ਡੀ.ਜੇ. ਵਾਲੇ ਬਾਬੂ ਮੇਰਾ ਗਾਨਾ ਬਜਾ ਦੇ ! (ਨਿੱਕੀ ਕਹਾਣੀ)
ਨਗਰ ਕੀਰਤਨ ਦੇ ਰਾਹ ਵਿੱਚ ਇਹ ਲਾਈਟਾਂ ਦੀ ਲਿਸ਼ਕ ਕਿਥੋਂ ਨਜਰੀ ਪੈ ਰਹੀ ਹੈ ਤੇ ਨਾਲੇ ਕੰਨ ਪਾੜਵੀਂ ਆਵਾਜ਼ ਵਿੱਚ ਗਾਣੇ ਦੀ ਤਰਜ਼ਾਂ ਤੇ ਸ਼ਬਦਾਂ ਦਾ ਕਤਲ ਕੀਤਾ ਜਾ ਰਿਹਾ ਮਹਿਸੂਸ ਹੋ ਰਿਹਾ ਹੈ ! (ਦਾਦਾ ਦਲਜੀਤ ਸਿੰਘ ਨੇ ਪੁਛਿਆ)
ਸਮਾਂ ਬਦਲ ਰਿਹਾ ਹੈ ਦਾਦਾ ਜੀ ! ਹੁਣ ਤਾਂ ਡੀ.ਜੇ. ਬੁਲਾ ਕੇ ਤੇ ਲੇਸਰ ਲਾਈਟਾਂ ਅੱਤੇ ਵੱਡੇ ਵੱਡੇ ਸਪੀਕਰ ਲਗਾ ਕੇ ਸਟਾਲ ਲਗਾਏ ਜਾ ਰਹੇ ਹਨ ! ਰੋਸ਼ਨੀਆਂ ਦੇ ਪ੍ਰਭਾਵ ਨਾਲ ਸਮਾਂ ਜਿਹਾ ਬੰਨ ਦਿੱਤਾ ਜਾਂਦਾ ਹੈ ! ਇੱਕ ਵਾਰ ਤਾਂ ਸੰਗਤ ਦੇ ਦਿਲਾਂ ਦੀਆਂ ਧੜਕਨਾਂ ਤੇਜ ਹੋ ਜਾਂਦੀਆਂ ਹਨ ਤੇ ਬੜਾ ਹੀ ਮਾਯਾਵੀ ਪ੍ਰਭਾਵ ਪੈਂਦਾ ਹੈ ! (ਪੋਤੇ ਹਰਜੀਤ ਸਿੰਘ ਨੇ ਜਵਾਬ ਦਿੱਤਾ)
ਦਲਜੀਤ ਸਿੰਘ : ਪਰ ਇਸ ਫਜੂਲ ਖਰਚੀ ਦਾ ਗੁਰਮਤ ਨਾਲ ਕੀ ਸੰਬੰਧ ਹੈ ਪੁੱਤਰ ?
ਹਰਜੀਤ ਸਿੰਘ : ਛੱਡੋ ਦਾਦਾ ਜੀ ! ਪਿਛਲੇ ਸਾਲ ਜਦੋਂ ਨਗਰ ਕੀਰਤਨ ਦੇ ਅੱਗੇ ਢੋਲ ਵਾਲੇ ਤੇ ਬੈੰਡ ਵਾਲੇ ਵੇਖ ਕੇ ਮੈਂ ਪ੍ਰਧਾਨ ਸਾਹਿਬ ਨੂੰ ਪੁਛਿਆ ਸੀ ਕਿ ਇਨ੍ਹਾਂ ਦਾ ਗੁਰਮਤ ਨਾਲ ਕੀ ਸੰਬੰਧ ਹੈ ਤਾਂ ਉਨ੍ਹਾਂ ਨੇ ਕਹਿਆ ਸੀ ਕੀ ਪੁੱਤਰ ਇਸ ਨਾਲ ਸਮਾਂ ਬੰਨ ਜਾਂਦਾ ਹੈ ਤੇ ਸੰਗਤਾਂ ਨੂੰ ਸ਼ਬਦਾਂ ਦੀ ਟਿਉਣ ਬੈੰਡ ਰਾਹੀਂ ਸੁਨਾ ਕੇ ਇਹ ਮੋਹ ਲੈਂਦੇ ਹਨ ! ਮੇਰੇ ਕੰਨ ਫੱਟ ਰਹੇ ਸਨ ਉਸ ਬੈੰਡ ਦੀ ਆਵਾਜ਼ ਨਾਲ ਪਰ ਉਨ੍ਹਾਂ ਨੇ ਪੁਰਾਤਨ ਮਰਿਆਦਾ ਦੇ ਨਾਮ ਤੇ ਸਾਨੂੰ ਸਮਝਾ ਦਿੱਤਾ ਸੀ !
ਦਲਜੀਤ ਸਿੰਘ : ਕੀ ਲਾਹਾ ਖਟਿਆ ਜਾਵੇਗਾ ਇਸ ਕੰਨ ਪਾੜਵੇਂ ਸ਼ੋਰ ਨਾਲ ? ਇਹ ਕੋਈ ਮੇਲਾ ਨਹੀਂ ਹੈ !
ਹਰਜੀਤ ਸਿੰਘ : ਅਸੀਂ ਤਾਂ ਸਿਰਫ ਤੁਹਾਡੇ ਇਸ ਪੁਰਾਣੇ ਫੇਸ਼ਨ ਨੂੰ ਨਵੇਂ ਵਿੱਚ ਤਬਦੀਲ ਹੀ ਕੀਤਾ ਹੈ ! ਵੈਸੇ ਵੀ ਅੱਜ ਕਲ ਨਗਰ ਕੀਰਤਨਾਂ ਤੇ 98% ਲੋਗ ਲਾਹਾ (OUTPUT) ਲੈਣ ਨਹੀਂ ਬਲਕਿ ਮੇਲਾ ਵੇਖਣ (OUTING) ਵਾਸਤੇ ਹੀ ਆਉਂਦੇ ਹਨ !
ਕੋਈ ਮਨਮਤ ਕਿਵੇਂ ਸਮਾਂ ਪਾ ਕੇ ਇੱਕ ਵੱਡਾ ਕੋਹੜ ਦਾ ਰੂਪ ਧਾਰਨ ਕਰ ਜਾਂਦੀ ਹੈ ! ਗੁਰਮਤ ਦੀ ਰੋਸ਼ਿਨੀ ਵਿੱਚ ਹਰ "ਫੋਕਟ ਕਰਮ" ਨੂੰ ਠੱਲ ਸਮਾਂ ਰਹਿੰਦੇ ਹੀ ਪਾ ਦੇਣੀ ਚਾਹੀਦੀ ਹੈ ਭਾਵੇਂ ਸਮਾਜ ਆਪਣੀ ਦੁਨਿਆਵੀ
ਮੱਤ ਨਾਲ ਉਸਦੇ ਪੱਖ ਵਿੱਚ ਹੀ ਕਿਓਂ ਨਾ ਹੋਵੇ ! ਮਾਇਆ ਦੇ ਹੰਕਾਰ ਵਿੱਚ ਇੱਕ ਦੂਜੇ ਤੋਂ ਚੰਗਾ ਨਗਰ ਕੀਰਤਨ ਕਢਣ ਦੀ ਹਿਰਸ ਨੇ ਇਸ ਦਾ ਸਰੂਪ ਹੀ ਬਦਲ ਕੇ ਰੱਖ ਦਿੱਤਾ ਗਿਆ ਹੈ ! ਜਿਸ ਨਗਰ ਕੀਰਤਨ ਵਿੱਚੋਂ ਗੁਰਮਤ ਦੀ ਖੁਸ਼ਬੂ ਆਉਣੀ ਚਾਹੀਦੀ ਸੀ, ਉਸ ਵਿੱਚ ਅੱਜਕਲ ਮਨਮਤਾਂ ਦੀ ਬਦਬੂ ਨੇ ਆ ਡੇਰਾ ਜਮਾਇਆ ਹੈ (ਸੋਚਦੇ ਹੋਏ ਦਲਜੀਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਤੁਰ ਚਲੇ)
ਅਚਾਨਕ ਇੱਕ ਸਟਾਲ ਤੋ ਗਾਣਾ ਵੱਜਣ ਲੱਗ ਪਿਆ "ਡੀ.ਜੇ. ਵਾਲੇ ਬਾਬੂ ਮੇਰਾ ਗਾਨਾ ਬਜਾ ਦੇ ! ਗਾਨਾ ਬਜਾ ਦੇ ... ਗਾਨਾ ਬਜਾ ਦੇ " (ਗਲਤੀ ਨਾਲ ਸ਼ਬਦ ਦੀ ਥਾਂ ਡੀ.ਜੇ. ਵਾਲੇ ਭਾਈ ਨੇ ਗਾਣਾ ਵਜਾ ਦਿੱਤਾ ਸੀ !)
ਬੰਦ ਕਰ ਓਏ ਗਾਣੇ ਨੂੰ ਤੇ ਸ਼ਬਦ ਵਜਾ ! (ਸਟਾਲ ਵਾਲੇ ਭਾਈ ਸਾਹਿਬ ਨੇ ਡੀ.ਜੇ. ਵਾਲੇ ਮੁੰਡੇ ਨੂੰ ਜੋਰ ਦੀ ਬੜਕ ਮਾਰੀ )
ਬਲਵਿੰਦਰ ਸਿੰਘ ਬਾਈਸਨ
http://nikkikahani.com