ਸਤਿਕਾਰ ਕਮੇਟੀਆਂ ਦਾ ਸੱਚ - ਇੱਕ ਵਿਦੇਸ਼ੀ ਗਰੰਥੀ ਨਾਲ ਮੁਲਾਕਾਤ
* ਇੱਕ ਵਿਦੇਸ਼ੀ ਗਰੰਥੀ ਨਾਲ ਮੁਲਾਕਾਤ ਉਘੇ ਲੇਖਕ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ ਨੇ ਅਕਤੂਬਰ 2013 'ਚ ਪੰਜਾਬ ਸਪੈਕਟਰਮ 'ਤੇ ਲਿਖਿਆ ਸੀ, ਜਿਸ ਤੇ ਇਹਨਾਂ ਵੱਲੋਂ ਧਮਕੀਆਂ ਵੀ ਮਿਲੀਆੰ ਸਨ. . . . . . . . . . . . . . . . . . . . . .ਕੂੜ ਫਿਰੇ ਪ੍ਰਧਾਨ ਵੇ ਲਾਲੋ।
(ਸਤਿਕਾਰ ਦੇ ਨਾਮ 'ਤੇ ਇਕ ਵਿਦੇਸ਼ੀ ਸਿੱਖ ਨਾਲ ਕੀਹ ਵਾਪਰਿਆ, ਜ਼ਰੂਰ ਪੜ੍ਹੋ...)
ਲੁਧਿਆਣਾ ਨਿਵਾਸੀ ਭਾਈ ਚਰਨਜੀਤ ਸਿੰਘ ਪਾਹਵਾ ਨੂੰ ਦਾਣੇ ਪਾਣੀ ਦੀ ਖੇਡ ਨੇ ਅਮਰੀਕਾ ਦੇ ਸ਼ਹਿਰ ਮਿਸ਼ੀਗਨ ਦਾ ਵਾਸੀ ਬਣਾ ਦਿੱਤਾ। ਮੁੱਢ ਤੋ ਸਿੱਖੀ ਸਰੂਪ ਨੂੰ ਪਿਆਰ ਕਰਨ ਵਾਲੇ ਭਾਈ ਚਰਨਜੀਤ ਸਿੰਘ ਨੇ ਇਸ ਪੱਛਮੀ ਦੁਨੀਆਂ ਵਿੱਚ ਜਾਕੇ ਵੀ ਆਪਣੀ ਸਿੱਖੀ ਨੂੰ ਸੰਭਾਲਕੇ ਰੱਖਿਆ। ਛੋਟੀ ਉਮਰੇ ਪਾਠ ਕਰਨ ਦੀ ਰੂਚੀ ਹੋਣ ਕਰਕੇ ਗੁਰੂ ਘਰ ਤੇ ਗੁਰੂ ਗ੍ਰੰਥ ਸਾਹਿਬ ਨਾਲ ਰੂਹਾਨੀ ਰਿਸ਼ਤਾ ਪਰਪੱਕ ਰਿਹਾ। ਇੱਕ ਦਿਨ ਕਿਸੇ ਗੁਰਦੁਆਰਾ ਸਾਹਿਬ ਵਿੱਚ ਹੁਕਮ ਨਾਮਾ ਲੈਣ ਲੱਗਿਆਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਪੱਤਰਾ ਸਰੂਪ ਬਿਰਧ ਹੋਣ ਕਰਕੇ ਫਟ ਗਿਆ ਤੇ ਇੰਝ ਮਹਿਸੂਸ ਹੋਇਆ ਕਿ ਇਥੇ ਨਵਾਂ ਸਰੂਪ ਹੋਣਾ ਚਾਹੀਦਾ ਹੈ।
ਅਚਾਨਕ ਭਾਈ ਚਰਨਜੀਤ ਸਿੰਘ ਆਪਣੀ ਬਿਮਾਰ ਬੇਟੀ ਦੇ ਇਲਾਜ ਵਾਸਤੇ ਭਾਰਤ ਪਹੁੰਚਿਆ ਤੇ ਸ਼ਰਧਾ ਵੱਸ ਹੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਅਮਰੀਕਾ ਲਿਜਾਣ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਤੋਂ ਭੇਟਾ ਦੇਕੇ ਪ੍ਰਾਪਤ ਕਰ ਲਏ, ਜੋ ਉਨ੍ਹਾਂ ਨੇ ਪੰਜ ਸਿੰਘਾ ਸਮੇਤ ਪੂਰੀ ਮਰਿਆਦਾ ਅਨੁਸਾਰ ਲੁਧਿਆਣਾ ਦੇ ਇੱਕ ਲੋਕਲ ਗੁਰਦੁਆਰਾ ਸਾਹਿਬ ਤੱਕ ਪਹੁੰਚਾ ਦਿੱਤੇ ਜਿੱਥੇ ਭਾਰਤ ਹੁੰਦਿਆਂ ਭਾਈ ਚਰਨਜੀਤ ਸਿੰਘ ਸੇਵਾ ਕਰਦੇ ਹੁੰਦੇ ਸਨ। ਇਥੇ ਭਾਈ ਚਰਨਜੀਤ ਸਿੰਘ ਨੇ ਦੋ ਸਰੂਪ ਖੁਦ ਤੇ ਦੋ ਇਕ ਹੋਰ ਸਿੰਘ ਨੂੰ ਅਮਰੀਕਾ ਲਿਜਾਣ ਵਾਸਤੇ ਸੌਂਪ ਦਿੱਤੇ। ਇਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਬੈਗਾਂ ਵਿੱਚ ਸੰਭਾਲ ਕੇ ਕਾਰ ਰਾਹੀ ਦਿੱਲੀ ਵੱਲ ਚਾਲੇ ਪਾ ਦਿੱਤੇ। ਜਿਥੋਂ ਹਵਾਈ ਜਹਾਜ ਰਾਹੀਂ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਮਰੀਕਾ ਪਹੁੰਚਣੇ ਸਨ। ਉਨ੍ਹਾਂ ਦਾ ਦੂਸਰਾ ਸਾਥੀ ਤਾਂ ਦੋ ਸਰੂਪ ਲੈਕੇ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਗਿਆ। ਪਰ ਚਰਨਜੀਤ ਸਿੰਘ ਦੀ ਆਪਣੇ ਹੀ ਕਿਸੇ ਨਜਦੀਕੀ ਰਿਸ਼ਤੇਦਾਰ ਨਾਲ ਅਣਬਣ ਹੋਣ ਕਰਕੇ ਉਨ੍ਹਾਂ ਸਤਿਕਾਰ ਕਮੇਟੀ ਨੂੰ ਸ਼ਿਕਾਇਤ ਕਰ ਦਿੱਤੀ ਕਿ ਇਸ ਨੰਬਰ ਗੱਡੀ ਵਿੱਚ ਚਰਨਜੀਤ ਸਿੰਘ ਨਾਮੀ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਰਿਆਦਾ ਤੋਂ ਬਿਨਾਂ ਲੈਕੇ ਜਾ ਰਿਹਾ ਹੈ। ਹੁਣ ਇਥੇ ਜੇ ਤਾਂ ਭਾਈ ਚਰਨਜੀਤ ਸਿੰਘ ਦੀ ਇਸ ਹਰਕਤ ਬਾਰੇ ਵੇਖੀਏ ਤਾਂ ਮਨ 'ਚ ਬਹੁਤ ਗੁੱਸਾ ਆਉਂਦਾ ਹੈ ਕਿ ਉਸਨੇ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕੀਤੀ ਹੈ ਅਤੇ ਇਹ ਇੱਕ ਬਜਰ ਅਪਰਾਧ ਹੈ ਤੇ ਬਖਸਣਯੋਗ ਨਹੀਂ ਹੈ। ਅਜਿਹੇ ਮਾਮਲੇ ਵਿੱਚ ਅਗਰ ਕੋਈ ਸੰਸਥਾ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਧਾਰਮਿਕ ਮਰਿਆਦਾ ਅਨੁਸਾਰ ਕਿਸੇ ਨੂੰ ਸਮਝਾਉਣ ਲਈ ਜਾਂ ਅੱਗੇ ਤੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਕਦਮ ਚੁੱਕਦੇ ਹਨ ਤਾਂ ਇਸਦਾ ਸਮੁੱਚੇ ਸਿੱਖ ਪੰਥ ਨੂੰ ਸਵਾਗਤ ਤੇ ਪ੍ਰੋੜਤਾ ਕਰਨੀ ਬਣਦੀ ਹੈ।
ਲੇਕਿਨ ਇਥੇ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜਾਂ ਧਾਰਮਿਕ ਪੰਥਕ ਸੰਸਥਾਵਾਂ ਕੋਈ ਦੁਨਿਆਵੀ ਅਦਾਲਤਾਂ, ਥਾਣੇ ਜਾਂ ਸਰਕਾਰੀ ਵਿਭਾਗ ਹਨ। ਇਥੇ ਭੈਅ ਦੀ ਸ਼ਜਾ ਨਹੀਂ ਸਗੋਂ ਸਤਿਕਾਰ ਤੇ ਪ੍ਰੇਮ ਦਾ ਭਉ ਹੈ। ਜਿਸ ਨੂੰ ਇਤਿਹਾਸ ਨੇ ਤਨਖਾਹ ਜਾਂ ਭੁੱਲ ਬਖਸ਼ਾਉਣੀ ਲਿਖਿਆ ਹੈ। ਜਿਥੇ ਕਿਤੇ ਕਿਸੇ ਹੈਂਕੜਬਾਜ ਦੀ ਧਰਮ ਨੂੰ ਕੋਈ ਚੁਨੌਤੀ ਹੈ ਉਥੇ ਸਿੱਖਾਂ ਨੂੰ ਸਿਰ ਕਲਮ ਦਾ ਅਧਿਕਾਰ ਵੀ ਹੈ। ਜਿਵੇਂ ਇੰਦਰਾ ਗਾਂਧੀ, ਜਨਰਲ ਵੈਦਿਆ ਜਾਂ ਬੇਅੰਤ ਸਿੰਘ ਦੇ ਮਾਮਲੇ 'ਚ ਹੋਇਆ ਹੈ ਜਾਂ ਪਿਛੇ ਮੱਸੇ ਰੰਗੜ ਜਾਂ ਵਜੀਦੇ ਖਾਨ ਨਾਲ ਹੁੰਦਾ ਆਇਆ ਹੈ।
ਲੇਕਿਨ ਭਾਈ ਚਰਨਜੀਤ ਸਿੰਘ ਦੀ ਇੱਕ ਭੁੱਲ ਹੀ ਸੀ ਕਿ ਉਹ ਦੋ ਬੋਗਾਂ ਵਿੱਚ ਦੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੰਦ ਕਰਕੇ ਅਮਰੀਕਾ ਲਿਜਾ ਰਿਹਾ ਸੀ ਤੇ ਦੋ ਹੋਰ ਸਰੂਪ ਕੋਈ ਦੂਸਰਾ ਬੰਦਾ ਵੀ ਲੈਕੇ ਜਾ ਰਿਹਾ ਸੀ। ਇਸ ਪਿਛੇ ਭਾਵਨਾਂ (ਚਰਨਜੀਤ ਸਿੰਘ ਦੇ ਦੱਸਣ ਅਨੁਸਾਰ) ਇਹ ਸੀ ਕਿ ਉਹ ਕਿਸੇ ਗੁਰਦੁਆਰੇ ਗਏ ਸਨ ਜਿਥੇ ਬਿਰਧ ਸਰੂਪ ਦੇ ਅੰਗ ਫੱਟੜ ਵੇਖਕੇ ਦਿਲ 'ਚ ਇਹ ਆਇਆ ਕਿ ਇਥੇ ਨਵੇਂ ਸਰੂਪ ਲਿਆਕੇ ਪ੍ਰਕਾਸ਼ ਕੀਤੇ ਜਾਣ ਅਤੇ ਸੰਗਤ ਦੀਆਂ ਅਸੀਸਾਂ ਦੇ ਪਾਤਰ ਬਣਿਆ ਜਾਵੇ। ਪਰ ਉਸਨੂੰ ਕੀਹ ਪਤਾ ਸੀ ਕਿ ਉਸ ਨਾਲ ਕੀਹ ਭਾਣਾ ਵਾਪਰਨ ਵਾਲਾ ਹੈ।
ਜਦੋਂ ਭਾਈ ਚਰਨਜੀਤ ਸਿੰਘ ਆਪਣੀ ਕਾਰ ਰਾਹੀਂ ਮੂਰਥਲ (ਸਿੰਧੂ ਬਾਰਡਰ) 'ਤੇ ਪਹੁੰਚਿਆ ਤਾਂ ਅਚਾਣਕ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਗਿਆ। ਘੇਰਣ ਵਾਲੇ ਬੰਦਿਆਂ ਨੇ ਆਪਣੀ ਪਹਿਚਾਣ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਜਥੇ ਵੱਜੋਂ ਕਰਵਾਈ ਤੇ ਗੱਡੀ ਦੀ ਤਲਾਸ਼ੀ ਲੈਕੇ ਦੋ ਸਰੂਪ ਬਰਾਮਦ ਕਰ ਲਏ। ਇਸ ਕਮੇਟੀ ਦੇ ਕਰਤਾ ਧਰਤਾ ਭਾਈ ਬਲਬੀਰ ਸਿੰਘ ਮੁੱਛਲ ਤੇ ਭਾਈ ਅਮਰੀਕ ਸਿੰਘ ਅਜਨਾਲਾ ਹਨ। ਇਥੇ ਚਰਨਜੀਤ ਸਿੰਘ ਨੂੰ ਨਰੇਲਾ ਦੇ ਗੁਰਦੁਆਰਾ ਸਾਹਿਬ ਲਿਜਾਇਆ ਗਿਆ। ਜਿਥੇ ਕੋਈ ਡੇਢ ਸੌ ਦੇ ਕਰੀਬ ਸੰਗਤ ਵੀ ਇੱਕਠੀ ਹੋ ਗਈ ਕਿਸੇ ਨੇ ਲੋਕਲ ਪੁਲਿਸ ਨੂੰ ਫੋਨ ਕੀਤਾ ਤਾਂ ਐਸ.ਐਚ.ਓ ਵੀ ਪੁਲਿਸ ਪਾਰਟੀ ਨਾਲ ਲੈਕੇ ਪਹੁੰਚ ਗਿਆ। ਰਾਤ ਦੇ ਡੇਢ ਵਜ ਗਏ ਤਾਂ ਐਸ.ਐਚ.ਓ ਨੇ ਚਰਨਜੀਤ ਸਿੰਘ ਨੂੰ ਪੁੱਛਿਆ ਅਗਰ ਕੋਈ ਡਰ ਹੈ, ਤਾਂ ਅਸੀਂ ਤੁਹਾਨੂੰ ਪੁਲਿਸ ਪ੍ਰੋਟਕਸ਼ਨ ਦੇ ਦਿੰਦੇ ਹਾਂ। ਪਰ ਚਰਨਜੀਤ ਸਿੰਘ ਨੇ ਕਿਹਾ ਕਿ ਇਹ ਸਾਡਾ ਧਰਮਿਕ ਮਾਮਲਾ ਹੈ ਤੇ ਅਸੀਂ ਸਾਰੇ ਭਰਾ ਹਾਂ ਮੈਨੂੰ ਕਿਸੇ ਸੁਰੱਖਿਆ ਦੀ ਜਰੂਰਤ ਨਹੀਂ।
ਆਖਿਰ ਉਥੋਂ ਚਰਨਜੀਤ ਸਿੰਘ ਨੂੰ ਉਸਦੀ ਗੱਡੀ ਵਿੱਚ ਪਿਛਲੇ ਪਾਸੇ ਬਿਠਾ ਲਿਆ ਗਿਆ ਅਤੇ ਤਿੰਨ-ਚਾਰ ਬੰਦੇ ਸਤਿਕਾਰ ਕਮੇਟੀ ਵਾਲੇ ਵੀ ਨਾਲ ਬੈਠ ਗਏ ਤੇ ਵਾਪਿਸ ਪੰਜਾਬ ਨੂੰ ਇਹ ਕਹਿਕੇ ਚਾਲੇ ਪਾ ਦਿੱਤੇ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਮਾਮਲਾ ਹੈ। ਇਸਦਾ ਹੱਲ ਅਕਾਲ ਤਖਤ ਸਾਹਿਬ 'ਤੇ ਹੀ ਹੋਵੇਗਾ। ਚਰਨਜੀਤ ਸਿੰਘ ਵੀ ਭਰੋਸਾ ਕਰਕੇ ਬਿਨਾਂ ਕਿਸੇ ਝਿਜਕ ਤੋਂ ਨਾਲ ਜਾਣ ਲਈ ਰਾਜੀ ਹੋ ਗਿਆ। ਲੇਕਿਨ ਜਿਸ ਸਮੇਂ ਚਰਨਜੀਤ ਸਿੰਘ ਨੂੰ ਕਾਬੂ ਕੀਤਾ ਗਿਆ (ਉਸਦੇ ਦੱਸਣ ਅਨੁਸਾਰ) ਤਾਂ ਉਸ ਸਮੇਂ ਉਸਤੋਂ ਸਤਾਰਾਂ ਸੌ ਅਮਰੀਕੀ ਡਾਲਰ, ਪੈਂਤੀ ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਦੋ ਸੋਨੇ ਦੀਆਂ ਜੰਜ਼ੀਰੀਆਂ ਕੁਲ ਵਜਨ 8 ਤੋਲੇ ਜਿਸਦੀ ਬਜਾਰੀ ਕੀਮਤ ਲਗਭਗ ਦੋ ਲੱਖ ਚਾਲੀ ਹਜ਼ਾਰ ਰੁਪਏ ਹੈ ਅਤੇ ਦੋ ਫੋਨ, ਇੱਕ ਆਈ.ਫੋਨ ਫੋਰ ਤੇ ਦੁਸਰਾ ਸੈਮਸੰਗ ਕੰਪਨੀ ਦਾ, ਪਾਸਪੋਰਟ ਅਤੇ ਗ੍ਰੀਨ ਕਾਰਡ ਦੀ ਖੋਹ ਲਿਆ ਗਿਆ। ਇੱਕ ਤਰ੍ਹਾਂ ਨਾਲ ਜਿਵੇਂ ਪੁਲਿਸ ਮੁਜਰਿਮ ਨੂੰ ਲੈਕੇ ਜਾਂਦੀ ਹੈ ਤੇ ਚਰਨਜੀਤ ਸਿੰਘ ਨੂੰ ਵੀ ਉਸ ਦੀ ਗੱਡੀ ਵਿੱਚ ਪਿੱਛੇ ਬਿਠਾਕੇ ਰਸ਼ਤੇ ਵਿੱਚ ਹੀ ਪੁੱਛ ਪੜਤਾਲ ਆਰੰਭ ਹੋ ਗਈ। ਇੱਕ ਬੰਦਾ ਦਬਕੇ ਮਾਰ ਰਿਹਾ ਸੀ, ਕਿ ਚੱਲ ਪਤਾ ਲੱਗੇਗਾ ਹੁਣ ਤੈਨੂੰ ਕੀ ਕੀਹ ਭਾਅ ਵਿਕਦੀ ਹੈ। ਇੱਕ ਬੋਲਿਆ ਉਏ ਤੇਰੀ ਜਾਤ ਕੀਹ ਹੈ ਤੇ ਕਿਹੜੀ ਬਰਾਦਰੀ ਨਾਲ ਸਬੰਧ ਰੱਖਦਾ ਏ। ਜਦੋਂ ਚਰਨਜੀਤ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਅਰੋੜਾ ਬਰਾਦਰੀ ਵਿੱਚੋਂ ਹਾਂ ਤਾਂ ਦੂਜਾ ਬੋਲਿਆ ਓਏ ਅਰੋੜੇ ਤਾਂ ਸਿੱਖ ਹੀ ਨਹੀਂ ਹੁੰਦੇ। ਇਥੇ ਵਰਣਨਯੋਗ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਵੀ ਤਾਂ ਅਰੋੜਾ ਬਰਾਦਰੀ ਨਾਲ ਹੀ ਸਬੰਧਤ ਹਨ।
ਇੱਕ ਪੁਲਿਸੀਆਂ ਵਾਂਗੂ ਦਬਕੇ ਮਾਰ ਰਿਹਾ ਸੀ ਤੇ ਦੂਜਾ ਦਿਲਾਸੇ ਦੇ ਕੇ ਪਲੋਸ ਰਿਹਾ ਸੀ ਕਿ ਕੋਈ ਨਹੀਂ ਤੂੰ ਸਾਡਾ ਭਰਾ ਹੀ ਏ, ਗਲਤੀ ਬੰਦਿਆਂ ਤੇ ਹੀ ਹੁੰਦੀ ਹੈ, ਘਬਰਾ ਨਾ, ਜੇ ਤੂੰ ਆਖੇਂ ਤਾਂ ਜਥੇਦਾਰ ਬਲਬੀਰ ਸਿਹੂੰ ਨਾਲ ਗੱਲ ਕਰ ਲੈਂਦੇ ਹਾਂ, ਬਾਹਰੇ ਬਾਹਰ ਵੀ ਖਹਿੜਾ ਛੁੱਟ ਸਕਦਾ ਹੈ। ਲੇਕਿਨ ਜੇ ਗੱਲ ਅਕਾਲ ਤਖਤ ਸਾਹਿਬ 'ਤੇ ਪਹੁੰਚ ਗਈ ਤਾਂ ਫਿਰ ਮੁਸ਼ਕਿਲ ਵੀ ਹੋ ਜਾਵੇਗਾ ਅਤੇ ਸਜਾ ਵੀ ਜਰੂਰ ਮਿਲੇਗੀ। ਜਿਹੜੀ ਬਦਨਾਮੀ ਹੋਵੇਗੀ ਉਹ ਸਾਰੀ ਦੁਨੀਆ ਵੇਖੇਗੀ। ਧਾਰਮਿਕ ਸਜਾ ਤਾਂ ਮਿਲਣੀ ਹੀ ਹੈ 295 ਏ ਦਾ ਪਰਚਾ ਵੀ ਦਰਜ ਹੋ ਸਕਦਾ ਹੈ ਅਤੇ ਤੂੰ ਰੰਗੇ ਹੱਥੀ ਫੜਿਆ ਗਿਆ ਹੈ ਤਿੰਨ ਸਾਲ ਦੀ ਕੈਦ ਤਾਂ ਵੱਟ ਤੇ ਪਈ ਹੈ। ਬਸ ਥੋੜੀ ਜਿਹੀ ਸੇਵਾ ਨਾਲ ਤੇਰਾ ਛੁਟਕਾਰਾ ਹੋ ਸਕਦਾ ਹੈ, ਨਹੀਂ ਤਾਂ ਇੰਡੀਆ ਦੀ ਜੇਲ ਕੱਟਣੀ ਬੜੀ ਔਖੀ ਹੈ।
ਚਰਨਜੀਤ ਸਿੰਘ ਨੇ ਪੁੱਛਿਆਕਿ ਸੇਵਾ ਕੀ ਕਰਨੀ ਪਵੇਗੀ ਤਾਂ ਇੱਕ ਬੰਦੇ ਨੇ ਜਵਾਬ ਦਿੱਤਾ ਕਿ ਸਾਡੇ ਜਥੇ ਕੋਲ ਕੋਈ ਚੰਗੀ ਗੱਡੀ ਨਹੀਂ ਹੈ ਤੇ ਤੈਨੂੰ ਕੋਈ ਫਰਕ ਨਹੀਂ ਪੈਣਾ, ਤੂੰ ਅੱਠ ਦੱਸ ਲੱਖ ਦੀ ਇੱਕ ਗੱਡੀ ਦਾਨ ਕਰਦੇ, ਹੁਣੇ ਜੱਥੇਦਾਰ ਨਾਲ ਗੱਲ ਕਰਕੇ ਇੱਥੇ ਹੀ ਇੱਕ ਮਿੰਟ ਵਿੱਚ ਨਬੇੜਾ ਕਰ ਦਿੰਦੇ ਹਾਂ। ਚਰਨਜੀਤ ਅਨੁਸਾਰ ਜਦੋਂ ਮੈਂ ਅਜਿਹੀ ਸੇਵਾ ਕਰਨ ਤੋਂ ਅਸਮਰਥਤਾ ਵਿਖਾਈ, ਤਾਂ ਇੱਕ ਬੰਦਾ ਹੋਰ ਬੋਲ ਪਿਆ ਕਿ ਤੂੰ ਵੀ ਤਾਂ ਬਾਹਰ ਜਾ ਕੇ ਤੇ ਸਰੂਪ ਪੰਜ-ਪੰਜ ਲੱਖ ਰੁਪਏ ਵਿੱਚ ਵੇਚਕੇ ਪੈਸੇ ਹੀ ਕਮਾਉਣੇ ਸਨ, ਜੇ ਇਥੇ ਸੇਵਾ ਕਰ ਦੇਵੇਗਾ ਤਾਂ ਕੀਹ ਫਰਕ ਪਵੇਗਾ।
ਚਰਨਜੀਤ ਸਿੰਘ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਦਫਤਰ ਚੰਡੀਗੜ੍ਹ ਵਿਖੇ ਭਰੇ ਗਲੇ ਅਤੇ ਡੁੱਲਦੀਆਂ ਅੱਖਾਂ ਨਾਲ ਬਹੁਤ ਸਾਰੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਆਪਣੀ ਹੱਡ ਬੀਤੀ ਬਿਆਨਦਿਆਂ ਕਿਹਾ ਕਿ ਬਸ ਮੇਰੇ ਨਾਹ ਕਰਨ ਦੀ ਦੇਰ ਸੀ, ਕਿ ਸਤਿਕਾਰ ਕਮੇਟੀ ਵਾਲਿਆਂ ਦਾ ਰੁਖ ਸਖਤ ਅਤੇ ਵਧੇਰੇ ਖਰਵਾ ਹੋ ਗਿਆ। ਉਨ੍ਹਾਂ ਨੇ ਉਸੇ ਵੇਲੇ ਮੈਨੂੰ ਗੁਰਦੁਆਰਾ ਰੇਰੂ ਸਾਹਿਬ ਵਿਖੇ ਗੱਡੀ ਤੋਂ ਉਤਾਰ ਲਿਆ ਅਤੇ ਧੱਕਾ ਮੁੱਕੀ ਅਰੰਭ ਹੋ ਗਈ, ਦਸਤਾਰ ਲਾਹ ਦਿੱਤੀ ਗਈ, ਚੁਫੇਰਿਓ ਘਸੁੰਨ ਮੁੱਕੀਆਂ ਵਰਨ ਲੱਗ ਪਈਆਂ ਤੇ ਇੱਕ ਬੰਦੇ ਨੇ ਲੋਹੇ ਦੀ ਰਾਡ ਵਰਗੀ ਕੋਈ ਸਖਤ ਚੀਜ ਮੇਰੀ ਗਰਦਨ ਤੇ ਮਾਰੀ ਜਿਸ ਨੇ ਮੇਰੇ ਸਾਰੇ ਸਰੀਰ ਨੂੰ ਇੱਕ ਵਾਰੀ ਸੁੰਨ ਕਰ ਦਿੱਤਾ। ਗੁਸੇ ਹੋਈ ਸਤਿਕਾਰ ਕਮੇਟੀ ਨੇ ਫਿਰ ਮੈਨੂੰ ਇਥੋਂ ਚੁੱਕਕੇ ਸ੍ਰੀ ਅਕਾਲ ਤੱਖਤ ਸਾਹਿਬ ਲਿਜਾ ਸੁੱਟਿਆ। ਜਿਥੇ ਜਥੇਦਾਰਾਂ ਦੇ ਸੁਰਖ ਚੇਹਰਿਆ ਦੇ ਦਰਸ਼ਨ ਹੋਏ।
ਹਰ ਕੋਈ ਬੜੀਆਂ ਨਫਰਤ ਭਰੀਆਂ ਨਿਗਾਹਾਂ ਨਾਲ ਮੈਨੂੰ ਤਾੜ ਰਿਹਾ ਸੀ। ਜਥੇਦਾਰ ਸਾਹਿਬ ਅਕਾਲ ਤਖਤ ਨੇ ਮੇਰਾ ਪਾਸਪੋਰਟ ਅਤੇ ਗ੍ਰੀਨ ਕਾਰਡ ਆਪਣੇ ਕਬਜੇ ਵਿੱਚ ਲੈ ਲਿਆ ਤੇ ਆਪ ਵਿਦੇਸ਼ੀ ਦੌਰੇ ਲਈ ਰਵਾਨਾ ਹੋ ਗਏ। ਬਾਕੀ ਦਾ ਮੇਰਾ ਸਾਰਾ ਸਮਾਨ ਸਤਿਕਾਰ ਕਮੇਟੀ ਦੇ ਬੰਦਿਆਂ ਨੇ ਆਪਣੇ ਪਾਸ ਹੀ ਰੱਖ ਲਿਆ, ਜਾਂ ਕਿਸਦੇ ਹਵਾਲੇ ਕੀਤਾ ਕੋਈ ਪਤਾ ਨਹੀਂ। ਚਰਨਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਮੇਰਾ ਭਣਵਈਆ ਭਾਈ ਮਨਜੀਤ ਸਿੰਘ ਬਾਬਾ ਅਟੱਲ ਵਿਖੇ ਸੇਵਾ ਕਰਵਾ ਰਿਹਾ ਹੈ। ਜਿਸ ਨਾਲ ਸਤਿਕਾਰ ਕਮੇਟੀ ਵਾਲਿਆਂ ਦੀ ਨਹੀਂ ਬਣਦੀ। ਸਤਿਕਾਰ ਕਮੇਟੀ ਵਾਲੇ ਮੇਰੇ ਤੇ ਮੇਰੇ ਭਣਵਈਏ ਭਾਈ ਮਨਜੀਤ ਸਿੰਘ ਖਿਲਾਫ ਬਿਆਨ ਦੇਣ ਵਾਸਤੇ ਵੀ ਦਬਾ ਪਾਉਂਦੇ ਰਹੇ।
ਚਰਨਜੀਤ ਸਿੰਘ ਅਨੁਸਾਰ ਪਾਸਪੋਰਟ ਤੋਂ ਬਿਨਾਂ ਮੈਂ ਵਾਪਿਸ ਜਾਣ ਜੋਗਾ ਨਹੀਂ ਰਿਹਾ ਸੀ। ਹੁਕਮ ਇਹ ਹੋਇਆ ਕਿ ਤੂੰ ਬਹੁਤ ਵੱਡਾ ਗੁਨਾਹ ਕੀਤਾ ਹੈ ਤੇਰਾ ਮਾਮਲਾ ਜਥੇਦਾਰ ਜੀ ਵਿਦੇਸ਼ੋ ਵਾਪਿਸ ਆਕੇ ਸੁਣਨਗੇ ਅਤੇ ਫਿਰ ਹੀ ਤੇਰਾ ਛੁੱਟਕਾਰਾ ਹੋ ਸਕਦਾ ਹੈ। ਉਧਰ ਚਰਨਜੀਤ ਸਿੰਘ ਦੀ ਘਰਵਾਲੀ ਤੇ ਬੱਚੇ ਇਸ ਗੱਲ ਲਈ ਪਰੇਸ਼ਾਨ ਹੋ ਗਏ ਕਿ ਸਾਡੇ ਪਿਤਾ ਦਾ ਕੀ ਬਣੇਗਾ। ਪਰਿਵਾਰ ਨੇ ਥਾਂ ਥਾਂ ਫੋਨ ਕਰਕੇ ਭਾਈ ਚਰਨਜੀਤ ਸਿੰਘ ਦੀ ਬੰਦ ਖਲਾਸੀ ਲਈ ਮੱਦਦ ਵਾਸਤੇ ਤਰਲੇ ਕੀਤੇ ਤਾਂ ਆਖਰ ਚਰਨਜੀਤ ਸਿੰਘ ਦੀ ਬੇਨਤੀ ਅਤੇ ਪਰਿਵਾਰਕ ਮੈਂਬਰਾਂ ਦੀ ਹਾਲਤ ਤੇ ਤਰਸ ਕਰਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਭਾਈ ਖੁਸ਼ਹਾਲ ਸਿੰਘ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਚੰਡੀਗੜ੍ਹ ਤੋਂ ਸ੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਭਾਈ ਅਮਰਿੰਦਰ ਸਿੰਘ ਹਾਈ ਜੈਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਬੇਨਤੀ ਕਰਨ ਲਈ ਪਹੁੰਚ ਗਏ। ਕਿ ਇਸ ਮਾਮਲੇ ਵਿੱਚ ਬਣਦੀ ਤਨਖਾਹ ਲਾਕੇ ਚਰਨਜੀਤ ਸਿੰਘ ਦਾ ਪਾਸਪੋਰਟ ਵਾਪਿਸ ਕੀਤਾ ਜਾਵੇ, ਤਾਂ ਕਿ ਉਹ ਆਪਣੇ ਪਰੇਸ਼ਾਨ ਪਰਿਵਾਰ ਕੋਲ ਜਾ ਸਕੇ। ਪਰ ਜਥੇਦਾਰਾਂ ਨੇ ਇਨ੍ਹਾਂ ਸਿੰਘਾਂ ਨੂੰ ਵੀ ਆਖ ਸੁਣਾਇਆ ਕਿ ਤਨਖਾਹ ਤੁਹਾਨੂੰ ਵੀ ਲਗਣੀ ਚਾਹੀਦੀ ਹੈ, ਜਿਹੜੇ ਤੁਸੀ ਇਹੋ ਜਿਹੇ ਮਾੜੇ ਬੰਦੇ ਦੀ ਵਕਾਲਤ ਕਰਨ ਲਈ ਆਏ ਹੋ।
ਬੇਸ਼ਕ ਜਥੇਦਾਰਾਂ ਨੇ ਧਮਕੀ ਵੀ ਮਾਰੀ ਪਰ ਨਾਲ ਹੀ ਇਹ ਵੀ ਸਮਝ ਗਏ ਕਿ ਹੁਣ ਇਹ ਮਾਮਲਾ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਤਿਕਾਰ ਕਮੇਟੀ ਕੋਲ ਨਹੀਂ ਰਹੇਗਾ, ਸਗੋਂ ਪੰਥਕ ਗਲਿਆਰਿਆਂ ਵਿੱਚ ਪਹੁੰਚ ਜਾਵੇਗਾ। ਫਿਰ ਕਿਤੇ ਦੋ ਮਹੀਨੇ ਪਿਛੋ ਜਾਕੇ ਭਾਈ ਚਰਨਜੀਤ ਸਿੰਘ ਪਾਹਵਾ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਗੀ ਕਿ ਸੱਤ ਦਿਨ ਦਰਬਾਰ ਸਾਹਿਬ ਵਿੱਖੇ ਹਰ ਰੋਜ ਇੱਕ ਘੰਟਾ ਜੋੜੇ ਝਾੜਣ ਅਤੇ ਇੱਕ ਘੰਟਾ ਲੰਗਰ ਦੇ ਬਰਤਨ ਸਾਫ ਕਰਨ ਤੋਂ ਬਾਅਦ ਰੋਜ ਦੇ ਨਿੱਤ ਨੇਮ ਤੋਂ ਇਲਾਵਾ, ਪੰਜ ਪਾਠ ਹੋਰ ਜਪਜੀ ਸਾਹਿਬ ਦੇ ਕਰਨੇ ਹੋਣਗੇ ਅਤੇ ਇਕਵੰਜਾ ਸੌ ਰੁਪਏ ਦੀ ਰਾਸ਼ੀ ਗੁਰੂ ਦੀ ਗੋਲਕ ਲਈ ਭੇਟ ਕੀਤੀ ਜਾਵੇ, ਅਤੇ ਇਸੇ ਤਰ੍ਹਾਂ ਵੀ ਅਮਰੀਕਾ ਜਾਕੇ ਆਪਣੇ ਨੇੜਲੇ ਗੁਰਦੁਆਰੇ ਵਿੱਚ ਇੱਕ ਸਹਿਜ ਪਾਠ ਅਤੇ ਲੰਗਰ ਦੀ ਸੇਵਾ ਕਰਵਾਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇੱਕ ਪੁਸ਼ਟੀ ਪੱਤਰ ਅਕਾਲ ਤਖਤ ਸਾਹਿਬ ਨੂੰ ਲਿਖਵਾ ਕੇ ਭੇਜਿਆ ਜਾਵੇ।
ਚਰਨਜੀਤ ਸਿੰਘ ਨੇ ਦਰਬਾਰ ਸਾਹਿਬ ਵਿੱਚਲੀ ਸੇਵਾ ਸੰਪੂਰਣ ਕਰਨ ਉਪਰੰਤ ਅਮਰੀਕਾ ਵਾਪਿਸ ਜਾਣ ਤੋਂ ਕੁਝ ਘੰਟੇ ਪਹਿਲਾਂ ਜਦੋਂ ਚੰਡੀਗੜ੍ਹ ਵਿਖੇ ਆਪਣੀ ਸਾਰੀ ਵਿਥਿਆ ਬਿਆਨ ਕੀਤੀ ਜਿਸ ਨੂੰ ਸੁਣ ਕੇ ਦਾਸ ਲੇਖਕ ਨੂੰ ਅਹਿਸਾਸ ਹੋਇਆ ਕਿ ਸਤਿਕਾਰ ਦੇ ਨਾਮ ਥਲੇ ਕਿਡੀ ਵੱਡੀ ਬੁਰਛਾ ਗਰਦੀ ਹੋ ਰਹੀ ਹੈ, ਕਿਉਂ ਨਾ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਸੋਸ਼ਨ ਨੂੰ ਸੰਗਤਾਂ ਦੇ ਸਾਹਮਣੇ ਨੰਗਾ ਕੀਤਾ ਜਾਵੇ। ਉਪਰੋਕਤ ਸਾਰੇ ਘਟਨਾਕਰਮ ਨੂੰ ਜੇਕਰ ਧਾਰਮਿਕ ਨਗਰੀਏ ਤੋਂ ਵੇਖਿਏ ਤਾਂ ਜੋ ਤਨਖਾਹ ਚਰਨਜੀਤ ਸਿੰਘ ਨੂੰ ਜਥੇਦਾਰਾਂ ਵੱਲੋਂ ਲਾਈ ਗਈ ਹੈ, ਉਹ ਇਸ ਲਈ ਵਾਜਿਬ ਹੈ ਕਿ ਘਟੋ ਘਟ ਜਾਣਬੁਝ ਕੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਸੇ ਵੀ ਰੂਪ ਵਿੱਚ ਅਪਮਾਨ ਕਰਨ ਦਾ ਹੀਆ ਨਾ ਕਰ ਸਕੇ। ਪਰ ਜੋ ਕੁਝ ਸਤਿਕਾਰ ਦੇ ਪਰਛਾਵੇਂ ਥੱਲੇ ਵਾਪਰਿਆ ਹੈ ਉਸਨੇ ਸਾਡਾ ਚੇਹਰਾ ਮੋਹਰਾ ਹੀ ਬਦਲ ਕੇ ਰੱਖ ਦਿੱਤਾ ਹੈ ਜਿਸਨੇ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਪਹਿਲੀ ਗੱਲ ਤਾਂ ਇਹ ਕਿ ਜੇ ਚਰਨਜੀਤ ਸਿੰਘ ਵੱਲੋਂ ਕੋਈ ਅਵੱਗਿਆ ਵਾਲੀ ਗੱਲ ਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸੇ ਗੁਰਦੁਆਰਾ ਸਾਹਿਬ ਵਿੱਖੇ ਬਿਰਾਜਮਾਨ ਕਰ ਦਿੱਤੇ ਜਾਂਦੇ ਤੇ ਚਰਨਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ 'ਤੇ ਜਾ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਜਾਂਦੀ। ਉਸ ਕੋਲੋਂ ਸਰੂਪ ਬਰਾਮਦ ਕਰਨ ਤੋਂ ਲੈਕੇ ਸਾਰੇ ਘਟਨਾ ਕਰਮ ਨੂੰ ਵਿਡਿਓ ਕੈਮਰੇ ਵਿੱਚ ਸਬੂਤ ਵਜੋਂ ਬੰਦ ਕਰ ਲਿਆ ਜਾਂਦਾ।
ਇਥੇ ਇਹ ਲਿਖਣ ਦਾ ਮੇਰਾ ਮਤਲਬ ਇਹ ਕਤਈ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਕੋਈ ਪੁੱਛੇ ਹੀ ਨਾ, ਪਰ ਸਭ ਕੁਝ ਗੁਰੂ ਜੁਗਤ ਵਿੱਚ ਹੀ ਹੋਣਾ ਚਾਹੀਦਾ ਹੈ।
ਜੇ ਚਰਨਜੀਤ ਸਿੰਘ ਗੁਨਾਹਗਾਰ ਸੀ ਤੇ ਉਸਨੇ ਇੰਨੀ ਵੱਡੀ ਗਲਤੀ ਕੀਤੀ ਸੀ, ਤਾਂ ਸਤਿਕਾਰ ਕਮੇਟੀ ਨੇ ਉਸਦਾ ਸਿਰ ਕਲਮ ਕਿਉਂ ਕੀਤਾ। ਗਲਤੀ ਦੀ ਸਜਾ ਅਕਾਲ ਤਖਤ ਸਾਹਿਬ 'ਤੇ ਤੈਅ ਹੋਣੀ ਸੀ, ਫਿਰ ਰੇਰੂ ਸਾਹਿਬ ਲਿਆ ਕੇ ਮਾਰਕੁੱਟ ਕਰਨ ਦਾ ਅਧਿਕਾਰ ਸਤਿਕਾਰ ਕਮੇਟੀ ਨੂੰ ਕਿਸ ਨੇ ਦਿੱਤਾ, ਕਿ ਕਿਸੇ ਸਿੱਖ ਦੀ ਪੱਗ ਲਾਹ ਕੇ ਉਸਨੂੰ ਕੁਟਿਆ ਜਾਵੇ। ਜਦੋ ਕਿ ਹਵਾਈ ਅੱਡਿਆਂ 'ਤੇ ਸੁਰੱਖਿਆ ਵਜੋਂ ਉਤਾਰੀਆਂ ਜਾ ਰਹੀਆਂ ਪੱਗਾਂ ਨੂੰ ਲੈਕੇ ਸਾਰਾ ਸਿੱਖ ਜਗਤ ਵਾਵੇਲਾ ਖੜਾ ਕਰਦਾ ਹੈ। ਕੀ ਰੇਰੂ ਸਾਹਿਬ ਗੁਰੂ ਦਾ ਇਤਿਹਾਸਿਕ ਸਥਾਨ ਹੈ, ਜਾਂ ਕੋਈ ਥਾਣਾ ਸੀ ਜਿਥੇ ਚਰਨਜੀਤ ਸਿੰਘ ਤੇ ਤਸ਼ੱਦਦ ਕਰਕੇ ਕੁਝ ਮਨਵਾਉਣਾ ਸੀ।
ਸਤਿਕਾਰ ਕਮੇਟੀ ਨੇ ਚਰਨਜੀਤ ਸਿੰਘ ਤੋਂ ਸਿਰਫ ਗੁਰੂ ਮਹਾਰਾਜ ਦੇ ਸਰੂਪ ਬਰਾਮਦ ਕਰਨੇ ਸਨ, ਪਰ ਸਤਾਰਾਂ ਸੌ ਡਾਲਰ, ਪੈਂਤੀ ਹਜ਼ਾਰ ਰੁਪਏ, ਅੱਠ ਤੋਲੇ ਸੋਨਾ, ਦੋ ਫੋਨ ਕਿਸ ਕਾਰਨ ਖੋਹ ਲਏ। ਕਿਸੇ ਤੋਂ ਵੀ ਉਸਦਾ ਪਾਸਪੋਰਟ ਖੋਹਣ ਦਾ ਅਧਿਕਾਰ ਸਤਿਕਾਰ ਕਮੇਟੀ ਨੂੰ ਕਿਵੇਂ ਮਿਲ ਗਿਆ। ਜਦੋਂ ਕਿ ਪਾਸਪੋਰਟ ਭਾਰਤ ਸਰਕਾਰ ਦੀ ਅਤੇ ਗਰੀਨ ਕਾਰਡ ਅਮਰੀਕਾ ਸਰਕਾਰ ਦੀ ਸੰਪਤੀ ਹੈ ਜਿਸਨੂੰ ਕੋਈ ਦੂਜਾ ਬੰਦਾ ਆਪਣੇ ਕਬਜੇ ਵਿੱਚ ਰੱਖੇ ਤਾਂ ਬਹੁਤ ਵੱਡਾ ਕਾਨੂੰਨੀ ਜੂਰਮ ਹੈ। ਪਾਸਪੋਰਟ ਸਿਰਫ ਅਦਾਲਤ ਹੀ ਜਮਾ ਕਰਵਾ ਸਕਦੀ ਹੈ। ਸਤਿਕਾਰ ਕਮੇਟੀ ਕੋਲ ਇਹ ਕਿਹੜਾ ਕਾਨੂੰਨੀ ਅਧਿਕਾਰ ਸੀ ਕਿ ਉਹ ਦੂਸਰੇ ਸੂਬੇ ਵਿੱਚੋਂ ਕਿਸੇ ਬੰਦੇ ਨੂੰ ਅਗਵਾਹ ਕਰਕੇ ਲਿਆਉਣ । ਇਨ੍ਹਾਂ ਸਾਰੇ ਸਵਾਲਾਂ ਨੇ ਸਿੱਖ ਅਵਾਮ ਨੂੰ ਸੋਚੀ ਪਾ ਦਿੱਤਾ ਹੈ ਕਿ ਸਤਿਕਾਰ ਦੇ ਨਾਮ ਤੇ ਕੀਹ ਕੁਝ ਹੋਣ ਲੱਗ ਪਿਆ ਹੈ।
ਜੇ ਸਤਿਕਾਰ ਕਮੇਟੀ ਏਨੀ ਹੀ ਬਲਵਾਨ ਹੈ, ਤਾਂ ਸੌਦਾ ਸਾਧ ਵੱਲੋਂ ਗੁਰੂ ਦਾ ਬਾਣਾ ਪਾਕੇ ਜੋ ਸਾਰੇ ਸਿੱਖਾਂ ਨੂੰ ਚੈਲੰਜ ਕੀਤਾ ਹੈ, ਉਸਨੂੰ ਫੜਕੇ ਉਹ ਬਾਣਾ ਹੀ ਬਰਾਮਦ ਕਰਵਾ ਲੈਣ।
ਹਰ ਰੋਜ ਸਿੱਖ ਸਾਧ ਡੇਰਿਆਂ ਦੇ ਵਿੱਚ ਗੁਰੂ ਦੀ ਤਾਬਿਆ ਵਿੱਚ ਖੁਦ ਨੂੰ ਮੱਥੇ ਟਿਕਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਰ ਰਹੇ ਹਨ। ਇਥੇ ਸਤਿਕਾਰ ਕਮੇਟੀ ਚੁਪ ਕਿਉਂ ਹੈ? ਜੇ ਸਤਿਕਾਰ ਕਮੇਟੀ ਚਰਨਜੀਤ ਸਿੰਘ ਨੂੰ ਫੜਕੇ ਅਕਾਲ ਤਖਤ ਸਾਹਿਬ ਲਿਜਾ ਰਹੀ ਸੀ ਤਾਂ ਰਸਤੇ ਵਿੱਚ ਇੱਕ ਗੱਡੀ ਲੈਕੇ ਮਾਮਲਾ ਰਫਾ ਦਫਾ ਕਰਨ ਦੀ ਸੌਦੇਬਾਜੀ ਕਿਉ ਕੀਤੀ ਜਾ ਰਹੀ ਸੀ। ਜੇ ਭਲਾ ਭਾਈ ਚਰਨਜੀਤ ਸਿੰਘ ਗੱਡੀ ਦੇ ਦਿੰਦਾ, ਤਾਂ ਕੀਹ ਫਿਰ ਉਸਨੂੰ ਬੈਗ ਵਿੱਚ ਸਰੂਪ ਪਾਕੇ ਲੈ ਜਾਣ ਦੀ ਇਜਾਜਤ ਸੀ, ਤੇ ਉਹ ਬੇਕਸੂਰ ਸਾਬਤ ਹੋ ਜਾਂਦਾ। ਲੇਕਿਨ ਉਸ ਵੱਲੋਂ ਇਨਕਾਰ ਕਰਨ 'ਤੇ ਜਿਥੇ ਉਸਦੀ ਕੁੱਟ ਮਾਰ ਹੋਈ ਉਥੇ ਦੋਸ ਵੀ ਜਿਓ ਦੇ ਤਿਓ ਖੜੇ ਰਹੇ।
ਜਥੇਦਾਰ ਸਾਹਿਬਾਨਾ ਦਾ ਰੋਲ ਵੀ ਗੰਭੀਰਤਾ ਨਾਲ ਵੇਖਣ ਦੀ ਲੋੜ ਹੈ। ਜੇ ਕਿਸੇ ਤੋਂ ਜਾਣੇ ਅਣਜਾਣੇ ਵਿੱਚ ਭੁੱਲ ਹੋ ਗਈ ਤਾਂ ਜੋ ਵੀ ਤਨਖਾਹ ਲਾਉਣੀ ਹੈ ਤੁਰੰਤ ਲਾਕੇ ਕੰਮ ਨਿਬੇੜਨਾ ਚਾਹੀਦਾ ਹੈ। ਸੱਤ ਸਮੁੰਦਰੋਂ ਪਾਰ ਬੈਠੇ ਪਰਿਵਾਰ ਨੂੰ ਕਿਸ ਗੱਲ ਦੀ ਮਾਨਸਿਕ ਸਜਾ ਦਿੱਤੀ ਗਈ। ਪਰ ਜੱਥੇਦਾਰ ਸਾਹਿਬ ਚਰਨਜੀਤ ਸਿੰਘ ਦਾ ਪਾਸਪੋਰਟ ਅਤੇ ਗ੍ਰੀਨ ਕਾਰਡ ਆਪਣੇ ਕੋਲ ਰੱਖਕੇ ਖੁਦ ਵਿਦੇਸ਼ੀ ਦੌਰੇ 'ਤੇ ਚਲੇ ਗਏ ਤੇ ਉਹ ਕਈ ਹਫਤੇ ਭਟਕਦਾ ਫਿਰਦਾ ਰਿਹਾ। ਲੇਕਿਨ ਜਦੋਂ ਕੋਈ ਸਿੱਖ ਚਿੰਤਕਾਂ ਨੇ ਚਰਨਜੀਤ ਸਿੰਘ ਅਤੇ ਉਸਦੇ ਪਰਿਵਾਰ ਦੀ ਹਾਲਤ ਨੂੰ ਵੇਖ ਸੁਣਕੇ ਜਥੇਦਾਰਾਂ ਨੂੰ ਬੇਨਤੀ ਕਰਨ ਦੀ ਹਿੰਮਤ ਕੀਤੀ ਤਾਂ ਜਥੇਦਾਰਾਂ ਵੱਲੋਂ ਕਹੇ ਸ਼ਬਦਾਂ ਨੇ ਵੀ ਸਿੱਖੀ ਪਰੰਪਰਾਵਾਂ ਅਤੇ ਇਨਸਾਨੀ ਕਦਰਾਂ ਕੀਮਤਾ ਨੂੰ ਸ਼ਰਮਸ਼ਾਰ ਕੀਤਾ।
ਬੜੀ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਜੱਜ ਨੇ ਕਿਸੇ ਵੀ ਵਕੀਲ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਬਹੁਤ ਵੱਡੇ ਦੋਸ਼ੀ ਦੀ ਵਕਾਲਤ ਕਰ ਰਹੇ ਹੋ ਕਿਉਂ ਨਾ ਤੁਹਾਨੂੰ ਵੀ ਸਜਾ ਦਿੱਤੀ ਜਾਵੇ। ਪਰ ਜਥੇਦਾਰ ਸਾਹਿਬਾਨ ਦਾ ਭਾਈ ਚਰਨਜੀਤ ਸਿੰਘ ਪ੍ਰਤੀ ਹਮਦਰਦੀ ਪ੍ਰਗਟਾਵਾਂ ਨਾਲੇ ਸਿੱਖਾਂ ਨੂੰ ਇਹ ਕਹਿਣਾ ਕਿ ਤੁਹਾਨੂੰ ਵੀ ਤਨਖਾਹ ਲਗਣੀ ਚਾਹੀਦੀ ਹੈ। ਅਕਾਲ ਤਖਤ ਦੀ ਮਰਿਆਦਾ ਤੇ ਪ੍ਰਸ਼ਨ ਚਿੰਨ ਲਗਾ ਗਿਆ। ਇਥੇ ਗੱਲ ਚਰਨਜੀਤ ਜਾਂ ਸਤਿਕਾਰ ਕਮੇਟੀ ਦੇ ਨਿਭਾਏ ਰੋਲ ਤੱਕ ਸਿਮਤ ਨਹੀਂ, ਸਗੋ ਇਹ ਵੇਖਣ ਤੇ ਸੋਚਣ ਵਾਲੀ ਗੱਲ ਹੈ ਕਿ ਅਸੀਂ ਭੁੱਲੜ ਸਿੱਖਾਂ ਨੂੰ ਰਾਹੇ ਪਾਉਣਾ ਹੈ, ਜਾਂ ਉਨ੍ਹਾਂ ਨੂੰ ਜਲੀਲ ਕਰਕੇ ਸਿੱਖੀ ਤੋਂ ਲਾਂਭੇ ਕਰਨਾ ਹੈ। ਗਲਤੀਆਂ ਤਾਂ ਹਰ ਕਿਸੇ ਤੋਂ ਹੁੰਦੀਆਂ ਹਨ, ਪਰ ਗਲਤੀ ਦਾ ਪਿਛੋਕੜ ਜਾਣੇ ਬਿਨਾਂ ਕੋਈ ਕਦਮ ਚੁੱਕਣਾ ਸਹੀ ਨਹੀਂ ਹੁੰਦਾ।
ਭਾਈ ਚਰਨਜੀਤ ਸਿੰਘ ਪਾਹਵਾ ਇਨੀ ਦਿਨੀ ਅਮਰੀਕਾ ਵਿੱਚ ਸਤਿਕਾਰ ਕਮੇਟੀ ਵੱਲੋਂ ਲੋਹੇ ਦੀ ਰਾਡ ਨਾਲ ਗਰਦਨ ਤੇ ਦਿੱਤੇ ਜਖਮ ਦੀ ਵਜਾ ਕਰਕੇ ਜੇਰੇ ਇਲਾਜ ਹੈ। ਉਸਨੇ ਅਮਰੀਕਾ ਤੋਂ ਫੋਨ ਕਰਕੇ ਦੱਸਿਆ ਕਿ ਮੇਰੀਆਂ ਬਾਹਵਾਂ ਅਤੇ ਹੱਥ ਸੁੰਨ ਹੋਣ ਲੱਗ ਪਏ ਹਨ। ਹਾਲੇ ਸੱਟ ਦੇ ਨੁਕਸਾਨ ਦਾ ਅੰਦਾਜਾ ਐਮ.ਆਰ.ਆਈ ਹੋਣ ਤੋਂ ਬਾਅਦ ਹੀ ਲਗੇਗਾ। ਇਥੋਂ ਕੁਟ ਮਾਰ ਖਾਕੇ, ਧਾਰਮਿਕ ਤਨਖਾਹ ਲਗਵਾ ਕੇ, ਸੋਨੇ ਪੈਸੇ ਡਾਲਰਾਂ ਦੀ ਲੁੱਟ ਖਸੁੱਟ ਕਰਵਾ ਕੇ ਜੇ ਭਾਈ ਚਰਨਜੀਤ ਸਿੰਘ ਸੱਟ ਦੀ ਵਜਾ ਕਰਕੇ ਸਰੀਰਕ ਪੱਖੋ ਅਪਾਹਜ ਹੋ ਜਾਂਦਾ ਹੈ, ਤਾਂ ਇਸਦਾ ਜਿੰਮੇਵਾਰ ਕੌਣ ਹੋਵੇਗਾ?
ਅਜਿਹੀਆਂ ਹਰਕਤਾਂ ਵੇਖਕੇ ਕੋਈ ਸਿੱਖ ਅਖਵਾਉਣਾ ਪਸੰਦ ਕਰੇਗਾ???
ਗੁਰਿੰਦਰਪਾਲ ਸਿੰਘ ਧਨੌਲਾ