- = ਜ਼ਮੀਰ ਤੇ ਇਮਾਨ = -
ਹੋਇਆ ਇਹ ਕਿ ਮੈਂ ਅੱਜ ਆਪਣੇ ਕੁੱਝ ਨਿੱਜੀ ਰੁਝੇਵਿਆਂ 'ਚ ਐਡੀਲੇਡ ਦੀ ਇਕ ਸੁੰਨੀ ਜਿਹੀ ਗਲੀ 'ਚ ਕਾਰ ਪਾਰਕ ਕਰਕੇ ਆਪਣੇ ਮਿੱਤਰ ਜੌਲੀ ਦੇ ਘਰ ਗੱਲੀਂ ਲੱਗ ਗਿਆ। ਜਦੋਂ ਦੋ ਕੁ ਘੰਟਿਆਂ ਬਾਅਦ ਕਾਰ 'ਚ ਆ ਕੇ ਬੈਠਿਆ ਤਾਂ ਸ਼ੀਸ਼ੇ ਤੇ ਵਾਈਪਰ ਹੇਠ ਇਕ ਲੰਡੀ ਜਿਹੀ ਪਰਚੀ ਪਈ ਦੇਖੀ।
ਪਹਿਲੀ ਨਜ਼ਰੇ ਖ਼ਿਆਲ ਆਇਆ ਮਾਸਾ ਕੀਤੇ ਯੈਲੋ ਲਾਈਨ ਤੇ ਤਾਂ ਨਹੀਂ ਪਾਰਕ ਕਰ ਗਿਆ ਸੀ? ਕਿਉਂਕਿ ਇਹੋ ਜਿਹੇ ਵੇਲੇ ਕਈ ਬਾਰ ਕੌਂਸਲ ਵਾਲੇ ਪੰਜਾਹ ਕੁ ਡਾਲਰ ਦੀ ਪਰਚੀ ਲਾ ਜਾਂਦੇ ਹਨ। ਪਰ ਇਹ ਤਾਂ ਐਵੇਂ ਪਾਟੇ ਜਿਹੇ ਕਾਗ਼ਜ਼ ਤੇ ਪੈੱਨ ਨਾਲ ਲਿਖੀਆਂ ਚਾਰ ਲਾਈਨਾਂ ਸਨ। ਜਿਸ ਤੇ ਅੰਗਰੇਜ਼ੀ 'ਚ ਸੱਤ ਸ੍ਰੀ ਅਕਾਲ ਮਤਲਬ 'ਹਾਏ' ਲਿਖਣ ਤੋਂ ਬਾਅਦ ਲਿਖਿਆ ਸੀ ਕਿ ''ਐਕਸੀਡੈਂਟਲੀ ਮੇਰੇ ਤੋਂ ਤੁਹਾਡੀ ਨੰਬਰ ਪਲੇਟ ਦੇ ਹੁੱਜ ਵੱਜ ਗਈ ਹੈ। ਜੇ ਤੁਹਾਨੂੰ ਇਸ ਨੂੰ ਬਦਲਣ ਤੇ ਕੋਈ ਖ਼ਰਚਾ ਆਉਂਦਾ ਹੈ ਤਾਂ ਬਿਨਾਂ ਝਿਜਕ ਮੈਨੂੰ ਹੇਠ ਦਿੱਤੇ ਨੰਬਰ ਤੇ ਕਾਲ ਕਰ ਲਿਉ।'' ਇਸ ਪਿੱਛੋਂ ਲਿਖਣ ਵਾਲੇ ਨੇ ਆਪਣਾ ਨਾਂ ਤੇ ਮੋਬਾਈਲ ਨੰਬਰ ਲਿਖਿਆ ਸੀ।
ਕਿੰਨੀ ਦੇਰ ਮਨ ਅੰਦਰ ਹੀ ਅਧੇੜ ਬੁਣ ਕਰਦਾ ਓਥੇ ਖੜਾ ਰਿਹਾ। ਫੇਰ ਚਿਹਰੇ ਤੇ ਮੁਸਕਾਨ ਤੇ ਦਿਲ 'ਚ ਉਸ ਇਨਸਾਨ ਨੂੰ ਦੁਆਵਾਂ ਦਿੰਦੇ ਹੋਏ ਪਰਚੀ ਤੇ ਲਿਖੇ ਨੰਬਰ ਤੇ ਸੁਨੇਹਾ ਭੇਜ ਦਿੱਤਾ ਕਿ ''ਥੈਂਕਸ ਮੇਟ ਆਲ ਗੁੱਡ।'' ਕਿਉਂਕਿ ਨੁਕਸਾਨ ਨਾ ਦੀ ਕੋਈ ਚੀਜ਼ ਨਹੀਂ ਸੀ ਦਿਖਾਈ ਦੇ ਰਹੀ।
ਐਵੇਂ ਥੋੜ੍ਹੀ ਜਿਹੀ ਨੰਬਰ ਪਲੇਟ ਉੱਪਰ ਨੂੰ ਉਠੀ ਸੀ ਤੇ ਮੈਂ ਪੈਰ ਨਾਲ ਦੱਬ ਦਿੱਤੀ ਸੀ। ਜੋ ਕਿ ਉਹ ਇਨਸਾਨ ਵੀ ਬੜੀ ਆਰਾਮ ਨਾਲ ਕਰ ਸਕਦਾ ਸੀ। ਨਾ ਉਸ ਨੂੰ ਕੋਈ ਇਸ ਸੁੰਨੀ ਗਲੀ 'ਚ ਦੇਖਣ ਵਾਲਾ ਸੀ।
ਮੈਂ ਆਪਣੇ ਆਪ ਨੂੰ ਪੁਛਿਆ! ਉਸ ਨੇ ਇੰਜ ਕਿਉਂ ਨਹੀਂ ਕੀਤਾ? ਫੇਰ ਪਰਮਿੰਦਰ ਸੋਢੀ ਦੀ 'ਸੰਸਾਰ ਪ੍ਰਸਿੱਧ ਮੁਹਾਵਰੇ' ਕਿਤਾਬ ਵਿਚੋਂ 'ਸਲੋਵਾਕੀਆ' ਦੀ ਇਕ ਕਹਾਵਤ ਕਿ ''ਜ਼ਮੀਰ ਹਜਾਰ ਗਵਾਹਾਂ ਦੇ ਬਰਾਬਰ ਹੁੰਦੀ ਹੈ'' ਤੇ ਰੋਮਨ ਕਹਾਵਤ ''ਇਕ ਇਮਾਨ ਹਜਾਰ ਗਵਾਹਾਂ ਦੇ ਬਰਾਬਰ ਹੁੰਦਾ ਹੈ'' ਚੇਤੇ ਆ ਗਈਆਂ।
ਸੋਚਿਆ! ਇਹ ਪਰਚੀ ਉਸ ਇਨਸਾਨ ਦੀ ਜ਼ਮੀਰ ਅਤੇ ਇਮਾਨ ਦੀ ਆਵਾਜ਼ ਹੈ। ਪਰ ਇਸ ਸੋਚ ਨੇ ਵੀ ਫੇਰ ਮੈਨੂੰ ਸੋਚਾਂ ਦੀ ਘੁੰਮਣ ਘੇਰੀ 'ਚ ਸੁੱਟ ਦਿਤਾ। ਅੰਦਰੋਂ ਆਵਾਜ਼ ਆਈ ਇਸ ਇਮਾਨ ਅਤੇ ਜ਼ਮੀਰ ਨੇ ਉਸ ਵਕਤ ਮੈਨੂੰ ਆਵਾਜ਼ ਕਿਉਂ ਨਹੀਂ ਮਾਰੀ, ਜਦੋਂ ਮੈਂ ਕਾਰ ਪਾਰਕ ਕਰ ਕੇ ਜਾਨ ਲੱਗੇ ਨੇ ਇਸ ਸੋਹਣੇ ਤੇ ਸਾਫ਼ ਮੁਲਕ 'ਚ ਆਸਾ ਪਾਸਾ ਜਿਹਾ ਦੇਖ ਕੇ ਮੂੰਹ ਵਿਚੋਂ ਅੱਧ ਚੱਬੀ ਜਿਹੀ ਚਿੰਗਮ ਸੜਕ ਤੇ ਸੁੱਟ ਦਿਤੀ ਸੀ? ਚਲੋ! ਇਸ ਘਟਨਾਕ੍ਰਮ ਨੇ ਮੇਰੇ ਗੁੜ੍ਹੀ ਨੀਂਦੇ ਸੁੱਤੇ ਪਏ ਜ਼ਮੀਰ ਤੇ ਇਮਾਨ ਨੂੰ ਹਲੂਣਿਆ ਤੇ ਮੈਂ ਕਾਰ 'ਚੋਂ ਉਤਰ ਆਇਆ। ਮੇਰੀ ਨਿਗ੍ਹਾ ਚਾਰ ਚੁਫੇਰੇ ਉਸ ਚਿੰਗਮ ਨੂੰ ਤਲਾਸ਼ਣ ਲੱਗ ਪਈ ਪਰ ਉਸ ਦਾ ਨਾਮੋ ਨਿਸ਼ਾਨ ਨਾ ਦਿਖਾਈ ਦਿੱਤਾ। ਇਹ ਸੋਚ ਕੇ ਘਰ ਨੂੰ ਚਾਲੇ ਪਾ ਲਏ ਕਿ ਲਗਦਾ ਮਿੰਟੂ ਬਰਾੜਾ ਤੇਰੀ ਜ਼ਮੀਰ ਤੇ ਇਮਾਨ ਨੂੰ ਤਾਂ ਕੋਈ ਕਾਰ ਆਪਣੇ ਟਾਇਰ ਨਾਲ ਚੰਬੇੜ ਕੇ ਲੈ ਗਈ।
ਮਿੰਟੂ ਬਰਾੜ ਆਸਟ੍ਵੇਲੀਆ