ਹਾਂ ਦੇ ਮੁਲਾਜ਼ਮ (ਅਫਸਰ) ਵੀ ਮੁਗਲਾਂ ਵਾਲੀ ਫਿਤਰਤ ਰਖਦੇ ਸਨ। ਇਸ ਫਿਤਰਤ ਵਿਚ ਹੁਕਮ ਕਰਨਾ, ਅਯਾਸ਼ੀ, ਧੱਕੇ-ਸ਼ਾਹੀ, ਕੁਨਬਾ-ਪਰਵਰੀ, ਨਸ਼ੇ, ਵੱਡੀ ਗਿਣਤੀ ਵਿਚ ਔਰਤਾਂ ਰੱਖਣਾ ਵੀ ਸ਼ਾਮਿਲ ਸੀ। ਜਦੋਂ ਸਿੱਖ ‘ਮਿਸਲ-ਦਾਰਾਂ’ ਨੇ ਆਪਣੇ ਨਿਜ਼ਾਮ ਵਾਸਤੇ ਇਹ ਅਹਿਲਕਾਰ ਭਰਤੀ ਕੀਤੇ ਤਾਂ ਉਨ੍ਹਾਂ ਵਿਚੋਂ ਬਹੁਤੇ ਇਨ੍ਹਾਂ ਸਾਬਕਾ ਅਹਿਲਕਾਰਾਂ ਵਿਚੋਂ ਹੀ ਸਨ ਤੇ ਜਾਂ ਇਸ ਕਿਸਮ ਦੇ ਲੋਕ ਹੀ ਸਨ।
ਦੂਜਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜੂਝਣ ਵਾਲਿਆਂ ਵਿਚ ਬਹੁਤੇ ਗੁਰੂ ਸਾਹਿਬ ਦੇ ਨੇੜੇ ਰਹਿਣ ਵਾਲੇ ਸਿੱਖ ਸਨ, ਜਾਂ ਹੋਰ ਹਜ਼ੂਰੀ ਸਿੱਖਾਂ ਦੀ ਔਲਾਦ ਸਨ। ਜਦ ਬਾਬਾ ਜੀ ਨੇ ਕੁਝ ਇਲਾਕੇ ਜਿੱਤ ਲੲੈ ਤਾਂ ਸਿੱਖਾਂ ਦੇ ਨਾਲ-ਨਾਲ ਬਹੁਤ ਸਾਰੇ ਹਿੰਦੂ (ਗੁੱਜਰ, ਜਾਟ ਤੇ ਰਾਜਪੂਤ) ਵੀ ਉਸ ਦੀ ਫੌਜ ਵਿਚ ਸ਼ਾਮਿਲ ਹੋ ਗੲੈ। ਪਰ ਇਨ੍ਹਾਂ ਦਾ ਨਿਸ਼ਾਨਾ ਸਿਰਫ-ਤੇ-ਸਿਰਫ ਲੁੱਟ-ਮਾਰ ਕਰਨਾ ਹੀ ਸੀ। (ਹਿਸਟਰੀ ਆਫ ਦਾ ਸਿਖਜ਼, ਹਰੀ ਰਾਮ ਗੁਪਤਾ) ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਦਾ ਦੌਰ ਆਇਆ ਤਾਂ ਇਹ ਸਾਰੇ ਹਿੰਦੂ ਦਾੜ੍ਹੀ-ਕੇਸ ਮੁਨਵਾ ਕੇ ਫੇਰ ਆਪਣੇ ‘ਅਸਲੀ’ ਰੂਪ ਵਿਚ ਆ ਗਏ। (ਹਿੰਦੂ ਬਣ ਗਏ)
1753 ਵਿਚ ਮੀਰ ਮਨੂੰ ਦੀ ਮੌਤ ਮਗਰੋਂ, ਜਦ ਸਿੱਖਾਂ ਦੇ ਦਿਨ ਫਿਰੇ ਅਤੇ ਮੁਗਲ ਤੇ ਅਫਗਾਨ ਕਮਜ਼ੋਰ ਹੋਣ ਲੱਗ ਪਏ, ਤਾਂ ਬਹੁਤ ਸਾਰੇ ਪੰਜਾਬੀ ਹਿੰਦੂ-ਜੱਟ ਵੀ ਸਿੱਖ ਫੌਜ ਦਾ ਹਿੱਸਾ ਬਣ ਗਏ। ਉਨ੍ਹਾਂ ਦਾ ਨਿਸ਼ਾਨਾ ਨਾ ਤਾਂ ਸਿੱਖੀ ਸੀ ਅਤੇ ਨਾ ਹੀ ਜ਼ੁਲਮ ਦਾ ਨਾਸ਼ ਕਰ ਕੇ ‘ਹਲੇਮੀ-ਰਾਜ’ ਕਾਇਮ ਕਰਨਾ ਸੀ। ਉਹ ਜਾਂ ਤਾਂ ਜ਼ੁਲਮ ਜਾਂ ਗਰੀਬੀ ਤੋਂ ਤੰਗ ਆਏ ਹੋਏ, ਸਿੱਖ ਫੌਜਾਂ ਵਿਚ ਸ਼ਾਮਲ ਹੋਏ ਸਨ, ਤੇ ਜਾਂ ਉਹ ਸਿੱਖ ਰਾਜ ਦੇ ਆਉਣ ਦੀ ਉਮੀਦ ਵਿਚ, ਤਾਕਤ ਵਿਚ ਆਉਣ ਦੀ ਸੋਚ ਨਾਲ ਖਾਲਸਾ ਫੌਜ ਦੇ ਨੇੜੇ ਆਏ ਸਨ।
ਜਦੋਂ ਸਿੱਖ ਮਿਸਲਾਂ ਦੇ ਹੱਥ ਵਿਚ ਹਕੂਮਤ ਆਈ, ਤਾਂ ਇਹ ਤਾਕਤ ਤੇ ਦੌਲਤ ਦੀ ਲੁੱਟ ਕਰਨ ਆਏ ਨਵੇਂ ਸਜੇ ਅਖੌਤੀ ਤੇ ਨਵੇਂ ਸਿੱਖ ਪਹਿਲਾਂ-ਪਹਿਲ ਤਾਂ ‘ਸਿੱਖ ਕਾਮਨਵੈਲਥ’ ਦੀ ਸੋਚ ਨਾਲ ਚਲਦੇ ਰਹੇ। ਪਰ ਜਦੌਂ ਜੱਸਾ ਸਿੰਘ ਆਹਲੂਵਾਲੀਆ, ਬੁਢਾਪੇ ਦੇ ਆਖਰੀ ਹਿੱਸੇ ਵਿਚ ਆਇਆ ਤਾਂ ਉਸ ਦੀ ਕਮਾਂਡ ਕਮਜ਼ੋਰ ਹੋ ਗਈ। ਦੂਜਾ, ਮਿਸਲਾਂ ਦੇ ਆਗੂ ਹੁਣ ਦੌਲਤ ਤੇ ਤਾਕਤ ਵਾਲੇ ਬਣ ਚੁੱਕੇ ਸਨ, ਤੇ ਉਹ ਹੌਲੀ-ਹੌਲੀ ਆਪਣੇ-ਆਪ ਨੂੰ ਹਾਕਮ ਵੀ ਸਮਝਣ ਲੱਗ ਪਏ ਸਨ। ਇਨ੍ਹਾਂ ਵਿਚੋਂ ਬਹੁਤੇ, ਸਿੱਖ ਫਲਸਫੇ ਅਤੇ ਸਿੱਖ ਜੀਵਨ-ਜਾਂਚ ਤੋਂ ਤਕਰੀਬਨ ਕੋਰੇ ਹੀ ਸਨ।
ਤੀਜਾ, ਇਨ੍ਹਾਂ ਸਮਿਆਂ ਵਿਚ ਪੜ੍ਹੇ-ਲਿਖੇ ਹਿੰਦੂ, ਖਾਸ ਕਟ ਬ੍ਰਾਹਮਣ ਅਤੇ ਖੱਤਰੀ ਹਿੰਦੂ, ਸਿੱਖ ਮਿਸਲਾਂ ਦੇ ਆਗੂਆਂ ਦੇ ਨੇੜੇ ਹੋਣ ਲੱਗ ਪਏ।
ਉਹ ਉਨ੍ਹਾਂ ਨੂੰ ਲਿਖਤ-ਪੜ੍ਹਤ ਕਰਨ ਅਤੇ ਹਿਸਾਬ-ਕਿਤਾਬ ਰੱਖਣ ਵਿਚ ਮਦਦ ਕਰਨ ਲੱਗ ਪਏ। ਹੌਲੀ-ਹੌਲੀ ਉਹ ਮਿਸਲਦਾਰਾਂ ਦੇ ਦੀਵਾਨ (ਵਜ਼ੀਰ) ਬਣ ਗਏ ਤੇ ਅਖੀਰ ਉਹ ਇਨ੍ਹਾਂ ਆਗੂਆਂ ਨੂੰ ਆਪਣੀ ਮਰਜ਼ੀ ਨਾਲ ਚਲਾਉਣ ਲੱਗ ਪਏ। ਉਹ ਅਨਪੜ੍ਹ ਮਿਸਲਦਾਰਾਂ ਨੂੰ ‘ਸਿਆਸਤ ਦੇ ਗੁਰ ਵੀ ਸਿਖਾਉਣ ਲੱਗ ਪਏ।
ਬੱਸ ਏਸੇ ਮਾਹੌਲ ਨੇ ਹੀ ਸਿੱਖ ਆਗੂਆਂ ਵਿਚ ‘ਹਾਕਮ’ ਹੋਣ ਦਾ ਅਹਿਸਾਸ ਭਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਇੰਤਜ਼ਾਮ ਅਤੇ ਰਾਖੀ ਹੇਠਲੇ ਇਲਾਕਿਆਂ ਨੂੰ ਆਪਣੀ ਰਿਆਸਤ ਸਮਝਣ ਲੱਗ ਪਏ। ਛੇਤੀ ਹੀ ਉਨ੍ਹਾਂ ਨੇ ਹੋਰ ਇਲਾਕੇ ਅਤੇ ਤਾਕਤ ਹਾਸਲ ਕਰਨ ਵਾਸਤੇ, ਇਕ-ਦੂਜੇ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਨੇ ਈਰਖਾ, ਲੁੱਟ, ਭਰਾ ਮਾਰੂ ਜੰਗ, ਧੱਕੇ ਸ਼ਾਹੀ ਅਤੇ ਖੁਦ-ਗਰਜ਼ੀ ਵਾਲੀ ਸੋਚ ਨੂੰ ਜਨਮ ਦਿੱਤਾ।
ਇਸ ਦੇ ਨਤੀਜੇ ਵਜੋਂ ਨਸ਼ਿਆਂ ਦਾ ਪਰਸਾਰ ਵੀ ਹੋਣ ਲੱਗ ਪਿਆ। ਇਸ ਦੇ ਨਾਲ ਹੀ ਕਾਮ ਵੀ ਭਾਰੂ ਹੋਣ ਲੱਗ ਪਿਆ। ਕਈ-ਕਈ ਜਨਾਨੀਆਂ, ਗੋਲੀਆਂ, ਰਖੈਲਾਂ, ਇਨ੍ਹਾਂ ਮਿਸਲਦਾਰਾਂ ਦੇ ਹਰਮਾਂ ਵਿਚ ਸ਼ਾਮਲ ਹੋਣ ਲੱਗ ਪਈਆਂ। ਦੋ-ਢਾਈ ਦਹਾਕਿਆਂ ਵਿਚ ਹੀ ਕਈ ਮਿਸਲਾਂ ਦੇ ਆਗੂ, ਮੁਗਲ ਹਾਕਮਾਂ ਵਾਲੀ ਜ਼ਿੰਦਗੀ ਜੀਣ ਲੱਗ ਪਏ। ਇਨ੍ਹਾਂ ਨੂੰ ‘ਮੁਗਲੀਆ ਸਿੱਖ’ ਕਹਿਣਾ ਗਲਤ ਨਹੀਂ ਹੋਵੇਗਾ।
ਜਿਵੇਂ ਭਾਰਤ ਵਿਚ ਗਿਆਨੀ ਜ਼ੈਲ ਸਿੰਘ ਦੇ ਰਾਸ਼ਟਰਪਤੀ ਬਨਣ ਨਾਲ ਜਾਂ ਡਾ. ਮਨਮੋਹਨ ਸਿੰਘ ਦੇ ਪ੍ਰਧਾਨ-ਮੰਤ੍ਰੀ ਬਣ ਜਾਣ ਨਾਲ, ਭਾਰਤ ਵਿਚ ਖਾਲਸਾ-ਰਾਜ ਕਾਇਮ ਨਹੀਂ ਹੋ ਜਾਂਦਾ, ਓਵੇਂ ਹੀ ਦਸਤਾਰ ਵਾਲੇ ਮਹਾਰਾਜਾ ਰਣਜੀਤ ਸਿੰਘ ਜਾਂ ਕਿਸੇ ਹੋਰ ਸਿੱਖ ਦੇ ਰਾਜਾ ਜਾਂ ਮਹਾਂਰਾਜਾ ਬਣ ਜਾਣ ਨਾਲ, ਉਸ ਦੀ ਹਕੂਮਤ ਖਾਲਸਾ ਰਾਜ ਨਹੀਂ ਬਣ ਜਾਂਦੀ। ਖਾਲਸਾ ਰਾਜ ਤਾਂ ਹੀ ਬਣਦਾ ਹੈ, ਜੇ ਉਹ ਖਾਲਸਾ ਸਿਧਾਂਤਾਂ ਅਨੁਸਾਰ ਚਲਾਇਆ ਜਾਵੇ।
ਭੱਟਕਣ ਦੀ ਇਹ ਲਹਿਰ ਹੌਲੀ-ਹੌਲੀ ਵਧਦੀ ਗਈ, ਮਿਸਲਾਂ ਦੀਆਂ ਆਪਸ ਵਿਚ, ਇਕ-ਦੂਜੇ ਦੇ ਇਲਾਕਿਆਂ ਤੇ ਕਬਜ਼ੇ ਕਰਨ ਲਈ ਜੰਗਾਂ ਹੋਈਆਂ। ਇਹ ਸੋਚ ਹਰਗਿਜ਼ ਗੁਰਮਤਿ ਦੀ ਸੋਚ ਨਹੀਂ ਸੀ, ਬਲਕਿ ਗੁਰੂ ਸਾਹਿਬ ਦੀ ਸਿਖਿਆ ਦੇ ਬਿਲਕੁਲ ਉਲਟ ਸੀ। ਇਹ ਸਿੱਖੀ ਦੇ ਰਾਹ ਤੋਂ ਭਟਕਣਾ ਸੀ। ਇਕ ਵਾਰ ਦਾ ਸ਼ੁਰੂ ਹੋਇਆ ਇਹ ਅਸਿੱਖ-ਦੌਰ ਦਿਨੋ-ਦਿਨ ਚੁੜੇਰਾ ਅਤੇ ਵਡੇਰਾ ਹੁੰਦਾ ਗਿਆ।”
ਜਿਸ ਦਾ ਘਿਨਾਉਣਾ ਰੂਪ ਅੱਜ ਸਾਡੇ ਸਾਮ੍ਹਣੇ ਹੈ।
ਅੱਜ ਦੇ ਸਾਡੇ ਲੀਡਰਾਂ ਵਲੋ ਖਾਲਿਸਤਾਨ ਨੂੰ ਸਿੱਖਾਂ ਦੇ ਘਰ ਦਾ ਨਾਮ ਦੇ ਕੇ, ਆਪਣੇ ਸਵਾਰਥ ਤੇ, ਸੇਵਾ ਦਾ ਪਰਦਾ ਪਾਇਆ ਜਾ ਰਿਹਾ ਹੈ।
ਆਉ ਜਾਣੀਏ, ਅੱਜ ਦਾ ਖਾਲਿਸਤਾਨ ਹੈ ਕੀ ?
ਅੱਜ ਦਾ ਖਾਲਿਸਤਾਨ, ਪਾਕਿਸਤਾਨ ਅਤੇ ਹਿੰਦੁਸਤਾਨ ਵਾਙ ਜ਼ਮੀਨ ਦਾ ਇਕ ਅਜਿਹਾ ਖਿੱਤਾ ਹੈ, ਜਿਸ ਤੇ ਸਿੱਖਾਂ ਦਾ ਰਾਜ ਹੋਵੇ, ਜਿਸ ਵਿਚ ਸਿੱਖ ਬਹੁ-ਮੱਤ ਵਿਚ ਹੋਣ, ਜਿਸ ਦਾ ਪ੍ਰਬੰਧ ਸਿੱਖ ਅਹਲਕਾਰ ਕਰਨ।
(ਜਿਵੇਂ ਕਿ ਪਾਕਿਸਤਾਨ ਵਿਚ ਮੁਸਲਮਾਨਾਂ ਦਾ ਹੈ ਅਤੇ ਹਿੰਦੁਸਤਾਨ ਵਿਚ ਹਿੰਦੂਆਂ ਦਾ ਹੈ)
ਜੇ ਇਸ ਮੁਤਾਬਕ ਵਿਚਾਰੀਏ ਤਾਂ ਅੱਜ ਪੰਜਾਬ ਵਿਚ ਵੀ ਸਿੱਖਾਂ ਦਾ ਰਾਜ ਹੈ, ਬਹੁ-ਮੱਤ ਵੀ ਸਿੱਖਾਂ ਦਾ ਹੈ, ਪਰਬੰਧ ਵੀ ਸਿੱਖ ਅਹਿਲਕਾਰ ਹੀ ਕਰਦੇ ਹਨ । ਫਿਰ ਕੀ ਇਹ ਖਾਲਿਸਤਾਨ ਨਹੀਂ ? ਜੇ ਇਹ ਖਾਲਿਸਤਾਨ ਹੈ ਤਾਂ ਫਿਰ ਇਸ ਵਿਚ ਹੀ (ਸਾਰੀ ਦੁਨੀਆਂ ਨਾਲੋਂ ਵੱਧ) ਸਿੱਖਾਂ ਨਾਲ ਧੱਕਾ ਕਿਉਂ ਹੁੰਦਾ ਹੈ ? ਕੀ ਇਸ ਦਾ ਨਾਮ ਖਾਲਿਸਤਾਨ ਰੱਖਣ ਨਾਲ ਇਸ ਦੇ ਹਾਲਾਤ ਸੁਧਰ ਸਕਦੇ ਹਨ ? ਚਲੋ ਮੰਨ ਲਵੋ ਇਸ ਦਾ ਨਾਮ ਖਾਲਿਸਤਾਨ ਰੱਖਣ ਨਾਲ ਇਸ ਦੇ ਹਾਲਾਤ ਸੁਧਰ ਸਕਦੇ ਹਨ, ਪਰ ਭਾਰਤ ਸਰਕਾਰ ਇਸ ਦਾ ਨਾਮ ਖਾਲਿਸਤਾਨ ਨਹੀਂ ਰੱਖਣ ਦੇ ਰਹੀ। ਅਜਿਹੀ ਹਾਲਤ ਵਿਚ ਇਹੀ ਹੋ ਸਕਦਾ ਹੈ ਕਿ ਜ਼ਮੀਨ ਦਾ ਇਕ ਹੋਰ ਖਿੱਤਾ ਲੈ ਕੇ(ਇਹ ਨਹੀਂ ਪੁੱਛਣਾ ਕਿ ਕਿੱਥੋਂ ਲੈਣਾ ਹੈ) ਉਸ ਦਾ ਨਾਮ ਖਾਲਿਸਤਾਨ ਰੱਖ ਲੈਂਦੇ ਹਾਂ। ਉਸ ਵਿਚ ਬਹੁ-ਗਿਣਤੀ ਜਾਂ ਪੂਰੀ ਗਿਣਤੀ ਹੀ ਸਿੱਖਾਂ ਦੀ ਕਰ ਲੈਂਦੇ ਹਾਂ, ਕੁਦਰਤੀ ਗੱਲ ਹੈ ਕਿ ਉਸ ਦਾ ਪ੍ਰਬੰਧ ਵੀ ਸਿੱਖ ਅਹਿਲਕਾਰ ਹੀ ਕਰਨਗੇ, ਉਸ ਤੇ ਰਾਜ ਵੀ ਸਿੱਖ ਹੀ ਕਰਨਗੇ। ਕੀ ਉਹ ਜ਼ਿਆਦਤੀਆਂ, ਜੋ ਅੱਜ ਪੰਜਾਬ ਵਿਚ ਸਿੱਖਾਂ ਨਾਲ ਹੋ ਰਹੀਆਂ ਹਨ ਉਹ ਜ਼ਿਆਦਤਆਂਿ ਖਾਲਿਸਤਾਨ ਵਿਚ ਨਹੀਂ ਹੋਣਗੀਆਂ ? ਕੀ ਉਸ ਖਿੱਤੇ ਵਿਚ ਜਾ ਕੇ ਸਿੱਖਾਂ ਦੀ ਖਸਲਤ ਬਦਲ ਜਾਵੇਗੀ ? ਜਾਂ ਕੀ ਉਸ ਖਿੱਤੇ ਨੂੰ ਵਸਾਉਣ ਲਈ, ਕਿਸੇ ਦੂਸਰੀ ਦੁਨੀਆ ਤੋਂ ਸਿੱਖ ਲਿਆਂਦੇ ਜਾਣਗੇ ? ਜੇ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਨਾਂਹ ਵਿਚ ਹੈ, ਫਿਰ ਖਾਲਿਸਤਾਨੀ ਵੀਰ ਸਮਝਾਉਣ ਕਿ ਉਸ ਖਾਲਿਤਾਨ ਦੀ ਰੂਪ-ਰੇਖਾ ਕੀ ਹੋਵੇਗੀ ? ਮੈਨੂੰ ਯਕੀਨ ਹੈ ਕਿ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ।
ਏਥੇ ਵੀ ‘ਗੁਰੁ-ਬ੍ਰਾਹਮਣ’ ਵਾਲੀ ਹੀ ਸੋਚ ਹੈ, ਖਾਲਿਸਤਾਨ ਦੀ ਆੜ ਵਿਚ ਵੀ ਸਿੱਖਾਂ ਨੂੰ ਲੁੱਟਣ, ਉਨ੍ਹਾਂ ਨੂੰ ਗੁਲਾਮ ਬਨਾਉਣ ਵਾਲੀ ਗੱਲ ਹੈ।
ਅੱਜ ਪੰਜਾਬ ਵਿਚ ਭਾਵੇਂ ਸਿੱਖਾਂ ਦੀ ਸਾਰੀ ਲੁੱਟ-ਕੁੱਟ, ਇਕ ਸਿੱਖੀ ਭੇਸ ਵਾਲਾ ਸ਼ੀਂਹ, ਆਪਣੇ ਮੁਕੱਦਮਾਂ ਆਸਰੇ ਕਰਦਾ ਹੈ, ਪਰ ਸਿੱਖ, ਯੂ.ਐਨ.ਓ. ਵਿਚ ਇਹ ਰੌਲਾ ਤਾਂ ਪਾ ਸਕਦੇ ਹਨ ਕਿ ਅਸੀਂ ਭਾਰਤ ਵਿਚ ਅਲਪ-ਮੱਤ ਵਿਚ ਹਾਂ, ਗੁਲਾਮ ਹਾਂ, ਇਸ ਲਈ ਸਾਡੀ ਲੁੱਟ-ਕੁੱਟ ਹੁੰਦੀ ਹੈ, ਸਾਨੂੰ ਬਚਾਉ। ਕੱਲ ਨੂੰ ਆਜ਼ਾਦ ਖਾਲਿਸਤਾਨ ਮਿਲ ਜਾਵੇ, ਇਹ ਸਾਰੇ ਸਿੱਖ ਉਸ ਵਿਚ ਵੱਸ ਜਾਣ, ਉਹੀ ਸਿੱਖ ਭੇਸ ਵਾਲਾ ਸ਼ੀਂਹ, ਜਾਂ ਉਸ ਦਾ ਕੋਈ ਬਦਲ, ਆਪਣੇ ਮੁਕੱਦਮਾਂ ਆਸਰੇ ਸਿੱਖਾਂ ਦੀ ਲੁੱਟ-ਕੁੱਟ ਕਰੇ, ਤਾਂ ਸਿੱਖ ਕਿਸ ਮਾਂ ਕੋਲ ਜਾ ਕੇ ਰੋਣਗੇ ? ਅਤੇ ਕੀ ਸ਼ਿਕਾਇਤ ਲਾਉਣਗੇ ?
ਇਨ੍ਹਾਂ ਖਾਲਿਸਤਾਨੀਆਂ ਨੂੰ ਸਿੱਖਾਂ ਤੇ ਤਰਸ ਕਰਨਾ ਚਾਹੀਦਾ ਹੈ, ਜਾਂ ਸਿੱਖਾਂ ਨੂੰ ਇਨ੍ਹਾਂ ਤੋਂ ਖਹਿੜਾ ਛੁਡਾ ਲੈਣਾ ਚਾਹੀਦਾ ਹੈ। ਇਹ ਵੀ ਸਿੱਖਾਂ ਦੀ ਲੁੱਟ ਦਾ ਇਕ ਸਾਧਨ ਮਾਤ੍ਰ ਹੀ ਹੈ। ਇਹ ਹੈ ਅੱਜ ਦਾ ਖਾਲਿਸਤਾਨ, ਸਿੱਖਾਂ ਦਾ ਘਰ, ਕੀ ਸਿੱਖ ਅਜਿਹੇ ਘਰ ਵਿਚ ਵੱਸਣਾ ਚਾਹੁਣਗੇ ?
ਹੁਣ ਮੁੜਦੇ ਹਾਂ ਖਾਲਸਾ ਰਾਜ ਵੱਲ।
ਖਾਲਸਾ ਰਾਜ ਕੀ ਹੈ ?
ਖਾਲਸਾ ਰਾਜ ਉਹ ਥਾਂ ਹੈ, ਜਿਸ ਦੇ ਵਸਨੀਕਾਂ ਨੂੰ, ਨਾ ਬੇਰੁਜ਼ਗਾਰੀ ਦੀ ਚਿੰਤਾ ਹੋਵੇ, ਨਾ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੀ ਫਿਕਰ ਹੋਵੇ, ਉਸ ਨੂੰ ਉੱਦਮ ਕਰਨ ਲਈ ਕੰਮ ਮਿਲੇ, ਜਿਸ ਦੇ ਇਵਜ਼ ਵਿਚ, ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਹੋਣ। ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ‘ਬੇਗਮ-ਪੁਰਾ’(ਉਹ ਥਾਂ, ਜਿੱਥੇ ਕੋਈ ਚਿੰਤਾ-ਫਿਕਰ ਨਾ ਹੋਵੇ) ਕਿਹਾ ਗਇਆ ਹੈ। ਜਿਸ ਵਿਚ ਕਿਸੇ ਨੂੰ ਦੂਸਰੇ ਦਾ ਹੱਕ ਮਾਰਨ ਦੀ ਲੋੜ ਨਾ ਪਵੇ, ਕਿਸੇ ਦਾ ਬੁਰਾ ਸੋਚਣ ਦੀ ਚਾਹ ਨਾ ਹੋਵੇ, ਕਿਸੇ ਦੇ ਨਾਲ ਵੈਰ, ਰੰਜਿਸ਼, ਦੁਸ਼ਮਣੀ ਕਰਨ ਦੀ ਲੋੜ ਨਾ ਪਵੇ।
ਅਜਿਹਾ ਖਾਲਸਾ-ਰਾਜ ਕਿਵੇਂ ਬਣੇਗਾ ?
ਇਹ ਸੋਸ਼ਲ ਮੀਡੀਆ ਤੇ ਬਹਸ ਕਰਨ ਦਾ ਵਿਸ਼ਾ ਨਹੀਂ ਹੈ, ਇਹ ਮਿਲ ਬੈਠ ਕੇ ਵਿਚਾਰਨ ਦੀ ਗੱਲ ਹੈ। ਜੇ ਕੋਈ ਜਾਂ ਕੁਝ ਵੀਰ-ਭੈਣਾਂ ਇਸ ਬਾਰੇ ਵਿਚਾਰ ਕਰਨ ਦੇ ਚਾਹਵਾਨ ਹੋਣ ਤਾਂ, ਉਹ ਜਿੱਥੇ ਵੀ ਹੁਕਮ ਕਰਨ, ਮੈਂ ਓਥੇ ਹੀ ਹਾਜ਼ਰ ਹੋ ਜਾਵਾਂਗਾ।
ਅਮਰਜੀਤ ਸਿੰਘ ਚੰਦੀ
6-11-15
ਅਮਰਜੀਤ ਸਿੰਘ ਚੰਦੀ
ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ? (ਭਾਗ ਚੌਥਾ)
Page Visitors: 2711