ਆਓ ਜਾਗਰੂਕ ਸਿੱਖ ਪੰਥ ਦਰਦੀਉ ਅਸੀ ਸਾਰੇ ਇਕ ਪਲੇਟਫਾਰਮ ਤੇ ਇਕਠੇ ਹੋ ਕੇ
2017 ਦੀਆਂ ਪੰਜਾਬ ਦੀਆਂ ਚੋਣਾ ਲੜਣ ਦੀ ਤਿਆਰੀ ਕਰੀਏ।
ਸਿੱਖ ਕੌਮ ਦੀਆਂ ਪ੍ਰਬਲ ਭਾਵਨਾਵਾਂ ਨੂੰ ਕੈਸ਼ ਕਰਨ ਕਈ ਸਿਆਸੀ ਬੰਦਿਆਂ ਦਵਾਰਾ ਸੱਦੇ ਗਏ 10 ਨਵੰਬਰ ਦੇ ਇਕਠ ਵਿਚ ਲੱਖਾਂ ਦੀ ਗਿਣਤੀ ਵਿਚ ਭਾਵੁਕ ਸਿੱਖ ਬਹੁਤ ਹੀ ਔਕੜਾਂ ਝੱਲ ਕੇ ਬੜੇ ਹੀ ਜੋਸ਼ ਨਾਲ ਪੁੱਜੇ ਅਤੇ ਬਾਕੀ ਦੇ ਲੱਖਾਂ ਸਿੱਖ ਜੋ ਇਸ ਇਕਠ ਵਿਚ ਨਹੀ ਪੁਹੰਚ ਸਕੇ ਉਨ੍ਹਾ ਦੀਆਂ ਨਜ਼ਰਾਂ ਵੀ ਇਸ ਇਕਠ ਉਪਰ ਨਿਰੰਤਰ ਬਣੀਆਂ ਰਹੀਆਂ ਇਹ ਸਾਰੇ ਸਿੱਖ ਇਸ ਇਕਠ ਵਿਚ ਜਿਸਮਾਨੀ ਅਤੇ ਜਿਹਨੀ ਤੌਰ ਤੇ ਇਸ ਕਰ ਕੇ ਸ਼ਾਮਿਲ ਹੋਏ ਕਿਉਂਕਿ ਇਹ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ ਬਹੁਤ ਸਾਰੇ ਕਾਰਨਾਂ ਕਰ ਕੇ ਅੱਕੇ ਹੋਏ ਜਿਨ੍ਹਾ ਵਿਚੋਂ ਦੋ ਮੁੱਖ ਕਾਰਨ ਹਨ
1. ਸਿਆਸੀ ਪਾਰਟੀਆਂ ਦਾ ਸਿੱਖ ਧਰਮ ਉਪਰ ਸਿੱਧੇ ਅਸਿੱਧੇ ਰੂਪ ਵਿਚ ਕੰਟ੍ਰੋਲ। ਅਤੇ
2. ਕਿਸਾਨਾਂ ਦੀ ਹਦੋਂ ਵੱਧ ਤਰਸਯੋਗ ਹਾਲਤ।
ਇਸ ਲਈ ਪੰਜਾਬ ਦਾ ਸਿੱਖ ਕੋਈ ਬਦਲਾਅ ਚਾਹੁੰਦਾ ਹੈ ਪਰ ਉਸ ਕੋਲ ਹੋਰ ਕੋਈ ਵਿਕਲਪ ਹੀ ਨਹੀ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਨੂੰ ਭਾਂਪ ਗਈਆਂ ਹਨ, ਇਸ ਗੱਲ ਦਾ ਫਾਇਦਾ ਚੁਕਣ ਵਿਚ ਹੁਣ ਤੱਕ ਦੋ ਪਾਰਟੀਆਂ ਬੀ.ਜੇ.ਪੀ ਅਤੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੀ ਕਾਮਯਾਬ ਹੋਈਆਂ ਹਨ। ਬੀ.ਜੇ.ਪੀ ਨੇ ਬਹੁਤ ਸਾਰੇ ਹਥਕੰਡੇ (ਜਿਨ੍ਹਾ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੀ ਬੇਅਦਬੀ ਕਰਵਾਉਣੀ ਵੀ ਇਕ ਹੈ ) ਅਪਨਾ ਕੇ, ਅਕਾਲੀਆਂ ਦੀ ਮਿੱਟੀ ਪਲੀਤ ਕਰਨ ਵਿਚ ਕੋਈ ਕਸਰ ਨਹੀ ਛੱਡੀ ਤਾਂ ਜੋ 2017 ਦੀਆਂ ਚੋਣਾ ਵਿਚ ਉਹ ਇਕਲੀ ਚੋਣਾ ਲੜ ਕੇ ਪੰਜਾਬ ਵਿਚ ਵੱਧ ਤੋਂ ਵੱਧ ਸੀਟਾਂ ਹਸਲ ਕਰ ਸਕੇ ਦੁੱਜੇ ਪਾਸੇ ਸਿਮਰਜੀਤ ਸਿੰਘ ਮਾਨ ਵੀ ਸਿੱਖਾਂ ਸੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੀ ਡੁਬੀ ਹੋਈ ਰਾਜਨਿਤਕ ਬੇੜੀ ਨੂੰ ਪਾਰ ਲਗਾਉਣ ਲਈ ਪੂਰੀ ਵਾਹ ਲਾ ਰਿਹਾ ਹੈ।
ਵੈਸੇ ਤਾਂ ਅਸੀ ਸਾਰੇ ਹੀ ਜਾਗਰੂਕ ਪੰਥ ਦਰਦੀ ਪੂਰੇ ਤਿਹ ਦਲੋਂ ਇਹ ਚਾਹੁੰਦੇ ਹਾਂ ਕਿ ਸਿੱਖ ਕੌਮ ਦਾ ਕਿਸੇ ਤਰ੍ਹਾ ਭਲਾ ਹੋ ਜਾਏ ਪਰ ਨਾ ਤਾਂ ਸਾਡੇ ਵਿਚੋਂ ਕੋਈ ਅੱਗੇ ਹੀ ਆ ਰਿਹਾ ਹੈ ਅਤੇ ਨਾ ਹੀ ਅਸੀ ਕੌਮ ਦੇ ਭਲੇ ਵਾਸਤੇ ਕੋਈ ਚੰਗੀ ਨੀਤੀ/ਪਲੈਨਿੰਗ ਹੀ ਬਨ੍ਹਾ ਪਾ ਰਹੇ ਹਾਂ ਕਿ ਕੌਮ ਵਿਚਲਾ ਨਿਘਾਰ ਕਿਵੇਂ ਦੂਰ ਕਿਤਾ ਜਾ ਸਕਦਾ ਹੈ ਅਤੇ ਸਿੱਖਾਂ ਦੇ ਪਾਵਨ ਧਰਮ ਅਸਥਾਨਾਂ ਨੂੰ ਸਿਆਸੀ ਪ੍ਰਭਾਵ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ।
ਦਾਸ ਦਾ ਇਹ ਬਹੁਤ ਪ੍ਰਬਲ ਵਿਚਾਰ ਹੈ ਕਿ ਸਿੱਖਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਇਕ ਹੀ ਹੱਲ ਹੈ ਕਿ ਪੰਜਾਬ ਦੀ ਸਿਆਸਤ ਵਿਚ ਸਿੱਖ ਪੰਥ ਦਰਦੀਆਂ ਦਾ ਮਹਤਵਪੂਰਨ ਰੋਲ ਹੋਵੇ ਕਿਉਂਕਿ ਜੇ ਪੰਜਾਬ ਵਿਚ ਸਿੱਖ ਪੰਥਦਰਦੀਆਂ ਦੀ ਸਰਕਾਰ ਬਣ ਜਾਂਦੀ ਹੈ ਫੇਰ ਤਾਂ ਸਿੱਖ ਪੰਥਦਰਦੀਆਂ ਨੇ ਸਿੱਖਾਂ ਦੀਆਂ ਬੁਨਿਆਦੀ ਸਮਸਿਆਵਾਂ ਜਿਵੇਂ ਕਿ, ਕਿਸਾਨਾਂ ਦੀ, ਨਸ਼ੇ ਦੀ, ਪਤਿਤਪੁਣੇ ਦੀ, ਪਾਣੀ ਦੀ, ਜੇਲਾਂ ਵਿਚ ਰੁੱਲ ਰਹੇ ਸਿੱਖਾਂ ਦੀ, 84 ਦੀ ਲਹਿਰ ਵਿਚ ਬੇਗੁਨਾਹ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਨੂੰ ਸਜਾਵਾਂ ਦੀ, ਸਿੱਖ ਧਰਮ ਅਸਥਾਨਾਂ ਤੇ ਸਿਅਸੀ ਕੰਟ੍ਰੋਲ ਦੀ, ਸਿੱਖਾਂ ਵਿਚ ਸਹੀ ਪ੍ਰਚਾਰ ਦੀ ਕਮੀ ਦੀ, ਹੱਲ ਕਰ ਹੀ ਲੈਣੀਆਂ ਹਨ ਪਰ ਜੇ ਇਹ ਸੱਤਾ ਵਿਚ ਨਹੀ ਵੀ ਆ ਪਾਉਂਦੇ ਤਾਂ ਵੀ ਵਿਪਕਸ਼ ਵਿਚ ਬੈਠ ਕੇ ਸਤਾਧਾਰੀ ਪਾਰਟੀ ਨੂੰ ਇਹ ਸਿੱਖ ਵਿਰੋਧੀ ਕੋਈ ਵੀ ਕੰਮ ਕਰਨ ਨਹੀ ਦੇਣਗੇ।
ਹੁਣ ਵਿਚਾਰ ਕਰਦੇ ਹਾਂ ਕਿ ਜੇ ਸਿੱਖ ਪੰਥ ਦਰਦੀ 2017 ਵਿਚ ਪੰਜਾਬ ਵਿਚ ਇਕ ਸਿਆਸੀ ਪਾਰਟੀ ਬਣਾ ਕੇ ਚੋਣਾ ਲੜਦੇ ਹਨ ਤਾਂ ਉਨ੍ਹਾ ਦਾ ਜਿਤਣਾ ਨਾਮੁਮਕਿਨ ਹੈ?
ਅਨਾ ਹਜ਼ਾਰੇ ਦੇ ਅੰਦੋਲਨ ਤੋਂ ਸ਼ੁਰੂ ਹੋ ਕੇ ਦਿੱਲੀ ਵਿਚ ਅਰਵਿੰਦ ਕੇਜਰੀਵਾਲੀ ਦੀ ਸਰਕਾਰ ਬਨਣ ਤੱਕ ਲੱਗ ਭੱਗ 2 ਸਾਲ ਦਾ ਅੰਤਰ ਹੈ ਤੇ ਸਿਰਫ ਇਨ੍ਹਾ ਦੋ ਸਾਲਾਂ ਵਿਚ ਹੀ ਕੇਜਰੀਵਾਲ ਨੇ ਅਜਿਹੀ ਨੀਤੀ ਅਪਣਈ ਕਿ ਉਸ ਨੇ ਸਿਰਫ ਦੋ ਸਾਲਾਂ ਵਿਚ ਹੀ ਦਿੱਲੀ ਵਿਚ 70 ਵਿਚੋਂ 67 ਸਿਟਾਂ ਪ੍ਰਾਪਤ ਕਰ ਲਈਆਂ ਜਦਕਿ ਸਾਡੀ ਸਤਿਥੀ ਦੇ ਮੁਕਾਬਲੇ ਉਸ ਵਾਸਤੇ ਮੁਸ਼ਕਲਾਂ ਬਹੁਤੀਆਂ ਵਡੀਆਂ ਸਨ ਕਿਉਂਕਿ ਉਸ ਨੇ ਤਾਂ ਜਿਤਣ ਵਾਸਤੇ ਹਿੰਦੂ, ਮੁਸਲਮਾਨ ਅਤੇ ਸਿੱਖ ਤਿਨ੍ਹਾ ਦੀ ਵੋਟ ਪ੍ਰਾਪਤ ਕਰਨੀ ਸੀ ਪਰ ਇਸ ਦੇ ਮੁਕਾਬਲੇ ਸਾਡੇ ਵਾਸਤੇ ਤਾਂ ਇਹ ਕੰਮ ਵਧੇਰੇ ਅਸਾਨ ਹੈ ਕਿਉਂਕਿ ਅਸੀ ਤਾਂ ਸਿਰਫ ਸਿੱਖ ਵੋਟ ਹੀ ਪ੍ਰਾਪਤ ਕਰਨੀ ਹੈ ਉਹ ਵੀ ਅਜਿਹੀ ਵੋਟ ਜਿਹੜੀ ਪਹਿਲਾ ਹੀ ਮੋਜੂਦਾ ਸਿਆਸੀ ਪਾਰਟੀਆਂ ਤੋਂ ਬਹੁਤ ਅੱਕੀ ਪਈ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੇਜਰੀਵਾਲ ਨੇ ਅਜਿਹਾ ਕ੍ਰਿਸ਼ਮਾਂ ਕਰ ਕਿਵੇਂ ਲਿਆ?
ਕੇਜਰੀਵਾਲ ਇਕ ਬਹੁਤ ਹੀ ਨੀਤੀਵਾਨ ਇੰਸਾਨ ਹੈ, ਉਸ ਨੇ ਏਡਾ ਵਡਾ ਕੰਮ ਇਕਲਿਆਂ ਹੀ ਨਹੀ ਕਰ ਲਿਆ, ਉਸ ਨੇ ਵਖਰੇ-ਵਖਰੇ ਕੰਮਾਂ ਵਾਸਤੇ ਆਪਣੇ ਖੇਤਰ ਵਿਚ ਮਾਹਿਰ ਬੰਦਿਆਂ ਅਤੇ ਜਥੇਬੰਦੀਆਂ ਨਾਲ ਆਪਣੇ ਸੰਪਰਕ ਰੱਖੇ ਹੋਏ ਸਨ ਜਿਨ੍ਹਾ ਕੋਲੋਂ ਉਹ ਉਸ ਖੇਤਰ ਸੰਬਧੀ ਰਾਏ ਲੈਂਦਾ ਸੀ ਜਿਵੇਂਕਿ ਮਿਡੀਆ, ਕਾਨੂੰਨ, ਰਾਜਨੀਤੀ, ਅਰਥਸ਼ਾਸਤਰ, ਇਨਕਮ ਟੈਕਸ, ਬਿਜਲੀ, ਵਖਰੇ-ਵਖਰੇ ਖੇਤਰ ਵਿਚ ਕੰਮ ਕਰ ਰਹੇ ਐਨ.ਜੀ.ਓ ਆਦਿ, ਮਾਹਿਰਾਂ ਦੀ ਰਾਏ ਲੈ ਕੇ ਉਸ ਨੂੰ ਆਪਣੇ ਫਾਇਦੇ ਵਾਸਤੇ ਵਰਤਨਾ ਇਹ ਕਾਬਿਲਤਾ ਕੇਜਰੀਵਾਲ ਵਿਚ ਬਹੁਤ ਕਮਾਲ ਦੀ ਹੈ।
ਜੇ ਅਸੀ ਵੀ ਇਹ ਤਰੀਕਾ ਅਪਨਾ ਕੇ ਇਕ ਚੰਗੀ ਨੀਤੀ/ਰੋਡ ਮੈਪ ਬਣਾ ਕੇ ਉਸ ਨੂੰ ਲਾਗੂ ਕਰਨ ਵਿਚ ਕਾਮਯਾਬ ਹੋ ਜਾਂਦੇ ਹਾਂ ਤਾਂ ਕੋਈ ਵਡੀ ਗੱਲ ਨਹੀ ਕਿ ਅਸੀ ਵੀ ਕੇਜਰੀਵਾਲ ਦੀ ਤਰ੍ਹਾ ਪੰਜਾਬ ਵਿਚ ਹੁੰਜਾਫੇਰ ਜਿਤ ਪ੍ਰਾਪਤ ਕਰ ਲਈਏ ਪਰ ਇਸ ਵਾਸਤੇ ਸਾਨੂੰ ਨਾਕਾਰਆਤਮਕਤਾ ਵਿਚੋਂ ਨਿਕਲ ਕੇ ਸਾਕਾਰਆਤਮਕਤਾ ਵਿਚ ਪ੍ਰਵੇਸ਼ ਕਰਨਾ ਪਵੇਗਾ। ਕਿਡੀ ਵਿਡੰਬਨਾ ਦੀ ਗੱਲ ਹੈ ਕਿ ਜਿਹੜਾ ਗੁਰੂ ਦਾ ਸਿੱਖ ਸਵਾ ਲੱਖ ਫੌਜ ਨਾਲ ਇਕਲਾ ਲੜ ਕੇ ਵੀ ਚੜ੍ਹਦੀ ਕਲਾ ਵਿਚ ਰਹਿੰਦਾ ਦੀ ਉਹ ਗੁਰੂੁ ਦਾ ਸਿੱਖ ਅੱਜ ਢਹਿੰਦੀ ਕਲਾ ਵਿਚ ਆ ਕੇ ਕੁੱਝ ਮੁਠੀ ਭਰ ਸਿਅਸੀ ਬੰਦਿਆਂ ਅੱਗੇ ਗੋਡੇ ਟੇਕ ਗਿਆ ਹੈ। ਸਾਨੂੰ ਸਾਰੇ ਜਾਗਰੂਕ ਪੰਥਦਰਦੀਆਂ ਨੂੰ ਆਪਣੇ ਮਨ ਵਿਚੋਂ ਹਾਰ ਜਿਤ ਬਾਰੇ ਸਾਰੇ ਸ਼ੰਕੇ ਕੱਢ ਕੇ ਸਿਰਫ ਇਕ ਹੀ ਨਿਸ਼ਾਨੇ, ਕਿ ਪੰਜਾਬ ਵਿਚ ਚੋਣਾ ਲੜ ਕੇ ਆਪਣੀ ਸਰਕਾਰ ਬਨਾਉਣੀ ਹੈ, ਵਾਸਤੇ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਪੂਰੀ ਵਾਹ ਲਾ ਦੇਣੀ ਚਾਹੀਦੀ ਹੈ। ਮਨ ਲਓ ਕਿ ਜੇ ਅਸੀ ਆਪਣੀ ਸਰਕਾਰ ਬਨਾਉਣ ਵਿਚ ਕਾਮਯਾਬ ਨਹੀ ਵੀ ਹੁੰਦੇ ਪਰ ਕੁੱਝ ਮਹਤੱਵਪੂਰਨ ਸੀਟਾਂ ਹਾਸਲ ਕਰ ਲੈਂਦੇ ਹਾਂ ਤਾਂ ਵੀ ਸੱਤਾਂ ਦੀ ਚਾਬੀ ਤਾਂ ਸਾਡੇ ਹੱਥ ਵਿਚ ਆ ਹੀ ਜਾਵੇਗੀ ਕਿਉਂਕਿ ਫੇਰ ਵੀ ਗਠਜੋੜ ਸਰਕਾਰ ਬਨਣੀ ਤਹਿ ਹੀ ਹੋਵੇਗੀ।
ਕੇਜਰੀਵਾਲ ਦੀ ਜਿਤ ਦਾ ਇਕ ਬਹੁੱਤ ਵਡਾ ਕਾਰਨ ਸੀ ਕਿ ਉਸ ਨੇ ਅਨਾ ਹਜ਼ਾਰੇ ਦੀ ਲਹਿਰ ਕਾਰਨ ਪੈਦਾ ਹੋਏ ਜਨ ਅਧਾਰ ਨੂੰ ਆਪਣੇ ਹੱਕ ਵਿਚ ਬਹੁਤ ਹੀ ਚਤੁਰਾਈ ਨਾਲ ਇਸਤਮਾਲ ਕੀਤਾ ਕਿਉਂਕਿ ਜਨ ਅਧਾਰ ਤੋਂ ਬਿਨਾ ਚੋਣਾ ਜਿਤੀਆਂ ਨਹੀ ਜਾ ਸਕਦੀਆਂ ਇਸ ਲਈ ਸਾਡੇ ਵਾਸਤੇ ਵੀ ਜਨ ਅਧਾਰ ਪੈਦਾ ਕਰਨਾ ਬਹੁਤ ਜਰੂਰੀ ਹੈ ਅਤੇ ਇਸ ਕੰਮ ਲਈ ਸਭ ਤੋਂ ਉਤੱਮ ਹੈ ਸਾਡਾ ਪ੍ਰਚਾਰਕ ਵਰਗ ਜਿਨ੍ਹਾ ਨੇ ਪਹਿਲਾਂ ਵੀ ਇਹ ਕੰਮ ਪੂਰੀ ਸਫਲਤਾ ਨਾਲ ਕੀਤਾ ਪਰ ਉਸ ਦਾ ਫਾਇਦਾ ਕੇਜਰੀਵਾਲ ਵਾਂਙ ਸਿਮਰਜੀਤ ਸਿੰਘ ਮਾਨ ਲੈ ਗਿਆ। ਪਰ ਹੁਣ ਇਸ ਦਾ ਫਾਇਦਾ ਕਿਸੇ ਹੋਰ ਨੂੰ ਲੈਣ ਦੇਣ ਦੀ ਬਜਾਏ ਅਸੀ ਖੁੱਦ ਇਸ ਦਾ ਫਾਇਦਾ ਲੈ ਸਕਦੇ ਹਾਂ ਬੱਸ ਇਕਠੇ ਹੋ ਕੇ ਸਹੀ ਪਲੈਨਿੰਗ ਕਰਨ ਦੀ ਲੋੜ ਹੈ ਅਤੇ ਇਸ ਵਾਸਤੇ ਹੇਠਲੇ ਕੰਮ ਕੀਤੇ ਜਾ ਸਕਦੇ ਹਨ:
1. ਸਭ ਤੋਂ ਪਹਿਲਾ ਜਲਦੀ ਹੀ ਜਾਗਰੂਕ ਪੰਥਦਰਦੀਆਂ ਦੀ ਇਕ ਮੀਟਿੰਗ ਸਦੀ ਜਾਣੀ ਚਾਹੀਦੀ ਹੈ ਜਿਸ ਦਾ ਸਿਰਫ ਇਕ ਹੀ ਏਜੰਡਾ ਹੋਵੇ ਕਿ ਪੰਜਾਬ ਵਿਚ 2017 ਵਿਚ ਚੋਣ ਲੜ ਕੇ ਆਪਣੀ ਪੰਥਦਰਦੀਆਂ ਦੀ ਸਰਕਾਰ ਬਨਾਉਣੀ। ਇਸ ਵਿਚ ਏਜੰਡੇ ਨੂੰ ਕਾਮਯਾਬ ਬਨਾਉਣ ਵਾਸਤੇ ਮੁਡਲੀ ਰੂਪਰੇਖਾ ਤਿਆਰ ਕੀਤੀ ਜਾਵੇ।
2. ਸਾਰੇ ਪੰਥਦਰਦੀ ਪ੍ਰਚਾਰਕਾਂ ਨਾਲ ਸੰਪਰਕ ਕਰ ਕੇ ਉਨ੍ਹਾ ਦੀ ਸਹਾਇਤਾ ਅਤੇ ਸ਼ਮੂਲੀਅਤ ਦੀ ਮੰਗ ਕੀਤੀ ਜਾਵੇ।
3. ਜੋ ਪੰਥਦਰਦੀ ਪ੍ਰਚਾਰਕ ਸਹਾਇਤਾ ਅਤੇ ਸ਼ਮੂਲੀਅਤ ਵਾਸਤੇ ਰਾਜ਼ੀ ਹੋਣ ਉਨ੍ਹਾ ਨਾਲ ਇਕ ਵਾਰ ਫੇਰ ਮੀਟਿੰਗ ਕਰ ਕੇ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇ।
ਇਰਾਦਾ ਪੱਕਾ ਹੋਵੇ, ਨੀਅਤ ਨੇਕ ਹੋਵੇ, ਮਨ ਵਿਚ ਦੁਵਿਧਾ ਨਾ ਹੋਵੇ, ਪਲੈਨਿੰਗ ਸਹੀ ਹੋਵੇ ਤੇ ਸਹੀ ਤਰ੍ਹਾ ਲਾਗੂ ਹੋਵੇ, ਕੌਮ ਵਾਸਤੇ ਥੋੜਾ ਬਲਿਦਾਨ ਹੋਵੇ ਅਤੇ ਅਕਾਲਪੁਰੱਖ ਉਪਰ ਭਰੋਸਾ ਹੋਵੇ ਤਾਂ ਕੋਈ ਕਾਰਣ ਨਹੀ ਬਣਦਾ ਕਿ ਅਸੀ ਆਪਣੇ ਏਜੰਡੇ ਵਿਚ ਕਾਮਯਾਬ ਨਾ ਹੋਈਏ।
ਪਹਿਲੀ ਅਤੇ ਮੁਢਲੀ ਮੀਟਿੰਗ ਵਾਸਤੇ ਦਾਸ ਕੁੱਝ ਨਾਮ ਪੇਸ਼ ਕਰ ਰਿਹਾ ਹੈ ਇਸ ਵਿਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ। ਅਜਮੇਰ ਸਿੰਘ ਜੀ, ਗੁਰਤੇਜ ਸਿੰਘ ਜੀ, ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ, ਅਮਰਜੀਤ ਸਿੰਘ ਚੰਦੀ, ਇੰਦਰਜੀਤ ਸਿੰਘ ਕਾਨਪੁਰ, ਕਿਰਪਾਲ ਸਿੰਘ ਬਠਿੰਡਾ, ਮੱਖਣ ਸਿੰਘ ਜੰਮੂ, ਪ੍ਰਿ. ਨਰਿੰਦਰ ਸਿੰਘ ਜੰਮੂ, ਸੁਰਜੀਤ ਸਿਘ ਜੀ ਮਿਸ਼ਨਰੀ, ਗੁਰਿੰਦਰਪਾਲ ਸਿੰਘ ਧਨੌਲਾ, ਗੁਰਦਰਸ਼ਨ ਸਿੰਘ ਢਿਲੋਂ। ਅਤੇ ਵਿਦੇਸ਼ੀ ਸਿੱਖਾਂ ਵਿਚੋਂ ਬਖਸ਼ੀਸ਼ ਸਿੰਘ ( ਖਾਲਸਾ ਨਿਉਜ਼ ), ਗੁਰਮੀਤ ਸਿੰਘ ( ਸਿੰਘ ਸਭਾ ਯੂ.ਐਸ.ਏ ), ਪ੍ਰਭਦੀਪ ਸਿੰਘ ( ਟਾਈਗਰ ਜਥਾ ), ਅਵਤਾਰ ਸਿੰਘ ਮਿਸ਼ਨਰੀ, ਗੁਰਦੇਵ ਸਿੰਘ ਸਧੇਵਾਲੀਆ, ਸਿੰਘ ਸਭਾ ਕਨੇਡਾ ਦੇ ਵੀਰ…
ਦਾਸ ਕੌਮ ਦੇ ਇਸ ਕੰਮ ਵਾਸਤੇ ਆਪਣੇ ਆਪ ਨੂੰ ਪੇਸ਼ ਕਰਦਾ ਹੈ ਅਤੇ ਉਪਰੋਕਤ ਪੰਥਦਰਦੀਆਂ ਨਾਲ ਸੰਪਰਕ ਬਣਾ ਕੇ ਇਕ ਲੜੀ ਤਿਆਰ ਕਰਨ ਦਾ ਕੰਮ ਕਰ ਸਕਦਾ ਹੈ ਉਪਰੋਕਤ ਸਿੱਖ ਚਿੰਤਕ ਅਤੇ ਹੋਰ ਵੀ ਪੰਥ ਦਰਦੀ ਜੋ ਵੀ ਦਾਸ ਦੇ ਇਨ੍ਹਾ ਵਿਚਾਰਾਂ ਨਾਲ ਸਹਿਮਤ ਹੋਣ ਆਪਣੇ ਵਿਚਾਰ ਜਰੂਰ ਪ੍ਰਗਟ ਕਰਨ ਤਾਂ ਜੋ ਕੌਮ ਦੀ ਭਲਾਈ ਵਾਸਤੇ ਇਸ ਕੰਮ ਨੂੰ ਅੱਗੇ ਤੋਰਿਆ ਜਾ ਸਕੇ।
ਕੌਮ ਦੀ ਚੜ੍ਹਦੀ ਕਲਾ ਦੀ ਆਸ ਵਿਚ
ਦਾਸਰਾ
ਹਰਮੀਤ ਸਿੰਘ ਖਾਲਸਾ
ਡਬਰਾ ( ਗਵਾਲਿਅਰ )
ਫੋਨ : 9977450337