‘ਜੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ’
‘ਜਮਹੂਰੀਅਤ ਹੋ ਯਾ ਜਲਾਲੇ ਪਾਤਸ਼ਾਹੀ। ਜੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ।’ (ਚੰਗੇਜ਼ ਖ਼ਾਂ ਬੜਾ ਜ਼ਾਲਿਮ ਬਾਦਸ਼ਾਹ ਸੀ,ਉਸ ਤੋਂ ਲਫ਼ਜ਼ ਚੰਗੇਜ਼ੀ ਬਣਿਆ ਹੈ)
ਤੁਸੀਂ ਆਖੋਗੇ ਕਿ ਮੁਗ਼ਲ ਬਾਦਸ਼ਾਹਾਂ ਨੇ ਤਾਂ ਇਸਲਾਮ ਨੂੰ ਨਾਲ ਰੱਖਿਆ ਹੋਇਆ ਸੀ ਪਰ ਫਿਰ ਵੀ ਜ਼ੁਲਮ ਬਹੁਤ ਕੀਤੇ,ਇਸਲਾਮ ਜ਼ੁਲਮ ਕਰਨ ਦੀ ਖੁਲ ਨਹੀਂ ਦੇਂਦਾ, ਪਰ ਉਹਨਾਂ ਨੇ ਜ਼ੁਲਮ ਕੀਤੇ।ਉਹਨਾਂ ਨੇ ਅੱਜਕਲ ਦੀਆਂ ਸਿਆਸੀ ਪਾਰਟੀਆਂ ਵਾਲਾ ਕੰਮ ਕੀਤਾ।ਅਕਾਲੀ ਦਲ ਤੇ ਕਾਬਿਜ਼ ਬੰਦੇ ਹੋਕਾ ਦੇ ਰਹੇ ਹਨ ਕਿ ਅਕਾਲੀ ਦਲ ਨੂੰ ਧਰਮ ਨਿਰਪੱਖ ਬਨਾਉਣਾ ਹੈ, ਪਰ ਜਿਸ ਬੀ. ਜੇ. ਪੀ (ਭ.ਝ.ਫ) ਨਾਲ ਅਕਾਲੀ ਦਲ ਦਾ ਗੱਠ ਜੋੜ ਹੈ, ਕੀ ਉਹ ਧਰਮ ਨਿਰਪੱਖ ਹੈ ? ਕੁਰਸੀ ਕਾਇਮ ਰੱਖਣ ਲਈ ਜਾਂ ਨਿਜੀ ਸਵਾਰਥਾਂ ਲਈ ਕੀ ਇਹ ਬੰਦੇ ਧਰਮ ਨੂੰ ਵਰਤਣ ਤੋਂ ਗ਼ੁਰੇਜ਼ ਕਰਦੇ ਹਨ ? ਕਾਂਗਰੈਸ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਆਖਦੀ ਹੈ ਪਰ ਸਿੱਖ ਧਰਮ ਤੇ ਕਿੰਨੇ ਜ਼ੁਲਮ ਕੀਤੇ 1984 ਵਿੱਚ !
ਛੇਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ ਮੀਰੀ-ਪੀਰੀ ਦਾ ਸਿਧਾਂਤ ਬਖ਼ਸ਼ਿਆ, ਸਿਆਸਤ ਤੇ , ਧਰਮ ਦਾ ਅੰਕੁਸ਼ ਲਾਇਆ। ਸ੍ਰੀ ਦਰਬਾਰ ਸਾਹਿਬ ਦੋ ਨਿਸ਼ਾਨ ਸਾਹਿਬ ਨਾਲ-ਨਾਲ ਝੂਲਦੇ ਹਨ, ਦਰਬਾਰ ਸਾਹਿਬ ਵਲ ਦਾ ਨਿਸ਼ਾਨ ਸਾਹਿਬ ਅਕਾਲ ਤਖ਼ਤ ਸਾਹਿਬ ਵਾਲੇ ਨਿਸ਼ਾਨ ਸਾਹਿਬ ਨਾਲੋਂ ਉੱਚਾ ਹੈ, ਭਾਵ ਸਿਆਸਤ ਤੇ ਧਰਮ ਦਾ ਕੁੰਡਾ ਹੈ।ਪਰ ਅੱਜ-ਕਲ ਤਾਂ ਸਿਆਸਤ ਨੇ ਧਰਮ ਤੇ ਕਬਜ਼ਾ ਕੀਤਾ ਹੋਇਆ ਹੈ।ਸਿੱਖ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਜੁਗਤਿ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੇ, ਸਿੱਖ ਸਿਆਸਤ ਸਿੱਖੀ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਨਾਂ ਕਰੇ, ਇਹ ਜ਼ਿੰਮੇਵਾਰੀ ਅਕਾਲ ਤਖ਼ਤ ਸਾਹਿਬ ਨੂੰ ਬਖ਼ਸ਼ੀ ਗਈ ਹੈ।ਪਤਾ ਨਹੀਂ ਕੀ ਸੁੰਘ ਲਿਆ ਹੈ ਅਸਾਂ , ਅਕਾਲ ਤਖ਼ਤ ਸਾਹਿਬ ਲਈ ਅਪਸ਼ਬਦ ਬੋਲਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਅਪਸ਼ਬਦ ਬੋਲਦੇ ਹਾਂ।ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਦਾ ਖੰਡਨ ਕੀਤਾ, ਅਸੀਂ ਉਹਨਾਂ ਨੂੰ ਹੀ ਗੁਰੂ ਕਹਿਣਾ ਬ੍ਰਾਹਮਣਵਾਦ ਆਖਦੇ ਹਾਂ।ਗੁਰੂ ਗ੍ਰੰਥ ਇੱਕ ਕਿਤਾਬ ਹੈ, ਗੁਰੂ ਗ੍ਰੰਥ ਇੱਕ ਰਸਤਾ ਹੈ, ਇਹ ਅਸੀਂ ਪ੍ਰਚਾਰ ਕਰਦੇ ਹਾਂ। ਗੁਰੂ ਗ੍ਰੰਥ ਇੱਕ ਰਸਤਾ ਹੈ ਕਿ ਰਸਤਾ ਵਿਖਾਉਣ ਵਾਲਾ ਗੁਰੂ ਹੈ ? ਅਖੇ ਸਿੱਖ ਦੀ ਪਰਿਭਾਸ਼ਾ ਬਦਲ ਦਿਉ, ਸਿੱਖੀ ਮਰਨ ਤੋਂ ਬੱਚ ਜਾਏਗੀ। ਬੱਚ ਜਾਏਗੀ ਕਿ ਜੇ ਨਹੀਂ ਵੀ ਮਰਨੀ, ਮਰ ਜਾਏਗੀ। ਇੱਕ ਆਮ ਕਹਾਵਤ ਹੈ, 11 ਪੂਰਬੀਏ 13 ਚੁੱਲੇ।ਸਾਡੀ ਗਿਣਤੀ ਤਾਂ ਘੱਟ ਹੈ ਪਰ ਧੱੜੇ ਰੂਪੀ ਚੁੱਲੇ ਬਹੁਤ ਬਣ ਗਏ ਹਨ, ਸੇਕੀ ਜਾ ਰਹੇ ਹਾਂ ਨਿਜੀ ਸਵਾਰਥ ਦੀਆਂ ਰੋਟੀਆਂ।
ਅਕਾਲ ਤਖ਼ਤ ਦਾ ਸਿਧਾਂਤ ਨਿਕਾਰਿਆ ਨਹੀਂ ਜਾ ਸਕਦਾ।ਜੇ ਉਥੇ ਮੁਕਰੱਰ ਜੱਥੇਦਾਰ ਸਿੱਖ ਮਰਿਯਾਦਾ ਦੇ ਵਿਰੁੱਧ ਫ਼ੈਸਲੇ ਦੇ ਰਿਹਾ ਹੈ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ, ਪਰ ਵਿਧਾਨਿਕ ਢੰਗ ਨਾਲ, ਗਾਲਾਂ ਕੱਢ ਕੇ ਜਾਂ ਕਾਲਰ ਤੋਂ ਫੜਕੇ ਨਹੀਂ।ਜੇ ਸਾਡੇ ਕੋਲ ਬਦਲਣ ਦੀ ਸਮਰਥਾ ਨਹੀਂ ਤਾਂ ਫਿਰ ਕੀ ਅਕਾਲ ਤਖ਼ਤ ਨੂੰ ਇੱਕ ਥੜਾ ਕਹਿਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ? ਜੁਡੀਸ਼ੀਅਰੀ ਇੱਕ ਇਨਸਟੀਟਯੂਸ਼ਨ ਹੈ।ਇੰਦਰਾ ਗਾਂਧੀ ਦੇ ਕਤਲ ਦੇ ਕੇਸ ਵਿੱਚ ਕੇਹਰ ਸਿੰਘ ਦੀ ਮੌਤ ਦੀ ਸਜ਼ਾ ਨੂੰ ਨਾਮੀ ਕਾਨੂੰਨਦਾਨਾ ਨੇ ਗ਼ਲਤ ਠਹਿਰਾਇਆ ਸੀ।ਕੀ ਜੁਡੀਸ਼ੀਅਰੀ ਬੰਦ ਕਰ ਦਿੱਤੀ ਗਈ ਹੈ ?
ਸਿੱਖਾਂ ਦੇ ਕੀ ਮਸਲੇ ਹਨ ? ਸਿੱਖਾਂ ਦੀਆਂ ਕੀ ਮੁਸ਼ਕਲਾਂ ਹਨ ? ਸਿੱਖਾਂ ਦੀ ਮੰਜ਼ਲ ਕੀ ਹੈ ? ਇਸ ਪਾਸੇ ਦਿਲਚਸਪੀ ਲੈਣ ਦੀ ਬਜਾਏ ਅਸੀਂ ਨਿਜੀ ਰੰਜਸ਼ ਕੱਢਣ ਲਈ ਸਿੱਖੀ ਦੇ ਮੂਲ , ਅਕਾਲ ਤਖ਼ਤ , ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੁਹਰਾ ਬਨਾਉਣ ਤੋਂ ਵੀ ਗ਼ੁਰੇਜ਼ ਨਹੀਂ ਕਰਦੇ। ਜਾਣੇ- ਅਨਜਾਣੇ, ਅਸੀਂ ਕਿਤੇ ਸਿੱਖ ਵਿਰੋਧੀ ਤਾਕਤਾਂ, ਜੋ ਸਿੱਖੀ ਨੂੰ ਖ਼ਤਮ ਕਰਨ ਤੇ ਤੁਲੀਆਂ ਹੋਈਆਂ ਹਨ, ਦੇ ਹੱਥ ਠੋਕੇ ਤਾਂ ਨਹੀਂ ਬਣ ਗਏ ? ਸਾਡੀ ਜਵਾਨ ਪੀੜੀ ਸਿੱਖੀ ਨੂੰ ਤਿਆਗੀ ਜਾ ਰਹੀ ਹੈ।ਆਖਿਆ ਜਾਂਦਾ ਹੈ ਜੰਗ ਜਿੱਤਣ ਲਈ ਨਿਸ਼ਚਿਤ ਫ਼ੌਜ, ਰਾਜ ਭਾਗ, ਪੈਸਾ ਚਾਹੀਦਾ ਹੈ।
ਕਲਗੀਧਰ ਜੀ ਨੇ ਸਾਨੂੰ ਚੱੜਦੀ ਕਲਾ ਬਖ਼ਸ਼ੀ, ਆਪਣਾ ਸਰੂਪ ਬਖ਼ਸ਼ਿਆ, ਅਸਾਂ ਉਪਰੋਕਤ ਸਭ ਕੁਝ ਨਾਂ ਹੋਣ ਦੇ ਬਾਵਜੂਦ ਭੰਗਾਣੀ ਦੇ ਯੁੱਧ ਤੋਂ ਲੈਕੇ ਖ਼ਾਲਸਾ ਰਾਜ ਕਾਇਮ ਕਰਨ ਤੱਕ ਸਾਰੀਆਂ ਜੰਗਾਂ ਜਿੱਤੀਆਂ। ਖ਼ਾਲਸਾ ਰਾਜ ਅਸਾਂ ਗਵਾ ਵੀ ਲਿਆ ਹੈ, ਸਿੱਖ ਵਿਰੋਧੀਆਂ ਦੇ ਹੱਥ ਠੋਕੇ ਬਣਕੇ, ਹੁਣ ਕਿਧਰੇ ਸਿੱਖੀ ਵੀ ਨਾਂ ਗਵਾ ਲਈਏ।ਕੀ ਸਾਡੀ ਜਵਾਨ ਪੀੜੀ ਇਸ ਕਰਕੇ ਪਤੱਤ ਹੋ ਰਹੀ ਹੈ ਕਿ ਅਸੀਂ ਨਾਨਕ ਨੂੰ ਗੁਰੂ ਆਖਦੇ ਹਾਂ, ਬਾਬਾ ਨਹੀਂ ਆਖਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਆਖਦੇ ਹਾਂ, ਕਿਤਾਬ ਨਹੀਂ ਆਖਦੇ।
ਰਹਿਤ ਮਰਿਯਾਦਾ ਵਿੱਚ ਲਿਖੀ ਸਿੱਖ ਦੀ ਪਰਿਭਾਸ਼ਾ ਨਹੀਂ ਬਦਲਦੇ, ਅਰਦਾਸ ਨਹੀਂ ਬਦਲਦੇ ? ਸਾਡੇ ਨੌਜਵਾਨਾਂ ਵਿੱਚੋਂ ਬਹੁਤਿਆਂ ਨੇ ਸਿੱਖ ਰਹਿਤ ਮਰਿਯਾਦਾ ਦਾ ਖਰੜਾ ਪੜ੍ਹਿਆ ਵੀ ਨਹੀਂ ਹੋਣਾ।ਜੇ ਉਹਨਾਂ ਨੇ ਸਿੱਖ ਦੀ ਪਰਿਭਾਸ਼ਾ, ਅਤੇ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨਂੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ,ਖ਼ਾਲਸਾ ਜੀ! ਬੋਲੋ ਜੀ ਵਾਹਿਗੁਰੂ!” ਪੜ੍ਹਿਆ ਹੁੰਦਾ ਤਾਂ ਸ਼ਾਇਦ ਉਹ ਸਿਰ ਮੂੰਹ ਮੁੰਨਣ ਤੋਂ ਗ਼ੁਰੇਜ਼ ਕਰਦੇ।ਕੰਨਾਂ ਵਿੱਚ ਵਾਲੀਆਂ, ਨੱਕ ਵਿੱਚ ਛੱਲੇ, ਸਿਰ ਮੁੰਨ ਕੇ ਆਪਣੀਆਂ ਟਿੰਡਾਂ ਤੇ ਅਜੀਬ ਜਿਹੇ ਸਿਆੜ ਨਾਂ ਕੱਢੀ ਫਿਰਦੇ !
ਕਲਗੀਧਰ ਜੀ ਦਾ ਬਖ਼ਸ਼ਿਆ ਸਰੂਪ ਛੱਡ ਕੇ , ਸਿੱਖ ਵਿਰੋਧੀਆਂ ਦੀ ਸਿੱਖੀ ਖ਼ਿਲਾਫ਼ ਛੇੜੀ ਜੰਗ, ਨਹੀਂ ਜਿੱਤੀ ਜਾ ਸਕਦੀ।ਆਉ ਸਾਰੇ ਮਿਲ ਕੇ ਹੰਭਲਾ ਮਾਰੀਏ ਅਤੇ ਗਿਆਨੀ ਦਿੱਤ ਸਿੰਘ ਜੀ ਵਾਲਾ ਢੰਗ ਅਪਨਾ ਕੇ ਸਿੱਖੀ ਨੂੰ ਮਰਨ ਤੋਂ ਬਚਾਈਏ।
ਸੁਰਜਨ ਸਿੰਘ +919041409041
ਸੁਰਜਨ ਸਿੰਘ
‘ਜੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ’
Page Visitors: 2783