ਕੀ ਬੰਦੀ ਛੋੜ ਦਿਵਸ ਦਾ ਵੀ ਦੀਵਾਲੀ ਵਾਲੇ ਦਿਨ ਨਾਲ ਕੋਈ ਸਰੋਕਾਰ ਹੈ ?
(ਭਾਗ ਪਹਿਲਾ)
ਦੀਵਾਲੀ ਸਿੱਖਾਂ ਦਾ ਤਿਓਹਾਰ ਨਹੀਂ ਹੈ ? ਤਾਂ ਫਿਰ ਕਾਲੀ ਦੀਵਾਲੀ ਜਾਂ ਦੀਵਾਲੀ ਤੇ ਸਰਬੱਤ ਖ਼ਾਲਸਾ ਕਿਉਂ ?
ਕੌਮ ਨੂੰ ਕਿਉਂ ਨਹੀਂ ਠੋਕ ਕੇ ਕਿਹਾ ਅਤੇ ਦਸਿਆ ਜਾਂਦਾ ਕਿ ਦਿਵਾਲੀ ਸਿੱਖਾਂ ਦਾ ਤਿਉਹਾਰ ਨਹੀਂ ਹੈ।
ਖਾੜਕੂ ਸਮਝੀ ਜਾਣ ਵਾਲੀ ਅਤੇ ਹਮੇਸ਼ਾ ਹਿੰਦੁਤਵਾ ਅਤੇ ਆਰ ਐੱਸ ਐੱਸ ਦਾ ਦਖ਼ਲ ਹਰ ਸਿੱਖ ਮਸਲੇ ਵਿਚ ਮੰਨਣ ਵਾਲੀ ਧਿਰ, ਇੰਜ ਸਿੱਖੀ ਅੰਦਰਲੇ ਦੁਸ਼ਮਣਾ ਨੂੰ ਕਲੀਨ ਚਿੱਟ ਦਿੰਦੀ ਆ ਰਹੀ ਹੈ। ਇਹ ਆਪਣੀਆਂ ਗ਼ਲਤੀਆਂ ਦੀ ਪੰਡ ਦੂਜੇ ਸਿਰ ਚੁਕਾ ਕੇ ਆਪ ਦੁੱਧ ਧੋਤੇ ਬਣੇ ਰਹਿਣ ਦੀ 'ਚਾਣਕੀਆ' ਚਾਲ ਹੀ ਹੈ। ਆਪ ਸਤਾ ਧਾਰੀ ਉਨ੍ਹਾਂ ਹੀ ਅਕਾਲੀਆਂ ਦਾ, ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸਾਥ ਵੀ ਦਿੰਦੀ ਚੱਲਦੀ ਹੈ ਜਿਹੜੀ ਹਿੰਦੁਤਵਾ ਰਾਹੀਂ ਸਿੱਖੀ ਦਾ ਹਿੰਦੂ ਕਰਨ; ਕਰਨ ਵਾਲੀ, ਡੇਰਾਵਾਦ ਦੇ ਨਾਲ ਮੁੱਖ ਧਿਰ ਬਣ ਚੁੱਕੇ ਹਨ। ਇਹੋ ਧਿਰ ਦੀਵਾਲੀ ਤੇ ਸਰਬੱਤ ਖ਼ਾਲਸਾ ਸੱਦ ਰਹੀ ਹੈ ਕਿਉਂ ਇਹ ਸਪਸ਼ਟ ਨਹੀਂ ਹੈ। ਪ੍ਰਚਾਰਕ ਧਿਰ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਸਿੱਖਾਂ ਨੂੰ ਦੇ ਰਹੀ ਹੈ। ਤੀਜੀ ਧਿਰ ਇਨ੍ਹਾਂ ਦੋਹਾਂ ਨਾਲ ਹੀ ਸਹਿਮਤੀ ਪ੍ਰਗਟਾਉਂਦੀ ਤੁਰੀ ਆ ਰਹੀ ਹੈ। ਕੀ ਇੰਜ ਸਿੱਖ ਖ਼ੁਦ "ਹਿੰਦੁਤਵਾ ਕਰਨ ਦਾ ਸਰਬੱਤ ਖ਼ਾਲਸਾ" ਸੱਦ ਕੇ, ਆਮ ਸਿੱਖ ਮਨਾ ਵਿਚ ਹਿੰਦੂ ਰੀਤੀ ਰਿਵਾਜ਼ਾਂ ਨੂੰ ਹੋਰ ਪੱਕਾ ਨਹੀਂ ਕਰ ਰਹੇ ? ਇਹ ਕਿਉਂ ਨਹੀਂ ਖੁੱਲ ਕੇ ਕਹਿੰਦੇ ਕਿ ਦੀਵਾਲੀ ਸਿੱਖ ਤਿਉਹਾਰ ਨਹੀਂ ਹੈ, ਇਸ ਲਈ ਇਸ ਨੂੰ ਕੋਈ ਸਿੱਖ ਨਾ ਮਨਾਏ ? ਕਾਲੀ ਦੀਵਾਲੀ ਜਾਂ ਦੀਵਾਲੀ ਤੇ ਸਰਬੱਤ ਖ਼ਾਲਸਾ ਦੀ ਕੀ ਤੁਕ ? ਠੋਕ ਕੇ ਕਹੋ ਕਿ ਦੀਵਾਲੀ ਦਾ ਸਿੱਖੀ ਨਾਲ ਅਤੇ ਗੁਰਮਤਿ ਨਾਲ ਕੋਈ ਵਾਸਤਾ ਨਹੀਂ ਤੇ ਅੱਜ ਤੋਂ ਸਿੱਖ ਦੀਵਾਲੀ ਨਹੀਂ ਮਨਾਉਣਗੇ ? ਅਜਿਹੇ ਐਲਾਨ ਕਰਨੇ ਉਂਜ ਦੀ ਹੀ ਦੁਸ਼ਮਣ ਸਭਿਅਤਾ ਅਤੇ ਸਰਕਾਰਾਂ ਦਾ ਸਾਥ ਦੇਣ ਦੀ ਮੁੜ ਚੱਲੀ ਚਾਲ ਹੋ ਨਿੱਬੜ ਰਹੀ ਹੈ ਜਿਵੇਂ ਸਿੱਖਾਂ ਨੂੰ ਚੋਣਾਂ ਦਾ ਬਾਈਕਾਟ ਕਰਵਾ ਕੇ, ਸਿੱਖ ਸੰਘਰਸ਼ ਨੂੰ ਜੇਤੂ ਬਣਾਉਣ ਦੀ ਥਾਂ ਮਰਵਾ ਦਿੱਤਾ ਗਿਆ ਹੈ। ਸਿੱਖੋਂ ਹੁਣ ਤਾਂ ਸੰਭਲ ਜਾਓ.... ਉਹ ਲੋਕ ਅਤੇ ਧਿਰਾਂ ਖ਼ਾਸ ਤੋਰ ਤੇ ਇਸ ਤੇ ਵਿਚਾਰ ਕਰਨ ਜਿਹੜੀਆਂ ਦੀਵਾਲੀ ਕਾਲੀ ਮਨਾਉਣ ਅਤੇ ਦੀਵਾਲੀ ਤੇ ਸਰਬੱਤ ਖ਼ਾਲਸਾ ਨਵੰਬਰ 2015 ਸੱਦ ਰਹੀਆਂ ਹਨ। ਨਿਰੋਲ ਗੁਰਮਤਿ ਪਰਨਾਏ ਸਿੱਖਾਂ ਨੂੰ ਖ਼ਾਲਸਤਾਈ ਸਭਿਅਤਾ ਤੇ ਕੀਤੇ ਜਾ ਰਹੇ ਇਸ ਘਾਤਕ ਅੰਦਰੂਨੀ ਹਮਲੇ ਨੂੰ ਰੋਕਣ ਲਈ ਇਸ ਦਾ ਉਨ੍ਹਾਂ ਤੋਂ ਜਵਾਬ ਚਾਹੀਦਾ ਹੈ। ਕਾਲੀ ਦੀਵਾਲੀ ਜਾਂ ਦੀਵਾਲੀ ਤੇ ਸਰਬੱਤ ਖ਼ਾਲਸਾ ਦੀ ਕੀ ਤੁਕ ? ਕੀ ਇਹ ਸਿੱਖੀ ਦਾ ਹਿੰਦੁਤਵਾਕਰਨ ਕਰਨਾ ਨਹੀਂ ਹੈ ? ਨਾ ਹੀ ਇਹ ਬੰਦੀ ਛੋੜ ਦਿਵਾਸ ਹੈ।
ਭਾਈ ਗੁਰਦਾਸ ਜੀ ਦੇ ਜਿਸ ਸ਼ਬਦ ਨੂੰ ਲੈ ਕੇ ਦੀਵਾਲੀ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟੈਲੀਵਿਜ਼ਨ ਮੀਡੀਏ ਵਿਚ ਜਿਹੜਾ ਪ੍ਰਚਾਰ ਰੱਜ ਕੇ ਕੀਤਾ ਗਿਆ ਉਸ ਦੀਵਾਲੀ ਨੂੰ ਭਾਈ ਗੁਰਦਾਸ ਜੀ "ਹਰਿ ਚੰਦਉਰੀ” ਆਖਦੇ ਹਨ। ਵਾਰ 19ਵੀਂ ਦੀ ਪਉੜੀ ਛੇਵੀਂ ਵਿਚ ਭਾਈ ਗੁਰਦਾਸ ਜੀ ਗੁਰਮੁਖ ਦੀ ਜੀਵਨ ਜੁਗਤ ਸੰਬੰਧੀ ਲਿਖਦੇ ਹਨ ਮਹੀਨਾ ਨਹੀਂ ਲਿਖਦੇ।
"ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ। ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ। ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ। ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ”
ਅਰਥ ਹੈ ਦੀਵਾਲੀ ਦੀ ਰਾਤ ਨੂੰ ਹਰ ਘਰ ਵਿਚ (ਖ਼ੁਸ਼ੀ ਨਾਲ) ਦੀਵੇ ਬਾਲੇ ਜਾਂਦੇ ਹਨ ਜੋ ਕੁੱਝ ਚਿਰ ਮਗਰੋਂ ਬੁਝ ਜਾਂਦੇ ਹਨ। ਇਸੇ ਤਰ੍ਹਾਂ ਰਾਤ ਵੇਲੇ ਵੱਡੇ ਛੋਟੇ ਤਾਰੇ ਅਸਮਾਨ ਵਿਚ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹਨ, ਪਰ ਦਿਨ ਚੜ੍ਹਦੇ ਹੀ ਖ਼ਤਮ ਹੋ ਜਾਂਦੇ ਹਨ। ਬਾਗ਼ਾਂ ਵਿਚ ਤਰ੍ਹਾਂ-ਤਰ੍ਹਾਂ ਦੇ ਫ਼ੁਲ ਖਿੜਦੇ ਹਨ, ਪਰ ਕੁੱਝ ਚਿਰ ਹੀ ਪੂਰੇ ਖਿੜਦੇ ਤੇ ਖ਼ਤਮ ਹੋ ਜਾਂਦੇ ਹਨ। ਹਰਿਚੰਦਉਰੀ ਵਾਂਗ ਸੰਸਾਰ ਵਿਚ ਅਨੇਕਾਂ ਅਜਿਹੀਆਂ ਨਗਰੀਆਂ ਦੀ ਝਾਤੀ, ਦਿਖਾਵੇ ਮਾਤਰ ਦਿਸਦੀ ਹੈ ਤੇ ਖ਼ਤਮ ਹੋ ਜਾਂਦੀ ਹੈ, ਵੱਸਦੀ ਤੇ ਉੱਜੜ ਜਾਂਦੀ ਹੈ। ਪਰ ਅਸਲ ਵਿਚ ਜੋ ਜੀਵਨ ਦਾ ਸੁਖ ਫਲ, ਜੋ ਸ਼ਬਦ ਦੀ ਦਾਤ ਗੁਰਮਤਿ ਹੈ, ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲਦੇ ਹਨ (ਹਰਿਚੰਦਉਰੀ :- ਅਸਲ ਵਿਚ ਕੋਈ ਵਸਤੂ ਨਹੀਂ ਮ੍ਰਿਗ, ਤ੍ਰਿਸ਼ਨਾ ਵਾਂਗ ਧੁੰਧ ਵਿਚ ਖ਼ਿਆਲੀ ਰਚਨਾ ਹੈ। (ਮਹਾਨ ਕੋਸ਼ ਪੰਨਾ 264)।) ਇਸ ਪਉੜੀ ਵਿਚ ਭਾਈ ਗੁਰਦਾਸ ਜੀ ਮਨੁੱਖ ਨੂੰ ਦੀਵਾਲੀ ਦੇ ਨਾਸ ਹੋ ਜਾਣ ਵਰਗੇ ਸੁਭਾਅ ਦਾ ਉਦਾਹਰਨ ਦੇ ਕੇ ਕਹਿੰਦੇ ਹਨ ਕਿ ਇਹ ਸਭ ਫੋਕਟ ਕਰਮ ਹਨ ਅਸਲ ਅਤੇ ਮੂਲ ਗੁਰਬਾਣੀ ਰੂਪੀ ਸ਼ਬਦ ਗੁਰੂ ਹੈ। ਕਿੰਨੀ ਵੱਡੀ ਢੀਠਤਾਈ ਹੈ ਕਿ ਸਿੱਖਾਂ ਦੇ ਗੁਰਧਾਮਾਂ ਵਿਚ ਫੋਕਟ ਕਰਮਾਂ ਨੂੰ ਅਸਲ ਕਰਮ ਬਣਾ ਕੇ ਗੁਰਦੁਆਰੇ ਸਜਾ ਕੇ ਤੇ ਉਸੇ ਸਜੇ ਹੋਏ ਗੁਰਦੁਆਰੇ ਵਿਚ ਸ਼ਬਦ ਗੁਰੂ ਦਾ ਪ੍ਰਕਾਸ਼ ਕਰ ਕੇ ਗੁਰੂ ਨੂੰ ਸਿੱਖ ਚੈਲੰਜ ਕਰਦੇ ਹਨ ਕਿ "ਲੈ ਜਿਸ ਤੋਂ ਤੂੰ ਮਨਾਂ ਕਰਦਾ ਹੈ ਅਸੀਂ ਤਾਂ ਉਹੀ ਕਰਾਂਗੇ, ਸਾਡੀ ਲੱਤ ਭੰਨ ਸਕਦੈ ਤਾਂ ਭੰਨ ਕੇ ਦਿਖਾ”। ਇਹ ਉਹੀ ਕਰਮ ਹੈ ਜਿਵੇਂ ਥਾਲ਼ ਵਿਚ ਦੀਵੇ ਬਾਲ ਕੇ ਸਿੱਖ ਗੁਰਦੁਆਰਿਆਂ ਵਿਚ ਆਰਤੀ ਕਰਦੇ ਹਨ ਜਾਂ ਹਾਰਮੋਨੀਅਮ ਅਤੇ ਤਬਲੇ ਤੇ "ਗੁਰੂ ਦੇ ਸਿਧਾਂਤ ਨੂੰ ਕੁੱਟ ਕੁੱਟ ਕੇ ਇਹ ਦਰਸਾਉਂਦੇ ਹਨ ਕਿ ਗੁਰੂ ਨਾਨਕ ਤੂੰ ਤਾਂ ਆਰਤੀ ਦਾ ਖੰਡਨ ਕੀਤਾ ਪਰ ਲੈ ਅਸੀਂ ਤੇਰੇ ਹੀ ਦਰਬਾਰ ਵਿਚ ਆਰਤੀ ਗਾਉਂਦੇ ਹਾਂ। ਸਾਡਾ ਸੰਘ ਬੰਦ ਕਰ ਕੇ ਦਿਖਾ”। ਤਰਾਸਦੀ ਅਤੇ ਅਫ਼ਸੋਸਨਾਕ ਗੱਲ ਇਹ ਹੈ ਕਿ ਸਾਡੇ ਜਥੇਦਾਰਾਂ ਤੋਂ ਲੈ ਕੇ ਪ੍ਰਧਾਨਾਂ ਤੱਕ ਧਰਮ ਉੱਤੇ ਕਾਬਜ਼ ਹਰ ਇੱਕ ਸ਼ਖ਼ਸ ਗੁਰੂ ਦੀ ਕਹੀ ਗੱਲ ਨੂੰ ਨਾ-ਮੰਨਣ ਵਾਸਤੇ ਹੀ ਬਿਰਾਜਮਾਨ ਹੈ।
ਸਿਰੀ ਰਾਗੁ ਮਹਲਾ 1 ਘਰੁ 4।।
ਏਕੁ ਸੁਆਨੁ ਦੁਇ ਸੁਆਨੀ ਨਾਲਿ।। ਭਲਕੇ ਭਉਕਹਿ ਸਦਾ ਬਇਆਲਿ।।
ਕੂੜੁ ਛੁਰਾ ਮੁਠਾ ਮੁਰਦਾਰੁ।। ਧਾਣਕ ਰੂਪਿ ਰਹਾ ਕਰਤਾਰ।।1।।
ਹੇ ਕਰਤਾਰ ! ਮੈਂ ਸਾਂਸੀਆਂ ਵਾਲੇ ਰੂਪ ਵਿਚ ਤੇਰੀ ਨਸੀਹਤ ਤੋਂ ਬਾਗ਼ੀ ਹਮੇਸ਼ਾ ਡਰਾਉਣੇ ਵਿਗੜੇ ਰੂਪ ਵਾਲਾ ਹਰਾਮਖ਼ੋਰ ਬਣਿਆ ਰਹਿੰਦਾ ਹਾਂ। ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਫਸਾ ਕੇ ਕਿਵੇਂ ਠਗਾਂ? ਇਸੇ ਲਈ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੈ। ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ। ਮੈਂ ਰੱਬ ਦਾ ਚੋਰ ਹਾਂ ਤੇ ਆਪਣੇ ਨਾਲ ਧਰਮ ਦੇ ਪਾਖੰਡ ਰਾਹੀਂ ਲੋਕਾਂ ਨੂੰ ਠੱਗਣ ਵਾਸਤੇ ਕੁੱਤਾ ਅਤੇ ਕੁੱਤੀਆਂ ਨਾਲ ਰੱਖ, ਛੁਰਾ ਹੱਥ ਵਿਚ ਲਈ ਫਿਰਦਾ ਹਾਂ। ਗੁਰੂ ਗ੍ਰੰਥ ਸਾਹਿਬ ਦੀ ਦੇ ਪੰਨਾ 24 ਤੇ ਦਰਜ ਇਹ ਆਚਰਨ ਸਾਡਾ ਸਿੱਖ ਆਗੂਆਂ ਦਾ ਧਰਮ ਬਣ ਚੁੱਕਾ ਹੈ। ਇਸੇ ਲਈ ਜੋ ਝੂਠ ਹੈ ਉਸ ਨੂੰ ਸੱਚ ਬਣਾ ਦਿੱਤਾ ਗਿਆ ਹੈ ਅਤੇ ਜੋ ਸੱਚ ਹੈ ਉਸ ਨੂੰ ਗ਼ਲਤ ਅਤੇ ਤ੍ਰਿਸਕਾਰ ਯੋਗ ਬਣਾ ਕੇ ਤਿਆਗ ਦਿੱਤਾ ਗਿਆ ਹੈ।
ਤਿਉਹਾਰਾਂ ਦੇ ਸਬੰਧ ਵਿੱਚ ਸਿੱਖ ਸਮਾਜ ਵਿੱਚ ਹਾਲੇ ਤਕ "ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ” ਇੱਕ ਕੌਮੀਅਤਾ ਵਾਲੀ ਸੂਝ ਅਤੇ ਸੋਚ ਪੈਦਾ ਨਹੀਂ ਹੋ ਸਕੀ ਹੈ। ਸਿੱਖ ਕੌਮੀਅਤਾ ਦੇ ਆਰੰਭ ਨਾਲ ਹੀ ਜੋ ਸਿੱਧਾਂਤ ਅਤੇ ਜੀਵਨ ਜਾਂਚ ਦਾ ਆਚਰਣਕ ਫਲਸਫਾ ਸਾਹਿਬ ਸ੍ਰੀ ਸਤਿਗੁਰੂ ਨਾਨਕ ਜੀ ਨੇ ਪ੍ਰਭੂ ਸੱਤਾ ਸੰਪੰਨ ਬੁਨਿਆਦੀ ਲੋੜ ਮੁਤਾਬਕ ਘੜਿਆ ਅਤੇ ਨਿਰਧਾਰਿਤ ਕੀਤਾ ਹੈ ਉਸ "ਸਿੱਖ ਕਿਰਦਾਰੀ” ਵਿੱਚ ਖੁਸ਼ੀ ਅਤੇ ਗਮੀ, ਪ੍ਰਾਪਤੀਆਂ ਅਤੇ ਹਾਰਾਂ ਅਕਾਲ ਸਿਖਿਆ
"ਸੁਖ ਕਉ ਮਾਗੈ ਸਭੁ ਕੋ ਦੁਖੁ ਨ ਮਾਗੈ ਕੋਇ ॥
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ॥
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥”57
ਪਰਥਾਏ ਨਿਸ਼ਚਤ ਕੀਤਾ ਗਿਆ ਹੈ। ਜਿਸ ਵਿੱਚ ਕੋਈ ਤਿਉਹਾਰ ਨਹੀਂ, ਥਿੱਤ ਨਹੀਂ, ਕਿਸੇ ਮਹੀਨੇ ਨੂੰ ਕੋਈ ਖ਼ਾਸ ਮਹੱਤਤਾ ਨਹੀਂ ਹੈ ਅਤੇ ਕਿਸੇ ਵਾਰ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੱਤੀ ਗਈ ਹੈ। ਇਸ ਬੁਨਿਆਦੀ ਸਿੱਧਾਂਤ ਦੇ ਨਿਰਧਾਰਨ ਕਰਕੇ ਹੀ ਸਿੱਖ ਰਹਿਤ ਮਰਿਆਦਾ ਵਿੱਚ ਇਹ ਅਨੁਸ਼ਾਸਨੀ ਪ੍ਰਬੰਧਕੀ ਨਿਜ਼ਾਮ ਕੌਮ ਦੇ ਨਾਗਰਿਕਾਂ ਲਈ ਘੜਿਆ ਗਿਆ ਹੈ । ਰਹਿਤ ਮਰਿਆਦਾ ਦੇ ਹੈਡਿੰਗ ‘ਗੁਰਦੁਆਰੇ’ ਦੇ ਵਿੱਚ ਲਿਖਤ ਕਰਕੇ ਆਦੇਸ਼ ਦਿੱਤਾ ਗਿਆ ਹੈ ਕਿ "(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।”
ਸਿੱਖ ਆਮ ਕਰਕੇ ਗੁਰੂ ਸਾਹਿਬਾਨਾਂ ਦੇ ਇਤਿਹਾਸਕ ਪਿਛੋਕੜ ਦੀਆਂ ਸਾਕੀਆਂ ਇਸ ਪਰਥਾਏ ਜਨਮ ਤੋਂ ਹੀ ਸੁਣਦੇ ਚਲੇ ਆ ਰਹੇ ਹਨ। ਜਿਸ ਅਨੁਸਾਰ ਕਿਸੇ ਵੀ ਮੌਕਿਆਂ, ਇਕੱਤਰਤਾਵਾਂ, ਇਕੱਠਾ, ਜੋੜ ਮੇਲਿਆਂ, ਧਾਰਮਿਕ ਪਾਖੰਡ ਰੂਪੀ ਮੇਲਿਆਂ ਜਿਵੇਂ ਕੁੰਭ, ਸਰਾਧ, ਦਿਵਾਲੀ, ਬਨਾਰਸ, ਹਰਦੁਆਰ, ਕੁਰਛੇਤਰ, ਪੁਰੀ ਆਦਿ ਦੇ ਧਾਰਮਿਕ ਇਕੱਠਾ ਨੂੰ ਪਾਖੰਡ ਸਾਬਤ ਕਰਨ ਲਈ ਤੇ ਮਨੁੱਖ ਨੂੰ ਇਨ੍ਹਾਂ ਪਾਖੰਡਾਂ ਨੂੰ ਛੱਡਣ ਲਈ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਹੈ। ਜਿੱਥੇ ਵੀ ਇਹ ਤਿਉਹਾਰ ਮਨਾਏ ਜਾਂਦੇ ਹਨ ਉੱਥੇ ਤਿਉਹਾਰ ਮਨਾਉਣ ਵਾਲੇ ਲੋਕਾਂ ਵਿੱਚ ‘ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਉਸ ਮੌਕੇ ਨੂੰ ਵਰਤਣ ਦੀ ਜਾਇਜ਼ ਪ੍ਰਣਾਲੀ ਦਾ ਆਗਾਜ਼ ਖੁਦ ਗੁਰੂ ਸਾਹਿਬਾਨਾਂ ਨੇ ਕੀਤਾ ਹੈ। ਪਰ ਉਸ ਤਿਉਹਾਰ ਜਾਂ ਕਰਮਕਾਂਡ ਜਾਂ ਦਿਨ ਵਿਹਾਰ ਨੂੰ ਖੁਦ ਹੀ ਆਪਣਾ ਜਾਣ ਕੇ ਮਨਾਏ ਜਾਣਾਂ "ਗੁਰੂ ਸਾਹਿਬਾਨਾਂ ਨੇ ਖੁਦ ਹੀ ਸਿੱਖਾਂ ਲਈ ਵਰਜਿਤ” ਵੀ ਕੀਤਾ ਹੈ। ਇਤਿਹਾਸ ਇਸ ਦੀ ਗਵਾਹੀ ਭਰਦਾ ਹੈ ।
ਸਮੇਂ ਨੇ ਵੀ ਖ਼ਾਲਸੇ ਨੂੰ ਅਜਿਹਾ ਮਜਬੂਰ ਕੀਤਾ ਕਿ ਜਦੋਂ ਪੁਰਾਤਨ ਸਮਿਆਂ ਵਿੱਚ ਆਪਣੇ ਸਿਰਾਂ ਦੇ ਮੁੱਲ ਪਵਾਏ ਜਾਣ ਤੋਂ ਬਾਅਦ ਅਤੇ ਜਿਉਂਦਾ ਜਾਂ ਮੁਰਦਾ ਸਿੱਖ ਨੂੰ ਸਰਕਾਰ ਪਾਸ ਲੈ ਕੇ ਜਾਏ ਜਾਣ ਤੇ ਮਿਲਦੇ 80-80 ਸੋਨੇ ਦੀਆਂ ਮੋਹਰਾਂ ਦੇ ਇਨਾਮਾਂ ਦੀ ਵਿਵਸਥਾ ਵਿੱਚ ਜੰਗਲਾ ਵਿੱਚ ਵਿਚਰ ਰਹੇ ਖ਼ਾਲਸੇ ਦੇ ਸਾਹਮਣੇ ਇਹੋ ਇਕੋ ਇੱਕ ਰਾਹ ਸੀ ਕਿ ਉਹ ਹੋਰ ਮਤਾਂ ਵਲੋਂ ਹੋ ਰਹੇ ਇਕੱਠਾਂ, ਮੇਲਿਆਂ, ਤਿਉਹਾਰਾਂ ਦਾ ਇਸਤੇਮਾਲ ਆਪਣੇ ਆਪ ਨੂੰ ਸੰਗਠਿਤ ਕਰਨ ਲਈ ਕਰਦਾ ਰਹੇ। ਖ਼ਾਲਸਾ ਪੰਥ ਵਲੋਂ ਇਤਿਹਾਸਕ ਵਿਰਸੇ ਵਿੱਚ ਇੰਝ ਦੀ ਸਿਆਣਪ ਦਾ ਵਰਤਾਰਾ ਕੀਤਾ ਜਾਂਦਾ ਰਿਹਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਹ ਤਿਉਹਾਰ ਸਿੱਖਾਂ ਦੇ ਸਾਂਝੇ ਤਿਉਹਾਰ ਹੋ ਗਏ ਹਨ।
ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ
ਅਤਿੰਦਰ ਪਾਲ ਸਿੰਘ ਖਾਲਸਤਾਨੀ
ਕੀ ਬੰਦੀ ਛੋੜ ਦਿਵਸ ਦਾ ਵੀ ਦੀਵਾਲੀ ਵਾਲੇ ਦਿਨ ਨਾਲ ਕੋਈ ਸਰੋਕਾਰ ਹੈ ? (ਭਾਗ ਪਹਿਲਾ)
Page Visitors: 3086