*ਕੀ ਸਾਨੂੰ ਘਾਟਾ ਪੈਂਦਾ ਜਾਂ ਸ਼ਰਮ ਆਉਂਦੀ ਹੈ?*
*ਅਵਤਾਰ ਸਿੰਘ ਮਿਸ਼ਨਰੀ (5104325827)*
ਅਕਾਲ ਤਖਤ ਦੇ ਪੰਜਾਂ ਪਿਆਰਿਆਂ ਨੇ ਕਿਹਾ ਹੈ ਕਿ ਫੈਸਲਾ ਗੁਰੂ ਪੰਥ ਹੀ ਕਰੇਗਾ। ਹੁਣ ਗੁਰੂ ਪੰਥ ਵੱਲ ਧਿਆਨ ਦਿਓ, ਗੁਰੂ ਪੰਥ ਦਾ ਅਰਥ ਹੈ ਗੁਰੂ ਦਾ ਪੰਥ ਭਾਵ ਗੁਰੂ ਦਾ ਮਾਰਗ
(ਰਸਤਾ) ਉਹ ਮਾਰਗ ਹੈ ਗੁਰੂ ਦਾ ਉਪਦੇਸ਼। ਹੁਣ ਸੋਚੋ ਉਪਦੇਸ਼ ਸਾਨੂੰ ਗੁਰੂ ਨੇ ਦੇਣਾ ਹੈ ਜਾਂ ਕਿਸੇ ਇਕੱਠ ਨੇ ਜਾਂ ਅਸੀਂ ਉਪਦੇਸ਼ ਤੇ ਅਗਵਾਈ ਗੁਰੂ ਤੋਂ ਲੈਣੀ ਹੈ ਜਾਂ ਕਿਸੇ ਭਾਰੀ ਇਕੱਠ ਤੋਂ। ਭਲਿਓ ਸਾਨੂੰ
ਆਪਣੀਆਂ ਅਗਵਾਈਆਂ ਛੱਡ ਕੇ, ਗੁਰੂ ਦੀ ਅਗਵਾਈ ਵਿੱਚ ਚੱਲਣਾ ਚਾਹੀਦਾ ਹੈ ਜੋ ਜੁਗੋ ਜੁਗ ਅਟੱਲ ਹੈ। ਜਿਸ ਦੇ ਲੜ ਸਾਨੂੰ ਕਲਗੀਧਰ ਨੇ ਲਾਇਆ ਹੈ-
*ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ **ਜਰਾ ਸੋਚੋ ਹੁਣ ਸਿੱਖ ਕੌਮ ਕੀਹਦਾ**-**ਕੀਹਦਾ ਹੁਕਮ ਮੰਨੇ**? **ਸ਼੍ਰੋਮਣੀ ਕਮੇਟੀ ਦੇ ਪੰਜਾਂ ਦਾ**, 2015 **ਵਾਲੇ ਸਰਬੱਤ ਖਾਲਸੇ ਦੇ ਤਿੰਨਾਂ ਦਾ**, **ਅਕਾਲ ਤਖਤ ਦੇ ਪੰਜਾਂ ਦਾ**, **ਜਾਂ ਸਦੀਵੀ ਤੇ ਸਰਬਉੱਚ ਗੁਰੂ ਗ੍ਰੰਥ ਸਾਹਿਬ ਜੀ ਦਾ**? *
ਅੱਜ ਸਿੱਖ ਤਾਂ ਸਾਰੀ ਦੁਨੀਆਂ ਵਿੱਚ ਹਨ ਤੇ ਪੰਜ ਪਿਆਰੇ ਵੀ ਸਭ ਥਾਂ ਹਨ। ਟਕਸਾਲ ਦੇ ਵੱਖਰੇ, ਨਾਨਕਸਰੀਆਂ ਦੇ ਵੱਖਰੇ, ਨਿਹੰਗਾਂ ਦੇ ਵੱਖਰੇ, ਮਿਸ਼ਨਰੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਵੱਖਰੇ, ਦੱਸੋ ਸਿੱਖ
ਇਨ੍ਹਾਂ ਸਭ ਦਾ ਹੁਕਮ ਮੰਨਣ ਜਾਂ ਸਭ ਸਿੱਖ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੁਕਮ ਮੰਨ ਲੈਣ। ਗੁਰੂ ਦਾ ਹੁਕਮ ਮੰਨਣ ਵਿੱਚ ਏਕਤਾ ਅਤੇ ਵੱਖ ਵੱਖ ਪੰਜ ਪਿਆਰਿਆਂ ਜਾਂ ਜਥੇਦਾਰਾਂ ਦਾ ਹੁਕਮ ਮੰਨਣ ਵਿੱਚ ਅਨੇਕਤਾ, ਦੱਸੋ ਫਿਰ ਸਿੱਖ ਕਿੱਧਰ ਜਾਣ ਤੇ ਕੀ ਕਰਨ? ਭਲਿਓ *“**ਸੌ ਹੱਥ ਰੱਸਾ ਸਿਰੇ ਤੇ ਗੰਢ**”* ਭਾਵ ਜੇ ਸਾਰੇ ਭਲੇ ਮਾਣਸ ਬਣ ਕੇ ਇੱਕ ਗੁਰੂ ਦਾ ਹੁਕਮ ਮੰਨ ਕੇ, ਉਸ ਦੀ ਹੀ ਅਗਵਾਈ ਵਿੱਚ ਚੱਲ ਪੈਣ ਤਾਂ ਸਾਰੇ ਭਰਮ-ਭੁਲੇਖੇ ਅਤੇ ਵੱਖਰੇਵੇਂ ਦੂਰ ਹੋ ਸਕਦੇ ਹਨ। ਪਤਾ ਨਹੀਂ ਸਾਡੀ ਮੱਤ ਕਿਉਂ ਮਾਰੀ ਗਈ ਹੈ ਅਸੀਂ ਪੂਜਾ ਪਾਠ ਤੇ ਗੁਰੂ ਗ੍ਰੰਥ ਸਾਹਿਬ ਦਾ ਕਰਦੇ, ਮੱਥੇ ਵੀ ਗੁਰੂ ਨੂੰ ਟੇਕਦੇ ਅਤੇ ਚੜ੍ਹਾਵੇ ਵੀ ਗੁਰੂ ਨੂੰ ਚੜ੍ਹਾਉਂਦੇ ਹਾਂ ਪਰ ਹੁਕਮ ਆਪੋ ਆਪਣੇ ਧੜੇ, ਜਥੇਬੰਦੀ, ਸਾਧ-ਸੰਤ, ਜਥੇਦਾਰ ਜਾਂ ਆਪੋ ਆਪਣੇ ਪੰਜਾਂ ਦਾ ਮੰਨਦੇ ਹਾਂ। ਕੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨਣ ਵਿੱਚ ਕੋਈ ਘਾਟਾ ਪੈਂਦਾ ਜਾਂ ਸ਼ਰਮ ਆਉਂਦੀ ਹੈ?
ਭਲਿਓ ਜੇ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਜਥੇਦਾਰ ਮੰਨ ਕੇ ਬਾਕੀ ਉਸ ਦੀ ਅਗਵਾਈ ਵਿੱਚ ਸਾਰੇ ਸੰਸਾਰ ਦੇ ਸਿੱਖਾਂ ਦੀ ਸਰਬਸਾਂਝੀ ਇੰਟ੍ਰਨੈਸ਼ਨਲ ਕਮੇਟੀ ਬਣਾ ਲਈਏ ਜੋ ਰਲ ਮਿਲ ਕੇ ਸਿੱਖੀ ਪ੍ਰਚਾਰ, ਸੁਧਾਰ ਅਤੇ ਅਧੁਨਿਕ ਤਰੀਕੇ ਰਾਹੀਂ ਗਿਆਨ ਵਿਗਿਆਨ ਨਾਲ ਲੈਸ ਹੋ ਕੇ, ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋ ਕੇ, ਬਹਾਦਰ ਸਿੱਖ ਕੌਮ ਦਾ ਅਕਸ ਸਮੁੱਚੇ ਸੰਸਾਰ ਵਿੱਚ ਵਧੀਆ ਬਣਾ ਸੱਕੇ ਤੇ ਸਾਡੀਆਂ ਧੜੇਬੰਦੀ ਅਤੇ ਵੱਖ ਵੱਖ ਮਰਯਾਦਾ ਵਾਲੀਆਂ ਵੰਡੀਆਂ ਤੇ ਦੂਰੀਆਂ ਮਿਟ ਸੱਕਣ। ਹੋਰ ਕੋਈ ਏਕਤਾ ਦਾ ਰਾਹ ਨਹੀਂ ਦਿਸਦਾ ਲਗਦਾ-
*ਹਉਂ ਭਾਲ ਵਿਕੁੰਨੀ ਹੋਈ॥ ਅੰਧੇਰੇ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕੁ ਕਿਨਿ ਬਿਧਿ ਗਤਿ ਹੋਈ॥੧॥ (145)*
ਸੋ ਜੇ ਅਸੀ ਹਉਂਮੇ ਹੰਕਾਰ ਤੇ ਵੱਖਰੇਵੈ ਦੀ ਚੌਧਰ ਛੱਡ ਦੇਈਏ ਤਾਂ ਗੁਰੂ ਦਾ ਹੁਕਮ ਮੰਨਣ ਤੇ ਉਸ ਦੀ ਅਗਵਾਈ ਵਿੱਚ ਚੱਲਣ ਨਾਲ ਕੋਈ ਘਾਟਾ ਨਹੀਂ ਪੈਂਦਾ, ਸ਼ਰਮ ਵੀ ਨਹੀਂ ਆਉਂਦੀ ਅਤੇ ਏਕਤਾ ਤੇ ਸਦੀਵੀ ਚੜ੍ਹਦੀ ਕਲਾ ਵੀ ਪ੍ਰਾਪਤ ਹੁੰਦੀ ਹੈ। *