ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਜਨਮ ਮਰਨ ਕਉ ਇਹੁ ਜਗੁ ਬਪੁੜੋ :-
-: ਜਨਮ ਮਰਨ ਕਉ ਇਹੁ ਜਗੁ ਬਪੁੜੋ :-
Page Visitors: 2889

-: ਜਨਮ ਮਰਨ ਕਉ ਇਹੁ ਜਗੁ ਬਪੁੜੋ :-
ਸੋਰਠ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ:-
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥1॥
ਘਟਿ ਘਟਿ ਰਵਿ ਰਹਿਆ ਬਨਵਾਰੀ॥
ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ
॥ਰਹਾਉ॥
ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ॥
ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖਿ ਮੁਰਾਰੀ ਜੀਉ
॥2॥
ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ॥
ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ
॥3॥
ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭਿ ਮਝਾਰੀ ਜੀਉ ॥
ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ
॥4॥ (ਪੰਨਾ 597-598)
ਵਿਆਕਰਣ ਦੇ ਮਾਹਰ ਇੱਕ ਵਿਦਵਾਨ ‘ਚਮਕੌਰ ਸਿੰਘ ਬਰਾੜ’ ਜੀ ਨੇ ਵਿਆਕਰਣ ਆਧਾਰਿਤ ਇਸ ਸ਼ਬਦ ਦੇ ਅਰਥ ਕੀਤੇ ਹਨ। ਪਰ ਇਹਨਾਂ ਅਰਥਾਂ ਵਿੱਚ ਕੁਝ ਗੱਲਾਂ ਮੈਨੂੰ ਇਤਰਾਜ ਯੋਗ ਲਗੀਆਂ। ਸੋ ਪਿਛਲੇ ਦਿਨੀਂ ਫੇਸ ਬੁੱਕ ਤੇ ਇਹਨਾਂ ਸੱਜਣ ਜੀ ਨਾਲ ਮੇਰਾ ਵਿਚਾਰ ਵਟਾਂਦਰਾ ਹੋਇਆ ਸੀ। ਵਿਚਾਰ ਕਾਫੀ ਲੰਬੀ ਚੱਲੀ ਸੀ। ਸਾਰੀ ਵਿਚਾਰ ਇੱਥੇ ਦਰਜ ਕਰਨੀ ਉਚਿਤ ਨਾ ਸਮਝਦੇ ਹੋਏ ਮੁਖ ਗੱਲਾਂ ਹੀ ਇੱਥੇ ਦਰਜ ਕੀਤੀਆਂ ਜਾ ਰਹੀਆਂ ਹਨ। ਲੇਖ ਰੂਪ ਵਿੱਚ ਲਿਖਦੇ ਹੋਏ ਹੂ ਬ ਹੂ ਉਤਾਰਾ ਕਰਨਾ ਮੁਮਕਿਨ ਨਹੀਂ ਸੀ ਇਸ ਲਈ ਮੁੱਖ ਵਿਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਲਫਜ਼ਾਂ ਦੀ ਅਦਲਾ ਬਦਲੀ ਕਰਨੀ ਪਈ ਹੈ:-
ਚਮਕੌਰ ਬਰਾੜ:- “ …
…. ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ॥
      ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ
॥3॥
ਅਰਥ- “ਹੇ ਭਾਈ! ਇਹ ਵਿਚਾਰਾ ਸਾਰਾ ਜਗ ਮਾਇਆ ਦੇ ਵਲੇਵਿਆਂ ਵਿੱਚ ਲੱਗਾ ਹੋਣ ਕਰਕੇ ਮਰਨ ਜੀਵਨ ਦੇ *ਭੁਲੇਖੇ* ਵਿੱਚ ਹੀ ਰਹਿੰਦਾ ਹੈ ਅਤੇ ਰੱਬ ਦੀ ਭਗਤੀ ਨੂੰ ਭੁਲਾ ਬੈਠਦਾ ਹੈ। ਪਰ ਜੇ ਕਿਸੇ ਨੂੰ ਸੱਚਾ ਗੁਰੂ ਮਿਲ ਪਵੇ ਭਾਵ ਜੇ ਕੋਈ ਸੱਚੇ ਗੁਰੂ ਦੇ ਦੱਸੇ ਹੋਏ ਗੁਣ ਆਪਣੇ ਜੀਵਨ ਵਿੱਚ ਅਪਣਾ ਲਵੇ ਤਾਂ ਇਹ ਗੁਰੂ ਦੀ ਮੱਤ ਪ੍ਰਾਪਤ ਕਰ ਸਕਦਾ ਹੈ।…..॥3॥
  ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭਿ ਮਝਾਰੀ ਜੀਉ॥
  ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ
॥4॥
ਅਰਥ- “……ਉਸ ਮਨੁੱਖ ਦੇ ਸਾਰੇ ਸੰਸਾਰੀ ਬੰਧਨ ਤੋੜਕੇ ਉਸ ਨੂੰ ਬੰਧਸ਼ਾਂ ਤੋਂ ਆਜ਼ਾਦ ਕਰ ਦਿੱਤਾ ਫਿਰ ਦੁਬਾਰਾ ਉਸ ਨੂੰ ਜਨਮ ਮਰਨ ਦੇ ਗੇੜ ਦਾ *ਭੁਲੇਖਾ* ਨਹੀਂ ਰਹਿੰਦਾ॥4॥
ਜਸਬੀਰ ਸਿੰਘ ਵਿਰਦੀ:- ਤੀਸਰੇ ਬੰਦ ਵਿੱਚਲੇ- “ਜਨਮ ਮਰਨ ਕਉ” ਅਤੇ ਚੌਥੇ ਬੰਦ ਵਿੱਚਲੇ- “ਗਰਭ ਮਝਾਰੀ” ਦੇ ਅਰਥ ਕਰਨ ਲੱਗਿਆਂ ਨਾਲ “ਭੁਲੇਖੇ ਵਿੱਚ” ਅਤੇ “ਭਰਮ ਭੁਲੇਖਾ” ਕਿੱਥੋਂ ਅਤੇ ਕਿਵੇਂ ਆ ਗਿਆ? ਸ਼ਬਦ ਵਿੱਚ ਤਾਂ ‘ਭਰਮ ਭੁਲੇਖੇ’ ਵਾਲੀ ਕੋਈ ਗੱਲ ਨਹੀਂ ਲਿਖੀ ਹੋਈ।
ਚਮਕੌਰ ਬਰਾੜ:- ਵਿਰਦੀ ਜੀ! ਤੁਸੀਂ ਕਿਸੇ ਸੰਪਰਦਾ ਨਾਲ ਜੁੜੇ ਹੋਏ ਹੋ ਜਿਹੜਾ ਇਸ ਜਨਮ ਮਰਨ ਦੇ ਗੇੜ ਵਿੱਚ ਯਕੀਨ ਕਰਦੀ ਹੈ। ਅਖੀਰਲੇ ਬੰਦ ਵਿੱਚ ‘ਨਾਨਕ ਗਿਆਨ ਰਤਨ ਪ੍ਰਗਾਸਿਆ’ ਜਿਸ ਦਾ ਮਤਲਬ ਬਣਦਾ ਹੈ- ਗਿਆਨ ਜਾਂ ਸਮਝ ਦਾ ਪਰਕਾਸ਼ ਕਰ ਦਿੱਤਾ। ਜਿਸ ਨੂੰ ਇਹ ਸਮਝ ਦੇ ਦਿੱਤੀ। ਕਿਸਨੇ ਸਮਝ ਦੇ ਦਿੱਤੀ, ਪਹਿਲੀ ਲਾਇਨ ਵਿੱਚ ਹੈ ‘ਸਤਿਗੁਰੂ ਨੇ’।ਸਤਿਗੁਰੂ ਸੰਬੰਧ ਕਾਰਕ ਹੈ (???)।ਇਸ ਕਰਕੇ ਸਤਿਗੁਰੂ ਦਾ ਸੰਬੰਧ ਸਤਿਗੁਰੂ ਦੇ ਉਪਦੇਸ਼ ਨਾਲ ਹੈ। ਪਰਗਾਸਿਆ ਭੂਤਕਾਲ ਕਰਮਨੀ ਵਾਚ ਕਿਰਿਆ ਹੈ। ਕਿਸੇ ਦੇ ਅੰਦਰ ਪ੍ਰਕਾਸ਼ ਕਰ ਦਿੱਤਾ, ਕਾਹਦਾ? ਗਿਆਨ ਦਾ ਜਾਂ ਸਮਝ ਦਾ। ਹੁਣ ਵਾਕ ਅੰਸ਼ ਦੇ ਅਰਥ ਬਣ ਗਏ- ਜਿਸ ਨੂੰ ਵੀ ਗੁਰੂ ਦੇ ਰਾਹੀਂ, ਪ੍ਰਭੂ ਦੀ ਸਿੱਖਿਆ ਨੇ ਇਹ ਸਮਝ ਜਾਂ ਗਿਆਨ ਦੇ ਦਿੱਤੀ। ਹੁਣ ਕਿਹੜੀ ਜਾਂ ਕਾਹਦੀ ਸਮਝ? ਰਹਾਉ ਵਾਲੀ ਪੰਗਤੀ ਅਤੇ ਸਾਰੇ ਸ਼ਬਦ ਨੂੰ ਦੇਖੋ- ਉਸ ਵਿੱਚ ਤਿੰਨ ਚੀਜਾਂ ਆਈਆਂ ਹਨ-
1 ਇੱਕ- ਪ੍ਰਭੂ ਹਰ ਥਾਂ ਵਸਦਾ ਹੈ।
2- ਹਰ ਹਿਰਦੇ ਵਿੱਚ ਵਸਦਾ ਹੈ (???)।
3- ਇਸ ਦੇ ਦਰਸ਼ਨ ਹਰ ਹਿਰਦੇ ਵਿੱਚ ਹੀ ਹੋ ਸਕਦੇ ਹਨ (???)।
4- ਬੰਧਨ ਬਹੁਵਚਨ ਹੈ ਸੰਪਰਦਾਨ ਕਾਰਕ, ਬੰਧਸ਼ਾਂ, ਰੁਕਾਵਟਾਂ, ਭਰਮ ਭੁਲੇਖੇ ਜਿਹੜੇ ਕਿ ਓਸ ਵੇਲੇ ਦੇ ਧਾਰਮਿਕ ਲੋਕਾਂ ਨੇ ਪਾਏ ਸੀ। ਉਹ ਸਾਰੇ ਭਰਮ ਭੁਲੇਖੇ ਜੋ ਰੁਕਾਵਟਾਂ ਬਣੇ ਸਨ। ਪ੍ਰਭੂ ਦੀ ਇਸ ਸਿੱਖਿਆ ਨਾਲ ਜਾਂ ਸਮਝ ਨਾਲ ਜਾਂ ਗਿਆਨ ਨਾਲ ਸਾਰੀਆਂ ਰੁਕਾਵਟਾਂ ਤੋੜ ਦਿੱਤੀਆਂ। ਜਿਸ ਨੂੰ ਇਹ ਸਿਖਿਆ ਦੀ ਸਮਝ ਪੈ ਗਈ ਉਸਦੇ ਸਾਰੇ ਭਰਮ ਭੁਲੇਖੇ, ਬੰਧਸ਼ਾਂ, ਤੋੜ ਦਿੱਤੀਆਂ (ਹੁਣ ਉਹ ਆਪਣੇ ਅੰਦਰ ਹੀ ਹਰ ਥਾਂ ਪ੍ਰਭੂ ਨੂੰ ਵੇਖ ਸਕਦਾ ਹੈ) ਉਹ ਮੁੜਕੇ ਗਰਭ ਦੇ *ਭਰਮ ਭੁਲੇਖੇ* ਵਿੱਚ ਨਹੀਂ ਰਹਿੰਦਾ।
ਵਿਰਦੀ ਜੀ! ਬਪੜੌ ਸ਼ਬਦ ਨੂੰ ਸਮਝੋ। ਬਪੜਾ ਦਾ ਮਤਲਬ ਕਿ ਵਿਚਾਰਾ ਜਾਂ ਹੈਲਪਲੈੱਸ। ਅਸੀਂ ਕਿਸੇ ਨੂੰ ਵਿਚਾਰਾ ਉਸ ਸਮੇਂ ਕਹਿੰਦੇ ਹਾਂ ਜਦੋਂ ਉਸ ਨੂੰ ਗੱਲ ਦੀ ਸਮਝ ਨਾ ਪਵੇ, ਪਰ ਉਹ ਕਰ ਵੀ ਕੁਝ ਨਾ ਸਕਦਾ ਹੋਵੇ। ਬੱਸ ਲਕੀਰ ਦਾ ਫਕੀਰ ਹੋ ਕੇ ਉਸ ਗੱਲ ਨੂੰ ਮੰਨਕੇ ਠੱਗਿਆ ਜਾ ਰਿਹਾ ਹੋਵੇ। ਏਥੇ ਵੀ ਗੁਰੂ ਸਾਹਿਬ ਨੇ ਏਸੇ ਕਰਕੇ ਵਰਤਿਆ ਹੈ ਕਿ ਇਹ ਵਿਚਾਰਾ ਸਾਰਾ ਸੰਸਾਰ ਕਿਸੇ ਭਰਮ ਭੁਲੇਖੇ ਵਿੱਚ ਠੱਗਿਆ ਜਾ ਰਿਹਾ ਹੈ। ਉਂਝ ਕਿਸ ਚੀਜ ਦਾ ਭਰਮ ਭੁਲੇਖਾ ਹੈ, ਨੰਬਰ ਇੱਕ- ਦੁਨੀਆਦਾਰੀ ਦੇ ਕੰਮਾਂ ਕਾਰਾਂ ਦਾ ਜਾਣੀ ਕਿ ਮਾਇਅ ਦਾ।‘ਦੂਜੈ’ (ਅਧਿਕਰਣ ਕਾਰਕ) ਜਿਸ ਦਾ ਮਤਲਬ ਹੈ ਦੂਜੇ ਕੰਮਾਂ ‘ਵਿੱਚ’। ਅਤੇ ਜਨਮ ਮਰਨ (ਸੰਬੰਧ ਕਾਰਕ)… ਇਹ ਗੱਲ ਪੱਕੀ ਹੈ ਕਿ ਜਨਮ ਮਰਨ ਸੰਬੰਧ ਕਾਰਕ ਵਿੱਚ ਹੀ ਵਰਤਿਆ ਜਾ ਸਕਦਾ ਹੈ (???)। ਕਿਉਂਕਿ ਸਾਰੀ ਗੁਰਬਾਣੀ ਓਸ ਵੇਲੇ ਦੇ ਧਾਰਮਿਕ ਲੋਕਾਂ ਵੱਲੋਂ ਪਾਏ ਹੋਏ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਬੜੀ ਉੱਚੀ ਸਾਫ ਆਵਾਜ਼ ਵਿੱਚ ਕਿਹਾ ਹੈ। ਪ੍ਰੋ: ਸਾਹਿਬ ਸਿੰਘ ਨੇ ਇਸ ਨੂੰ ਜੰਮਣ ਮਰਨ ਦਾ ਗੇੜ ਕਿਹਾ ਹੈ ਪਰ ਮੈਂ ਇਸ ਨੂੰ ਜੰਮਣ ਮਰਨ ਦਾ *ਭੁਲੇਖਾ* ਕਿਹਾ ਹੈ, ਜਿਸ ਭੁਲੇਖੇ ਨਾਲ ਸਾਰਾ ਜੱਗ ਹੀ ਵਿਚਾਰਾ ਠੱਗਿਆ ਜਾ ਰਿਹਾ ਹੈ।
ਜਸਬੀਰ ਸਿੰਘ ਵਿਰਦੀ:- ਚਮਕੌਰ ਬਰਾੜ ਜੀ! ਤੁਸੀਂ ਮੇਰੇ ਨਾਲ ਸੰਪ੍ਰਦਾਇ ਆਦਿ ਨਾਲ ਜੁੜੇ ਹੋਣ ਵਰਗੀਆਂ ਗੱਲਾਂ ਜੋੜ ਕੇ ਮੈਨੂੰ ਬਦਨਾਮ ਕਰਨ ਤੇ ਉਤਰ ਆਏ ਹੋ। ਮਿਹਰਬਾਨੀ ਕਰਕੇ ਜੋ ਵਿਚਾਰ ਚੱਲ ਰਹੀ ਹੈ, ਉਸੇ ਦਾਇਰੇ ਅੰਦਰ ਰਹਿ ਕੇ ਗੱਲ ਕਰੋ ਜੀ।
ਚਮਕੌਰ ਬਰਾੜ ਜੀ! ਸੰਬੰਧਤ ਪੰਗਤੀ ਵਿੱਚ ਜਾਂ ਸਾਰੇ ਸ਼ਬਦ ਵਿੱਚ ਕਿਤੇ ਭਰਮ ਭੁਲੇਖੇ ਦੀ ਗੱਲ ਨਹੀਂ ਕੀਤੀ ਗਈ।
ਰਹਾਉ ਵਾਲੀ ਪੰਗਤੀ ਵਿੱਚਲੇ ਤੁਸੀਂ ਜਿਹੜੇ ਹਵਾਲੇ ਦਿੱਤੇ ਹਨ- 1 ਇੱਕ- ਪ੍ਰਭੂ ਹਰ ਥਾਂ ਵਸਦਾ ਹੈ। 2- ਹਰ ਹਿਰਦੇ ਵਿੱਚ ਵਸਦਾ ਹੈ। 3- ਇਸ ਦੇ ਦਰਸ਼ਨ ਹਰ ਹਿਰਦੇ ਵਿੱਚ ਹੀ ਹੋ ਸਕਦੇ ਹਨ” ਇਥੇ ਕਿਤੇ ਵੀ ਜਨਮ ਮਰਨ ਜਾਂ ਭਰਮ ਭੁਲੇਖੇ ਦਾ ਜ਼ਿਕਰ ਨਹੀਂ ਹੈ।
ਚੌਥੇ ਬੰਦ ਵਿੱਚ- “ਬੰਧਨ” ਦੇ ਅਰਥ ਤੁਸੀਂ ਲਿਖੇ ਹਨ- “ਉਸ ਮਨੁੱਖ ਦੇ ਸਾਰੇ ਸੰਸਾਰੀ ਬੰਧਨ ਤੋੜਕੇ ਉਸ ਨੂੰ ਬੰਧਸ਼ਾਂ ਤੋਂ ਆਜ਼ਾਦ ਕਰ ਦਿੱਤਾ” ਅਤੇ “ਹੇ ਨਾਨਕ! ਕਹੁ ਕਿ ਭਾਈ, ਜਿਸ ਨੂੰ ਸੱਚੇ ਗੁਰੂ ਦੇ ਇਸ ਕੀਮਤੀ ਗਿਆਨ ਦਾ ਪ੍ਰਕਾਸ਼ ਹੋ ਗਿਆ ਜਾਂ ਸਮਝ ਆ ਗਿਆ ਕਿ ਪ੍ਰਭੂ ਕਿਸੇ ਵੀ ਆਕਾਰ ਵਿੱਚ ਨਹੀਂ ਹੈ ਅਤੇ ਹਰ ਮਨ ਵਿੱਚ ਵਸਿਆ ਹੋਇਆ ਹੈ”
ਤੁਹਾਡੇ ਮੁਤਾਬਕ ਹੀ- ਭਰਮ ਭੁਲੇਖਾ ਤਾਂ ਇਸ ਗੱਲ ਦਾ ਦੂਰ ਕੀਤਾ ਹੈ ਕਿ ਪ੍ਰਭੂ ਕਿਸੇ ਆਕਾਰ ਵਿੱਚ ਨਹੀਂ ਹੈ, ਉਹ ਹਰ ਮਨ ਵਿੱਚ ਵਸਿਆ ਹੋਇਆ ਹੈ। ਇਥੇ ਜਨਮ ਮਰਨ *ਦੇ ਭੁਲੇਖੇ* ਵਿੱਚ ਨਹੀਂ ਪੈਂਦਾ ਅਰਥ/ ਭਾਵਾਰਥ ਕਿੱਥੋਂ ਆ ਗਏ?
ਚਮਕੌਰ ਬਰਾੜ:- “ਪਹਿਲਾ- ਓਸ ਵੇਲੇ ਦੇ ਧਾਰਮਿਕ ਲੋਕ ਕਹਿੰਦੇ ਸਨ ਕਿ ਪ੍ਰਭੂ ਕਿਸੇ ਅੱਧ ਅਸਮਾਨ ਜਾਂ ਸੱਤਵੇਂ ਅਸਮਾਨ ਤੇ ਵਸਦਾ ਹੈ, ਇਹ ਭਰਮ ਭੁਲੇਖਾ ਸੀ। ਗੁਰੂ ਸਾਹਿਬ ਨੇ ਇਸ ਤੇ ਚੋਟ ਮਾਰੀ ਹੈ। ਦੂਜਾ ਧਾਰਮਿਕ ਲੋਕ ਓਸ ਵੇਲੇ ਸਮਝਦੇ ਸਨ ਕਿ ਪ੍ਰਭੂ ਦੇ ਦਰਸ਼ਨ ਕਰਨ ਲਈ ਕਈ ਤਰ੍ਹਾਂ ਦੇ ਕਰਮ ਕਾਂਡ ਕਰਨੇ ਚਾਹੀਦੇ ਹਨ, ਇਹ ਉਹਨਾਂ ਦਾ ਭਰਮ ਭੁਲੇਖਾ ਸੀ, ਗੁਰੂ ਸਾਹਿਬ ਨੇ ਇਸ ਤੇ ਵੀ ਚੋਟ ਮਾਰੀ ਹੈ। ਓਸ ਵੇਲੇ ਦੇ ਧਾਰਮਿਕ ਲੋਕ ਕਹਿੰਦੇ ਸਨ ਕਿ ਪ੍ਰਭੂ ਕਿਸੇ ਸ਼ਕਲ ਵਿੱਚ ਹੈ, ਇਹ ਵੀ ਉਹਨਾਂ ਦਾ ਭਰਮ ਭੁਲੇਖਾ ਸੀ, ਗੁਰੂ ਸਾਹਿਬ ਨੇ ਇਸ ਤੇ ਵੀ ਚੋਟ ਮਾਰੀ ਹੈ। ਓਸ ਵੇਲੇ ਦੇ ਧਾਰਮਿਕ ਲੋਕ ਕਹਿੰਦੇ ਸਨ ਕਿ ਅਗਲੇ ਜਨਮ ਵਿੱਚ ਆਹ ਕੁਝ ਮਿਲੇਗਾ, ਇਹ ਵੀ ਉਹਨਾਂ ਦਾ ਭਰਮ ਭੁਲੇਖਾ ਸੀ, ਗੁਰੂ ਸਾਹਿਬ ਨੇ ਇਸ ਤੇ ਵੀ ਚੋਟ ਮਾਰੀ ਹੈ। ਸ਼ਬਦ ਦੀ ਵਿਆਕਰਣ ਅਤੇ ਪ੍ਰਕਰਣ ਤੇ ਜੋਰ ਦੇ ਕੇ ਦੇਖੋ। ਦੱਸੋ ਜਨਮ ਮਰਨ ਸੰਬੰਧ ਕਾਰਕ ਨਹੀਂ?  
ਜਸਬੀਰ ਸਿੰਘ ਵਿਰਦੀ:- 
“ਪ੍ਰਭੂ ਕਿਸੇ ਸੱਤਵੇਂ ਅਸਮਾਨ ਤੇ ਵਸਦਾ ਹੈ, ਪ੍ਰਭੂ ਦੇ ਦਰਸ਼ਨ ਕਰਨ ਲਈ ਕੋਈ ਹੋਰ ਕਈ ਤਰ੍ਹਾਂ ਦੇ ਉਪਰਾਲੇ ਜਾਣੀ ਕਰਮ ਕਾਂਡ ਕਰਨੇ ਚਾਹੀਦੇ ਹਨ, ਅਗਲੇ ਜਨਮ ਵਿੱਚ ਆਹ ਕੁਝ ਮਿਲੇਗਾ, .. ਕੀ ਇਹਨਾਂ ਗੱਲਾਂ ਦਾ ‘ਭਰਮ ਭੁਲੇਖੇ’ ਵਾਲੀ ਚੱਲ ਰਹੀ ਵਿਚਾਰ ਨਾਲ ਕੋਈ ਸੰਬੰਧ ਹੈ?
ਤੁਸੀਂ ‘ਜਨਮ ਮਰਨ ਦੇ ਨਾਲ ਆਪਣੇ ਕੋਲੋਂ *ਭੁਲੇਖੇ ਵਿੱਚ* ਸ਼ਬਦ ਜੋੜੇ ਹਨ। ਮੈਂ ਇਸੇ ਨੁਕਤੇ ਤੇ ਵਿਚਾਰ ਚਰਚਾ ਛੇੜੀ ਹੈ। ਵਿਚਾਰ ਨੂੰ ਇਸੇ ਨੁਕਤੇ ਤੇ ਹੀ ਕੇਂਦ੍ਰਿਤ ਰੱਖਣ ਦੀ ਕੋਸ਼ਿਸ਼ ਕਰੋ ਜੀ।
ਤੁਸੀਂ ਲਿਖਿਆ ਹੈ- “ਸ਼ਬਦ ਦੀ ਵਿਆਕਰਣ ਅਤੇ ਪ੍ਰਕਰਣ ਤੇ ਜੋਰ ਦੇਕੇ ਦੇਖੋ”
ਚਮਕੌਰ ਬਰਾੜ ਜੀ! ਤੁਕ ਵਿੱਚ ਲਫਜ਼ ਆਏ ਹਨ- “ਜਨਮ ਮਰਨ ‘ਕਉ’ ਇਹੁ ਜਗੁ ਬਪੁੜੌ” ‘ਕਉ’ ਸੰਬੰਧ ਕਾਰਕ ਮੰਨਣ ਤੋਂ ਮੈਂ ਕਿੱਥੇ ਇਨਕਾਰੀ ਹੋਇਆ ਹਾਂ?
ਬਲਕਿ ਤੁਸੀਂ ਖੁਦ ਜਨਮ ਮਰਨ *ਕਉ* (*ਦਾ*) ਸੰਬੰਧ ਕਾਰਕ ਨੂੰ, *ਵਿੱਚ* ‘ਅਧਿਕਰਣ ਕਾਰਕ’ ਬਣਾਈ ਜਾ ਰਹੇ ਹੋ।
ਤੁਸੀਂ ਰਹਾਉ ਦੀ ਤੁਕ ਦਾ ਖੁਦ ਹੀ ਹਵਾਲਾ ਦੇ ਕੇ- “ਪ੍ਰਭੂ ਹਰ ਥਾਂ ਵਸਦਾ ਹੈ- ਹਰ ਹਿਰਦੇ ਵਿੱਚ ਵਸਦਾ ਹੈ ਇਸ ਦੇ ਦਰਸ਼ਨ ਹਰ ਹਿਰਦੇ ਵਿੱਚ ਹੀ ਹੋ ਸਕਦੇ ਹਨ” ਇਹਨਾਂ ਵਿੱਚ ਕਿਤੇ ਵੀ ਜਨਮ ਮਰਨ ਦੇ ਗੇੜ ਦਾ ਖੰਡਣ ਤਾਂ ਕੀ, ਜਨਮ ਮਰਨ ਦਾ ਜ਼ਿਕਰ ਤੱਕ ਵੀ ਨਹੀਂ ਹੈ, ਤੁਸੀਂ ਆਪਣਾ ਪੱਖ ਸਾਫ ਨਹੀਂ ਕਰ ਰਹੇ ਕਿ ਭਰਮ ਭੁਲੇਖੇ ਕਿਸ ਆਧਾਰ ਤੇ ਭਾਵਾਰਥ ਕਰ ਰਹੇ ਹੋ? ਤੁਸੀਂ ਖੁਦ ਅਰਥਾਂ ਵਿੱਚ ਆਪਣੀ ਸੋਚ ਵਾੜ ਰਹੇ ਹੋ, ਉਲਟਾ ਸੰਪਰਦਾਇ ਨਾਲ ਜੁੜੇ ਹੋਣ ਦਾ ਇਲਜ਼ਾਮ ਤੁਸੀਂ ਮੇਰੇ ਤੇ ਲਗਾ ਰਹੇ ਹੋ।
ਤੁਸੀਂ ਵਿਆਕਰਣ ਦੀ ਗੱਲ ਕੀਤੀ ਹੈ, ਤੁਸੀਂ ਅਰਥ ਕੀਤੇ ਹਨ- ‘ਜਨਮ ਮਰਨ ਦੇ ਭੁਲੇਖੇ ਵਿੱਚ’… ਦੱਸਣ ਦੀ ਖੇਚਲ ਕਰੋਗੇ ਕਿ “ਵਿੱਚ” ਕਿਹੜੇ ਕਾਰਕ ਦੀ ਵਿਭਕਤੀ (ਯੋਜਕ) ਹੈ ਜਾਂ, ਕਿਹੜੇ ਕਾਰਕ ਚਿਹਨ ਕਰਕੇ ਤੁਸੀਂ “ਵਿੱਚ” ਸ਼ਬਦ ਵਰਤ ਰਹੇ ਹੋ?
ਚਮਕੌਰ ਬਰਾੜ:-
ਮੈਂ ਤੁਹਾਨੂੰ ਕਿੱਥੇ ਕਿਹਾ ਹੈ ਕਿ ਪ੍ਰਭੂ ਅੱਧ ਅਸਮਾਨ ਜਾਂ ਸੱਤਵੇਂ ਅਸਮਾਨ ਤੇ ਰਹਿੰਦਾ ਹੈ? ਮੈਂ ਕਿਹਾ ਹੈ ਇਸ ਸ਼ਬਦ ਦਾ ਪ੍ਰਕਰਣ ਹੈ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਲੋਕਾਂ ਦਾ ਭਰਮ ਭੁਲੇਖਾ ਸੀ।  ਰਹਾਉ ਵਾਲੀ ਪੰਗਤੀ ਵਿੱਚ ਓਸ ਵੇਲੇ ਦੇ ਪਾਏ ਹੋਏ ਭਰਮ ਭੁਲੇਖਿਆਂ ਨੂੰ ਦੱਸਦੇ ਹੋਏ ਆਪਣਾ ਸਿਧਾਂਤ ਦਿੱਤਾ ਹੈ। ਉਸੇ ਸਿਧਾਂਤ ਨੂੰ ਲਿਖਦੇ ਹੋਏ ਗੁਰੂ ਸਾਹਿਬ ਨੇ ਚੌਥੇ ਪਹਿਰਾਗ੍ਰਾਫ ਵਿੱਚ ਇੱਕ ਹੋਰ ਪਾਏ ਹੋਏ ਭੁਲੇਖੇ ਨੂੰ ਆਪਣੇ ਸਿਧਾਂਤ ਵਿੱਚ ਦੱਸਿਆ ਹੈ।
ਜਸਬੀਰ ਸਿੰਘ ਵਿਰਦੀ:- ਚਮਕੌਰ ਬਰਾੜ ਜੀ! ਜਨਮ ਮਰਨ ਭੁਲੇਖਾ ਹੈ, ਵਹਿਮ ਹੈ, ਭਰਮ ਹੈ, ਦਿਖਾਓ ਤਾਂ ਸਹੀ ਕਿੱਥੇ ਲਿਖਿਆ ਹੈ? ਰਹਾਉ ਦੀ ਪੰਗਤੀ ਵਿੱਚ ਜਾਂ ਸਾਰੇ ਸ਼ਬਦ ਵਿੱਚ, ਕਿਥੇ ਜਨਮ ਮਰਨ ਦਾ ਖੰਡਣ ਕੀਤਾ ਹੈ?
ਵਿਆਕਰਣ ਦੀਆਂ ਗੱਲਾਂ ਕਰਕੇ ਤੁਸੀਂ ਪ੍ਰਭਾਵ ਪਾਉਣਾ ਚਾਹੁੰਦੇ ਹੋ ਕਿ ਜੋ ਸ਼ਬਦ ਵਿੱਚ ਲਿਖਿਆ ਹੈ ਤੁਸੀਂ ਉਹੀ ਵਿਆਕਰਣ ਦੇ ਆਧਾਰ ਤੇ ਅਰਥ ਕਰ ਰਹੇ ਹੋ। ਜਦਕਿ ਮੈਂ ਵਿਆਕਰਣ ਦੇ ਆਧਾਰ ਤੇ ਵੀ ਸਵਾਲ ਕੀਤੇ ਹਨ ਤੁਸੀਂ ਵਿਆਕਰਣ ਪੱਖੋਂ ਵੀ ਕੋਈ ਜਵਾਬ ਨਹੀਂ ਦੇ ਰਹੇ।  ਅਸਲੀ ਮੁੱਦੇ ਤੋਂ ਖਿਸਕ ਕੇ ਵਿਚਾਰ ਵਟਾਂਦਰੇ ਨੂੰ ਬਹਸ ਅਤੇ ਤਕਰਾਰ ਵਾਲੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹੋ।
ਸੰਪਰਦਾਈ ਵਰਗੀਆਂ ਜਿਹੜੀਆਂ ਗੱਲਾਂ ਤੁਸੀਂ ਮੇਰੇ ਨਾਲ ਜੋੜ ਰਹੇ ਹੋ, ਉਹਨਾਂ ਦਾ ਤੁਹਾਡੇ ਕੋਲ ਕੋਈ ਸਬੂਤ ਨਹੀਂ (ਮੇਰੀ ਕਿਸੇ ਲਿਖਤ ਵਿੱਚੋਂ ਵੀ ਤੁਸੀਂ ਕੋਈ ਸਬੂਤ ਪੇਸ਼ ਨਹੀਂ ਕਰ ਸਕਦੇ)
ਚਮਕੌਰ ਬਰਾੜ ਜੀ! ਮੁੱਦੇ ਦੀ ਗੱਲ ਇਹ ਹੈ ਕਿ
1- ‘ਜਨਮ ਮਰਨ ਦਾ ਗੇੜ ਹੈ’ ਅਤੇ
2- ‘ਜਨਮ ਮਰਨ ਦੇ ਗੇੜ ਦਾ ਸਿਰਫ ਭਰਮ ਭੁਲੇਖਾ ਹੀ ਹੈ’,
ਇਹ ਦੋ ਆਪਾ ਵਿਰੋਧੀ ਗੱਲਾਂ ਹਨ।ਇਹਨਾਂ ਦੋਨਾਂ ਵਿੱਚੋਂ ਸਿਰਫ ਇੱਕੋ ਹੀ ਗੱਲ ਸਹੀ ਹੋ ਸਕਦੀ ਹੈ। ਸ਼ਬਦ ਵਿੱਚ ਜਨਮ ਮਰਨ ਦੇ ਗੇੜ ਵਿੱਚ ਪੈਣ ਦੀ ਗੱਲ ਕੀਤੀ ਗਈ ਹੈ, ਤੁਸੀਂ ਆਪਣੇ ਕੋਲੋਂ ਹੀ “ਭਰਮ ਭੁਲੇਖੇ” ਵਾਲੀ ਗੱਲ ਵਿੱਚ ਜੋੜ ਰਹੇ ਹੋ। ਦੂਸਰੇ ਲਫਜ਼ਾਂ ਵਿੱਚ ਤੁਸੀਂ ਵਿਆਕਰਣ ਦੇ ਮਾਹਰ ਹੋਣ ਦਾ ਭੁਲੇਖਾ ਪਾ ਕੇ ਗੁਰਮਤਿ ਪ੍ਰੇਮੀਆਂ ਵਿੱਚ ਗੁੱਝੇ ਤਰੀਕੇ ਨਾਲ ਗੁਰਮਤਿ ਦੇ ਉਲਟ ਆਪਣੀ ਮੱਤ ਵਾੜ ਰਹੇ ਹੋ। ਇਹ ਝੂਠਾ ਇਲਜ਼ਾਮ ਨਹੀਂ, ਸਬੂਤਾਂ ਸਮੇਤ ਪੇਸ਼ ਕੀਤੀ ਗਈ ਸੱਚਾਈ ਹੈ ਜੋ ਵਿਚਾਰ ਵਟਾਂਦਰੇ ਦੌਰਾਨ ਮੈਂ ਸਾਬਤ ਕਰ ਚੁੱਕਾ ਹਾਂ।
ਚਮਕੌਰ ਬਰਾੜ:-
ਰਹਾਉ ਵਾਲੀ ਪੰਗਤੀ ਵਿੱਚ ਆਮ ਠੱਗਾਂ ਵੱਲੋਂ ਯਕੀਨ ਕੀਤੇ ਜਾਂਦੇ ਸਨ ਤਿੰਨ ਪੁਆਇੰਟਾਂ ਦੀ ਗੱਲ ਕੀਤੀ ਹੈ ਅਤੇ ਚੌਥਾ ਪੁਆਇੰਟ ਚੌਥੇ ਪਹਿਰੇ ਵਿੱਚ ਜਿਹੜਾ ਕਿ ਠੱਗਾਂ ਵੱਲੋਂ ਆਮ ਯਕੀਨ ਕੀਤਾ ਗਿਆ ਸੀ ਅਤੇ ਹੈ ਉਸ ਬਾਰੇ ਗੱਲ ਕੀਤੀ ਹੈ ਅਤੇ ਖੰਡਣ ਕੀਤਾ ਹੈ। ਇਹ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਤਿੰਨ ਪਹਿਰਿਆਂ ਵਿੱਚ ਤਾਂ ਕਿਸੇ ਚੀਜ਼ ਦਾ ਖੰਡਨ ਕਰਨ ਅਤੇ ਚੌਥੇ ਪਹਿਰੇ ਵਿੱਚ ਉਸੇ ਨੂੰ ਦੱਸ ਦੇਣ ਕਿ ਇਹ ਹੈ। ਅੱਜ ਵੀ ਧਾਰਮਿਕ ਠੱਗ ਇਸੇ ਗੱਲ ਨਾਲ ਡਰਾ ਧਮਕਾ ਕੇ ਅਤੇ ਅਗਲੇ ਜਨਮ ਦਾ ਲਾਰਾ ਲਾ ਕੇ ਠੱਗੀਆਂ ਮਾਰ ਰਹੇ ਹਨ। ਇਸੇ ਕਰਕੇ ਇਹ ਬਪੜਾ ਜਗ ਇੰਨਾ ਠੱਗਾਂ ਦੀ ਢਾਕ ਤੇ ਛਵਿਆ ਹੋਇਆ ਹੈ। ਜੇ ਤੁਸੀਂ ਇੰਨੇ ਹੀ ਪਿਛਲੱਗ ਹੋ ਜਾਂ ਇੰਨਾ ਦਾ ਹਿੱਸਾ ਹੋ ਤਾਂ ਤੁਹਾਨੂੰ ਮੁਬਾਰਕ। ਤੁਸੀਂ ਇਸ ਠੱਗੀ ਨੂੰ ਚਾਲੂ ਰੱਖੋ। ਮੇਰਾ ਕੰਮ ਇਸ ਠੱਗਾਂ ਜਾਂ ਡੇਰੇਵਾਦਾਂ ਦੀ ਠੱਗੀ ਨੂੰ ਜ਼ਾਹਰ ਕਰਨਾ ਹੈ।
ਜਸਬੀਰ ਸਿੰਘ ਵਿਰਦੀ:-  ਚਮਕੌਰ ਬਰਾੜ ਜੀ! ਸ਼ਬਦ ਵਿੱਚ ਜਨਮ ਮਰਨ ਦੇ ਗੇੜ ਵਿੱਚ ਪੈਣ ਦੀ ਗੱਲ ਕੀਤੀ ਗਈ ਹੈ, ਤੁਸੀਂ ਨਾਲ ‘ਭਰਮ ਭੁਲੇਖੇ’ ਵਰਗੇ ਸ਼ਬਦ ਜੋੜ ਕੇ ਗੁਰੂ ਸਾਹਿਬ ਦੀ ਫਲੌਸਫੀ ਨੂੰ ਹੀ ਬਦਲ ਰਹੇ ਹੋ। ਮੈਂ ਮੰਨਦਾ ਹਾਂ ਕਿ ਵਿਆਕਰਣ ਸੰਬੰਧੀ ਤੁਸੀਂ ਕਾਫੀ ਜਾਣਕਾਰੀ ਰੱਖਦੇ ਹੋ, ਪਰ ਕੁਝ ਅਰਥਾ ਨੂੰ ਗੁਰਮਤਿ ਦੇ ਉਲਟ ਆਪਣੀ ਸੋਚ ਦੀ ਰੰਗਤ ਦੇ ਕੇ ਪੇਸ਼ ਕਰ ਰਹੇ ਹੋ। ਜਿਆਦਾਤਰ ਤੁਹਾਡੀਆਂ ਵਿਆਕਰਣ ਸੰਬੰਧੀ ਗੱਲਾਂ ਸਹੀ ਹੋਣ ਕਰਕੇ ਤੁਹਾਡੇ ਪ੍ਰਸ਼ੰਸਕਾਂ ਨੂੰ ਲੱਗਦਾ ਹੋਵੇਗਾ ਕਿ ਤੁਸੀਂ ਇਮਾਨਦਾਰੀ ਨਾਲ ਸਭ ਠੀਕ ਕਰ ਰਹੇ ਹੋ। ਰਹਾਉ ਦੀ ਪੰਗਤੀ ਵਿੱਚ ਜਾਂ ਹੋਰ ਸਾਰੇ ਸ਼ਬਦ ਵਿੱਚ ਕਿਤੇ ਵੀ ਕਿਸੇ ਗੱਲ ਦਾ ਖੰਡਣ ਨਹੀਂ ਕੀਤਾ ਗਿਆ, ਸਾਰੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਆਪਣਾ ਹੀ ਮੱਤ ਪੇਸ਼ ਕੀਤਾ ਹੈ। ਸਾਰੇ ਸ਼ਬਦ ਵਿੱਚ ਭਰਮ, ਭੁਲੇਖੇ, ਵਹਿਮ ਦੀ ਗੱਲ ਕਿਤੇ ਨਹੀਂ ਕੀਤੀ ਗਈ। ਮੈਂ ਸਾਬਤ ਕਰ ਦਿੱਤਾ ਹੈ ਕਿ ਜਨਮ ਮਰਨ ਵਰਗੇ ਵਿਵਾਦਿਤ ਵਿਸ਼ਿਆਂ ਵਿੱਚ ਤੁਸੀਂ ਆਪਣੀ ਸੋਚ ਵਾੜ ਦਿੰਦੇ ਹੋ। (ਵਿਵਾਦਿਤ ਵਿਸ਼ੇ ਵੀ ਪਹਿਲਾਂ ਕੋਈ ਵਿਵਾਦਿਤ ਨਹੀਂ ਸੀ, ਤੁਹਾਡੇ ਵਰਗੇ ਵਿਦਵਾਨਾਂ ਨੇ ਵਿੱਚ ਆਪਣੀ ਸੋਚ ਵਾੜਕੇ ਇਹਨਾਂ ਨੂੰ ਵਿਵਾਦਿਤ ਬਣਾ ਦਿੱਤਾ ਹੈ।
ਚਮਕੌਰ ਬਰਾੜ:-
ਵਿਰਦੀ ਜੀ! ਮੇਰਾ ਗ਼ਲਤ ਹੋਣਾ ਕੋਈ ਮਹਤਤਾ ਨਹੀਂ ਰੱਖਦਾ। ਮੈਂ ਗ਼ਲਤ ਹੋ ਸਕਦਾ ਹਾਂ। ਹੁਣ ਤੁਸੀਂ ਇਸ ਚੌਥੇ ਪਦ ਦੇ ਅਰਥ ਕਰੋ। ਗੁਰਬਾਣੀ ਵਿਆਕਰਣ ਵਿੱਚ ਰਹਿ ਕੇ ਹੀ ਵਿਚਾਰ ਕਰਾਂਗੇ।
ਜਸਬੀਰ ਸਿੰਘ ਵਿਰਦੀ:-
ਚਮਕੌਰ ਬਰਾੜ ਜੀ! ਤੁਸੀਂ ਕਿਹਾ ਸੀ ਨਾ ਕਿ ਮੈਂ ਕਿਸੇ ਸੰਪਰਦਾ ਨਾਲ ਜੁੜਿਆ ਹੋਇਆ ਹਾਂ; ਜੀ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਤੁਹਾਡੇ ਵਰਗੇ ਗੁਰਸਿੱਖ ਵੀਰਾਂ ਦੀ ਸੰਪਰਦਾ ਨਾਲ ਜੁੜਿਆ ਹੋਇਆ ਹਾਂ। ਜਿੱਥੇ ਨਿਰੋਲ ਗੁਰਬਾਣੀ ਵਿਚਾਰ ਹੁੰਦੀ ਹੈ, ਕਿਸੇ ਕਰਮਕਾਂਡ ਲਈ ਕੋਈ ਸਥਾਨ ਨਹੀਂ ਹੈ। ਹਾਂ ਹਰ ਇੱਕ ਦੀ ਸੋਚ ਵੱਖ ਵੱਖ ਹੁੰਦੀ ਹੈ, ਅਤੇ ਇਹ ਕੁਦਰਤੀ ਗੱਲ ਹੈ। ਪਰ ਆਪਾਂ ਆਪਣੀ ਸੋਚ ਨੂੰ ਤਿਆਗਕੇ ਗੁਰੂ ਦੀ ਸੋਚ ਨੂੰ ਅਪਨਾਉਣਾ ਹੈ। ਇਹੀ ਕਰਨ ਲਈ ਤਾਂ ਆਪਾਂ ਗੁਰਮਤਿ ਵਾਲੀ ਸੰਪਰਦਾ ਨਾਲ ਜੁੜੇ ਹਾਂ। ਸ਼ਾਇਦ ਤੁਹਾਨੂੰ ਕੋਈ ਭੁਲੇਖਾ ਹੋਵੇ, ਪਰ ਮੈਂ ਕਿਸੇ ਡੇਰੇ ਤੇ ਕਿਸੇ ਸੰਤ ਬਾਬੇ ਕੋਲ ਨਹੀਂ ਜਾਂਦਾ ਗੁਰਬਾਣੀ ਨੂੰ ਸਮਝਣ ਲਈ ਪ੍ਰੋ: ਸਾਹਿਬ ਸਿੰਘ ਜੀ ਦੇ ਟੀਕੇ ਦੀ ਮਦਦ ਲੈਂਦਾ ਹਾਂ।
ਤੁਸੀਂ ਮੈਨੂੰ ਸੰਬੰਧਤ ਪਦ ਦੇ ਅਰਥ ਕਰਨ ਲਈ ਕਿਹਾ ਹੈ। ਵੀਰ ਜੀ! ਮੈਂ ਅੱਜ ਤੱਕ ਕਦੇ ਕਿਸੇ ਸ਼ਬਦ ਦੇ ਅਰਥ ਨਹੀਂ ਕੀਤੇ ਅਤੇ ਨਾ ਹੀ ਮੈਂ ਐਸਾ ਕੋਈ ਦਾਅਵਾ ਹੀ ਕੀਤਾ ਹੈ। ਕਿਉਂਕਿ ਮੈਂ ਇਸ ਕਾਬਲ ਨਹੀਂ ਹਾਂ।
ਤੁਸੀਂ ਆਪਣੀ ਗ਼ਲਤੀ ਗੋਲ ਮੋਲ ਤਰੀਕੇ ਨਾਲ ਸਵਿਕਾਰ ਕੀਤੀ ਹੈ, ਸ਼ਾਇਦ ਇਸ ਪਿੱਛੇ ਭਾਵਨਾ ਇਹ ਹੈ ਕਿ ਇਹ ਜਾਣਦੇ ਹੋਏ ਵੀ ਕਿ ਤੁਸੀਂ ਗ਼ਲਤ ਹੋ, ਸਾਫ ਲਫਜ਼ਾਂ ਵਿੱਚ ਆਪਣੀ ਗ਼ਲਤੀ ਸਵਿਕਾਰ ਕਰਨ ਲਈ ਤਿਆਰ ਨਹੀਂ, ਅਤੇ ਵਿਚਾਰ ਨੂੰ ਬਹਿਸ ਦਾ ਰੂਪ ਦੇਣ ਲਈ ਮੈਨੂੰ ਅਰਥ ਕਰਨ ਲਈ ਕਹਿ ਰਹੇ ਹੋ। ਮੇਰਾ ਸੁਝਾਵ ਹੈ ਕਿ ਤੁਸੀਂ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥ ਪੜ੍ਹ ਲਵੋ, ਕਿਉਂਕਿ ਮੈਂ ਵੀ ਪ੍ਰੋ: ਸਾਹਿਬ ਜੀ ਦੇ ਅਰਥਾਂ ਦਾ ਹੀ ਸਹਾਰਾ ਲੈਂਦਾ ਹਾਂ ਅਤੇ ਮੈਂ ਉਹਨਾਂ ਤੋਂ ਵੱਧ ਸਿਆਣਾ ਨਹੀਂ।
ਚਮਕੌਰ ਜੀ! ਤੁਸੀਂ ਲਿਖਿਆ ਹੈ ਕਿ ਤੁਹਾਡਾ ਗ਼ਲਤ ਹੋਣਾ ਕੋਈ ਮਹੱਤਤਾ ਨਹੀਂ ਰੱਖਦਾ।
ਵੀਰ ਜੀ! ਜੇ ਤੁਹਾਡੇ ਅਰਥ ਸਮਝਣ-ਸਮਝਾਉਣ ਲਈ ਸਿਰਫ ਤੁਹਾਡੇ ਨਿਜ ਤੱਕ ਹੀ ਸੀਮੀਤ ਹੋਣ ਫੇਰ ਤਾਂ ਠੀਕ ਹੈ, ਕੋਈ ਫਰਕ ਨਹੀਂ ਪੈਂਦਾ। ਪਰ ਜੇ ਤੁਸੀਂ ਆਪਣੇ ਅਰਥਾਂ ਨੂੰ ਪਬਲਿਕ ਵਿੱਚ ਸ਼ੇਅਰ ਕਰਦੇ ਹੋ ਤਾਂ ਜਰੂਰ ਫਰਕ ਪੈਂਦਾ ਹੈ।
ਚਮਕੌਰ ਬਰਾੜ:- ਜਸਬੀਰ ਸਿੰਘ ਵਿਰਦੀ ਜੀ ਮੈਂ ਸੋਚਦਾ ਸੀ ਕਿ ਤੁਸੀਂ ਬੰਦੇ ਬਣ ਗਏ ਹੋ, ਪਰ ਮੈਨੂੰ ਇਹ ਯਕੀਨ ਹੋ ਗਿਆ ਹੈ ਕਿ ਤੁਸੀਂ ਬੰਦੇ ਨਹੀਂ ਬਣ ਸਕਦੇ। ਮੈਨੂੰ ਤੁਸੀਂ ਕਿਵੇਂ ਗ਼ਲਤ ਸਾਬਤ ਕਰ ਦਿੱਤਾ? ਤੁਹਾਡੀ ਕੋਝੀ ਸੋਚ ਵਿੱਚੋਂ ਇਹੋ ਜਿਹੀਆਂ ਗੱਲਾਂ ਨਿਕਲਨੀਆਂ ਤੁਹਾਡਾ ਝੂਠ ਓਥੇ ਸਾਬਤ ਕਰਦੀਆਂ ਹਨ, ਜਦੋਂ ਤੁਸੀਂ ਹਰੀ ਸਿੰਘ ਰੰਧਾਵੇ ਦੇ ਕਹੇ ਹੋਏ ਸ਼ਬਦਾਂ ਨੂੰ ਠੀਕ ਕਹਿਣ ਦੀ ਕੋਸ਼ਿਸ਼ ਕੀਤੀ ਸੀ
ਤੇਰੀ ਸੋਚ ਮਰਨ ਜੰਮਣ ਤੱਕ ਹੀ ਖੜੀ ਹੈ।..ਕੁਝ ਅਕਲ ਨੂੰ ਹੱਥ ਮਾਰੋ। ਜੇ ਹਿੰਮਤ ਹੈ ਤਾਂ ਆਪ ਆਪਣੇ ਸ਼ਬਦਾਂ ਵਿੱਚ ਲਿਖੋ ਅਤੇ ਗ਼ਲਤ ਸਾਬਤ ਕਰੋ। ਨਹੀਂ ਤਾਂ ਭਲੇਮਾਣਸਾਂ ਵਾਂਗੂੰ ਆਪਣਾ ਮੂੰਹ ਬੰਦ ਕਰਕੇ ਬੈਠ ਜਾਵੋ। ਅੱਗੇ ਤੋਂ ਮੇਰੀ ਤਾੜਨਾ ਹੈ ਕਿ ਜੇ ਕੋਈ ਵਿਆਕਰਣਿਕ ਜਾਂ ਅੱਖਰ ਦੇ ਅਰਥ ਗ਼ਲਤ ਹੋਣ ਤਾਂ ਜਰੂਰ ਸੁਆਲ ਕਰੋ। ਮੈਂ ਖੁਸ਼ੀ ਖੁਸ਼ੀ ਜਵਾਬ ਦੇਵਾਂਗਾ। ਜੇ ਅਜਿਹੀਆਂ ਕੋਝੀ ਸੋਚ ਵਾਲੀਆਂ ਕਰਤੂਤਾਂ ਕਰਨੀਆਂ ਹਨ ਤਾਂ ਮੇਰੀ ਪੋਸਟ ਤੁਹਾਡੇ ਵਰਗੀ ਸੋਚ ਲਈ ਕੋਈ ਥਾਂ ਨਹੀਂ ਹੈ। ਇਹ ਮੇਰੀ ਤਾੜਨਾ ਹੈ। ਆਸ ਰੱਖਦਾ ਹਾਂ ਕਿ ਸਿਆਣੇ ਆਦਮੀ ਦੀ ਤਰ੍ਹਾਂ ਧਿਆਨ ਵਿੱਚ ਰੱਖੋਗੇ।
ਜਸਬੀਰ ਸਿੰਘ ਵਿਰਦੀ:- ਪਹਿਲਾਂ ਮੁੱਖ ਮੁੱਦੇ ਬਾਰੇ:-
ਚਮਕੌਰ ਬਰਾੜ ਜੀ! ਮੁੱਖ ਮੁੱਦਾ ਇਹ ਹੈ ਕਿ ਤੀਸਰੇ ਬੰਦ ਦੀ ਤੁਕ ਵਿੱਚ ਲਫਜ਼ ਹਨ “ਜਨਮ ਮਰਨ ਕਉ ਇਹੁ ਜਗੁ ਬਪੁੜੋ” ਤੁਸੀਂ ਇਸ ਦੇ ਅਰਥ ਕੀਤੇ ਹਨ- “…ਇਹ ਸਾਰਾ ਜੱਗ … ਮਰਨ ਜੀਵਨ ਦੇ **ਭੁਲੇਖੇ** ਵਿੱਚ ਰਹਿੰਦਾ ਹੈ”।ਤੁਕ ਵਿੱਚ ਕਿਤੇ ਵੀ **ਭੁਲੇਖੇ** ਸ਼ਬਦ ਨਹੀਂ ਹੈ। ਤੁਹਾਡੇ ਅਰਥਾਂ ਵਿੱਚ *ਭੁਲੇਖੇ* ਸ਼ਬਦ ਕਿੱਥੋਂ ਆ ਗਿਆ? ਤੁਸੀਂ ‘ਬਪੁੜੋ (ਵਿਚਾਰਾ)’ ਦੇ ਭਾਵਾਰਥ *ਭੁਲੇਖੇ* ਕੀਤੇ ਹਨ। *ਬਪੁੜੋ* ਦਾ ਭਾਵਾਰਥ *ਭੁਲੇਖੇ* ਕਿਵੇਂ ਬਣਿਆ, ਇਸ ਦੇ ਲਈ ਤੁਸੀਂ ਲਿਖ ਰਹੇ ਹੋ-
ਬਪੁੜਾ ਦਾ ਮਤਲਬ ਕਿ ਵਿਚਾਰਾ ਜਾਂ ਹੈਲਪਲੈਸ। ਅਸੀਂ ਕਿਸੇ ਨੂੰ ਵਿਚਾਰਾ ਉਸ ਸਮੇਂ ਕਹਿੰਦੇ ਹਾਂ ਜਦੋਂ ਉਸ ਨੂੰ ਗੱਲ ਦੀ ਸਮਝ ਨਾ ਪਵੇ ਪਰ ਉਹ ਕਰ ਕੁਝ ਨਾ ਸਕਦਾ ਹੋਵੇ। ਬੱਸ ਉਹ ਲਕੀਰ ਦਾ ਫਕੀਰ ਹੋ ਕੇ ਉਸ ਗੱਲ ਨੂੰ ਮੰਨਕੇ ਠੱਗਿਆ ਜਾ ਰਿਹਾ ਹੋਵੇ।
ਚਮਕੌਰ ਬਰਾੜ ਜੀ! ਸ਼ਬਦ ਵਿੱਚ ਕਿੱਥੇ ਸਮਝਾਇਆ ਗਿਆ ਹੈ ਕਿ ‘ਜਨਮ ਮਰਨ ਦਾ ਗੇੜ ਨਹੀਂ ਹੁੰਦਾ, ਜਿਸ ਨੂੰ ‘ਬਪੁੜਾ (ਵਿਚਾਰਾ)’ ਮਨੁੱਖ ਨਾ ਸਮਝਕੇ ਠੱਗਿਆ ਜਾ ਰਿਹਾ ਹੈ?
ਮੈਂ ਮਿਸਾਲ ਦਿੱਤੀ ਸੀ ਕਿ- ਕੋਈ ਵਿਅਕਤੀ ਸਾਰੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਸੜਕ ਤੇ ਜਾ ਰਿਹਾ ਹੈ, ਕੋਈ ਦੂਸਰਾ ਵਿਅਕਤੀ ਆ ਕੇ ਇਸ ਵਿਅਕਤੀ ਨੂੰ ਹਿੱਟ ਕਰਕੇ ਉਸਨੂੰ ਅਪਾਹਜ ਕਰ ਦਿੰਦਾ ਹੈ ਤਾਂ ਉਸ (ਪਹਿਲੇ ਵਿਅਕਤੀ) ਨੂੰ ਬਪੁੜਾ (ਵਿਚਾਰਾ) ਤਾਂ ਕਿਹਾ ਜਾ ਸਕਦਾ ਹੈ ਪਰ ਕੀ ਉਹ ਬਪੁੜਾ, ‘ਲਕੀਰ ਦਾ ਫਕੀਰ ਹੋ ਕੇ’ ‘ਭੁਲੇਖੇ ਵਿੱਚ’ ਠੱਗਿਆ ਜਾ ਰਿਹਾ ਹੈ?
ਅੱਗੇ ਤੁਸੀਂ ‘ਭਰਮ ਭੁਲੇਖੇ’ ਭਾਵਾਰਥ ਕਰਨ ਦਾ ਕਾਰਣ ਲਿਖਦੇ ਹੋ- “ਇਹ ਗੱਲ ਪੱਕੀ ਹੈ ਕਿ ਜਨਮ ਮਰਨ ਸੰਬੰਧ ਕਾਰਕ ਵਿੱਚ ਹੀ ਵਰਤਿਆ ਜਾ ਸਕਦਾ ਹੈ। ਕਿਉਂਕਿ ਸਾਰੀ ਬਾਣੀ ਉਸ ਵੇਲੇ ਦੇ ਧਾਰਮਿਕ ਲੋਕਾਂ ਵੱਲੋਂ ਪਾਏ ਹੋਏ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਬੜੀ ਉੱਚੀ ਸਾਫ ਆਵਾਜ਼ ਵਿੱਚ ਕਿਹਾ ਹੈ।”  
ਚਮਕੌਰ ਬਰਾੜ ਜੀ! ਪਹਿਲੀ ਗੱਲ, ਤੁਸੀਂ ਸਾਰੀ ਗੁਰਬਾਣੀ ਵਿੱਚੋਂ ਕੋਈ ਇੱਕ ਵੀ ਉਦਾਹਰਣ ਪੇਸ਼ ਨਹੀਂ ਕੀਤੀ ਜਿਸ ਵਿੱਚ ‘ਜਨਮ ਮਰਨ’ ਨੂੰ ਭੁਲੇਖਾ ਕਿਹਾ ਹੋਵੇ। ਅਤੇ ਜਿਸ ਨੂੰ ਆਧਾਰ ਬਣਾ ਕੇ ਤੁਸੀਂ ਇਸ ਵਿਚਾਰ-ਅਧੀਨ ਸ਼ਬਦ ਵਿੱਚ ‘ਮਰਨ ਜੰਮਣ ਦਾ ਭੁਲੇਖਾ’ ਭਾਵਾਰਥ ਕਰ ਰਹੇ ਹੋ।  ਦੂਸਰਾ, ਤੁਸੀਂ ਲਿਖਿਆ ਹੈ ਕਿ ‘ਜਨਮ ਮਰਨ ਸੰਬੰਧ ਕਾਰਕ ਵਿੱਚ ਹੀ ਵਰਤਿਆ ਜਾ ਸਕਦਾ ਹੈ’। ਬਰਾੜ ਜੀ! ਮੈਂ ਨਹੀਂ ਸਮਝ ਸਕਿਆ ਕਿ ਇਹ ਕਿਹੜੀ ਵਿਆਕਰਣ ਦਾ ਨਿਯਮ ਹੈ ਕਿ ‘ਜਨਮ ਮਰਨ’ ਸੰਬੰਧ ਕਾਰਕ ਵਿੱਚ ਹੀ ਆ ਸਕਦਾ ਹੈ। ਤੁਹਾਡੇ ਸਵਾਲ ਦੇ ਜਵਾਬ ਵਿੱਚ ਮੈਂ ਲਿਖਿਆ ਸੀ- ‘ਜਨਮ ਮਰਨ ਕਉ ਇਹੁ ਜਗੁ ਬਪੜੋ’ *ਕਉ* ਦਾ ਅਰਥ *ਦਾ* (ਸੰਬੰਧ ਕਾਰਕ) ਮੰਨਣ ਤੋਂ ਮੈਂ ਕਿੱਥੇ ਇਨਕਾਰੀ ਹੋਇਆ ਹਾਂ? ਬਲਕਿ ਤੁਸੀਂ ਖੁਦ ‘ਕਉ’ ਦੇ ਅਰਥ *ਵਿੱਚ* ਕਰ ਰਹੇ ਹੋ, ਜੋ ਕਿ ‘ਸੰਬੰਧ ਕਾਰਕ ਨਹੀਂ ਹੈ। ਜੇ ‘ਵਿੱਚ’ ਸੰਬੰਧ ਕਾਰਕ ਦਾ ਯੋਜਕ ਹੈ ਤਾਂ ਦੱਸੋ?
 ਤੁਕ ਦੇ ਅਰਥਾਂ ਵਿੱਚ ‘ਭਰਮ ਭੁਲੇਖੇ’ ਸ਼ਬਦ ਜੋੜਨ ਲਈ ਤੁਸੀਂ ਰਹਾਉ ਦੀ ਪੰਗਤੀ ਦਾ ਵੀ ਸਹਾਰਾ ਲਿਆ ਸੀ, ਪਰ ਉਸ ਵਿੱਚ ਵੀ ਕਿਤੇ ਜਨਮ ਮਰਨ ਦੇ ਭੁਲੇਖੇ ਬਾਰੇ ਕੁਝ ਨਹੀਂ ਲਿਖਿਆ ਮਿਲਦਾ। ਬਲਕਿ ਕਿਸੇ ਵੀ ਭੁਲੇਖੇ ਬਾਰੇ ਕੁਝ ਵੀ ਲਿਖਿਆ ਨਹੀਂ ਮਿਲਦਾ, ਉਥੇ ਵੀ ਤੁਸੀਂ ਆਪਣੇ ਵੱਲੋਂ ‘ਭੁਲੇਖੇ’ ਸ਼ਬਦ ਜੋੜੀ ਜਾ ਰਹੇ ਹੋ। ਤੁਹਾਡੀ ਹੀ ਲਿਖਤ ਵਿੱਚੋਂ- “1 ਇੱਕ- ਪ੍ਰਭੂ ਹਰ ਥਾਂ ਵਸਦਾ ਹੈ। 2- ਹਰ ਹਿਰਦੇ ਵਿੱਚ ਵਸਦਾ ਹੈ। 3- ਇਸ ਦੇ ਦਰਸ਼ਨ ਹਰ ਹਿਰਦੇ ਵਿੱਚ ਹੀ ਹੋ ਸਕਦੇ ਹਨ” ਇੱਥੇ ਕਿਹੜੇ ਸ਼ਬਦ ਦਾ ਅਰਥ “ਭਰਮ ਭੁਲੇਖੇ” ਹੈ? ਇਸ ਦੇ ਨਾਲ ਚੌਥੇ ਬੰਦ-
ਸਤਿਗੁਰੂ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ॥” 
ਵਿਚਲੇ ‘ਬੰਧਨ’ ਸ਼ਬਦ ਨੂੰ ‘ਭੁਲੇਖੇ’, ਭਾਵਾਰਥਾਂ ਵਿੱਚ ਪੇਸ਼ ਕਰਦੇ ਹੋਏ ਤੁਸੀਂ ਲਿਖਿਆ ਹੈ- “4 ਬੰਧਨ- ਬਹੁਵਚਨ ਹੈ ਸੰਪਰਦਾਨ ਕਾਰਕ, ਬੰਧਸ਼ਾਂ, ਰੁਕਾਵਟਾਂ, ਭਰਮ ਭੁਲੇਖੇ, ਜਿਹੜੇ ਕਿ ਓਸ ਵੇਲੇ ਦੇ ਧਾਰਮਿਕ ਲੋਕਾਂ ਨੇ ਪਾਏ ਸੀ।”
ਸਵਾਲ ਪੈਦਾ ਹੁੰਦਾ ਹੈ ਕਿ- ਬੰਧਨ, ਬੰਦਸ਼ਾਂ, ਰੁਕਾਵਟਾਂ ਦਾ ਭਾਵਾਰਥ ‘ਭਰਮ ਭੁਲੇਖੇ’ ਕਿਵੇਂ ਬਣ ਗਿਆ?
ਤੁਸੀਂ ਮੈਨੂੰ ਫੇਰ ਚੌਥੇ ਪਹਿਰੇ ਦੇ ਅਰਥ ਕਰਨ ਲਈ ਕਿਹਾ ਹੈ।ਵੀਰ ਜੀ! ਇਸ ਦਾ ਜਵਾਬ ਮੈਂ ਦੇ ਚੁੱਕਾ ਹਾਂ। ਦੂਸਰਾ- ਕੀ ਮੇਰੇ ਅਰਥ ਕਰਨ ਜਾਂ ਨਾ ਕਰਨ ਤੇ ਤੁਹਾਡੇ ਅਰਥ ਠੀਕ ਜਾਂ ਗ਼ਲਤ ਹੋਣੇ ਨਿਰਭਰ ਕਰਦੇ ਹਨ? ਅਰਥਾਤ, ਜੇ ਮੇਰੇ ਅਰਥ ਠੀਕ ਹਨ ਤਾਂ ਤੁਹਾਡੇ ਅਰਥ ਗ਼ਲਤ, ਅਤੇ ਜੇ ਮੇਰੇ ਅਰਥ ਗ਼ਲਤ ਹਨ ਤਾਂ ਤੁਹਾਡੇ ਅਰਥ ਠੀਕ? ਵੀਰ ਜੀ! ਜਿਸ ਨੂੰ ਖੁਦ ਅਰਥ ਕਰਨੇ ਨਹੀਂ ਆਉਂਦੇ, ਕੀ ਉਹ ਤੁਹਾਡੇ ਅਰਥਾਂ ਬਾਰੇ ਸਵਾਲ ਨਹੀਂ ਕਰ ਸਕਦਾ?
ਤੁਸੀਂ ਲਿਖਿਆ ਹੈ- “ਮੇਰੀ ਤੁਹਾਨੂੰ ਤਾੜਨਾ ਹੈ ਕਿ ਜੇ ਕੋਈ ਵਿਆਕਰਣਿਕ ਜਾਂ ਅੱਖਰ ਦੇ ਅਰਥ ਗ਼ਲਤ ਹੋਣ ਤਾਂ ਜਰੂਰ ਸੁਆਲ ਕਰਿਓ। ਖੁਸ਼ੀ ਖੁਸ਼ੀ ਨਾਲ ਜਵਾਬ ਦੇਵਾਂਗਾ।”
ਵੀਰ ਜੀ! “ਅੱਖਰਾਂ” ਸੰਬੰਧੀ ਤੁਸੀਂ ਏਧਰੋਂ ਓਦਰੋਂ ਜੋੜ-ਤੋੜ ਕਰਕੇ ਆਪਣਾ ਪੱਖ ਸਹੀ ਦਰਸਾਉਣ ਦੀ ਕੋਸ਼ਿਸ਼ ਕਰ ਰਹੇ, ਅਸਲ ਵਿੱਚ ਨਹੀਂ ਦੱਸ ਸਕੇ ਕਿ “ਭਰਮ ਭੁਲੇਖੇ” ਕਿਹੜੇ ਸ਼ਬਦਾਂ ਦੇ ਅਰਥ/ਭਾਵਆਰਥ ਹਨ? ਅਤੇ ਵਿਆਕਰਣ ਸੰਬੰਧੀ ਤੁਸੀਂ ਨਹੀਂ ਦੱਸ ਸਕੇ ਕਿ, ‘ਵਿੱਚ’ ਕਿਹੜੀ ਵਿਭਕਤੀ/ ਯੋਜਕ ਹੈ? ਕੀ ‘ਵਿੱਚ’ ‘ਸੰਬੰਧ ਕਾਰਕ’ ਦੀ ਵਿਭਕਤੀ ਹੈ?
ਹਰੀ ਸਿੰਘ ਰੰਧਾਵੇ ਬਾਰੇ- ਇਹ ਆਪਣਾ ਵਿਚਾਰ ਵਟਾਂਦਰਾ ਲੇਖ ਰੂਪ ਵਿੱਚ ਮੈਂ ਕਿਸੇ ਵੈਬ ਸਾਇਟ ਤੇ ਪਾਉਣ ਦਾ ਇਰਾਦਾ ਰੱਖਦਾ ਹਾਂ। ਉਥੇ ਇਸ ਬਾਰੇ ਵੀ ਜਵਾਬ ਦੇ ਦਿੱਤਾ ਜਾਏਗਾ। ਇੱਥੇ ਜਵਾਬ ਇਸ ਲਈ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਚੱਲਦੇ ਵਿਸ਼ੇ ਨਾਲ ਇਸ ਦਾ ਦੂਰ-ਨੇੜੇ ਦਾ ਕੋਈ ਵੀ ਸੰਬੰਧ ਨਹੀਂ ਹੈ। ਇੱਥੇ ਹਰੀ ਸਿੰਘ ਰੰਧਾਵੇ ਬਾਰੇ ਜਵਾਬ ਦੇਣ ਦਾ ਮਤਲਬ ਹੋਵੇਗਾ ਕਿ ਚੱਲਦੇ ਵਿਸ਼ੇ ਨੂੰ ਮੁੱਦੇ ਤੋਂ ਖੁੰਝਾਕੇ ਹੋਰ ਪਾਸੇ ਬਹਿਸ ਵੱਲ ਲੈ ਜਾਣਾ।
ਤੁਸੀਂ ਮੈਨੂੰ ਬੰਦਾ ਬਣਨ ਲਈ ਤਾੜਨਾ ਕੀਤੀ ਹੈ। ਵੀਰ ਜੀ! ਜੇ ਤਾਂ ਤੁਹਾਡੀਆਂ ਨਜ਼ਰਾਂ ਵਿੱਚ ਜਿਹੜਾ ਤੁਹਾਡੀਆਂ ਲਿਖਤਾਂ ਨੂੰ ਬਿਨਾ ਗ਼ੌਰ ਨਾਲ ਸੋਚੇ ਵਿਚਾਰੇ ਪਸੰਦ ਕਰੀ ਜਾਵੇ, ਬਹੁਤ ਵਧੀਆ ਬਹੁਤ ਵਧੀਆ ਕਹੀ ਜਾਵੇ, ਅੱਗੋਂ ਤੁਹਾਨੂੰ ਕੋਈ ਸਵਾਲ ਨਾ ਕਰੇ, ਉਹ *ਬੰਦਾ* ਹੈ ਤਾਂ ਮੈਨੂੰ ਐਹੋ ਜਿਹਾ ‘ਬੰਦਾ’ ਬਣਨ ਦਾ ਕੋਈ ਸ਼ੋਂਕ ਨਹੀਂ ਹੈ। ਮੈਂ ਜਿਸ ਤਰ੍ਹਾਂ ਵੀ ਹਾਂ ਠੀਕ ਹਾਂ। ਜੇ ਤੁਸੀਂ ਸਮਝਦੇ ਹੋ ਕਿ ਤੁਹਾਡੀਆਂ ਭੜਕਾਉਣ ਵਾਲੀਆਂ ਗੱਲਾਂ ਨਾਲ ਮੈਂ ਵੀ ਤਲਖੀ ਵਿੱਚ ਆ ਕੇ, ਤੁਹਾਡੇ ਤੋਂ ਵੱਧ ਤਲਖ ਲਹਿਜੇ ਵਿੱਚ ਜਵਾਬ ਦਿਆਂਗਾ, ਤਾਂ ਇਹ ਵੀ ਮੇਰੇ ਲਈ ਮੁਮਕਿਨ ਨਹੀਂ ਹੈ। ਤੁਸੀਂ ਜਿਸ ਲਹਿਜੇ ਵਿੱਚ ਵੀ ਲਿਖਣਾ ਚਾਹੋ ਲਿਖੀ ਜਾਵੋ, ਮੈਨੂੰ ਕੋਈ ਖਾਸ ਫਰਕ ਨਹੀਂ ਪੈਂਦਾ।
ਤੁਸੀਂ ਮੈਨੂੰ ਤਾੜਨਾ ਕੀਤੀ ਹੈ, ਪਰ ਇਹ ਨਹੀਂ ਦੱਸਿਆ ਕਿ ਨਹੀਂ ਤਾਂ ਕੀ? ਖੈਰ ਵੀਰ ਜੀ! ਜਿੰਨਾ ਚਿਰ ਲਿਖਤਾਂ ਦੇ ਜਰੀਏ ਆਪਣਾ ਆਹਮਣਾ ਸਾਹਮਣਾ ਹੁੰਦਾ ਰਹੇਗਾ, ਅਤੇ ਮੈਨੂੰ ਕੋਈ ਗੱਲ ਇਤਰਾਜ ਯੋਗ ਨਹੀਂ ਲੱਗੇਗੀ ਤਾਂ ਆਪਣਾ ਵਿਚਾਰ ਵਟਾਂਦਰਾ ਵੀ ਹੁੰਦਾ ਹੀ ਰਹੇਗਾ।ਵਿਚਾਰ ਵਟਾਂਦਰੇ ਤੋਂ ਬਚਣ ਦਾ ਇੱਕ ਤਰੀਕਾ ਹੈ ਕਿ ਮੈਨੂੰ ਬਲੌਕ ਹੀ ਕਰ ਦਿਉ। ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸੁਰੀ।

                              ******
ਨੋਟ:- ਇਸ ਤੋਂ ਬਾਅਦ ਵੀ ਬਹੁਤ ਲੰਬੀ ਵਿਚਾਰ/ਬਹਿਸ ਚੱਲੀ ਸੀ ਪਰ ਚਮਕੌਰ ਬਰਾੜ ਜੀ ਵੱਲੋਂ ਵਿਸ਼ੇ ਨੂੰ ਉਲਝਾਉਣ ਦੀ ਹੀ ਕੋਸ਼ਿਸ਼ ਕੀਤੀ ਗਈ ਸੀ। ਸਾਰੀ ਵਿਚਾਰ/ਬਹਿਸ ਇੱਥੇ ਦਰਜ ਕਰਨੀ ਉਚਿਤ ਨਹੀਂ।
ਹਰੀ ਸਿੰਘ ਰੰਧਾਵੇ ਵਾਲੇ ਬਾਰੇ ਚਮਕੌਰ ਬਰਾੜ ਜੀ ਨੇ ਜਿਹੜਾ ਜ਼ਿਕਰ ਕੀਤਾ ਸੀ, ਉਸ ਬਾਰੇ ਮੈਂ ਲੇਖ ਰੂਪ ਵਿੱਚ ਆਪਣੇ ਵਿਚਾਰ ਇਸੇ ਵੈਬ ਸਾਇਟ ਤੇ ਪਹਿਲਾਂ ਹੀ ਪਾ ਚੁੱਕਾ ਹਾਂ, ਜੋ ਕਿ ਹੇਠਾਂ ਦਿੱਤੇ ਲਿੰਕ ਤੇ ਪੜ੍ਹੇ ਜਾ ਸਕਦੇ ਹਨ-
http://www.thekhalsa.org/frame.php?path=340&article=8240  

 ਜਸਬੀਰ ਸਿੰਘ ਵਿਰਦੀ                               23-11-2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.