ਲਾ-ਜਵਾਬ ਸਰਬੱਤ-ਖਾਲਸਾ ਸਿਧਾਂਤ ਦੀ ਕੁਵਰਤੋਂ ਕਰ ਕੇ ਸਿੱਖਾਂ ਨੇ ਕੀ ਖੱਟਿਆ ?
ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਸਰਬੱਤ-ਖਾਲਸਾ ਇਕੱਠ, ਵਿਚਾਰਕ ਇਕੱਠ ਹੁੰਦਾ ਹੈ, ਜਿਸ ਵਿਚ ਵਿਚਾਰਕ ਬੰਦੇ ਮਿਲ ਕੇ ਸਮਾਜ ਵਿਚਲੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਢੰਗ ਵਿਚਾਰਦੇ ਹਨ। ਪਰ 10 ਨਵੰਬਰ 2015 ਦੇ ਇਕੱਠ ਵਿਚ ਕੀ ਹੋਇਆ ?
1. ਇਹ ਇਕ ਇਕੱਠ ਤਾਂ ਜ਼ਰੂਰ ਸੀ, ਪਰ ਇਸ ਨੂੰ ਸਰਬੱਤ-ਖਾਲਸਾ ਦਾ ਪ੍ਰਤੀਨਿਧੀ ਇਕੱਠ ਕਿਸੇ ਪੱਖੋਂ ਵੀ ਨਹੀਂ ਕਿਹਾ ਜਾ ਸਕਦਾ। ਇਸ ਵਿਚ ਭਾਗ ਲੈਣ ਵਾਲੇ, ਭੋਲੇ-ਭਾਲੇ ਲੋਕ ਸਨ, ਉਨ੍ਹਾਂ ਵਿਚੋਂ ਕੁਝ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਸਾਰੀ ਵੀ ਹੋਣਗੇ। ਜੇ ਵਿਚਾਰਾਂ ਕੀਤੀਆਂ ਜਾਂਦੀਆਂ ਤਾਂ ਬਹੁਤ ਸਾਰੇ, ਸਵਾਰਥ ਰਹਿਤ ਸਰਬੱਤ ਦੇ ਭਲੇ ਬਾਰੇ ਵਿਚਾਰਾਂ ਕਰਦੇ। ਪਰ ਉਸ ਵਿਚ ਤਾਂ ਸਿੱਖਾਂ ਦੇ ਸਭ ਇਕੱਠਾਂ ਵਾਙ (ਭਾਵੇਂ ਉਹ ਧਾਰਮਿਕ ਇਕੱਠ ਹੋਣ ਜਾਂ ਸਮਾਜਕ ਜਾਂ ਰਾਜਨੀਤਕ) ਸਟੇਜ ਤੋਂ ਥੱਲੇ ਬੈਠੇ, ਗੂੰਗਿਆਂ ਵਰਗੇ ਸਨ(ਜਿਨ੍ਹਾਂ ਵਿਚ ਕੁਝ ਬੋਲਣ ਦੀ ਸਮਰਥਾ ਨਹੀਂ ਹੁੰਦੀ) ਅਤੇ ਸਟੇਜ ਤੇ ਬੈਠੇ ਕੁਝ ਲੋਕ ਬੋਲੇ ਸਨ (ਜੋ ਕਿਸੇ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ) ਫਿਰ ਇਸ ਵਿਚ ਵਿਚਾਰਾਂ ਦੀ ਗੱਲ ਕਿਵੇਂ ? ਸੰਗਤ ਦੇ ਵਲਵਲਿਆਂ ਦੀ ਚਾਹ ਕਿਵੇਂ ?
2. ਇਸ ਇਕੱਠ ਦੇ ਪ੍ਰਬੰਧਕ, ਸਮਾਜਕ ਬੰਦੇ ਹੀਂ ਸਨ, ਪੰਜਾਬ ਦੇ ਜਾਗਰੂਕ ਬੰਦੇ ਜਾਣਦੇ ਹਨ ਕਿ ਇਹ ਅਸਮਾਜਿਕ ਬੰਦਿਆਂ ਦਾ ਇਕ ਟੋਲਾ ਹੀ ਸੀ, ਜੋ ਭਲੇ-ਮਾਣਸ ਬੰਦਿਆਂ ਵਲੋਂ ਮੂੰਹ ਬੰਦ ਰੱਖਣ ਕਾਰਨ, ਆਪਣਾ ਦਬਦਬਾ ਸਥਾਪਤ ਕਰੀ ਬੈਠੇ ਹਨ। ਇਨ੍ਹਾਂ ਦਾ ਪਛੋਕੜ ਪੁਕਾਰ-ਪੁਕਾਰ ਕੇ ਇਸ ਤੱਥ ਦੀ ਗਵਾਹੀ ਭਰਦਾ ਹੈ। ਇਹ ਆਪਣੀ ਸਵਾਰਥ-ਸਿੱਧੀ ਲਈ ਇਕੱਠੇ ਹੋਏ ਸਨ। ਇਵੇਂ ਇਹ ਸਰਬੱਤ-ਖਾਲਸਾ ਪ੍ਰਤੀਨਿਧੀ ਇਕੱਠ ਦਾ ਹਿੱਸਾ ਬਣਨ ਦੇ ਕਿਸੇ ਪੱਖੋਂ ਵੀ ਲਾਇਕ ਨਹੀਂ ਸਨ।
3. ਇਸ ਇਕੱਠ ਦੀ ਗਿਣਤੀ ਬਾਰੇ, ਕਿਸੇ ਦਾ ਅੰਦਾਜ਼ਾ ਹੈ ਕਿ ਉਹ 50,000 ਕਰੀਬ ਸੀ, ਅਤੇ ਕੋਈ ਉਸ ਨੂੰ ਪੰਜ ਲੱਖ ਦੱਸਦਾ ਹੈ। ਚਲੋ ਵਿਰੋਧੀ ਤਾਂ ਹਮੇਸ਼ਾ ਘੱਟ ਕਰ ਕੇ ਹੀ ਪਰਚਾਰਦੇ ਹਨ, ਪਰ ਕੀ ਪ੍ਰਬੰਧਕ ਠੀਕ ਦੱਸ ਰਹੇ ਹਨ ? ਕੀ ਕੋਈ ਬੰਦਾ, ਇਕ ਤੇ ਦੱਸ ਵਿਚਲਾ ਫਰਕ ਵੀ ਨਹੀਂ ਵੇਖ ਸਕਦਾ ? ਸਰਬੱਤ-ਖਾਲਸਾ ਦਾ ਪ੍ਰਤੀਨਿਧੀ ਇਕੱਠ ਸਿਰਾਂ ਦੀ ਗਿਣਤੀ ਅਨੁਸਰ ਨਹੀਂ ਆਂਕਿਆ ਜਾਂਦਾ, ਉਸ ਦਾ ਆਂਕਲਣ ਤਾਂ ਉਸ ਵਿਚ ਸ਼ਾਮਲ ਹੋਣ ਵਾਲਿਆਂ ਦੇ ਸਵਾਰਥ ਰਹਿਤ ਅਤੇ ਸਰਬੱਤ ਦੇ ਭਲੇ ਦੇ ਗੁਣਾਂ ਤੇ ਆਧਾਰਿਤ ਹੁੰਦਾ ਹੈ। (ਉਹ ਇਕੱਠ ਤਾਂ ਜਜ਼ਬਾਤੀ ਬੰਦਿਆਂ ਦਾ ਸੀ, ਜੋ ਅੰਧੇਰ-ਗਰਦੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ।) ਉਹੀ ਪ੍ਰਬੰਧਕ ਅੱਜ ਦਸ ਹਜ਼ਾਰ ਤੋਂ ਉਪਰ ਦਾ ਇਕੱਠ ਨਹੀਂ ਕਰ ਸਕਦੇ, ਕੀ ਉਹ ਗਿਣਤੀ ਨੂੰ ਵੱਧ ਤੋਂ ਵੱਧ ਵਿਖਾ ਕੇ ਆਪਣਾ ਦਬਦਬਾ ਬਨਾਉਣਾ ਨਹੀਂ ਚਾਹੁੰਦੇ ? ਜਿਸ ਚੀਜ਼ ਦੀ ਬੁਨਿਆਦ ਹੀ ਸਵਾਰਥ ਤੇ ਹੋਵੇ, ਕੀ ਉਸ ਨੂੰ ਸਰਬੱਤ ਖਾਲਸਾ ਕਿਹਾ ਜਾ ਸਕਦਾ ਹੈ ?
4. ਮਤਿਆਂ ਵਿਚ ਕੋਈ ਵੀ ਗੁਰਮਤਾ ਨਹੀਂ ਸੀ, ਬੱਸ ਇਕੋ ਚਾਹ ਸੀ ਕਿ, ਸਥਾਪਤ ਅਸਮਾਜਿਕ ਬੰਦਿਆਂ ਦੀ ਥਾਂ ਅਸੀਂ ਸਥਾਪਤ ਹੋਣਾ ਹੈ। ਇਸ ਦਾ ਫੱਲ ਆਉਣ ਵਾਲੇ ਸਮੇ ਵਿਚ ਪੰਥ ਨੂੰ ਹੀ ਭੋਗਣਾ ਪੈਣਾ ਹੈ। (ਜਦ ਲੋਕ ਇਹ ਕਹਿਣਗੇ ਕਿ ਇਨ੍ਹਾਂ ਨਾਲੋਂ ਤਾਂ ਪਹਿਲੇ ਹੀ ਚੰਗੇ ਸੀ) ਮੀਡੀਏ ਦੇ ਵਿਲੇਸ਼ਕਾਂ ਦਾ ਸਪੱਸ਼ਟ ਮੱਤ ਹੈ ਕਿ ਇਸ ਸਰਬੱਤ-ਖਾਲਸਾ ਦੀ ਇਕੋ-ਇਕ ਪਰਾਪਤੀ, ਪੰਜਾਬ ਵਿਚਲੇ ਤਖਤਾਂ ਦੇ ਜਥੇਦਾਰਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਦੂਸਰੇ ਜਥੇਦਾਰ ਸਥਾਪਤ ਕਰਨਾ ਹੈ। ਜਦ ਕਿ ਇਹ ਕੰਮ ਤਾਂ ਬਾਦਲ ਨਾਲ ਮਿਲ ਕੇ, ਸਹਜੇ ਹੀ ਕੀਤਾ ਜਾ ਸਕਦਾ ਸੀ, ਇਸ ਕੰਮ ਲਈ ਸਰਬੱਤ-ਖਾਲਸਾ ਇਕੱਠ ਸੱਦਣ ਦੀ ਕੀ ਲੋੜ ਸੀ ? ਸਿਰਫ ਇਹੀ ਕਿ ਲੋਕ ਲਹਿਰ ਸ਼ਾਂਤ ਕੀਤੀ ਜਾਵੇ। ਜਿਸ ਬਦਲਾਅ ਨੂੰ ਲੈ ਕੇ ਲਹਿਰ ਉੱਠੀ ਸੀ, ਉਸ ਬਾਰੇ ਕੋਈ ਗੱਲ ਕੀਤੇ ਬਗੈਰ ਹੀ , ਲਹਿਰ ਦੀ ਹਵਾ ਕੱਢ ਦਿੱਤੀ ਗਈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਬਾਦਲ ਦੀ ਸਕੀਮ ਮੁਤਾਬਕ, ਮਾਨ ਅਤੇ ਸਾਥੀਆਂ ਨੇ ਲਹਿਰ ਦਾ ਪੂਰਾ ਮੁੱਦਾ ਤਿੰਨ ਜਥੇਦਾਰਾਂ ਦੀ ਬਦਲੀ ਕਰ ਕੇ, ਇਸ ਲਹਿਰ ਨੂੰ ਖਤਮ ਕਰ ਦਿੱਤਾ।
ਦਰਬਾਰ ਸਾਹਿਬ ਵਿਚ ਹੀ ਬਾਦਲ ਸਰਕਾਰ, ਮੱਕੜ ਕਮੇਟੀ, ਦਰਬਾਰ ਸਾਹਿਬ ਦੇ ਕਰਮਚਾਰੀ, ਲੋਕਲ ਪੁਲਸ ਅਤੇ ਅਸਮਾਜਿਕ ਅੰਸਰਾਂ ਦੀ ਮਿਲੀ ਭੁਗਤ ਨਾਲ, ਗੁੰਡਾ-ਗਰਦੀ ਪੂਰੇ ਜ਼ੋਰ ਤੇ ਹੈ, ਸਾਰੇ ਲੀਡਰ ਅਤੇ ਪ੍ਰਬੰਧਕ ਜਾਣਦੇ ਹਨ ਕਿ ਹਰ ਸਾਲ ਘਰਾਂ ਤੋਂ ਭੱਜ ਕੇ ਆਏ, ਘੱਟੋ-ਘੱਟ ਇਕ ਹਜ਼ਾਰ, 10 ਤੋਂ 15 ਸਾਲ ਦੇ ਮੁੰਡੇ, ਦਰਬਾਰ ਸਾਹਿਬ ਵਿਚੋਂ ਗਾਇਬ ਕਰ ਕੇ ਵੇਚੇ ਜਾਂਦੇ ਹਨ। ਇਸ ਬਾਰੇ ਵੀ ਉਸ ਇਕੱਠ ਵਿਚ ਕੋਈ ਵਿਚਾਰ ਨਹੀਂ ਕੀਤੀ ਗਈ।
ਇਸ ਤੋਂ ਵੀ ਜ਼ਿਆਦਾ ਉਨ੍ਹਾਂ ਬਾਰੇ ਦੁੱਖ ਹੈ, ਜੋ ਲਹਿਰ ਦੇ ਆਗੂ ਤਾਂ ਬਣੇ ਪਰ ਜੂਝਣ ਵੇਲੇ ਸਟੇਜ ਦੂਸਰਿਆਂ ਦੇ ਹਵਾਲੇ ਕਰ ਕੇ ਭੱਜ ਗਏ। ਸਾਨੂੰ ਲੀਡਰਾਂ ਦੀ ਚੋਣ ਕਰਨ ਵੇਲੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਅਗਵਾਈ ਅਕਲ ਨਾਲ ਹੁੰਦੀ ਹੈ, ਪਰਚਾਰ ਨਾਲ ਨਹੀਂ। ਗੁਰਮਤਿ ਦਾ ਪਰਚਾਰ ਕਰਨਾ ਵੀ ਬਹੁਤ ਜ਼ਰੂਰੀ ਪੱਖ ਹੈ ਪਰ ਸਿਰਫ ਇਕ ਪੱਖ, ਅਗਵਾਈ ਕਰਨ ਲਈ ਸਾਰੇ ਪੱਖ ਵਿਚਾਰਨੇ ਪੈਂਦੇ ਹਨ, ਜਿਸ ਦੀ ਪੂਰਤੀ ਲਈ ਗੁਰੂ ਸਾਹਿਬ ਨੇ ਸੰਯੁਕਤ ਲੀਡਰ ਸ਼ਿਪ ਦੀ ਸੇਧ ਦਿੱਤੀ ਹੈ। ਅੱਜ ਅਸੀਂ ਜਿਨ੍ਹਾਂ ਪੱਖਾਂ ਤੋਂ ਪੱਛੜੇ ਹਾਂ, ਉਨ੍ਹਾਂ ਪੱਖਾਂ ਦੇ ਮਾਹਰਾਂ ਦੀ ਸੰਯੁਕਤ ਲੀਡਰਸ਼ਿਪ ਦੀ ਅਗਵਾਈ ਦੀ ਲੋੜ ਹੈ
‘ਸਰਬੱਤ-ਖਾਲਸਾ’ ਇਕੱਠ ਸੱਦਣ ਦਾ ਅਧਿਕਾਰ ਕਿਸ ਨੂੰ ?
ਜੋ ਲੋਕ ਇਸ ਗੱਲ ਤੇ ਹੀ ਜ਼ੋਰ ਦੇ ਰਹੇ ਹਨ ਕਿ ‘ ਸਰਬੱਤ-ਖਾਲਸਾ’ ਇਕੱਠ ਸੱਦਣ ਦਾ ਅਧਿਕਾਰ ਸਿਰਫ ‘ ਅਕਾਲ-ਤਖਤ ਸਾਹਿਬ’ ਦੇ ਜਥੇਦਾਰ ਨੂੰ ਹੀ ਹੈ, ਉਨ੍ਹਾਂ ਨੂੰ ਕੁਝ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ,
1, ‘ਸਰਬੱਤ-ਖਾਲਸਾ’ ਇਕੱਠ ਜਾਂ ‘ਸਰਬੱਤ-ਖਾਲਸਾ’ ਦਾ ਇਕੱਠ, ਆਪਣੇ ਆਪ ਵਿਚ ਕੋਈ ਚੀਜ਼ ਨਹੀਂ ਹੈ, ਨਾ ਹੀ ਇਹ ਸੰਭਵ ਹੈ, ਨਾ ਕਦੀ ਹੋਇਆ ਹੈ ਅਤੇ ਨਾ ਕਦੇ ਹੋ ਹੀ ਸਕਦਾ ਹੈ। ਇਸ ਦਾ ਅਸਲੀ ਨਾਂ ‘ਸਰਬੱਤ-ਖਾਲਸਾ ਦਾ ਪ੍ਰਤੀਨਿਧੀ’ ਇਕੱਠ ਹੋਣਾ ਚਾਹੀਦਾ ਹੈ।
2, ਅਕਾਲ-ਤਖਤ ਸਾਹਿਬ ਦਾ, ਨਾ ਤਾਂ ਕੋਈ ਜਥੇਦਾਰ ਹੋਇਆ ਹੈ ਅਤੇ ਨਾ ਕੋਈ ਹੋ ਹੀ ਸਕਦਾ ਹੈ । ਇਸ ਕਰ ਕੇ ‘ਸਰਬੱਤ-ਖਾਲਸਾ ਦਾ ਪ੍ਰਤੀਨਿਧੀ’ ਇਕੱਠ ਸੱਦਣ ਦਾ ਅਧਿਕਾਰ ਉਸ ਕੋਲ ਹੋਣਾ, ਹਾਸੋ-ਹੀਣੀ ਗੱਲ ਹੈ।
3. ਸਰਬੱਤ-ਖਾਲਸਾ ਪ੍ਰਤੀਨਿਧੀ ਇਕੱਠ ਸੱਦਣ ਦੀ ਗੱਲ ਨਹੀਂ ਹੈ, ਇਹ ਇਕੱਠ ਕਰਨ ਦੀ ਗੱਲ ਹੈ। ਇਹ ਇਕੱਠ ਦੁਨੀਆ ਦੇ ਕਿਸੇ ਵੀ ਕੋਨੇ ਵਿਚ, ਉਹ ਸਿੱਖ ਕਰ ਸਕਦੇ ਹਨ, ਜੋ ਕਿਸੇ ਵੀ ਅਜਿਹੀ ਸਮੱਸਿਆ ਨਾਲ ਜੂਝ ਰਹੇ ਹੋਣ, ਜਿਸ ਦਾ ਸਬੰਧ ਪੂਰੇ ਪੰਥ ਨਾਲ ਹੋਵੇ।
(ਕਿਸੇ ਵੇਲੇ ਸਿੱਖ, ਪੰਜਾਬ ਦੇ ਵਾਸੀ ਸਨ, ਉਨ੍ਹਾਂ ਨੇ ਇਸ ਇਕੱਠ ਲਈ ਦਿਨ ਮਿਥੇ ਹੋਏ ਸਨ। ਕੁਝ ਅਜਿਹੇ ਸਰਬੱਤ ਖਾਲਸਾ ਪ੍ਰਤੀਨਿਧੀ ਇਕੱਠ ਵੀ ਹੋਏ ਹਨ, ਜੋ ਕੋਈ ਖਾਸ ਲੋੜ ਪੈਣ ਤੇ ਇਕ-ਦਮ ਕੀਤੇ ਗਏ। ਇਸ ਵੇਲੇ ਸਿੱਖ ਸਾਰੀ ਦੁਨੀਆ ਵਿਚ ਫੈਲੇ ਹੋਏ ਹਨ, ਜਿਸ ਕਾਰਨ ਲੋੜ ਹੈ ਕਿ ਸਿੱਖ ਚਿੰਤਕ ਇਕੱਠੇ ਹੋ ਕੇ ‘ਸਰਬੱਤ-ਖਾਲਸਾ’ ਦਾ ਪੂਰਨ ਵਿਧੀ-ਵਿਧਾਨ, ਲਿਖਤੀ ਰੂਪ ਵਿਚ ਤਿਆਰ ਕਰਨ, ਜਿਸ ਵਿਚ ਸਭ ਪੱਖਾਂ ਵੱਲ ਪੂਰਾ ਧਿਆਨ ਦਿੱਤਾ ਜਾਵੇ)
ਪਿਛਲੇ 30-35 ਸਾਲ ਵਿਚ ਸਰਬੱਤ-ਖਾਲਸਾ ਦੇ ਨਾਮ ਤੇ ਕੁਝ ਇਕੱਠ ਸੱਦੇ ਗਏ ਹਨ, ਜਿਸ ਵਿਚ ਨਾ ਤਾਂ ਉਸ ਨੂੰ ਸੱਦਣ ਵਾਲੇ ਹੀ ਨਿਸਵਾਰਥ ਸਨ ਅਤੇ ਨਾ ਹੀ ਉਸ ਵਿਚ ਸ਼ਾਮਲ ਹੋਣ ਵਾਲੇ, ਨਾ ਹੀ ਉਨ੍ਹਾਂ ਵਿਚ ਸਰਬੱਤ ਦੇ ਭਲੇ ਵਾਲਾ ਕੋਈ ਫੈਸਲਾ ਹੀ ਕੀਤਾ ਗਿਆ ਹੈ। ਇਨ੍ਹਾਂ ਇਕੱਠਾਂ ਵਿਚ ਆਪਣੀ ਸਵਾਰਥ-ਸਿੱਧੀ ਲਈ ਆਪਣੇ ਹੀ ਸਮੱਰਥਿਕ ਲੋਕ ਸੱਦੇ ਗਏ ਸਨ ਅਤੇ ਆਪਣੀ ਸਵਾਰਥ ਸਿੱਧੀ ਵਾਲੇ ਮਤੇ ਹੀ ਕੀਤੇ ਗਏ ਸਨ, ਇਨ੍ਹਾਂ ਨੂੰ ਸਰਬੱਤ ਖਾਲਸਾ ਦਾ ਨਾਮ ਦੇਣਾ ਹੀ ਗਲਤ ਹੈ।
ਹੁਣ ਤਾਂ ਸਾਰੀ ਦੁਨੀਆ ਦੇ ਮੁਲਕਾਂ ਵਿਚ (ਜਿੱਥੇ ਸਿੱਖ ਵਸੋਂ ਹੈ) ਸਰਬੱਤ-ਖਾਲਸਾ ਦੀਆਂ ਪ੍ਰਤੀਨਿੱਧ ਇਕਾਈਆਂ ਬਨਾਉਣੀਆਂ ਪੈਣਗੀਆਂ, ਜੋ ਇਕ ਕੇਂਦਰ ਨਾਲ ਜੁੜੀਆਂ ਹੋਈਆਂ ਹੋਣ। ਉਸ ਕੇਂਦਰੀ ਇਕਾਈ ਵਿਚ ਹਰ ਪੱਖ ਦੇ ਮਾਹਰ ਦੋ-ਦੋ ਚਾਰ-ਚਾਰ ਜਾਂ ਲੋੜ ਅਨੁਸਾਰ ਇਸ ਤੋਂ ਵੱਧ ਬੰਦੇ ਵੀ ਹੋ ਸਕਦੇ ਹਨ, ਤਾਂ ਜੋ ਵਿਚਾਰ ਕਰਨ ਵੇਲੇ ਕਿਸੇ ਉਕਾਈ ਦੀ ਘੱਟ ਤੋਂ ਘੱਟ ਗੁੰਜਾਇਸ਼ ਹੋਵੇ। ਹਰ ਮੁਲਕ ਦੀ ਇਕਾਈ ਨੇ ਆਪਣੇ ਮੁਲਕ ਦੇ ਹਾਲਾਤ ਅਨੁਸਾਰ ਫੈਸਲੇ ਲੈਣੇ ਹਨ, ਅਤੇ ਇਹ ਵੀ ਸੰਭਵ ਹੈ ਕਿ ਉਸ ਮੁਲਕ ਵਾਲਿਆਂ ਦੇ ਕੀਤੇ ਫੈਸਲੇ ਕਿਸੇ ਦੂਸਰੇ ਮੁਲਕ ਵਾਲਿਆਂ ਲਈ ਕੋਈ ਅੜਚਣ ਖੜੀ ਕਰਨ, ਇਸ ਲਈ ਉਸ ਫੈਸਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਕੇਂਦਰੀ ਕਮੇਟੀ ਵਿਚ ਵਿਚਾਰ ਕੇ, ਉਹ ਕਮੀਆਂ ਦੂਰ ਕੀਤੀਆਂ ਜਾਣ।
ਅਮਰ ਜੀਤ ਸਿੰਘ ਚੰਦੀ