ਭੀੜਾਂ ਦਾ ਹਿੱਸਾ ਬਣਨ ਦੀ ਥਾਂ, ਇਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣੀ ਚਾਹੀਦੀ ਹੈ,
ਭਾਵੇਂ ਇਹ ਭੀੜਾਂ ਹੀ ਗੁਰੂ ਨਾਨਕ ਜੀ ਦੇ ਅਸਲੀ ਸਿੱਖ ਹਨ, ਜੋ ਕਿਰਤ ਕਰ ਕੇ ਆਪਣਾ ਪਰਿਵਾਰ ਵੀ ਪਾਲਦੇ ਹਨ ਅਤੇ ਇਨ੍ਹਾਂ ਦੇ ਦਸਵੰਧ ਆਸਰੇ ਦੁਨੀਆ ਦੇ ਸਾਰੇ ਗੁਰਦਵਾਰਿਆਂ ਦਾ, ਗੁਰਦਵਾਰਾ ਕਮੇਟੀਆਂ, ਉਨ੍ਹਾਂ ਦੇ ਪ੍ਰਬੰਧਕਾਂ, ਲੰਗਰਾਂ, ਪਰਚਾਰਕਾਂ, ਕਾਰਸੇਵਾ ਦੇ ਡੇਰਿਆਂ, ਸੰਤ-ਮਹਾਂ-ਪੁਰਖਾਂ, ਬਰ੍ਹਮਗਿਆਨੀਆਂ, ਦਾ ਖਰਚਾ ਚਲਦਾ ਹੈ। ਸਿਰਫ ਇਸ ਲਈ ਕਿ ਇਹ ਗੁਰੂ ਦੇ ਸਿੱਖ, ਇਨ੍ਹਾਂ ਥਾਵਾਂ ਤੋਂ ਗੁਰਮਤਿ ਦੀ ਸੋਝੀ ਲੈਣ ਜਾਂਦੇ ਹਨ, ਪਰ ਇਹ ਸਾਰੀਆਂ ਸੰਸਥਾਵਾਂ ਇਨ੍ਹਾਂ ਦਾ ਰੱਜ ਕੇ ਸ਼ੋਸ਼ਣ ਕਰਦੀਆਂ ਹਨ, ਇਨ੍ਹਾਂ ਨੂੰ ਗੁਰਮਤਿ ਬਾਰੇ ਸੋਝੀ ਦੇਣ ਦੀ ਥਾਂ, ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ। ਲੋੜ ਤਾਂ ਇਹ ਹੈ ਕਿ ਇਹ ਆਪ ਬਾਣੀ ਨਾਲ ਜੁੜਦੇ, ਉਸ ਤੋਂ ਸਿਖਿਆ ਲੈ ਕੇ ਆਪਣੇ ਜੀਵਨ ਵਿਚ ਢਾਲਦੇ। ਗੜਬੜ ਤਦ ਹੁੰਦੀ ਹੈ ਜਦ ਕਿਰਤ ਨੂੰ ਛੱਡ ਕੇ ਬਾਕੀ ਕੰਮਾਂ ਰਾਹੀ ਕਮਾਈ ਕਰਨ ਵਾਲੇ ਇਨ੍ਹਾਂ ਨੂੰ ਵਰਗਲਾ ਕੇ, ਇਨ੍ਹਾਂ ਦੇ ਜੈਕਾਰਿਆਂ ਆਸਰੇ ਆਪਣਾ ਉਲੂ ਸਿੱਧਾ ਕਰਦਿਆਂ ਪੰਥ ਵਿਰੋਧੀ ਕੰਮ ਕਰਵਾ ਲੈਂਦੇ ਹਨ। (ਜਿਵੇਂ ਇਸ ਸਰਬੱਤ ਖਾਲਸਾ ਵਿਚ ਹੋਇਆ ਹੈ) ਇਨ੍ਹਾਂ ਨੂੰ ਭੀੜਾਂ ਦਾ ਹਿੱਸਾ ਬਣਨ ਦੀ ਥਾਂ, ਆਪਣਾ ਕੰਮ-ਕਾਰ ਕਰਦੇ ਹੋਏ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਣੀ ਚਾਹੀਦੀ ਹੈ, ਗੁਰਦਵਾਰਿਆਂ ਨੂੰ ਲੋੜ ਅਨੁਸਾਰ ਹੀ ਪੈਸੇ ਦੇਣੇ ਚਾਹੀਦੇ ਹਨ, (ਜਿਹੜੇ ਪੈਸੇ ਇਹ ਇਨ੍ਹਾਂ ਸੰਸਥਾਵਾਂ ਨੂੰ ਦਿੰਦੇ ਹਨ, ਉਹ ਹੀ ਸਿੱਖੀ ਦੇ ਰਾਹ ਦਾ ਰੋੜਾ ਬਣਦੇ ਹਨ) ਜੇ ਇਹ ਆਪਣੀ ਕਮਾਈ ਆਪਣੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਅਤੇ ਲੋੜਵੰਦ ਦੀ ਮਦਦ ਕਰਨ ਤੇ ਲਾਉਣ ਤਾ, ਸਿੱਖੀ ਦੇ ਨਿਘਾਰ ਨੂੰ ਸਿੱਖੀ ਦੀ ਚੜ੍ਹਦੀ ਕਲਾ ਵਿਚ ਬਦਲਣ ਵਿਚ ਬਹੁਤੀ ਮੁਸ਼ਕਿਲ ਨਾ ਪੇਸ਼ ਆਵੇ, ਅਤੇ ਇਹ ਆਪ ਵੀ ਇੱਜ਼ਤ ਦੀ ਜ਼ਿੰਦਗੀ ਜੀਉਣ। ਜਦੋਂ ਇਹ ਲਾਈਲੱਗ ਪੁਣੇ ਵਿਚ ਭੀੜਾਂ ਦਾ ਹਿੱਸਾ ਬਣਦੇ ਹਨ, ਤਦ ਹੀ ਇਹ ਦੁਸ਼ਮਣ ਦਾ ਹੱਥ-ਠੋਕਾ ਬਣ ਕੇ ਗੁਰਮਤਿ ਲਈ ਦੁਖਸਾਈ ਬਣਦੇ ਹਨ ।
ਅਮਰ ਜੀਤ ਸਿੰਘ ਚੰਦੀ