ਸਰਬੱਤ-ਖਾਲਸੇ ਦਾ ਕੀਤਾ ਸ਼ਰਬਤ ?
ਗੁਰਦੇਵ ਸਿੰਘ ਸੱਧੇਵਾਲੀਆ
ਇਦਾਂ ਦੇ ਕਈ ਸ਼ਰਬਤ ਮਾਨ ਐਂਡ ਪਾਰਟੀ ਘੋਲ ਕੇ ਪੀ ਗਈ ਹੋਈ ਹੈ। ਇਸ ਬਾਰੇ ਥੋੜੀ ਜਿਹੀ ਸੂਝ ਰੱਖਣ ਵਾਲੇ ਨੂੰ ਕੋਈ ਭੁਲੇਖਾ ਨਹੀਂ ਸੀ। ਕੌਮ ਦਾ ਵਾਰ ਵਾਰ ਮੱਚ ਮਾਰਿਆ ਜਾ ਰਿਹਾ ਹੈ। ਗੁਰਬਖਸ਼ ਸਿੰਘ ਦੀ 'ਕੜਾਹ ਖਾਣੀ' ਭੁੱਖ ਹੜਤਾਲ ਵੇਲੇ ਤੋਂ ਵਾਰ ਵਾਰ ਕੌਮ ਨਾਲ ਇਹੀ ਕੁਝ ਖੇਡਿਆ ਜਾ ਰਿਹਾ ਹੈ।
ਮਾਨ ਕਹਿੰਦਾ ਸੀ ਮੈਂ ਬੇਵਕੂਫ ਨਹੀਂ । ਉਹ ਸੱਚ ਕਹਿ ਰਿਹਾ ਸੀ। ਉਹ ਵਾਕਿਆ ਹੀ ਬੇਵਕੂਫ ਨਹੀਂ। ਉਹ ਬੇਵਕੂਫ ਕਦੇ ਵੀ ਨਹੀਂ ਸੀ। ਦਰਅਸਲ ਉਹ ਇਹ ਕਹਿਣਾ ਚਾਹ ਰਿਹਾ ਸੀ ਕਿ ਬੇਵਕੂਫ ਤਾਂ ਤੁਸੀਂ ਹੋ, ਜਿਹੜੇ ਹਾਲੇ ਤੱਕ ਮੈਨੂੰ ਸਮਝੇ ਨਹੀਂ! ਤੇ ਬਹੁਤੇ ਨੇ ਜਿਹੜੇ ਹਾਲੇ ਵੀ ਸਮਝਣਾ ਨਹੀਂ ਚਾਹੁੰਦੇ ਤੇ ਉਨ੍ਹਾਂ ਨੂੰ ਜਾਪਦਾ ਕਿ ਮਾਨ ਦਾ ਗੱਡਾ ਸਿੱਧਾ ਖਾਲਿਸਤਾਨ ਜਾ ਕੇ ਰੁੱਕੇਗਾ, ਉਦੋਂ ਉਰੇ 'ਟੇਸ਼ਨ' ਹੀ ਕੋਈ ਨਹੀਂ!
ਭਾਈ ਪੰਥਪ੍ਰੀਤ ਸਿੰਘ ਹੋਰਾਂ ਵੇਲੇ ਦੀ ਲਹਿਰ ਤੋਂ ਬਾਦਲ ਐਂਡ ਪਾਰਟੀ ਨੂੰ ਮੋਕਾਂ ਲੱਗੀਆਂ ਸਨ, ਪਰ ਮਿਸਟਰ ਮਾਨ ਐਂਡ ਪਾਰਟੀ ਨੇ ਪਿੱਛਲੇ ਸਮਿਆਂ ਵਾਂਗ ਪੂਰੀ ਯਾਰੀ ਨਿਭਾਈ ਆਪਣੇ 'ਪ੍ਰਭੂਆਂ' ਨਾਲ, ਤੇ ਸਬੂਤ ਦਿੱਤਾ ਕਿ ਮੈਂ ਬੇਵਕੂਫ ਨਹੀਂ ਹਾਂ।
ਲੋਕਾਂ ਕੋਈ ਕਸਰ ਛੱਡੀ ਹੋਵੇ, ਤਾਂ ਪਰ ਲੀਡਰਾਂ ਕੋਈ ਕਸਰ ਰਹਿਣ ਦਿੱਤੀ ਹੋਵੇ ਤਾਂ? ਇਨ੍ਹਾਂ ਦੇ ਕਈ ਚਿਰੋਂ ਹੀਂਗਣ ਤੋਂ ਪਤਾ ਲੱਗਦਾ ਸੀ ਕਿ ਇਥੇ ਕੀ ਦੁੱਲਤੇ ਵੱਜਣ ਵਾਲੇ ਹਨ।
ਲਾਅ ਮਾਨ ਤੋਂ ਸਭ ਪਰਖੇ, ਅਜਮਾਏ, ਹੰਢੇ ਹੋਏ 'ਜਰਨੈਲ', ਤੇਗਾਂ ਦੇ ਧਨੀ, ਹਰ ਮੈਦਾਨ ਫਤਹਿ ਕਰਨ ਵਾਲੇ, ਕਦੇ ਹਾਰ ਦਾ ਮੂੰਹ ਨਾ ਦੇਖਣ ਵਾਲੇ। ਵੇਖੋ ਕਿੰਝ ਪਏ ਨਰਮੇ ਤੇ ਪਈ ਚਿੱਟੀ ਸੁੰਡੀਂ ਵਾਂਗ। ਛੱਡਿਆ ਕੁੱਝ? ਸਭ ਚੱਟ ਗਏ ਨਾ? ਪੂਰੀ ਕੌਮ ਵਿਹੰਦੀ ਹੀ ਰਹਿ ਗਈ! ਤੁਸੀਂ ਹੋਰ ਉਮੀਦ ਵੀ ਕੀ ਰੱਖ ਸਕਦੇ ਸੀ ਇਨ੍ਹਾਂ ਤੋਂ, ਪਰ ਹੈਰਾਨੀ ਉਨ੍ਹਾਂ ਬਾਹਰ ਬੈਠੇ 'ਅਕਲਮੰਦਾਂ' ਤੇ ਹੁੰਦੀ, ਜਿਹੜੇ ਸਭ ਦੁੱਖਾਂ ਦਾ ਇਲਾਜ ਇਸ ਸਰਬਤ ਖਾਲਸੇ ਨੂੰ ਮੰਨੀ ਚਿੜਗਿਲੀਆਂ ਪਾ ਰਹੇ ਸਨ ਅਤੇ ਕਿਸੇ ਕੁਝ ਬੋਲਣ ਵਾਲੇ ਨੂੰ 'ਅੜਿੱਕਾ' ਸਿਉਂ ਸਮਝਦੇ, ਗੱਦਾਰ ਹੋਣ ਤੱਕ ਕਹਿਣ ਲਈ ਤਰਲੋ ਮੱਛੀ ਹੋ ਰਹੇ ਸਨ।
ਤੁਸੀਂ ਕਹਿੰਨੇ ਸਾਧਾਂ ਦੇ ਚੇਲੇ ਅੰਨ੍ਹੇਵਾਹ ਤੁਰਦੇ ਬਾਬਿਆਂ ਮਗਰ, ਪਰ ਤੁਹਾਡੇ ਆਹ ਲੀਡਰਾਂ ਦੇ ਗੜਵਈ ਕੀ ਅੱਖਾਂ ਖੁਲ੍ਹੀਆਂ ਰੱਖਦੇ? ਹੁਣ 2020 ਦੀ ਇੰਤਜਾਰ ਕਰੀ ਚਲੋ, ਉਧਰ ਵੀ ਪੀਰ ਮਹੁੰਦਮ ਵਰਗਾ 'ਜਰਨੈਲ' ਲੱਗਾ ਹੋਇਆ, ਜਿਹੜਾ 2020 ਤੱਕ ਰਹਿੰਦੀ ਕਸਰ ਪੂਰੀ ਕਰ ਦਏਗਾ, ਤੇ ਇੰਝ ਹੀ ਊਠ ਦੇ ਡਿੱਗਦੇ ਬੁੱਲ ਵੇਖਦਿਆਂ ਹਯਾਤੀ ਬੀਤ ਜਾਣੀ ਹੈ।
ਤੁਹਾਨੂੰ ਜਾਪਦਾ ਹਿੰਦੋਸਤਾਨ ਦੀ ਰਾਜਨੀਤੀ ਗੁੰਡਿਆਂ ਹੱਥ ਹੈ, ਪਰ ਤੁਹਾਡੇ ਆਹ ਨਵੇਂ ਥਾਪੇ 'ਜਥੇਦਾਰ' ਅਜਨਾਲੇ ਹੁਰੀਂ ਕੀ ਨੇ? ਦਾਦੂਵਾਲ? ਤੁਹਾਡੇ ਤਾਂ ਧਾਰਮਿਕ ਅਸਥਾਨਾਂ ਦੀ ਵਾਗਡੋਰ ਗੁੰਡਿਆਂ ਹੱਥ ਚਲੇ ਗਈ? ਯਾਦ ਰਹੇ ਕਿ ਇਸ ਘੋਲੀ ਗਈ ਕੜ੍ਹੀ ਵਿਚੋਂ ਇੱਕ ਨਵੀਂ ਤੇ ਹਾਸੋਹੀਣੀ ਲੜਾਈ ਜਨਮ ਲੈਣ ਜਾ ਰਹੀ ਹੈ, ਜਿਹੜੀ ਨਵੇਂ ਤੇ ਪੁਰਾਣੇ 'ਜਥੇਦਾਰਾਂ' ਵਲੋਂ ਲੜ ਕੇ ਕੌਮ ਦਾ ਰਹਿੰਦਾ ਜਲੂਸ ਕੱਢਿਆ ਜਾਵੇਗਾ ਤੇ ਉਹ ਸ਼ਾਇਦ ਕੱਲ ਦੀਵਾਲੀ ਵਾਲੇ ਦਿਨ ਤੋਂ ਹੀ ਸ਼ੁਰੂ ਹੋ ਜਾਏ।
ਚਲੋ ਦੋ ਚੀਜਾਂ ਇਸ ਵਿਚੋਂ ਬੜੀਆਂ ਅਹਿਮ ਤੇ 'ਫੋਸਟਿਵਿੲ' ਨਿਕਲੀਆਂ।
ਇੱਕ ਤਾਂ ਇਹ ਕਿ ਇਹ ਕੌਮ ਮਰਦੀ ਮਰਦੀ ਵੀ ਗੁਰੂ ਦੇ ਨਾਂ ਫਿਰ ਤੋਂ ਜਿਉ ਉੱਠਦੀ ਹੈ, ਇਹ ਗੱਲ ਇਸ ਇੱਕਠ ਨੇ ਸਾਬਤ ਕਰ ਦਿੱਤੀ ਹੈ ਤੇ
ਦੂਜੀ ਵੱਡੀ ਗੱਲ ਕਿ ਤੁਹਾਡੇ ਜੜ੍ਹੀ ਤੇਲ ਵਾਲੇ ਸਾਰੇ ਉਨ੍ਹਾਂ ਸਰਕਾਰੀ ਟਾਊਟਾਂ ਦੀ ਨਿਸ਼ਾਨਦੇਹੀ ਹੋ ਗਈ ਹੈ, ਜਿਨ੍ਹਾਂ ਦੇ ਕਾਲੇ ਪ੍ਰਛਾਵੇਂ ਤੋਂ ਕੌਮ ਨੂੰ ਬੱਚ ਕੇ ਚਲਣ ਵਿਚ ਸਹਾਇਤਾ ਮਿਲ ਸਕਦੀ ਹੈ।
ਆਖਰੀ ਗੱਲ ਕਿ ਤੁਹਾਡੇ ਜੇ ਬਾਹਰਲੇ ਗੁਰਦੁਆਰਿਆਂ ਵਿੱਚ ਬਾਦਲ ਕਾਬਜ ਨਹੀਂ ਹਨ ਤਾਂ ਇਨ੍ਹਾਂ ਨੂੰ ਫੌਰਨ ਐਲਾਨ ਕਰਨਾ ਚਾਹੀਦਾ ਕਿ ਇਸ ਘੋਲੀ ਗਈ ਕੜੀ ਨੂੰ ਮੱਦੇਨਜਰ ਰੱਖਦਿਆਂ, ਇਸ ਸਭ ਲਾਣੇ ਦਾ ਬਾਈਕਾਟ ਕਰਦੇ ਹਾਂ ਤੇ ਅੱਗੇ ਤੋਂ ਸਮੇਤ ਚਿੱਟੀ ਸਿਉਂਕ ਅਤੇ ਮਾਨ ਹੁਰਾਂ ਦੇ, ਕਿਸੇ ਨੂੰ ਗੁਰਦੁਆਰੇ ਦੀ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਪੰਜਾਬ ਜੇ ਨਹੀਂ ਤਾਂ ਬਾਹਰ ਵਾਲੇ ਤਾਂ ਇਨਾਂ ਕਰ ਹੀ ਸਕਦੇ ਨੇ ਨਾ। ਪਰ ਜੇ ਬਾਹਰੋਂ ਵੀ ਕੋਈ ਆਵਾਜ਼ ਨਹੀਂ ਆਉਂਦੀ, ਤਾਂ ਮੰਨ ਲੈਣ ਵਿਚ ਕੋਈ ਹਰਜ਼ ਨਹੀਂ ਕਿ ਤੁਹਾਡੇ ਬਾਹਰ ਵਾਲੇ ਗੁਰਦੁਆਰੇ ਵੀ ਬਾਦਲਾਂ ਦੇ ਹੀ ਕਬਜਿਆਂ ਵਿਚ ਹਨ, ਤੇ ਇਹ ਵੀ ਉਥੇ ਵਾਂਗ ਤੁਹਾਡਾ ਸ਼ਰਬਤ ਕਰਦੇ ਰਹਿਣਗੇ। ਨਹੀਂ ?