ਪੰਜਾਬ ਸਰਕਾਰ ਪਾਣੀ ਥੱਲੇ ਅੱਗ ਲਾ ਕੇ, ਉਸ ‘ਤੇ ਢੱਕਣ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਵਿਨਾਸ਼ ਦਾ ਕਾਰਨ ਬਣ ਸਕਦਾ ਹੈ
ਸੰਪਾਦਕ ਖ਼ਾਲਸਾ ਨਿਊਜ਼
ਪੰਜਾਬੀ ਪੱਤਰਕਾਰਾਂ ਨੂੰ, ਫੇਸਬੁੱਕ 'ਤੇ ਕੁਮੈਂਟ ਕਰਣ ਵਾਲਿਆਂ ਨੂੰ ਪੰਜਾਬ ਦੀ ਸਰਕਾਰ ਵੱਲੋਂ ਝੂਠੇ ਜਾਂ ਦਬੇ ਹੋਏ ਕੇਸਾਂ 'ਚ ਫੜਨਾ, ਸੱਚ ਬੋਲਣ ਵਾਲਿਆਂ ਦੇ ਮੂੰਹ 'ਤੇ ਤਾਲ਼ਾ ਲਾਉਣਾ, ਮਨੁੱਖੀ ਹੱਕਾਂ ਦੀ ਉਲੰਘਣਾ ਹੈ, ਹੋਰ ਹੋਰ ਤਾਂ ਭਾਰਤ ਦੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਵੀ ਉਲੰਘਣਾ ਹੈ, ਜੋ ਕਿ ਸਾਫ ਦਰਸਾਉਂਦਾ ਹੈ ਕਿ ਅਖੌਤੀ ਅਕਾਲੀ ਧੁਰ ਅੰਦਰ ਤੱਕ ਕੰਬ ਚੁਕੇ ਹਨ, ਹੁਣ ਲੋਕਾਂ ਦਾ ਮੁੰਹ ਬੰਦ ਕਰਨਾ ਚਾਹੁੰਦੇ ਹਨ।
ਬਹੁਤ ਸਾਲ ਪਹਿਲਾਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਭਾਈ ਗੁਰਦਾਸ ਵਾਰ 28 ਪਉੜੀ 13 "ਗੁਰ ਸਿਖੀ ਦੀ ਏਹ ਨੀਸਾਣੀ। " ਦਾ ਕੀਰਤਨ ਕਰਦਿਆਂ ਪਾਣੀ ਦੀ ਉਦਾਹਰਣ "ਪਾਣੀ ਚਲੈ ਨੀਵਾਣੁ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ।" ਦੇਂਦਿਆਂ ਕਿਹਾ ਸੀ ਕਿ ਪਾਣੀ ਦਾ ਸੁਭਾਅ ਹੈ ਨੀਵਾਣ ਵੱਲ ਤੁਰਨਾ, ਪਰ ਜੇ ਕੋਈ ਇਸ ਪਾਣੀ ਨੂੰ ਕਿਸੇ ਬਰਤਨ ਵਿੱਚ ਪਾ ਕੇ, ਚੁਲ੍ਹੇ 'ਤੇ ਰੱਖ ਦੇਵੇ, ਤੇ ਪਾਣੀ ਉਬਲਣ ਲੱਗ ਪੈਂਦਾ ਹੈ, ਤੇ ਹੋਰ ਜੇ ਕੋਈ ਉਸ ਉਬਲਦੇ ਪਾਣੀ 'ਤੇ ਕੋਈ ਢੱਕਣ ਪਾ ਦੇਵੇ ਤਾਂ, ਤਾਂ ਫਿਰ ਪਾਣੀ ਦੇ ਉਬਾਲ ਨੂੰ ਬਰਤਨ ਦੇ ਅੰਦਰ ਰੱਖਣਾ ਮੁਸ਼ਕਿਲ ਹੋਂਦਾ ਹੈ ਤੇ ਫਿਰ ਧਮਾਕਾ ਹੁੰਦਾ ਹੈ। ਸਿੱਖ ਵੀ ਇਸੇ ਤਰ੍ਹਾਂ ਹੈ।
ਪੰਜਾਬ ਵਿੱਚ ਹੁਣ ਵੀ ਇਹ ਮਿਸਾਲ ਹੂਬਹੂ ਲਾਗੂ ਹੁੰਦੀ ਹੈ। ਪੰਜਾਬ ਸਰਕਾਰ ਜੋ ਪਿਛਲੇ ਸਮੇਂ 'ਚ ਸਿੱਖਾਂ ਅਤੇ ਪੰਜਾਬ ਵਾਸੀਆਂ 'ਤੇ ਜ਼ੁਲਮ ਕਰ ਰਹੀ ਹੈ, ਤੇ ਹੁਣ ਜਦੋਂ ਲੋਕ ਰੋਹ ਉਜਾਗਰ ਹੋ ਰਿਹਾ ਹੈ ਤਾਂ, ਉਸ ਦਾ ਵਿਸ਼ਲੇਸ਼ਣ ਕਰਣ ਦੀ ਬਜਾਏ, ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਲੋਕਾਂ ਦਾ ਮੂੰਹ ਬੰਦ ਕਰਣ ਦਾ ਦਮਨਕਾਰੀ ਢੰਗ ਅਪਣਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਅਣਮਨੁੱਖੀ ਹੈ। ਇਸ ਤਰ੍ਹਾਂ ਦਾ ਵਰਤਾਰਾ ਬਹੁਤੀ ਦੇਰ ਨਹੀਂ ਚਲਦਾ।
ਸ. ਸੁਰਿੰਦਰ ਸਿੰਘ, ਬਲਤੇਜ ਪੰਨੂੰ, ਸ. ਪਪਲਪ੍ਰੀਤ ਸਿੰਘ, ਸ. ਰਘਬੀਰ ਸਿੰਘ ਭਰੋਵਾਲ ਆਦਿ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈਣਾ, ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਕਰਨਾ, ਕਿੱਧਰ ਦੀ ਅਕਲਮੰਦੀ ਹੈ। ਇਨ੍ਹਾਂ ਤੋਂ ਬਾਅਦ ਕਈ ਹੋਰਾਂ ਦਾ ਵੀ ਨੰਬਰ ਲੱਗ ਸਕਦਾ ਹੈ, ਸਾਡਾ ਵੀ ਲੱਗ ਸਕਦਾ ਹੈ।
ਸਾਰੇ ਸਿੱਖਾਂ ਅਤੇ ਪੰਜਾਬ ਵਾਸੀਆਂ ਨੂੰ ਇਸ ਦਮਨਕਾਰੀ ਨੀਤੀ ਦਾ ਮੂਂਹਤੋੜ ਜਵਾਬ ਦੇਣਾ ਚਾਹੀਦਾ ਹੈ। ਹੋਸ਼ ਗਵਾਕੇ, ਹਿੰਸਾ ਕਰਣ ਦੀ ਨਾ ਸੋਚੀ ਜਾਵੇ... ਲੋਕਾਂ ਦਾ ਸਭ ਤੋਂ ਵੱਡਾ ਹਥਿਆਰ ਹੈ "ਵੋਟ"। 2017 ਤੱਕ ਇਹ ਆਪਣੇ ਅੰਦਰ ਅੱਗ ਸੁਲਗਦੀ ਰੱਖੋ, ਤੇ ਇਨ੍ਹਾਂ ਦਾ ਵੋਟ ਰਾਹੀਂ ਤਖ਼ਤਾ ਪਲਟਾ ਦੇਓ!!!
ਗੁਰੂ ਸਭ ਨੂੰ ਜੋਸ਼ ਤੇ ਹੋਸ਼ ਦਾ ਸੁਮੇਲ ਬਖਸ਼ੇ, ਅਤੇ ਗੁਰੂ ਦੀ ਅਗਵਾਈ 'ਚ ਇਹ ਘਾਲਣਾ ਸਫਲ ਹੋਵੇ।
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥