ਗੁਰਬਾਣੀ ਸਬੰਧੀ ਵਿਚਾਰ
ਮੈਂ ਇਸ ਵਿਸ਼ੇ ਤੇ ਲਿਖਦਾ ਨਹੀਂ, ਮੇਰੇ ਦਿਮਾਗ ਵਿਚ ਇਹ ਵਸਿਆ ਹੋਇਆ ਹੈ ਕਿ ਦਸਮ ਗਰੰਥ ਦਾ ਇਸ਼ੂ ਇਕ ਤਾਂ ਬੜਾ ਪੁਰਾਣਾ ਹੈ, ਦੂਜੇ ਦੋਵੇਂ ਪਾਸੇ ਹੀ ਬੜੇ ਬੰਦੇ ਸਰਕਾਰ ਜਾਂ ਸਿਖ ਵਿਰੋਧੀ ਸੰਸਥਾਵਾਂ ਜਿਨਾਂ ਵਿਚ ਨਾਸਤਿਕ ਜਥੇਬੰਦੀਆਂ ਵੀ ਸ਼ਾਮਿਲ ਹਨ, ਦੇ ਆਦਮੀ ਹਨ। ਕਈ ਬੰਦੇ ਕਿਸੇ ਹੋਰ ਬੰਨੇ ਚਲਦੀ ਗਲ ਨੂੰ ਅYਵੇਂ ਹੀ ਬਿਨਾਂ ਮਤਲਬ ਦਸਮ ਗਰੰਥ ਨਾਲ ਜੋੜ ਦੇਣਗੇ, ਮਤਲਬ ਸਾਫ ਹੈ ਕਿ ਪਿਛੋਂ ਹੁਕਮ ਹੈ ਕਿ ਟਿੰਡ ਵਿਚ ਕਾਨਾ ਪਾਈ ਰਖਣਾ ਹੈ। ਖੈਰ ਗੁਰੂ ਗਰੰਥ ਸਾਹਿਬ ਦਸਮ ਗਰੰਥ ਤੋਂ ਬਿਨਾਂ ਵੀ ਬਖੂਬੀ ਸਮਝ ਆ ਸਕਦਾ ਹੈ। ਦਸਮ ਗਰੰਥ ਤਾਂ ਗੁਰੂ ਗਰੰਥ ਸਾਹਿਬ ਦੀ ਆਦਿ ਬੀੜ ਤੋਂ ਸੈਂਕੜੇ ਸਾਲਾਂ ਬਾਦ ਹੋੰਦ ਵਿਚ ਆਇਆ, ਕੀ ਇਹ ਮੰਨ ਲਿਆ ਜਾਵੇ ਕਿ ਉਸਤੋਂ ਪਹਿ਼ਲਾਂ ਸਿਖਾਂ ਨੂੰ ਗੁਰੂ ਗਰੰਥ ਸਾਹਿਬ ਦੀ ਸਮਝ ਨਹੀਂ ਸੀ?
ਇਕ ਐਸੀ ਹੀ ਗਲ ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਪਰਚਲਤ ਹੈ ਕਿ ਭਾਈ ਗੁਰਦਾਸ ਦੀਆਂ ਵਾਰਾਂ ਗੁਰਮਤ ਦੀ ਕੁੰਜੀ ਹਨ, ਇਹਨਾਂ ਤੋਂ ਬਿਨਾਂ ਗੁਰੂ ਗਰੰਥ ਸਾਹਿਬ ਦੀ ਸਮਝ ਨਹੀਂ ਆ ਸਕਦੀ। ਭਾਈ ਸਾਹਿਬ ਦੀਆਂ ਵਾਰਾਂ ਤੇ ਕਬਿਤ ਆਦਿ ਗੁਰਮਤ ਦੀ ਕੁੰਜੀ ਜਰੂਰ ਹਨ ਪਰ ਗੁਰਮਤ ਦਾ ਜਿੰਦਰਾ ਕਿਸੇ ਇਕ ਕੁੰਜੀ ਨਾਲ ਨਹੀਂ ਖੁਲਦਾ। ਰੱਬ ਜਿਸਤੇ ਮੇਹਰ ਕਰ ਦੇਵੇ, ਉਹ ਹੀ ਕੁੰਜੀ ਬਣ ਜਾਂਦਾ ਹੈ, ਸਾਡੇ ਲਈ ਤੇ ਸਭ ਤੋਂ ਵਡੀ ਕੁੰਜੀ ਹੈ ਸਤ ਸੰਗਤ ਜਿਹੜੀ ਗੁਰਦੁਆਰੇ ਮਿਲਦੀ ਹੈ ਪਰ ਗੁਰਦੁਆਰੇ ਅਸੀਂ ਸੰਗਤ ਕਰਨ , ਸੇਵਾ ਕਰਨ ਘਟ ਜਾਂਦੇ ਹਾਂ, ਸਿਰਫ ਮਥਾ ਟੇਕਣ ਜਿਆਦਾ। ਇਥੇ ਗੁਰਮਤ ਨੂੰ ਕੋਈ ਜਿੰਦਰਾ ਨਹੀਂ ਲਗਾ ਹੋਇਆ, ਜਿਸ ਨੂੰ ਖੋਲਣ ਲਈ ਕੁੰਜੀ ਦੀ ਲੋੜ ਪੈਂਦੀ ਹੈ ਬਲਕਿ ਕੁੰਜੀ ਦਾ ਮਤਲਬ ਹੈ, ਸਹਾਇਕ ਜਾਂ ਅੰਗਰੇਜੀ ਵਿਚ , Help Book ਨਿਰਸੰਦੇਹ ਭਾਈ ਗੁਰਦਾਸ ਦੀਆਂ ਰਚਨਾਵਾਂ ਸਾਨੂੰ ਗੁਰਮਤ ਨਾਲ ਜੋੜਦੀਆਂ ਹਨ ਪਰ ਜਦੋਂ ਭਾਈ ਗੁਰਦਾਸ ਵੀ ਨਹੀਂ ਸਨ ਸਿਖ ਉਦੋਂ ਵੀ ਗੁਰਬਾਣੀ ਸਮਝਦੇ ਸਨ, ਪੜਦੇ ਸਨ, ਗੁਰੂ ਨਾਨਕ ਵੇਲੇ ਤੋਂ ਹੀ, ਭਗਤਾਂ ਦੇ ਸ਼ਰਧਾਲੂਆਂ ਨੇ ਕਿਹੜੀਆਂ ਭਾਈ ਗੁਰਦਾਸ ਦੀਆਂ ਰਚਨਾਵਾਂ ਪੜੀਆਂ ਸਨ?
ਐਸੇ ਬੰਦੇ ਜਿੰਨਾ ਨੇ ਲਖਾਂ ਸਿਖਾਂ ਦੇ ਹੋਏ ਕਤਲਾਂ ਤੇ ਜਾਂ ਤਾਂ ਚੁਪ ਵਟੀ ਰਖੀ ਜਾਂ ਫਿਰ ਸਿਖਾਂ ਦਾ ਹੀ ਵਿਰੋਧ ਕਰਦੇ ਰਹੇ, ਅਜ ਨਾਮ ਨਿਹਾਦ ਹੀਰੋ ਬਣ ਰਹੇ ਹਨ। ਸ਼ੋਸ਼ਲ ਮੀਡੀਆ ਦੇ ਜਮਾਨੇ ਵਿਚ ਜਿੰਨੀਆਂ ਮਰਜੀਆਂ ਫੇਕ ਆਈਡੀਆਂ ਬਣਾ ਲਵੋ, ਮਾੜੀ ਜਿਹੀ ਹਲਾਸ਼ੇਰੀ ਦੇ ਕੇ ਵੈਬਸਾਈਟਾਂ ਬਣਾ ਲਵੋ, ਗਲ ਨੂੰ ਭੁੰਜੇ ਨਾ ਡਿਗਣ ਦਿਉ। ਦੂਜੇ ਦੇ ਮਾੜੀ ਜਿਹੀ ਗਲ ਕਰਨ ਤੇ ਇੰਨਾ ਹਲਾ ਗੁਲਾ ਮਚਾ ਦੇਣਗੇ ਜਿਵੇਂ ਅਸਮਾਨ ਫਟ ਚਲਿਆ ਹੋਵੇ ਜਾਂ ਧਰਤੀ ਗਰਕਣ ਲਗੀ ਹੋਵੇ ਪਰ ਆਪ ਜਾਂ ਜਿਹੜੀ ਸੋਚ ਦੇ ਆਪ ਸਮਰਥਕ ਹਨ, ਉਹ ਜੋ ਮਰਜੀ ਕਰੀ ਜਾਵੇ, ਗੰਦੀਆਂ ਗਾਲਾਂ ਕਢੀ ਜਾਣ, ਸ਼ਰਾਬਾਂ ਪੀ ਕੇ ਤਿੰਨ ਤਿੰਨ ਵਾਰੀ ਚਲਾਨ ਕਟਾ ਚੁਕੇ ਹੋਣ, ਦੁਰਾਚਾਰੀ ਦੇ ਕੇਸ ਚਲਦੇ ਹੋਣ, ਉਥੇ ਕੁਝ ਨਹੀਂ ਕਹਿਣਾ, ਅਗਲਾ ਭਾਵੇਂ ਜਿਡਾ ਮਰਜੀ ਅਪਰਾਧੀ ਹੋਵੇ। ਭੁਲ ਚੁਕ ਮਾਫ।
ਆਪ ਦਾ ਸ਼ੁਭਚਿੰਤਕ
ਜਸਬੀਰ ਸਿੰਘ