ਸਰਬੱਤ-ਖਾਲਸਾ ਅਤੇ ਸੰਪ੍ਰਦਾਈ-ਵੰਡ
ਦਾਸ ਸਰਬੱਤ ਖਾਲਸਾ ਦਾ ਹਮਾਇਤੀ ਅਤੇ ਸਤਿਕਾਰ ਕਰਦਾ ਹੈ ਪਰ 10 ਨਵੰਬਰ 2015 ਵਾਲੇ ਸਰਬੱਤ ਖਾਲਸੇ ਬਾਰੇ ਸਾਰਥਕ ਅਤੇ ਸਿਧਾਂਤਕ ਵਿਚਾਰ ਕਰ ਰਿਹਾ ਹੈ ਜੋ ਹਰੇਕ ਸਿੱਖ ਨੂੰ ਹੱਕ ਹੈ। ਸਰਬੱਤ ਖਾਲਸਾ ਸਭ ਦਾ ਸਾਂਝਾ ਹੋਵੇ ਪਰ ਉਸ ਦੇ ਮੁਖੀ ਜਾਂ ਆਗੂ ਇਕ-ਪਾਸੜ ਹੋਣ ਇਹ ਕਿੱਧਰ ਦੀ ਗੁਰਮਤਿ ਹੈ? ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਪੰਜ ਪਿਆਰੇ ਥਾਪੇ ਸਨ ਤਾਂ ਪੰਜੇ ਹੀ ਵੱਖ ਵੱਖ ਜਾਤਾਂ, ਇਲਾਕਿਆਂ ਅਤੇ ਬੋਲੀਆਂ ਦੇ ਸਨ। ਗੁਰੂ ਜੀ ਨੇ ਇੱਕ ਡੈਮੋਕਰੇਸੀ ਪੰਚਾਇਤੀ ਸਿਸਟਮ ਚਲਾਇਆ ਸੀ। ਪੰਥ ਦੀ ਵਾਗਡੋਰ ਅਤੇ ਗੁਰਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਕੇ ਉਸ ਦੀ ਤਾਬਿਆ ਪੰਜਾਂ ਦੀ ਪੰਚਾਇਤ ਬਣਾਈ ਜੋ ਸਭ ਕਿਰਤੀ ਅਤੇ ਗ੍ਰਿਹਸਤੀ ਗੁਰਸਿੱਖ ਸਨ। ਕੋਈ ਉਨ੍ਹਾਂ ਵਿੱਚੋਂ ਪੂਜਾ ਦਾ ਧਾਨ ਖਾਨ ਵਾਲਾ ਪੁਜਾਰੀ ਨਹੀਂ ਸੀ। ਪੁਜਾਰੀਵਾਦ ਦਾ ਸਖਤ ਵਿਰੋਧ ਕਰਦੇ ਹੋਏ ਗੁਰੂ ਬਾਬਾ ਨਾਨਕ ਸਾਹਿਬ ਜੀ ਨੇ ਫੁਰਮਾਇਆ ਸੀ-
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨ੍ਹਾਵੈ ਜੀਆਂ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੈ ਉਜਾੜੈ ਕਾ ਬੰਧੁ॥ (662)
ਪੁਜਾਰੀ ਤਾਂ ਵਿਹਲੜ ਪਸ਼ੂਆਂਵਾਂਗ ਉਜਾੜਾ ਹੀ ਕਰਦੇ ਹਨ। ਅੱਜ ਧਰਮ ਦੀ ਖੇਤੀ ਪੁਜਾਰੀ ਪਸ਼ੂ ਹੀ ਉਜਾੜ ਰਹੇ ਹਨ।
ਇਸ ਸਰਬੱਤ ਖਾਲਸੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸ਼ਾਮਲ ਹੋਈਆਂ ਪਰ ਸਮੁੱਚਾ ਪੰਥ ਸ਼ਾਮਲ ਨਹੀਂ ਹੋਇਆ ਜਿਸ ਵਿੱਚ ਕਥਾਕਾਰ, ਵਿਦਵਾਨ ਪ੍ਰਚਾਰਕ, ਫਿਲਾਸਫਰ, ਬੁੱਧੀਜੀਵੀ ਅਤੇ ਸਾਰੇ ਸਿੱਖ ਪੁਲੀਟੀਕਲ ਲੀਡਰ ਵੀ ਸ਼ਾਮਲ ਨਹੀਂ ਹੋਏ ਕਿਉਂਕਿ ਜਲਦੀ ਅਤੇ ਥੋੜੇ ਸਮੇਂ ਵਿੱਚ ਸੱਦਿਆ ਗਿਆ ਸੀ। ਸਿੱਖ ਸੰਗਤਾਂ ਜੋ 30-40 ਸਾਲਾਂ ਤੋਂ ਮਾਨਸਕ, ਧਾਰਮਿਕ, ਆਰਥਕ ਅਤੇ ਰਾਜਨੀਤਕ ਪੀੜਾ ਅਤੇ ਪ੍ਰੇਸ਼ਾਨੀਆਂ ਹੰਡਾ ਰਹੀਆਂ ਸਨ। ਅਜਾਦੀ ਤੋਂ ਬਾਅਦ ਸਿੱਖਾਂ ਨਾਲ ਭਾਰਤੀ ਹਕੂਮਤਾਂ ਨੇ ਇਨਸਾਫ ਨਹੀਂ ਕੀਤਾ ਸਗੋਂ ਜਰਾਇਮਪੇਸ਼ਾ ਕੌਮ ਕਹਿ ਕੇ, ਭਾਰੀ ਜੁਲਮ ਕੀਤੇ ਅਤੇ ਦੁਰਕਾਰਿਆ ਹੀ ਸੀ। ਬਲਦੀ ਤੇ ਤੇਲ ਪਾਉਣ ਵਾਲਾ ਕੰਮ ਸਿੱਖ ਇਤਿਹਾਸ, ਧਰਮ ਗ੍ਰੰਥਾਂ ਵਿੱਚ ਰਲਾ ਕਰਨਾ, 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਤਸਰ ਸਮੇਤ 37 ਗੁਰਦੁਆਰਿਆਂ ਗੁਰਧਾਮਾਂ ਤੇ ਬੇਕਿਰਕੀ ਨਾਲ ਭਾਰਤੀ ਫੌਜਾਂ ਨੇ ਹਮਲਾ ਕਰਕੇ ਲੱਖਾਂ ਬੇਦੋਸ਼ੇ ਸਿੱਖਾਂ ਨੂੰ ਮਾਰਨਾ, ਬਾਕੀਆਂ ਬਹੁਤਿਆਂ ਨੂੰ ਜੇਲੀਂ ਡੱਕਣਾ ਅਤੇ ਧੀਆਂ ਭੈਣਾ ਦੀ ਬੇਪਤੀ ਕਰਨਾ, ਸਿੱਖ ਇਤਿਹਾਸ ਦਾ ਖਜਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜਨਾ, 84 ਦੇ ਸਿੱਖਾਂ ਦੇ ਕਾਤਲਾਂ ਨੂੰ ਸਜਾ ਨਾਂ ਦੇਣਾ, ਉਮਰਕੈਦਾਂ ਭੋਗ ਚੁੱਕੇ ਸਿੱਖ ਕੈਦੀਆਂ ਨੂੰ ਵੀ ਨਾ ਛੱਡਣਾ ਆਦਿਕ। ਹੁਣ ਬੇਸ਼ਰਮ ਹੋ ਕੇ ਸਿੱਖਾਂ ਦੇ ਮਹਾਨ ਰਹਿਬਰ ਸ਼ਬਦ ਗੁਰੂ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਸਾੜਨਾਂ, ਫਾੜਨਾਂ ਅਤੇ ਪਾਵਨ ਪਤਰੇ ਗੰਦੀਆਂ ਥਾਵਾਂ ਅਤੇ ਗਲੀਆਂ ਵਿੱਚ ਖਿਲਾਰਨੇ ਅੱਲੇ ਜਖਮਾਂ ਤੇ ਲੂਣ ਛਿੜਕਨ ਵਾਲਾ ਕੰਮ ਕੀਤਾ ਹੈ।
ਪੰਜਾਬ ਵਿੱਚ ਕਾਂਗਰਸ ਤੋਂ ਬਾਅਦ ਲੰਬਾ ਸਮਾਂ ਹੁਣ ਬਾਦਲਾਂ ਅਤੇ ਭਾਜਪਾਈਆਂ ਦੀ ਸਾਂਝੀ ਸਰਕਾਰ ਚਲੀ ਆ ਰਹੀ ਹੈ ਤੇ ਹੁਣ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਪਰ ਕਾਂਗਰਸ ਤੇ ਭਾਜਪਾ ਦੋਨਾਂ ਸਰਕਾਰਾਂ ਨੇ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਦਿੱਤਾ। ਉਲਟਾ ਬਾਦਲ ਤਾਂ ਸਿੱਖੀ ਮਖੌਟਾ ਧਾਰ ਕੇ ਸਿੱਖਾਂ ਤੇ ਪੰਜਾਬੀਆਂ ਨੂੰ ਹੀ ਲੁੱਟਦਾ, ਕੁੱਟਦਾ, ਆਰਥਕ ਕਮਜੋਰ ਕਰਦਾ ਰਿਹਾ ਅਤੇ ਹੁਣ ਵੀ ਕਰ ਰਿਹਾ ਹੈ। ਇਸ ਨੇ ਸਿੱਖ ਪੰਥ ਨੂੰ ਕੁਕਰਮੀ ਡੇਰੇਦਾਰਾਂ ਅਤੇ ਸੰਪ੍ਰਦਾਈਆਂ ਨੂੰ ਵੇਚ ਦਿੱਤਾ ਹੈ। ਜਿੰਨੇ ਡੇਰੇ ਅਤੇ ਸੰਪ੍ਰਦਾਵਾਂ ਬਾਦਲ ਦੇ ਰਾਜ ਵਿੱਚ ਪੈਦਾ ਹੋਈਆਂ ਹਨ ਸ਼ਾਇਦ ਹੀ ਪਹਿਲਾਂ ਹੋਈਆਂ ਹੋਵਣ। ਧਰਮ ਅਤੇ ਰਾਜਨੀਤੀ ਸਭ ਕਾਸੇ ਤੇ ਬਾਦਲ ਦਲ ਦਾ ਕਬਜਾ ਹੈ। ਜਾਲਮ ਸਰਕਾਰਾਂ ਨੇ ਤਾਂ ਸਿੱਖ ਕੌਮ ਤੇ ਭਾਰੀ ਜੁਲਮ ਕੀਤੇ ਹੀ ਕੀਤੇ ਸਨ ਪਰ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖਤ ਤੇ ਕਬਜਾ ਕਰਕੇ ਅਖੌਤੀ ਪੁਜਾਰੀ ਮਸੰਦ ਟਾਈਪ ਜਥੇਦਾਰਾਂ ਕੋਲੋਂ ਪੰਥ ਦੇ ਚੋਟੀ ਦੇ ਸਿੱਖ ਵਿਦਵਾਨਾਂ, ਧਰਮ ਅਤੇ ਰਾਜਨੀਤਕ ਲੀਡਰਾਂ ਨੂੰ ਕੋਝੇ ਫਤਵਿਆਂ ਰਾਹੀਂ ਛੇਕ ਕੇ, ਧਰਮ ਅਤੇ ਰਾਜਨੀਤੀ ਖੇਤਰ ਵਿੱਚ ਵੱਧ ਚੱੜ੍ਹ ਕੇ ਪਿਛਾੜਿਆ ਹੈ।
ਹੁਣ ਜੋ ਸਿੱਖ ਕੌਮ ਦੇ ਸਿਰਕੱਢ ਪ੍ਰਚਾਰਕਾਂ ਖਾਸ ਕਰ ਮਿਸ਼ਨਰੀਆਂ ਨੇ ਪਿੰਡਾਂ, ਸ਼ਹਿਰਾਂ ਵਿੱਚ ਗੁਰਮਤਿ ਕਲਾਸਾਂ ਅਤੇ ਕਥਾ ਵਿਚਾਰਾਂ ਰਾਹੀਂ ਕੌਮ ਨੂੰ ਸੁਚੇਤ ਅਤੇ ਜਾਗ੍ਰਤ ਕੀਤਾ। ਸਿੱਖ ਮਿਸ਼ਨਰੀਆਂ ਦੇ ਪ੍ਰਭਾਵ ਸਦਕਾ ਕਈ ਬਾਬੇ ਵੀ ਇਸ ਲਹਿਰ ਵਿੱਚ ਸ਼ਮਲ ਹੋ ਗਏ ਜਿਵੇਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਕਈ ਹੋਰ ਵੀ ਬਾਬਾ ਤੋਂ ਭਾਈ ਬਣ ਚੁੱਕੇ ਹਨ ਅਤੇ ਸਿੱਖ ਪ੍ਰਚਾਰਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਧਰਮ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਪ੍ਰਚਾਰਕ ਵੀਰਾਂ ਸਦਕਾ ਹੀ ਕੌਮ ਵਿੱਚ ਜਗ੍ਰਤੀ ਆਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਂ ਸਹਾਰਦੇ ਹੋਏ ਪਿੰਡਾਂ ਸ਼ਹਿਰਾਂ ਵਿੱਚ ਲਾਮਬੰਦ ਹੋਏ। ਸ਼ਾਤਮਈ ਧਰਨੇ ਲਾਏ ਹਜਾਰਾਂ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨੇ ਹਾਜਰੀਆਂ ਭਰੀਆਂ ਪਰ ਸਰਕਾਰ ਨੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੰਘ ਹੀ ਫੜੇ ਕੁੱਟੇ ਅਤੇ ਕਈ ਜਖਮੀ ਕਰ, ਦੋ ਭਾਈ ਕਿਸ਼ਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਵੀ ਕਰ ਦਿੱਤੇ। ਉਲਟਾ ਦੋ ਸਕੇ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਵਿੱਚ ਮੋਹਰੀ ਸਨ ਨੂੰ ਪਤਰਿਆਂ ਦੀ ਚੋਰੀ ਵਿੱਚ ਫੜ ਕੇ ਜੇਲ੍ਹ ਡੱਕ ਦਿੱਤਾ ਜੋ ਸੰਗਤਾਂ ਦੇ ਰੋਹ ਕਾਰਨ ਰਿਹਾ ਕਰਨੇ ਪਏ।
ਹੌਲੀ ਹੌਲੀ ਸਿੱਖ ਪ੍ਰਚਾਰਕਾਂ ਹੱਥੋਂ ਇਸ ਜਬਰ ਵਿਰੁੱਧ ਉੱਠੀ ਸਬਰ ਦੀ ਲਹਿਰ ਨੂੰ ਪੀਰ ਮੁਹੰਮਦ ਅਤੇ ਦਾਦੂਵਾਲ ਵਰਗੇ ਆਪੂੰ ਬਣੇ ਲੀਡਰਾਂ ਨੇ ਹਾਈਜੈਕ ਕਰ ਲਿਆ ਅਤੇ ਫਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਰਲ ਕੇ ਜਲਦਬਾਜੀ ਵਿੱਚ ਸਰਬਤ ਖਾਲਸੇ ਦਾ ਐਲਾਨ ਕਰ ਦਿੱਤਾ।
ਉਹ ਸਾਰੇ ਪ੍ਰਸਿੱਧ ਪ੍ਰਚਾਰਕ ਜਿਨ੍ਹਾਂ ਨੇ ਕਈ ਸਾਲਾਂ ਤੋਂ ਗੁਰਮਤਿ ਪ੍ਰਚਾਰ ਕਰਕੇ ਇਹ ਸਾਰੀ ਗਰਾਉਂਡ ਤਿਆਰ ਕੀਤੀ ਸੀ ਨੂੰ ਪਿੱਛੇ ਕਰ ਦਿੱਤਾ ਗਿਆ। ਪ੍ਰਚਾਰਕ ਗਰਮ ਨਾਹਰਿਆਂ ਦੇ ਹਾਮੀ ਨਹੀਂ ਸਨ ਉਹ ਕਹਿੰਦੇ ਸਨ ਕਿ ਪਹਿਲਾਂ ਹੀ ਸਿੱਖ ਨੌਜਵਾਨ ਖਤਮ ਕੀਤੇ ਜਾ ਚੁੱਕੇ ਹਨ ਤੇ ਹੁਣ ਨਸ਼ਿਆਂ ਦੇ ਜਹਿਰ ਰਾਹੀਂ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਬਲਦੀ ਦੇ ਬੂਥੇ ਨਾਂ ਸੁੱਟਿਆ ਜਾਵੇ। ਸਿੰਘਾਂ ਦੇ ਸ਼ਹੀਦੀ ਸਮਾਗਮ ਤੇ ਹੀ ਚੋਟੀ ਦੇ ਪ੍ਰਚਾਰਕਾਂ ਨੂੰ ਨਿਕਾਰ ਸਰਬੱਤ ਖਾਲਸਾ ਦਾ ਐਲਾਨ ਕਰ ਦਿੱਤਾ ਗਿਆ। ਲੋਹਾ ਗਰਮ ਸੀ ਭਾਵ ਸਿੱਖ ਸੰਗਤਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਤਾਜਾ ਰੋਹ ਸੀ ਦੂਜਾ ਲੋਕ ਬਾਦਲ ਭਾਜਪਾ ਸਰਕਾਰ ਦੇ ਜੁਲਮਾਂ ਤੋਂ ਤੰਗ ਆ ਚੁੱਕੇ ਸਨ ਭਾਵੇਂ ਉਹ ਕਿਰਸਾਨ. ਅਧਿਆਪਕ, ਸਰਕਾਰੀ ਮੁਲਾਜਮ, ਵਾਪਾਰੀ ਇੱਥੋਂ ਤੱਕ ਕਿ ਸਕੂਲਾਂ ਦੀਆਂ ਵਿਦਿਆਰਥਣਾ ਅਤੇ ਅਧਿਆਪਕਾਵਾਂ ਵੀ ਦੁੱਖੀ ਸਨ ਜੋ ਸਭ ਭਾਰੀ ਜੋਸ਼ ਨਾਲ 10 ਨਵੰਬਰ 2015 ਦੇ ਸਰਬੱਤ ਖਾਲਸੇ ਵਿੱਚ ਸੰਗਤ ਰੂਪ ਵਿੱਚ ਭਾਰੀ ਗਿਣਤੀ ਵਿੱਚ ਪਹੁੰਚੇ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਕੁਝ ਕੁ ਚੋਟੀ ਦੇ ਸਿੱਖ ਲੀਡਰਾਂ ਨੂੰ ਛੱਡ ਕੇ ਬਾਕੀ ਬਹੁਤ ਸਾਰੇ ਡੇਰੇਦਾਰ ਹੀ ਸਟੇਜ ਦਾ ਸ਼ਿੰਗਾਰ ਬਣੇ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਵੀ ਵਿਰੋਧੀ ਸਨ ਤੇ ਹਨ। ਏਡਾ ਵੱਡਾ ਇਕੱਠ ਬਾਦਲ ਦੀ ਸਰਕਾਰ ਅਤੇ ਕੇਂਦਰ ਦੀ ਜਾਲਮ ਸਰਕਾਰ ਵਿਰੁੱਧ ਰੋਸ ਉਬਾਲਾ ਸੀ।
ਸਰਬੱਤ ਖਾਲਸੇ ਵਿੱਚ ਸਾਰੀਆਂ ਧਿਰਾਂ ਆਉਂਦੀਆਂ ਹਨ ਪਰ ਓਥੇ ਕਰੀਬ ਸਾਰੀਆਂ ਹੀ ਸੰਪ੍ਰਦਾਈ ਅਤੇ ਡੇਰੇਦਾਰ ਧਿਰਾਂ ਸਨ ਜੋ ਸਟੇਜ ਤੇ ਵੀ ਬੋਲੀਆਂ। ਓਥੇ ਮਿਸ਼ਨਰੀ ਪ੍ਰਚਾਰਕ ਵੀ ਭਾਰੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਪਰ ਉਨ੍ਹਾਂ ਨੂੰ ਸਟੇਜ ਤੇ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ।
ਵਿਦੇਸ਼ਾਂ ਤੋਂ ਜੋ ਚਿੰਤਕ ਵਿਦਵਾਨ ਸੱਜਨਾਂ ਦਾ ਪੈਨਲ ਗਿਆ ਸੀ ਉਨ੍ਹਾਂ ਨੂੰ ਵੀ ਸਮਾਂ ਨਹੀਂ ਦਿੱਤਾ ਗਿਆ ਕੇਵਲ ਮਤਿਆਂ ਦੀ ਇੰਗਲਿਸ਼ ਵਿੱਚ ਟ੍ਰਾਂਸਲੇਸ਼ਨ ਹੀ ਉਨ੍ਹਾਂ ਤੋਂ ਕਰਵਾਈ ਗਈ। ਜੋ ਤੇਰਾਂ ਮਤੇ ਓਥੇ ਪੜ੍ਹ ਕੇ ਸੁਣਾਏ ਗਏ ਉਨ੍ਹਾਂ ਚੋਂ ਜੋ ਪੰਜ ਸਿੰਘ ਸਹਿਬਾਨਾਂ ਜਾਂ ਜਥੇਦਾਰਾਂ ਦਾ ਸੀ ਜਿਸ ਕਰਕੇ ਹੀ ਸਾਰਾ ਬੁਆਲ ਉੱਠਿਆ ਸੀ ਕਿ ਬਾਦਲ ਦੇ ਜਥੇਦਾਰਾਂ ਨੇ ਸਰਸੇ ਵਾਲੇ ਬਾਰੇ ਜੋ ਡਰਾਮਾ ਕੀਤਾ ਅਤੇ ਸਿੱਖ ਕੌਮ ਦੀ ਤਰਜਮਾਨੀ ਵਾਲੇ ਕਦੇ ਵੀ ਫੈਸਲੇ ਨਹੀਂ ਲੈ ਸਗੋਂ ਪੁਜਾਰੀਆਂ ਵਾਲਾ ਹੀ ਰੋਲ ਨਿਭਾਇਆ ਹੈ ਨੂੰ ਖਤਮ ਕਰਨਾ ਹੈ। ਦੇਖੌ! ਵੱਖ ਵੱਖ ਸਿਸਟਮ ਕੌਮਾਂ ਦੀ ਭਲਾਈ ਲਈ ਪੈਦਾ ਕੀਤੇ ਜਾਂਦੇ ਹਨ ਜਿਵੇਂ ਗੁਰੂ ਰਾਮਦਾਸ ਜੀ ਨੇ ਕੌਮ ਭਲਾਈ ਲਈ ਮਸੰਦ ਸਿਸਟਮ ਕਾਇਮ ਕੀਤਾ ਸੀ ਜੋ ਬਾਅਦ ਵਿੱਚ ਭ੍ਰਿਸ਼ਟ ਹੋ ਗਿਆ ਅਤੇ ਦਸਵੇਂ ਗੁਰੂ ਨੂੰ ਖਤਮ ਕਰਨਾ ਪਿਆ। ਅੱਜ ਜਥੇਦਾਰੀ ਸਿਸਟਮ ਜੋ ਅੰਗ੍ਰੇਜ ਸਰਕਾਰ ਦੀ ਦੇਣ ਹੈ, ਮਸੰਦ ਅਤੇ ਪੁਜਾਰੀ ਬਣ ਭ੍ਰਿਸ਼ਟ ਹੋ ਚੁੱਕਾ ਹੈ ਨੂੰ ਖਤਮ ਕਰਕੇ ਕੋਈ ਨਵਾ ਤੇ ਨਰੋਆ ਸਿਸਟਮ ਪੈਦਾ ਕਰਨ ਦੀ ਲੋੜ ਹੈ। ਪੁਰਾਤਨ ਸਰਬੱਤ ਖਾਲਸਿਆਂ ਨੇ ਵੀ ਕੋਈ ਪਰਮਾਂਨੈਟ ਜਥੇਦਾਰ ਨਹੀਂ ਥਾਪੇ ਸਨ ਕੇਵਲ ਗੁਰਮਤੇ ਪੜ੍ਹਨ ਲਈ ਵਕਤੀ ਹੁੰਦੇ ਸਨ ਜੋ ਬਾਅਦ ਵਿੱਚ ਸੰਗਤ ਵਿੱਚ ਹੀ ਮਿਲ ਜਾਂਦੇ ਸਨ।
ਪਰ ਏਡੇ ਵੱਡੇ ਇਕੱਠ ਵਿੱਚ ਵੀ ਇਹ ਪੁਜਾਰੀਆਂ ਵਾਲਾ ਸਿਸਟਮ ਖਤਮ ਨਹੀਂ ਕੀਤਾ ਗਿਆ ਸਗੋਂ ਪੁਰਾਣਿਆਂ ਦੀ ਥਾਂ ਆਪਣੇ ਨਵੇਂ ਬਣਾ ਦਿੱਤੇ ਗਏ ਹਨ ਜੋ ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਨੂੰ ਛੱਡ ਕੇ ਬਾਕੀ ਸਭ ਸੰਗਤਾਂ ਨੇ ਪ੍ਰਵਾਨ ਨਹੀਂ ਕੀਤੇ। ਤੇ ਪੰਜਾਂ ਦੀ ਥਾਂ ਤਿੰਨ ਹੀ ਥਾਪੇ ਹਨ ਤੇ ਉਹ ਵੀ ਇੱਕ ਜਾਤ ਅਤੇ ਸੰਪ੍ਰਦਾ ਨਾਲ ਸਬੰਧਤ। ਫਿਰ ਇੱਕ ਬੀਬੀ ਪ੍ਰੀਤਮ ਕੌਰ ਜੀ ਵੀ ਸਟੇਜ ਤੇ ਬੋਲੇ ਸਨ ਤੇ ਉਨ੍ਹਾਂ ਨੇ ਜੋਰ ਦੇ ਕੇ ਕਿਹਾ ਵੀ ਸੀ ਕਿ ਵੇਖਣਾ ਬੀਬੀਆਂ ਦਾ ਹਿੱਸਾ ਵੀ ਬਰਾਬਰ ਰੱਖਣਾ ਜੋ ਨਹੀਂ ਰੱਖਿਆ ਗਿਆ। ਗੁਰੂ ਸਾਹਿਬ ਜੀ ਨੇ ਤਾਂ ਦਲਤ, ਜੱਟ, ਬ੍ਰਾਹਮਣ ਸਭਨਾਂ ਨੂੰ ਪੰਜਾਂ ਵਿੱਚ ਸ਼ਾਮਲ ਕੀਤਾ ਸੀ ਫਿਰ ਅਸੀਂ ਅੱਜ ਗੁਰੂ ਤੋਂ ਸਿਆਣੇ ਹੋ ਗਏ ਹਾਂ ਜੋ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹਾਂ। ਫਿਰ ਇਹ ਮਤਾ ਕਿਉਂ ਨਹੀਂ ਪਾਇਆ ਗਿਆ ਕਿ ਸਿੱਖ ਦੀ ਕੋਈ ਜਾਤ ਬਰਾਦਰੀ ਨਹੀਂ ਅਤੇ ਜੋ ਸਿੱਖ ਹੋ ਕੇ ਜਾਤ ਬਰਾਦਰੀ ਮੰਨਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਇਸ ਨਾਲ ਆਪਸ ਵਿੱਚ ਭਰਾਤਰੀਭਾਵ ਵਧਣਾ ਸੀ ਅਤੇ ਵੱਖਰੇਵੇਂ ਦੂਰ ਹੋਣੇ ਸਨ।
ਬਾਕੀ ਸਿੱਖ ਕੌਮ ਦਾ ਵਾਹਿਦ ਆਗੂ ਜਥੇਦਾਰ ਤਾਂ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਹੀ ਹੈ ਜਿਸ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਅੱਜ ਸਿੱਖ ਵੱਖ ਵੱਖ ਆਗੂਆਂ ਦੀ ਸੋਚ ਤੇ ਪਹਿਰਾ ਦੇਣ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਅਟੱਲ ਸੋਚ ਤੇ ਪਹਿਰਾ ਕਿਉਂ ਨਹੀਂ ਦਿੰਦੇ? ਕੀ ਕਿਸੇ ਵੱਡੇ ਤੋਂ ਵੱਡੇ ਸਿੱਖ ਆਗੂ ਦੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੋਂ ਵੱਡੀ ਤੇ ਉੱਪਰ ਹੋ ਸਕਦੀ ਹੈ?
ਵੈਸੇ ਤਾਂ ਸਿੱਖ ਕੌਮ ਨੂੰ ਅੱਜ ਭ੍ਰਿਸ਼ਟ ਹੋ ਚੁੱਕਾ ਪੁਜਾਰੀ ਜਥੇਦਾਰ ਸਿਸਟਮ ਖਤਮ ਕਰ ਦੇਣਾ ਚਾਹੀਦਾ ਹੈ ਪਰ ਜੇ ਅਜੇ ਨਹੀਂ ਵੀ ਕਰ ਸਕਦੇ ਤਾਂ ਘੱਟੋ ਘੱਟ ਅੱਜ ਵੋਟਾਂ ਦਾ ਰਾਜ ਹੈ ਵੋਟ ਹੀ ਸ਼ਕਤੀ ਹੈ ਇਸ ਦੀ ਵਰਤੋਂ ਕਰਕੇ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਣੀਆਂ ਚਾਹੀਦੀਆਂ ਹਨ ਤੇ ਫਿਰ ਤੁਸੀਂ ਸਵਿਧਾਨ ਮੁਤਾਬਿਕ ਵੀ ਢੁੱਕਵੇਂ ਅਤੇ ਸਰਬ ਪ੍ਰਵਾਣਿਤ ਜਥੇਦਾਰ ਚੁਣ ਸਕਦੇ ਹੋ ਵਰਣਾ ਪਾਣੀ ਚ’ ਮਧਾਣੀ ਹੀ ਪਈ ਰਹਿਣੀ ਹੈ। ਕੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮ੍ਰਪਿਤ ਜਥੇਦਾਰ ਨਹੀਂ ਚੁਣੇ ਜਾ ਸਕਦੇ? ਜਰਾ ਧਿਆਨ ਦਿਓ! ਗੁਰੂ ਨੇ ਖਾਲਸਾ ਪੰਥ ਸਾਜਿਆਂ ਸੀ ਨਾਂ ਕਿ ਵੱਖ ਵੱਖ ਡੇਰੇ ਜਾਂ ਸੰਪ੍ਰਦਾਵਾਂ ਚਲਾਈਆਂ ਸਨ। ਫਿਰ ਅਸੀਂ ਖਾਲਸਾ ਪੰਥ ਨੂੰ ਡੇਰੇ, ਟਕਸਾਲਾਂ ਅਤੇ ਸੰਪ੍ਰਦਾਵਾ ਵਿੱਚ ਕਿਉਂ ਵੰਡਦੇ ਹਾਂ? ਸਿੱਖ ਕੌਮ ਦੀ ਕਲਿਆਣ ਉਸ ਦਿਨ ਹੀ ਹੋਣੀ ਹੈ ਜਿਸ ਦਿਨ ਇਸ ਨੇ ਮੰਨ ਲਿਆ ਕਿ ਸਾਡਾ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ। ਘੱਟੋ ਘੱਟ ਬਹਾਦਰ ਸਿੱਖ ਕੌਮ ਨੂੰ ਡੇਰਾਵਾਦ ਤਾ ਖਤਮ ਕਰ ਹੀ ਦੇਣਾ ਚਾਹੀਦਾ ਹੈ ਤੇ ਅਕਾਲ ਤਖਤ ਦਾ ਨਾਂ ਵਰਤਨ ਵਾਲਿਆਂ ਨੂੰ ਇੱਕ ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਮਰਯਾਦਾ ਵੀ ਗੁਰੂ ਗ੍ਰੰਥ ਦੀ ਕਸਵਟੀ ਲਾ, ਸੋਧ ਕੇ ਮੰਨ ਹੀ ਲੈਣੀ ਚਾਹੀਦੀ ਹੈ ਫਿਰ ਹੀ ਖਾਲਸਾ ਪੰਥ ਸਦੀਵ ਚੜ੍ਹਦੀਆਂ ਕਲਾਂ ਵਿੱਚ ਜਾ ਸਕਦਾ ਹੈ। ਜੇ ਜਾਤ ਬਰਾਦਰੀਆਂ, ਧੜੇਬੰਦੀਆਂ ਅਤੇ ਇਲਾਕਾਵਾਦ ਦੇ ਭਰਮਜਾਲ ਵਿੱਚ ਹੀ ਫਸੇ ਰਹੇ ਤਾਂ ਸਰਬੱਤ ਖਾਲਸਾ ਸਮਾਗਮਾਂ ਦੇ ਵੀ ਬਹੁਤੇ ਫਾਇਦੇ ਨਹੀਂ ਹੋਣੇ। ਇਸ ਲਈ ਸਾਨੂੰ ਸੰਪ੍ਰਦਾਈ ਕਾਣੀ ਵੰਡ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਸਰਬ ਪ੍ਰਵਾਣਿਤ ਸਿਸਟਮ ਅਪਣਾ ਲੈਣਾ ਚਾਹੀਦਾ ਹੈ। ਆਸ ਹੈ ਕਿ ਪੰਥ ਦਰਦੀ ਦਾਸ ਦੇ ਇਸ ਪੰਥਕ ਸੁਝਾਅ ਅਤੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਨੂੰ ਕਬੂਲ ਕਰਨਗੇ ਜਿਸ ਵਿੱਚ ਹੀ ਸਰਬੱਤ ਦਾ ਭਲਾ ਹੈ।
ਅਵਤਾਰ ਸਿੰਘ ਮਿਸ਼ਨਰੀ
510 432 5827