ਸਿੱਖ ਪ੍ਰਚਾਰਕਾਂ ਵੱਲੋਂ ਸਰਬਤ ਖ਼ਾਲਸਾ ਤੋਂ ਦੂਰੀ ਬਣਾਉਣ ਅਤੇ ਇਸ ਸਬੰਧੀ ਧਾਰੀ ਚੁੱਪੀ ਦੇ ਕੁਝ ਕਾਰਣ
ਕਿਰਪਾਲ ਸਿੰਘ ਮੋਬ: 9855480797
ਆਪਣੇ ਸੁਆਰਥੀ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਲੰਬੇ ਸਮੇਂ ਤੋਂ ਬਾਦਲ ਦਲ ਵੱਲੋਂ ਸਿੱਖ ਸਿਧਾਂਤਾਂ ਨੂੰ ਲਗਾਤਰ ਪਿੱਠ ਦੇ ਕੇ ਸ਼੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕੀਤੇ ਜਾਣ ਦੇ ਅਮਲ; ਵਿਸ਼ੇਸ਼ ਤੌਰ ’ਤੇ ਇਨ੍ਹਾਂ ਦੋਵਾਂ ਸੰਸਥਾਵਾਂ ਰਾਹੀਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਅਤੇ ਸੌਦਾ ਸਾਧ ਨੂੰ ਬਿਨਾਂ ਹੀ ਮੁਆਫੀ ਮੰਗਿਆਂ ਬੜੇ ਹੀ ਗੁਪਤ ਢੰਗ ਨਾਲ ਕਾਹਲੀ ਵਿੱਚ 24 ਸਤੰਬਰ ਨੂੰ ਅਕਾਲ ਤਖ਼ਤ ਤੋਂ ਮੁਆਫੀ ਦੇਣ ਦੀ ਕਾਰਵਾਈ ਨੇ ਸਿੱਖਾਂ ਦੇ ਮਨਾਂ ਵਿੱਚ ਬਾਦਲ ਦਲ ਵਿਰੁੱਧ ਰੋਹ ਪੈਦਾ ਕੀਤਾ। 1 ਜੂਨ ਨੂੰ ਮੋਗੇ ਜਿਲ੍ਹੇ ਦੇ ਪਿੰਡ ਬੁਰਜ ਜਵਾਹਰਕੇ ਦੇ ਗੁਰਦੁਆਰਾ ਸਾਹਿਬ ’ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋ ਜਾਣ ਦੀ ਪੁਲਿਸ ਥਾਣੇ ਵਿੱਚ ਰੀਪੋਰਟ ਦਰਜ ਕਰਵਾਏ ਜਾਣ ਉਪ੍ਰੰਤ ਪੰਜਾਬ ਪੁਲਿਸ ਅਤੇ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨਾ ਅਤੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਵੱਲੋਂ ਹੱਥ ਲਿਖਤ ਇਸ਼ਤਿਹਾਰ ਲਾ ਕੇ ਇਹ ਚਿਤਾਵਨੀ ਦਿੱਤੀ ਗਈ ਕਿ ਜੇ ਪੰਜਾਬ ਵਿੱਚ ਐੱਮਐੱਸਜੀ-2 ਫਿਲਮ ਨਾ ਲੱਗਣ ਦਿੱਤੀ ਤਾਂ ਚੋਰੀ ਕੀਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਫਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ ਜਾਣਗੇ; ਇਸ ਚਿਤਾਵਨੀ ਉਪ੍ਰੰਤ ਵੀ ਪੰਜਾਬ ਪੁਲਿਸ/ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ। ਜਦ 11-12 ਅਕਤੂਬਰ ਦੀ ਰਾਤ ਨੂੰ ਉਸ ਚਿਤਾਵਨੀ ’ਤੇ ਅਮਲ ਕਰਦਿਆਂ ਗੁਰੂ ਮਹਾਰਾਜ ਦੇ ਪਾਵਨ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰ ਕੇ ਕੀਤੀ ਬੇਅਦਬੀ ਦੀ ਅਤਿ ਮੰਦਭਾਗੀ ਘਟਨਾ ਵਾਪਰੀ; ਤਾਂ ਸਿੱਖਾਂ ਲਈ ਇਸ ਨੂੰ ਸਹਿਣ ਕਰਨਾ ਸੀਮਾਂ ਤੋਂ ਬਾਹਰ ਹੋ ਗਿਆ; ਜਿਸ ਕਾਰਣ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹੋਰ ਸਿੱਖ ਪ੍ਰਚਾਰਕਾਂ ਦੀ ਅਗਵਾਈ ਹੇਠ ਸਿੱਖ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਰੱਖ ਕੇ ਵਿਸ਼ਾਲ ਧਰਨਾ ਲਾ ਦਿੱਤਾ। ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਿਸ ਵੱਲੋਂ ਸ਼ਾਂਤਮਈ ਧਰਨਾਕਾਰੀਆਂ ’ਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰਨ, ਅਥਰੂ ਗੈਸ ਦੇ ਗੋਲ਼ੇ ਸੁੱਟਣ, ਲਾਠੀ ਚਾਰਜ ਕਰਨ ਅਤੇ ਗੋਲੀ ਚਲਾਉਣ ਕਾਰਣ ਕਈਆਂ ਦੇ ਜਖਮੀ ਹੋਣ ਅਤੇ ਦੋ ਸਿੱਖ ਨੌਜਵਾਨ ਸ਼ਹੀਦ ਹੋ ਜਾਣ ਦੀ ਘਟਨਾ ਨੇ ਸਿੱਖਾਂ ਦੇ ਰੋਸ ਨੂੰ ਲਾਵੇ ਵਿੱਚ ਤਬਦੀਲ ਕਰ ਦਿੱਤਾ; ਜਿਸ ਕਾਰਣ ਸਮੁਚੇ ਪੰਜਾਬ ਹੀ ਨਹੀਂ ਬਲਕਿ ਸਿੱਖ ਵਸੋਂ ਵਾਲੇ ਗੁਆਂਢੀ ਸੂਬਿਆਂ ਦੀਆਂ ਸੜਕਾਂ ’ਤੇ ਵੀ ਭਾਰੀ ਜਾਮ ਲੱਗ ਗਏ ਜਿਨ੍ਹਾਂ ਦੌਰਾਨ ਬੁਲਾਰਿਆਂ ਨੇ ਬਾਦਲ ਦਲ ਨੂੰ ਇਨ੍ਹਾਂ ਮੰਦਭਾਗੀ ਘਟਨਾਵਾਂ ਲਈ ਸਿੱਧੇ ਤੌਰ ’ਤੇ ਦੋਸ਼ੀ ਐਲਾਨਿਆਂ ਜਾਣ ਲੱਗਿਆ। ਇਸ ਦਾ ਅਸਰ ਇਹ ਹੋਇਆ ਕਿ ਬਾਦਲ ਦਲ ਦੇ ਆਗੂਆਂ ਨੂੰ ਜਨਤਕ ਤੌਰ ’ਤੇ ਵਿਚਰਨਾ ਲਗਪਗ ਅਸੰਭਵ ਹੋ ਗਿਆ।
24 ਸਤੰਬਰ ਨੂੰ ਸੌਦਾ ਸਾਧ ਨੂੰ ਮੁਆਫ ਕੀਤੇ ਜਾਣ ਬਾਅਦ ਬਾਦਲ ਦਲ ਵਿਰੁੱਧ ਸਿੱਖਾਂ ਦੇ ਮਨਾਂ ਵਿੱਚ ਉਪਜੇ ਰੋਹ ਨੂੰ ਵੇਖਦਿਆਂ ਕੁਝ ਪੰਥਕ ਧਿਰਾਂ ਵੱਲੋਂ ਸਰਬਤ ਖਾਲਸਾ ਸੱਦੇ ਜਾਣ ਦੀ ਅਵਾਜ਼ ਉਠਾਈ ਗਈ। ਕੁਝ ਵਿਅਕਤੀਆਂ ਵੱਲੋਂ ਹਰ ਸਿੱਖ ਮਸਲੇ ਨੂੰ ਨਜਿੱਠਣ ਅਤੇ ਉਸ ਦਾ ਸਦੀਵੀ ਹੱਲ ਲੱਭਣ ਨਾਲੋਂ ਇਸ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤਣ ਦੀ ਤਾਂਘ ਹਮੇਸ਼ਾਂ ਬਣੀ ਰਹਿੰਦੀ ਹੈ। ਇਨ੍ਹਾਂ ਵਿਅਕਤੀਆਂ ਵਿੱਚੋਂ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੇ ਨਾਮ ਖਾਸ ਤੌਰ ’ਤੇ ਵਰਨਣਯੋਗ ਹਨ। ਇਨ੍ਹਾਂ ਵਿੱਚ ਆਪਣੇ ਸਾਥੀ ਨੂੰ ਵੀ ਪਛਾੜ ਕੇ ਸਭ ਤੋਂ ਅੱਗੇ ਨਿਕਲ ਜਾਣ ਦੀ ਹੋੜ ਕਾਰਣ ਇਨ੍ਹਾਂ ਵੱਲੋਂ ਆਪਣੇ ਸਾਥੀ ਨੂੰ ਠਿੱਬੀ ਲਾਉਣ ਲਈ ਵਿਰੋਧੀਆਂ ਦੀ ਸਹਾਇਤਾ ਪ੍ਰਪਾਤ ਕਰਨ ਜਾਂ ਆਪਣੀਆਂ ਗਤੀਵਿਧੀਆਂ ਕਾਰਣ ਪੰਥ ਨੂੰ ਨੁਕਾਸਾਨ ਅਤੇ ਵਿਰੋਧੀਆਂ ਨੂੰ ਭਾਰੀ ਲਾਭ ਪਹੁੰਚਾਉਣ ਦੀਆਂ ਘਟਨਾਵਾਂ ਤੋਂ ਹਰ ਕੋਈ ਜਾਣੂ ਹੈ, ਜਿਸ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਭਾਈ ਹਰਦੀਪ ਸਿੰਘ ਡਿਬਡਿਬਾ ਨੇ ਆਪਣੀ ਪੁਸਤਕ “ਸਾਕਾ ਨੀਲਾ ਤਾਰਾ ਤੋਂ ਬਾਅਦ ਤਬਾਹੀ ਦੀ ਤਵਾਰੀਖ” ਵਿੱਚ ਕੀਤਾ ਹੈ। ਭਾਈ ਡਿਬਡਿਬਾ ਦੀ ਪੁਸਤਕ ਵਿੱਚ ਬਿਆਨ ਕੀਤੀ ਦਾਸਤਾਨ ’ਤੇ ਯਕੀਨ ਕਰਨਾ ਇਸ ਪੱਖੋਂ ਵੀ ਵਾਜ਼ਬ ਜਾਪਦਾ ਹੈ ਕਿਉਂਕਿ ਉਹ ਭਾਈ ਜਸਵੀਰ ਸਿੰਘ ਰੋਡੇ ਦੇ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਉਨ੍ਹਾਂ ਦੇ ਪੀਏ ਰਹਿਣ ਤੋਂ ਇਲਾਵਾ ਰੋਡੇ ਪ੍ਰਵਾਰ ਦੇ 20 ਸਾਲਾਂ ਤੱਕ ਸਮਰਥਕ ਰਹੇ, ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਯੂਪੀ ਦੇ 1985 ਤੋਂ 1989 ਤੱਕ ਸੂਬਾ ਪ੍ਰਧਾਨ ਰਹੇ ਅਤੇ ਦਮਦਮੀ ਟਕਸਾਲ ਬਾਰੇ ਵੀ ਉਨ੍ਹਾਂ ਨੂੰ ਜ਼ਾਤੀ ਜਾਣਕਾਰੀ ਹੈ ਕਿਉਂਕਿ ਉਹ ਸੰਤ ਗੁਰਬਚਨ ਸਿੰਘ ਭਿੰਡਰਾਂਵਾਲੇ ਦੇ ਪ੍ਰਵਾਰ ਨਾਲ ਨਜ਼ਦੀਕੀ ਸਬੰਧ ਰਖਦੇ ਹਨ। ਸਿੱਖ ਸਟੂਡੈਂਟ ਫੈੱਡਰੇਸ਼ਨ ਦੀ ਮਾਂ ਸਮਝੇ ਜਾਂਦੇ ਡਾ: ਭਗਵਾਨ ਸਿੰਘ ਵੱਲੋਂ ਇਸ ਪੁਸਤਕ ਲਈ ਲਿਖੇ ‘ਦੋ ਸ਼ਬਦ’ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਜ਼ਦੀਕੀ ਰਹੇ ਦਲਬੀਰ ਸਿੰਘ ਪੱਤਰਕਾਰ ਵੱਲੋਂ ‘ਸਾਕਾ ਨੀਲਾ ਤਾਰਾ ਤੋਂ ਬਾਅਦ’ : ਇੱਕ ਟਿੱਪਣੀ ਲਿਖੇ ਜਾਣ ਨੇ ਇਸ ਪੁਸਤਕ ਵਿੱਚ ਵਰਨਣ ਕੀਤੀ ਸੱਚਾਈ ’ਤੇ ਇੱਕ ਤਰ੍ਹਾਂ ਮੋਹਰ ਲਾ ਦਿੱਤੀ ਹੈ। ਇਸ ਪੁਸਤਕ ਵਿੱਚ ਬੜੀਆਂ ਦਰਦ ਭਰੀਆਂ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕੀਤਾ ਹੋਇਆ ਹੈ; ਜਿਨ੍ਹਾਂ ਵਿੱਚ ਖਾੜਕੂ ਗਰੁੱਪਾਂ ਦੇ ਆਪਹੁਦਰੇਪਨ, ਸਿਮਰਨਜੀਤ ਸਿੰਘ ਮਾਨ ਦਾ ਰਾਜਨੀਤੀ ਤੋਂ ਬਿਲਕੁਲ ਕੋਰੇ ਅਤੇ ਸੁਆਰਥੀਪਨ, ਦਮਦਮੀ ਟਕਸਾਲ ਦੇ ਸਾਬਕਾ ਮੁਖੀਆਂ ਦੇ ਪ੍ਰੀਵਾਰਾਂ ਦੀ ਆਪਸੀ ਖਹਿਬਾਜ਼ੀ ਅਤੇ ਇੱਕ ਦੂਸਰੇ ਤੋਂ ਅੱਗੇ ਨਿਕਲ ਜਾਣ ਦੀ ਦੌੜ ਵਿੱਚ ਜਿੱਥੇ ਬਿਨਾਂ ਕਿਸੇ ਪ੍ਰਾਪਤੀ ਤੋਂ ਪੰਥ ਦਾ ਬੇਅੰਤ ਘਾਣ ਕਰਵਾਇਆ ਹੈ ਉਥੇ ਪੰਥ ਵਿਰੋਧੀ ਸ਼ਕਤੀਆਂ ਜਿਨ੍ਹਾਂ ਦਾ ਇਹ ਜ਼ਾਹਰਾ ਤੌਰ ’ਤੇ ਵਿਰੋਧ ਕਰਦੇ ਨਜ਼ਰ ਆ ਰਹੇ ਹੁੰਦੇ ਹਨ; ਇਨ੍ਹਾਂ ਦੇ ਕਾਰਨਾਮਿਆਂ ਨੇ ਆਪਣੇ ਉਨ੍ਹਾਂ ਹੀ ਵਿਰੋਧੀਆਂ ਨੂੰ ਭਾਰੀ ਲਾਭ ਪਹੁੰਚਾਇਆ ਹੈ। ਅਜਿਹੀ ਸੋਚ ਦੇ ਮਾਲਕ ਸਿਮਰਨਜੀਤ ਸਿੰਘ ਮਾਨ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਸਿੱਖ ਪ੍ਰਚਾਰਕਾਂ; ਜਿਨ੍ਹਾਂ ਦੇ ਹੱਥ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਅਰੰਭੇ ਗਏ ਸੰਘਰਸ਼ ਦੀ ਅਗਵਾਈ ਚਲੀ ਗਈ ਸੀ; ਨੂੰ ਠਿੱਬੀ ਲਾਉਣ ਲਈ ਭਾਈ ਪੰਥਪ੍ਰੀਤ ਸਿੰਘ ’ਤੇ ਬਿਨਾਂ ਹੀ ਕਿਸੇ ਠੋਸ ਸਬੂਤਾਂ ਦੇ ਸਰਕਾਰ ਨਾਲ ਮਿਲ ਕੇ ਸੰਘਰਸ਼ ਨੂੰ ਢਾਹ ਲਾਉਣ ਦੇ ਦੋਸ਼ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਲਾਏ ਤੇ ਇਨ੍ਹਾਂ ਦੇ ਸਮਰਥਕਾਂ ਨੇ ਸ਼ੋਸ਼ਿਲ ਮੀਡੀਏ ’ਤੇ ਨਿਰਅਧਾਰ ਦੋਸ਼ਾਂ ਨੂੰ ਇਸ ਕਦਰ ਤੂਲ ਦਿੱਤੀ ਕਿ ਆਮ ਲੋਕਾਂ ਨੂੰ ਨਿਰਾ ਝੂਠ ਵੀ ਸੱਚ ਵਾਂਗ ਜਾਪਣ ਲੱਗਾ। ਇਸ ਦੇ ਪ੍ਰਤੀਕਰਮ ਵਜੋਂ ਦੂਸਰੇ ਪਾਸੇ ਤੋਂ ਵੀ ਗੁਰਦੀਪ ਸਿੰਘ ਵੱਲੋਂ ਭਾਈ ਜਸਵੀਰ ਸਿੰਘ ਰੋਡੇ ਨਾਲ ਮਿਲ ਕੇ ਕਦੀ ਕਾਂਗਰਸ ਦਾ ਸਾਥ ਅਤੇ ਕਦੀ ਬਾਦਲ ਨਾਲ ਮਿਲ ਕੇ ਚੇਅਰਮੈਨ ਦੇ ਅਹੁੱਦੇ ਪ੍ਰਾਪਤ ਕਰਨ ਦੀ ਅਸਲੀਅਤ ਲੋਕਾਂ ਸਾਮ੍ਹਣੇ ਰੱਖਣੀ ਸ਼ੁਰੂ ਕਰ ਦਿੱਤੀ। ਇਸ ਮਹੌਲ ਨੂੰ ਵੇਖ ਕੇ ਆਮ ਸਿੱਖ ਇਸ ਚਿੰਤਾ ਵਿੱਚ ਡੁਬਦੇ ਜਾ ਰਹੇ ਸਨ ਕਿ ਸੰਘਰਸ਼ ਦੌਰਾਨ ਸ਼ਹੀਦ ਹੋਏ ਦੋ ਸਿੰਘਾਂ ਦੇ ਬਰਗਾੜੀ ਵਿਖੇ ਭੋਗ ਸਮੇਂ 25 ਅਕਤੂਬਰ ਨੂੰ ਇੱਕ ਦੂਜੇ ਉਪਰ ਚਿੱਕੜ ਉਛਾਲੀ ਤੋਂ ਵਧ ਕੇ ਨੌਬਿਤ ਸਟੇਜ਼ ’ਤੇ ਹੀ ਇੱਕ ਦੂਜੇ ਦੀਆਂ ਪੱਗਾਂ ਉਤਾਰਨ ਤੱਕ ਪਹੁੰਚ ਸਕਦੀ ਹੈ। ਐਸਾ ਡਰ ਵਾਲਾ ਮਹੌਲ ਸਿਰਜਣ ਉਪ੍ਰੰਤ ਬਲਜੀਤ ਸਿੰਘ ਦਾਦੂਵਾਲ ਨੇ ਏਕਤਾ ਦੀ ਗੱਲ ਤੋਰੀ ਅਤੇ ਬਠਿੰਡਾ ਵਿਖੇ 23 ਅਕਤੂਬਰ ਨੂੰ ਇੱਕ ਸਾਂਝੀ ਮੀਟਿੰਗ ਦਾ ਪ੍ਰਬੰਧ ਕੀਤਾ ਜਿਸ ਵਿੱਚ ਪੰਥਿਕ ਧਿਰਾਂ ਅਖਵਾਉਣ ਵਾਲਿਆਂ ’ਚੋਂ ਸ: ਸਿਮਰਨਜੀਤ ਸਿੰਘ ਮਾਨ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਸ: ਗੁਰਦੀਪ ਸਿੰਘ ਬਠਿੰਡਾ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਧਿਆਨ ਸਿੰਘ ਮੰਡ, ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ: ਬੂਟਾ ਸਿੰਘ ਰਣਸੀਂਹ ਅਤੇ ਪ੍ਰਚਾਰਕ ਸ਼੍ਰੇਣੀ ’ਚੋਂ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਦਲੇਰ ਸਿੰਘ ਖੇੜੀ ਵਾਲਾ, ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਸੁਖਜੀਤ ਸਿੰਘ ਖੋਸਾ ਸ਼ਾਮਲ ਸਨ। ਗੁਰਸਿੱਖੀ ਨੂੰ ਸਮ੍ਰਪਤ ਸਾਬਕਾ ਪੱਤਰਕਾਰ ਹੋਣ ਦੇ ਨਾਤੇ ਦੋਵੇਂ ਧਿਰਾਂ ਨਾਲ ਚੰਗੇ ਸਬੰਧ ਹੋਣ ਸਦਕਾ ਮੈਨੂੰ ਵੀ ਉਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਣ ਕਰਕੇ ਉਸ ਮੀਟਿੰਗ ਦੀ ਕਾਰਵਾਈ ਦਾ ਚਸਮਦੀਦ ਗਵਾਹ ਹਾਂ। ਪ੍ਰਚਾਰਕਾਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ 25 ਅਕਤੂਬਰ ਨੂੰ ਸ਼ਹੀਦੀ ਸਮਾਗਮ ਸ਼ਾਤੀ ਪੂਰਬਕ ਨਿਭ ਜਾਵੇ ਇਸ ਲਈ ਦੂਸਰੀ ਧਿਰ ਜੋ ਵੀ ਸੁਝਾਉ ਪੇਸ਼ ਕਰੇ ਉਸ ਨਾਲ ਸਹਿਮਤੀ ਜਿਤਾ ਦੇਣੀ ਹੈ ਪਰ 10 ਨਵੰਬਰ ਵਾਲੇ ਸਰਬਤ ਖਾਲਸੇ ਵਿੱਚ ਸ਼ਮੂਲੀਅਤ ਸਬੰਧੀ ਕੋਈ ਹਾਮੀ ਨਹੀਂ ਭਰਨੀ ਕਿਉਂਕਿ ਉਸ ਦੇ ਸੱਦੇ ਜਾਣ ਦੀ ਪ੍ਰੀਕ੍ਰਿਆ ਅਤੇ ਪਾਸ ਕੀਤੇ ਜਾਣ ਵਾਲੇ ਮਤਿਆਂ ਲਈ ਪਹਿਲਾਂ ਕੋਈ ਵਿਧੀ ਵਿਧਾਨ ਤਹਿ ਨਹੀਂ ਕੀਤਾ ਗਿਆ ਸੀ। ਦੂਸਰਾ ਕਾਰਣ ਸੀ ਕਿ ਇਸ ਸਰਬਤ ਖਾਲਸੇ ਦਾ ਪ੍ਰਬੰਧ ਵੀ ਤਕਰੀਬਨ ਉਨ੍ਹਾਂ ਦੇ ਹੱਥਾਂ ਵਿੱਚ ਜਾ ਚੁੱਕਾ ਸੀ ਜਿਨ੍ਹਾਂ ਦੀ ਖ਼ੁਦਗਰਜੀ ਕਾਰਣ ਪਿਛਲੇ ਸਮੇਂ ਵਿੱਚ ਕੌਮ ਦੇ ਕੀਤੇ ਗਏ ਘਾਣ ਦਾ ਜ਼ਿਕਰ ਭਾਈ ਹਰਦੀਪ ਸਿੰਘ ਡਿਬਡਿਬਾ ਨੇ ਆਪਣੀ ਉਕਤ ਵਰਨਣਿਤ ਪੁਸਤਕ ਵਿੱਚ ਕੀਤਾ ਹੋਇਆ ਹੈ। ਸੋ ਪਹਿਲਾਂ ਤੋਂ ਪਰਖੇ ਤੇ ਅਜਮਾਏ ਆਗੂਆਂ ਵੱਲੋਂ ਦਿੱਤੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪ੍ਰਚਾਰਕ ਬਿਲਕੁਲ ਤਿਆਰ ਨਹੀਂ ਸੀ। ਇਸ ਲਈ 25 ਅਕਤੂਬਰ ਦਾ ਸਮਾਗਮ ਸ਼ਾਂਤੀ ਪੂਰਬਕ ਨਿਭਾਉਣ ਦਾ ਭਾਵਨਾ ਤਹਿਤ ਦੂਸਰੀ ਧਿਰ ਵੱਲੋਂ ਪੇਸ਼ ਕੀਤੇ ਮਤੇ ਹੂਬਹੂ ਜਾਂ ਮਾਮੂਲੀ ਸੋਧ ਨਾਲ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਏ ਗਏ। ਸਿਰਫ ਸਟੇਜ ਸਕੱਤਰ ਦੀ ਸੇਵਾ ਉਹ ਚਾਹੁੰਦੇ ਸਨ ਕਿ ਮਾਨ ਦਲ ਦੇ ਪ੍ਰੋ: ਮਹਿੰਦਰਪਾਲ ਸਿੰਘ ਜਾਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨਿਭਾਉਣ ਅਤੇ ਮਤੇ ਸਿਮਰਨਜੀਤ ਸਿੰਘ ਮਾਨ ਪੜ੍ਹ ਕੇ ਸੁਣਾਉਣ। ਪ੍ਰਚਾਰਕ ਇਸ ਦਲੀਲ ਨਾਲ ਸਹਿਮਤ ਨਾ ਹੋਏ ਕਿ ਇਹ ਸੰਘਰਸ਼ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ੁਰੂ ਹੋਇਆ ਹੈ ਅਤੇ ਇਸੇ ਭਾਵਨਾ ਨੂੰ ਮੁਖ ਰੱਖ ਕੇ ਨਿਰੋਲ ਧਾਰਮਿਕ ਕਾਰਣਾਂ ਕਰਕੇ ਲੋਕਾਂ ਨੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ। ਸਟੇਜ ਮਾਨ ਦਲ ਦੇ ਹਵਾਲੇ ਕਰਨ ਨਾਲ ਸੰਘਰਸ਼ ਉਪਰ ਸਿਆਸੀ ਰੰਗਤ ਚੜ੍ਹ ਜਾਣ ਦਾ ਪ੍ਰਭਾਵ ਜਾਵੇਗਾ ਜੋ ਕਿ ਸੰਘਰਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ। ਇਸ ਲਈ ਪ੍ਰਚਾਰਕਾਂ ਵੱਲੋਂ ਭਾਈ ਸੁਖਜੀਤ ਸਿੰਘ ਖੋਸੇ ਦਾ ਨਾਮ ਤਜ਼ਵੀਜ ਕੀਤਾ ਗਿਆ ਜੋ ਦੂਸਰੀ ਧਿਰ ਨੇ ਪ੍ਰਵਾਨ ਨਾ ਕੀਤਾ। ਆਖਰ ਮੀਟਿੰਗ ਦਾ ਪ੍ਰਬੰਧ ਕਰਨ ਵਾਲੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਸਾਂਝਾ ਵਿਅਕਤੀ ਜਾਣ ਕੇ ਉਸ ਦੇ ਨਾਮ ’ਤੇ ਸਹਿਮਤੀ ਬਣ ਗਈ।
ਸਭ ਕੁਝ ਤਹਿ ਹੋਣ ਉਪ੍ਰੰਤ ਸ: ਮਾਨ ਤੇ ਮੋਹਕਮ ਸਿੰਘ ਵੱਲੋਂ 10 ਨਵੰਬਰ ਵਾਲੇ ਸਰਬਤ ਖ਼ਾਲਸਾ ਵਿੱਚ ਸ਼ਾਮਲ ਹੋਣ ਲਈ ਮਤਾ ਪਾਸ ਕਰਨ ਦੀ ਤਜ਼ਵੀਜ ਪੇਸ਼ ਕੀਤੀ ਜਿਸ ਨੂੰ ਪ੍ਰਚਾਰਕਾਂ ਨੇ ਪ੍ਰਵਾਨਗੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਕਾਰਣ ਪੁੱਛੇ ਜਾਣ ’ਤੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸਰਬਤ ਖ਼ਾਲਸਾ ਕੌਣ ਸੱਦ ਸਕਦਾ ਹੈ, ਇਸ ਦਾ ਹਿੱਸਾ ਕੌਣ ਬਣ ਸਕਦਾ ਹੈ? ਜੋ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਤੋਂ ਇਨਕਾਰੀ ਸਿੱਖ ਡੇਰੇਦਾਰ ਹਨ ਕੀ ਉਹ ਅਕਾਲ ਤਖ਼ਤ ’ਤੇ ਹੋ ਰਹੇ ਸਰਬਤ ਖਾਲਸਾ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਨਹੀਂ; ਇਸ ਲਈ ਕੋਈ ਵਿਧੀ ਵਿਧਾਨ ਨਹੀਂ ਬਣਾਇਆ ਗਿਆ। ਗੁਰਮਤਿ ਅਤੇ ਸਿੱਖ ਇਤਿਹਾਸ ਦਾ ਜਾਣੂ ਕੋਈ ਵੀ ਵਿਦਵਾਨ ਤੁਹਾਡੇ ਵੱਲੋਂ ਸੱਦੇ ਜਾ ਰਹੇ ਸਰਬਤ ਖ਼ਾਲਸਾ ਦੇ ਢੰਗ ਨਾਲ ਸਹਿਮਤ ਨਹੀਂ ਹੈ। ਸਾਡੇ ਪਹਿਲਾਂ ਹੀ ਕਈ ਕਈ ਅਕਾਲੀ ਦਲ, ਕਈ ਕਈ ਸਿੱਖ ਫੈਡਰੇਸ਼ਨਾਂ ਬਣ ਚੁੱਕੀਆਂ ਹਨ। ਐਸਾ ਨਾ ਹੋਵੇ ਕਿ ਬਿਨਾਂ ਵਿਧੀ ਵਿਧਾਨ ਤੋਂ ਸੱਦੇ ਜਾ ਰਹੇ ਸਰਬਤ ਖ਼ਾਲਸਿਆਂ ਨਾਲ ਸਾਡੇ ਸਰਬਤ ਖ਼ਾਲਸੇ ਵੀ ਕਈ ਕਿਸਮ ਦੇ ਹੋ ਜਾਣ; ਜਿਸ ਨਾਲ ਕੌਮ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣਾ ਸ਼ੁਰੂ ਹੋ ਜਾਵੇ। ਪਹਿਲਾਂ ਵੀ 1984 ਤੇ 1986 ਵਿੱਚ ਅੰਮ੍ਰਿਤਸਰ ਅਤੇ ਉਸ ਉਪ੍ਰੰਤ ਅਨੰਦਪੁਰ ਸਾਹਿਬ ਵਿਖੇ ਵੱਖ ਵੱਖ ਸਰਬਤ ਖ਼ਾਲਸੇ ਸੱਦੇ ਗਏ ਸਨ। ਦੱਸੋ ਉਨ੍ਹਾਂ ਸਰਬਤ ਖ਼ਾਲਸਿਆਂ ਨੇ ਕੌਮ ਨੂੰ ਕੀ ਪ੍ਰਾਪਤੀ ਕਰਵਾਈ? ਇਸ ਲਈ ਹਰ ਧੜੇ ਦਾ ਆਪਣਾ ਸਰਬਤ ਖ਼ਾਲਸਾ ਬਣਾਉਣ ਵਾਲੀ ਕਾਰਵਾਈ ਦੇ ਅਸੀਂ ਭਾਗੀਦਾਰ ਨਹੀਂ ਬਣਨਾ ਚਾਹੁੰਦੇ। ਭਾਈ ਮੋਹਕਮ ਸਿੰਘ ਨੇ ਕਿਹਾ ਰਹਿਤ ਮਰਿਆਦਾ ਦੀ ਗੱਲ ਨਾ ਕਰੋ ਕਿਉਂਕਿ ਇਸ ਨਾਲ ਪੰਥ ਵਿੱਚ ਵਿਵਾਦ ਪੈਦਾ ਹੁੰਦਾ ਹੈ ਜੋ ਆਪਣੀ ਏਕਤਾ ਨੂੰ ਭੰਗ ਕਰ ਸਕਦਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜੇ ਸਿੱਖ ਰਹਿਤ ਮਰਿਆਦਾ ਦੀ ਗੱਲ ਛੇੜਨ ਨਾਲ ਹੀ ਸਾਡੀ ਏਕਤਾ ਭੰਗ ਹੁੰਦੀ ਹੈ ਤਾਂ ਕੇਵਲ ਸਟੇਜ ’ਤੇ ਗੋਡਾ ਨਾਲ ਗੋਡਾ ਜੋੜ ਕੇ ਬੈਠਣ ਨਾਲ ਏਕਤਾ ਨਹੀਂ ਹੋਣੀ; ਏਕਤਾ ਲਈ ਸਿਧਾਂਤਕ ਏਕਤਾ ਅਤੇ ਸਾਡੇ ਦਿੱਲ ਮਿਲਣੇ ਜਰੂਰੀ ਹਨ। ਸੋ ਜਰੂਰੀ ਹੈ ਕਿ ਸਦੀਵੀ ਏਕਤਾ ਬਣਾਈ ਰੱਖਣ ਲਈ ਇਹ ਮਸਲਾ ਪਹਿਲ ਦੇ ਅਧਾਰ ’ਤੇ ਹੱਲ ਹੋਣਾ ਚਾਹੀਦਾ ਹੈ। ਭਾਈ ਮੋਹਕਮ ਸਿੰਘ ਜੋ ਭਾਈ ਪੰਥਪ੍ਰੀਤ ਸਿੰਘ ਦੇ ਬਿਲਕੁਲ ਨਾਲ ਹੀ ਬੈਠੇ ਸਨ ਨੇ ਹਸਦੇ ਹੋਏ ਉਨ੍ਹਾਂ ਨੂੰ ਕਲਾਵੇ ਵਿੱਚ ਲੈ ਕੇ ਕਿਹਾ ਲਓ ਹੁਣ ਆਪਣਾ ਮੋਢੇ ਨਾਲ ਮੋਢਾ ਵੀ ਜੁੜ ਗਿਆ ਹੈ। ਭਾਈ ਪੰਥਪ੍ਰੀਤ ਸਿੰਘ ਨੇ ਤੁਰੰਤ ਹੀ ਕਿਹਾ ਜੇ ਸਾਡੀ ਵੀਚਾਰਧਾਰਾ ਇੱਕ ਹੋ ਜਾਵੇ ਤਾਂ ਗੋਡੇ ਨਾਲ ਗੋਡਾ ਜਾਂ ਮੋਢੇ ਨਾਲ ਮੋਢਾ ਜੋੜੇ ਤੋਂ ਬਿਨਾਂ ਦੂਰ ਬੈਠਿਆਂ ਦੀ ਵੀ ਸਾਡੀ ਏਕਤਾ ਹੈ ਪਰ ਵੀਚਾਰਧਾਰਕ ਮਤਭੇਦ ਅਤੇ ਰਹਿਤ ਮਰਿਆਦਾ ਵੱਖਰੀ ਹੋਣ ਕਰਕੇ ਅਸੀਂ ਕੋਲ ਬੈਠ ਕੇ ਵੀ ਏਕਤਾ ਨਹੀਂ ਕਰ ਸਕਦੇ। ਭਾਈ ਮੋਹਮਕਮ ਸਿੰਘ ਨੇ ਕਿਹਾ ਸਾਨੂੰ ਕੀ ਫਰਕ ਪੈਂਦਾ ਹੈ ਕਿ ਕੋਈ ਆਪਣੇ ਅਸਥਾਨ ’ਤੇ ਕਿਸ ਤਰ੍ਹਾਂ ਦੀ ਰਹਿਤ ਮਰਿਆਦਾ ਨਿਭਾ ਰਿਹਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਪੁੱਛਿਆ ਕੀ ਅਸੀਂ ਇਹ ਨਹੀਂ ਕਹਿੰਦੇ ਕਿ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰਿਆਂ ਵਿੱਚ ਗੁਰੂ ਆਪ ਵਰਤਦਾ ਹੈ। ਮੋਹਕਮ ਸਿੰਘ ਵਾਲੋਂ ਹਾਂ ਦਾ ਜਵਾਬ ਮਿਲਣ ’ਤੇ ਭਾਈ ਪੰਥਪ੍ਰੀਤ ਸਿੰਘ ਨੇ ਪੁਛਿਆ ਫਿਰ ਇਹ ਦੱਸੋ ਕੀ ਗੁਰੂ ਦੁਬਿਧਾ ਪੈਦਾ ਕਰਦਾ ਹੈ? ਨਾ ਦਾ ਜਵਾਬ ਮਿਲਣ ’ਤੇ ਉਨ੍ਹਾਂ ਅਗਲਾ ਸਵਾਲ ਕੀਤਾ ਕਿ ਦੋ ਭੈਣਾਂ ਨੇ ਵੱਖ ਵੱਖ ਜਥਿਆਂ ਤੋਂ ਅੰਮ੍ਰਿਤ ਛਕਿਆ। ਇੱਕ ਕਹਿੰਦੀ ਸਾਨੂੰ ਤਾਂ ਪੰਜ ਪਿਆਰਿਆਂ ਨੇ ਕਿਹਾ ਹੈ ਕਿ 40 ਦਿਨਾਂ ਬਾਅਦ ਕ੍ਰਿਪਾਨ ਉਤਾਰ ਸਕਦੇ ਹੋ। ਦੂਜੀ ਕਹਿੰਦੀ ਸਾਨੂੰ ਤਾਂ ਪੰਜ ਪਿਆਰੇ ਕਹਿੰਦੇ ਸੀ ਨਹਾਉਣ ਵੇਲੇ ਵੀ ਕ੍ਰਿਪਾਨ ਨਹੀਂ ਉਤਾਰਨੀ। ਦੋਵੇਂ ਭੈਣਾਂ ਇੱਕ ਦੂਜੀ ਦੀਆਂ ਗੱਲਾਂ ਸੁਣ ਕੇ ਦੁਬਿਧਾ ਵਿੱਚ ਪੈ ਗਈਆਂ ਕਿ ਕਿਹੜੇ ਪੰਜ ਪਿਆਰਿਆਂ ਦੀ ਗੱਲ ਗੁਰਮਤਿ ਅਨੁਸਾਰ ਠੀਕ ਹੈ ਅਤੇ ਕਿਹੜਿਆਂ ਦੀ ਗਲਤ। ਦੱਸੋ ਸਾਨੂੰ ਇਹ ਦੁਬਿਧਾ ਪਹਿਲਾਂ ਦੂਰ ਕਰਕੇ ਸਦੀਵੀ ਏਕਤਾ ਕਰਨ ਦੀ ਲੋੜ ਹੈ ਜਾਂ ਨਹੀਂ। ਇਸ ਵਿੱਚੋਂ ਹੀ ਭਾਈ ਸਰਬਜੀਤ ਸਿੰਘ ਧੂੰਦਾ ਨੇ ਕਿਹਾ ਇੱਕ ਥਾਂ ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਨੇ ਅੰਮ੍ਰਿਤ ਅਭਿਲਾਖੀਆਂ ਨੂੰ ਕਿਹਾ ਪੰਥਪ੍ਰੀਤ ਸਿੰਘ ਅਤੇ ਧੂੰਦੇ ਦੇ ਦੀਵਾਨ ਨਹੀਂ ਸੁਣਨੇ ਕਿਉਂਕਿ ਉਹ ਸਿੱਖ ਨਹੀਂ ਨਾਸਤਕ ਕਾਮਰੇਡ ਹਨ। ਦੱਸੋ ਜਿਨ੍ਹਾਂ ਅੰਮ੍ਰਿਤਧਾਰੀਆਂ ’ਤੇ ਸਾਡੇ ਦੀਬਾਨ ਸੁਣਨ ’ਤੇ ਪਾਬੰਦੀ ਲਾਈ ਹੋਵੇ ਉਹ ਸਾਡੇ ਨਾਲ ਏਕਤਾ ਕਿਵੇਂ ਕਰ ਲੈਣਗੇ? ਇਹ ਸੁਣ ਕੇ ਉਹ ਕੋਈ ਜਵਾਬ ਨਾ ਦੇ ਸਕੇ ਅਤੇ ਸਰਬਤ ਖ਼ਾਲਸਾ ਵਾਲੇ ਮਤੇ ਦੇ ਸਾਹਮਣੇ ਪੈਂਡਿੰਗ ਲਿਖ ਦਿੱਤਾ। ਇਸ ਉਪ੍ਰੰਤ ਭਾਈ ਮੋਹਕਮ ਸਿੰਘ ਨੇ ਕਿਹਾ ਚਲੋ ਮਤਾ ਪਾਸ ਨਹੀਂ ਕਰਦੇ ਪਰ ਉਸ ਸਟੇਜ ਤੋਂ ਸਰਬਤ ਖ਼ਾਲਸਾ ਵਿੱਚ ਸੰਗਤਾਂ ਨੂੰ ਹੁਮ ਹਮਾ ਕੇ ਪਹੁੰਚਣ ਦੀ ਅਪੀਲ ਤਾਂ ਕਰ ਸਕਦੇ ਹਾਂ। ਪ੍ਰਚਾਰਕਾਂ ਨੇ ਇਸ ਨੂੰ ਵੀ ਪ੍ਰਵਾਨ ਨਾ ਕੀਤਾ ਪਰ ਇਸ ਦੇ ਬਾਵਯੂਦ ਸ: ਮਾਨ, ਭਾਈ ਮੋਹਕਮ ਸਿੰਘ ਅਤੇ ਬੂਟਾ ਸਿੰਘ ਰਣਸੀਂਹ ਸ਼ਹੀਦੀ ਸਮਾਗਮ ਦੀ ਸਟੇਜ ਤੋਂ 10 ਨਵੰਬਰ ਦੇ ਸਰਬੱਤ ਖਾਲਸਾ ਦਾ ਜ਼ਿਕਰ ਕਰਨੋਂ ਨਹੀਂ ਰਹਿ ਸਕੇ। ਇਸ ਤੋਂ ਸਾਂਝੇ ਤੌਰ ’ਤੇ ਲਏ ਫੈਸਲਿਆਂ ਸਬੰਧੀ ਇਨ੍ਹਾਂ ਦੀ ਸੁਹਿਰਦਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਮੀਟਿੰਗ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰਚਾਰਕਾਂ ਨੂੰ ਸੰਬੋਧਿਤ ਹੁੰਦੇ ਕਿਹਾ ਮਹਾਂਪੁਰਖੋ! ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸੇ ਦਾ ਬਾਪੂ ਤਾਂ ਮੰਨਦੇ ਹੋ ਫਿਰ ਇਹ ਦੱਸੋ ਕਿ ਸਾਡੇ ਬਾਪੂ ਦਾ ਘਰ ਬਣਾਉਣ ਤੋਂ ਇਨਕਾਰੀ ਕਿਉਂ ਹੋ? ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਬਾਪੂ ਦਾ ਘਰ ਕਿਸੇ ਜਮੀਨ ਦੇ ਟੁਕੜੇ ’ਤੇ ਬਣਾਉਣ ਤੋਂ ਪਹਿਲਾਂ ਅਸੀਂ ਆਪਣੇ ਹਿਰਦੇ ਵਿੱਚ ਬਣਾਉਣਾ ਹੈ। ਖ਼ਾਲਸਾ ਕੌਣ ਹੈ ਉਸ ਸਬੰਧੀ ਸਾਡੇ ਬਾਪੂ ਦਾ ਹੀ ਬਚਨ ਹੈ:
‘ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ ।
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਹੀ ਮਠ ਭੂਲ ਨ ਮਾਨੈ ।
ਤੀਰਥ ਦਾਨ ਦਇਆ ਤਪ ਸੰਜਮ ਏਕੁ ਬਿਨਾ ਨਹਿ ਏਕ ਪਛਾਨੈ ।
ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ । ’
ਤੁਸੀਂ ਹੀ ਦੱਸੋ ਵੋਟਾਂ ਮੰਗਣ ਸਮੇਂ ਤੁਹਾਡੀ ਟੇਕ ਇੱਕ ਅਕਾਲ ਪੁਰਖ ਤੋਂ ਇਲਾਵਾ ਹੋਰ ਕਿਸੇ ’ਤੇ ਹੁੰਦੀ ਹੈ ਜਾਂ ਨਹੀਂ? ਵੋਟਾਂ ਮੰਗਣ ਸਮੇਂ ਤਾਂ ਹਰ ਕਬਰ, ਮੜੀ ਮੱਠਾਂ ’ਤੇ ਮਥੇ ਟੇਕਣ ਜਾਂ ਮੰਦਰਾਂ ਵਿੱਚ ਜਾ ਕੇ ਟਿੱਕੇ ਲਵਾਉਣ ਤੋਂ ਕੋਈ ਨਹੀਂ ਝਿਜਕਦਾ। ਤੁਸੀਂ ਇਹ ਦੱਸੋ ਕਿ ਖਾਲਿਸਤਾਨ ਬਣਨ ਉਪ੍ਰੰਤ ਗੈਰ ਸਿੱਖ ਖਾਲਸਤਾਨ ਵਿੱਚ ਰਹਿ ਸਕਣਗੇ ਜਾਂ ਨਹੀਂ? ਖਾਲਸਤਾਨ ਤੋਂ ਬਾਹਰ ਰਹਿ ਗਏ ਸਿੱਖ ਪਲਾਇਨ ਕਰਕੇ ਖਾਲਸਤਾਨ ਆਉਣਗੇ ਜਾਂ ਬਾਹਰ ਰਹਿ ਕੇ ਹੀ ਬਹੁਗਿਣਤੀ ਦੇ ਧਰਮ ਵਿੱਚ ਜ਼ਜ਼ਬ ਹੋ ਜਾਣਗੇ? ਖਾਲਸਤਾਨ ਦੀ ਸਰਕਾਰ ਤਾਨਾਸ਼ਾਹੀ ਹੋਵੇਗੀ ਜਾਂ ਲੋਕਤੰਤਰਕ। ਜੇ ਲੋਕ ਤੰਤਰਿਕ ਹੋਵੇਗੀ ਤਾਂ ਜੇ ਉਸ ਵਿੱਚ ਸਿੱਖ ਸਿਧਾਂਤਾਂ ਨੂੰ ਪਿੱਠ ਦੇਣ ਵਾਲਾ ਪ੍ਰਕਾਸ਼ ਸਿੰਘ ਬਾਦਲ ਵਰਗਾ ਹੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਸਿਖਾਂ ਨੂੰ ਉਸ ਖ਼ਾਲਸਤਾਨ ਦਾ ਕੀ ਲਾਭ ਹੋਵੇਗਾ? ਕਿਸੇ ਵੀ ਗੱਲ ਦਾ ਮਾਨ ਸਾਹਿਬ ਜਾਂ ਕੋਈ ਹੋਰ ਜਵਾਬ ਨਾ ਦੇ ਸਕਿਆ।
24 ਅਕਤੂਬਰ ਨੂੰ ਭਾਈ ਗੁਰਦੀਪ ਸਿੰਘ ਨਾਲ ਉਨ੍ਹਾਂ ਦੇ ਘਰ ਮੇਰੀ ਨਿਜੀ ਮਿਲਣੀ ਦੌਰਾਨ ਵੀ ਉਨ੍ਹਾਂ ਨੂੰ ਸੁਝਾਉ ਦਿੱਤਾ ਕਿ ਬਿਨਾਂ ਕਿਸੇ ਤਿਆਰੀ ਅਤੇ ਪਲੈਨਿੰਗ ਤੋਂ ਖਾਲਸਤਾਨ ਦਾ ਮੁੱਦਾ ਉਠਾਉਣਾ ਅਤੇ ਬਿਨਾਂ ਜਨਤਕ ਅਧਾਰ ਬਣਾਇਆਂ ਮਾਨ ਗਰੁੱਪ ਵੱਲੋਂ ਹਰ ਚੋਣ ਵਿੱਚ ਕੁੱਦ ਪੈਣਾ ਹੀ ਬਾਦਲ ਦਲ ਦੀ ਅਸਲ ਤਾਕਤ ਦਾ ਰਾਜ਼ ਹੈ ਕਿਉਂਕਿ ਖ਼ਾਲਸਤਾਨ ਦਾ ਹਊਆ ਵਿਖਾ ਕੇ ਉਹ ਪੰਥਕ ਧਿਰਾਂ ਵਿਰੁੱਧ ਕਾਂਗਰਸ, ਭਾਜਪਾ ਸਮੇਤ ਹਰ ਕੌਮੀ ਪਾਰਟੀ ਤੋਂ ਹਮਾਇਤ ਹਾਸਲ ਕਰਨ ਵਿੱਚ ਸਫਲ ਹੋ ਜਾਂਦਾ ਹੈ ਤੇ ਹਾਰਦਾ ਹੋਇਆ ਵੀ ਅੰਤ ਜਿੱਤ ਕੇ ਸਿੱਖ ਸਿਧਾਂਤਾਂ ਦਾ ਹੋਰ ਘਾਣ ਕਰਨ ਲਈ ਸੱਤਾ ਹਾਸਲ ਕਰਨ ਵਿੱਚ ਸਫਲ ਹੋ ਜਾਂਦਾ ਹੈ। ਵੋਟਾਂ ਰਾਹੀਂ ਖ਼ਾਲਿਸਤਾਨ ਦੇ ਸੁਪਨੇ ਲੈਂਦੇ ਮਾਨ ਦਾ ਆਧਾਰ 1989 ਵਿੱਚ 43% ਤੋਂ ਖੁਰਦਾ ਖੁਰਦਾ 2014 ਤੱਕ .03% ਉੱਤੇ ਪਹੁੰਚ ਚੁੱਕਿਆ ਹੈ। ਇਸ ਤਰ੍ਹਾਂ ਤਾਂ ਉਹ ਖ਼ੁਦ ਹੀ ਸਿੱਧ ਕਰ ਰਿਹਾ ਹੈ ਕਿ ਸਿੱਖ ਖ਼ਾਲਸਤਾਨ ਦੀ ਮੰਗ ਛੱਡ ਚੁਕੇ ਹਨ। ਫਿਰ ਬਾਦਲ ਦੇ ਹੱਥ ਮਜ਼ਬੂਤ ਕਰਨ ਲਈ ਕਿਉਂ ਉਹ ਵਾਰ ਵਾਰ ਵੋਟਾਂ ਸਮੇਂ ਖਾਲਸਤਾਨ ਦਾ ਮੁੱਦਾ ਉਠਾ ਰਿਹਾ ਹੈ। ਇਸ ਵਾਰ ਉਮੀਦ ਸੀ ਕਿ ਮਾਨ ਧੜਾ ਚੋਣ ਪਿੜ ਵਿੱਚ ਨਹੀਂ ਆਏਗਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ ਵਿੱਚ ਉਠੇ ਲੋਕ ਰੋਹ ਸਦਕਾ ਹੋ ਸਕਦਾ ਹੈ ਕਿ ਤੁਹਾਡੇ ਵੱਲੋਂ ਸੱਦੇ ਜਾ ਰਹੇ ਸਰਬਤ ਖ਼ਾਲਸੇ ਵਿੱਚ ਸਿੱਖ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਹੋ ਜਾਵੇ ਅਤੇ ਤੁਸੀਂ ਇਸ ਨੂੰ ਆਪਣੇ ਪੱਖ ਵਿੱਚ ਸਮਝ ਕੇ ਚੋਣਾਂ ਪਿੜ ਵਿੱਚ ਉਤਰਨ ਦਾ ਐਲਾਨ ਕਰ ਦੇਵੋ। ਇਹ ਨੀਤੀ ਬਾਦਲ ਨੂੰ ਰਾਸ ਆਵੇਗੀ ਤੇ ਹੋ ਸਕਦਾ ਹੈ ਕਿ ਉਹ ਕਿਸਾਨੀ, ਧਾਰਮਿਕ, ਬੇਰੁਜ਼ਗਾਰੀ ਅਤੇ ਪੰਜਾਬ ਵਿੱਚ ਵਧ ਰਹੇ ਨਸ਼ੇ ਆਦਿਕ ਹਰ ਮਸਲੇ ’ਤੇ ਫੇਲ੍ਹ ਹੋਣ ਕਾਰਣ ਲੋਕਾਂ ਵਿੱਚ ਉਤਪਨ ਹੋਏ ਭਾਰੀ ਰੋਸ ਦੇ ਬਾਵਯੂਦ ਸਰਕਾਰ ਵਿਰੋਧੀ ਵੋਟ ਵੰਡੇ ਜਾਣ ਦੀ ਸੂਰਤ ਵਿੱਚ ਜਿੱਤ ਹਾਸਲ ਕਰਨ ਦੇ ਸਮਰਥ ਹੋ ਜਾਵੇ। ਸੋ ਜੇ ਤੁਸੀਂ ਬਾਦਲ ਦੀ ਹੀ ਮੱਦਦ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਨੀਤੀ ਤੁਹਾਨੂੰ ਮੁਬਾਰਕ ਹੋਵੇ ਪਰ ਜੇ ਨਹੀਂ ਤਾਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਆਰਐੱਸਐੱਸ-ਬਾਦਲ ਦਲ ਦੇ ਕਬਜ਼ੇ ’ਚੋਂ ਅਜ਼ਾਦ ਕਰਵਾਉਣ ਲਈ ਲਈ ਪੰਥਕ ਵੋਟਾਂ ਦਾ ਵੋਟ ਬੈਂਕ ਉਸਾਰਨ ਲਈ ਕੰਮ ਕਰੋ ਅਤੇ ਆਮ ਆਦਮੀ ਪਾਰਟੀ ਵਰਗੀ ਉਸ ਪਾਰਟੀ ਦੀ ਹਮਾਇਤ ਕਰੋ ਜੋ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਨੂੰ ਸਿਆਸਤ ਤੋਂ ਮੁਕਤ ਨਿਰੋਲ ਧਾਰਮਿਕ ਵਿਅਕਤੀਆਂ ਦੇ ਹੱਥ ਸੌਂਪਣ ਲਈ ਸਹਾਇਕ ਹੋ ਸਕੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਨਿਰੋਲ ਕੱਟੜਵਾਦੀ ਹਿੰਦੂ ਨੀਤੀਆਂ ਅਪਣਾ ਕੇ ਤਾਂ ਭਾਜਪਾ ਵੀ ਹਿੰਦੂ ਬਹੁ ਗਿਣਤੀ ਵਾਲੇ ਸੂਬੇ ਬਿਹਾਰ ਅਤੇ ਦਿੱਲੀ ਵਿੱਚ ਮੂਧੇ ਮੂੰਹ ਡਿੱਗੀ ਹੈ ਤਾਂ ਘੱਟ ਗਿਣਤੀ ਸਿੱਖ, ਵੱਖਵਾਦੀ ਨੀਤੀਆਂ ਅਪਣਾ ਕੇ ਕਿਸ ਤਰ੍ਹਾਂ ਵੋਟਾਂ ਰਾਹੀਂ ਸਤਾ ਹਾਸਲ ਕਰ ਸਕਦੇ ਹਨ। ਜੇ ਸੌਦਾ ਸਾਧ ਵਰਗੇ ਬਿਨਾਂ ਚੋਣ ਲੜਿਆਂ ਆਪਣੇ ਸ਼੍ਰਧਾਲੂਆਂ ਦੀਆਂ ਵੋਟਾਂ ਦੇ ਜੋਰ ਹਰ ਪਾਰਟੀ ਅਤੇ ਹਰ ਸਰਕਾਰ ਨੂੰ ਆਪਣੀਆਂ ਉਂਗਲੀਆਂ ’ਤੇ ਨਚਾ ਰਹੇ ਹਨ ਤਾਂ ਸਿੱਖ ਕਿਉਂ ਨਹੀਂ ਆਪਣੇ ਵੋਟ ਬੈਂਕ ਦੇ ਜੋਰ ਸਿੱਖ ਮਸਲੇ ਹੱਲ ਕਰਵਾ ਸਕਦੇ? ਪਰ ਭਾਈ ਗੁਰਦੀਪ ਸਿੰਘ ਨੂੰ ਇਹ ਸੁਝਾਉ ਪਸੰਦ ਨਾ ਆਇਆ ਅਤੇ ਉਨ੍ਹਾਂ ਆਪਣਾ ਦੋ ਟੁਕ ਫੈਸਲਾ ਸੁਣਾ ਦਿੱਤਾ ਕਿ ਕੁਝ ਵੀ ਹੋਵੇ ਉਹ 2017 ਦੀਆਂ ਚੋਣਾਂ ਹਰ ਹਾਲਤ ਵਿੱਚ ਲੜਨਗੇ।
ਇਸ ਉਪ੍ਰੰਤ 5-6 ਅਕਤੂਬਰ ਨੂੰ ਮੈਂ ਕੁਝ ਪੰਥਕ ਵੈੱਬਸਾਈਟਾਂ ’ਤੇ ਉਕਤ ਭਾਵਨਾ ਨੂੰ ਪ੍ਰਗਟ ਕਰਦਾ ਇੱਕ ਲੇਖ ‘ਸਰਬਤ ਖ਼ਾਲਸਾ ਨੂੰ ਰਾਸ਼ਟਰੀ ਸਿੱਖ ਸੰਗਤ ਦੀ ਹਮਾਇਤ!’ ਪਾਇਆ। ਇਸ ਤੋਂ ਇਲਾਵਾ ਉਸ ਲੇਖ ਵਿੱਚ ਮੁਖ ਤੌਰ ’ਤੇ ਸੁਝਉ ਦਿੱਤਾ ਗਿਆ ਸੀ ਕਿ ਸਰਬਤ ਖ਼ਾਲਸੇ ਵੱਲੋਂ ਆਪਣੇ ਤੌਰ ’ਤੇ ਨਵੇਂ ਜਥੇਦਾਰ ਥਾਪਣ ਦੀ ਕੋਈ ਗਲਤੀ ਨਾ ਕੀਤੀ ਜਾਵੇ। ਕਿਉਂਕਿ ਜੇ ਬਾਦਲ ਦਲ ਵੱਲੋਂ ਜਥੇਦਾਰਾਂ ਦੀ ਨਿਯੁਕਤੀ, ਸੇਵਾ ਨਿਵ੍ਰਿਤੀ, ਕਾਰਜ ਖੇਤਰ ਅਤੇ ਯੋਗਤਾ ਲਈ ਨਿਯਮ ਤਹਿ ਕੀਤੇ ਬਿਨਾਂ ਹੀ ਥਾਪੇ ਗਏ ਜਥੇਦਾਰ ਕੌਮ ਲਈ ਘਾਤਕ ਸਿੱਧ ਹੋ ਰਹੇ ਹਨ ਤਾਂ ਇਨ੍ਹਾਂ ਨਿਯਮਾਂ ਦੀ ਅਣਹੋਂਦ ਵਿੱਚ ਅਣਅਧਿਕਾਰਤ ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਵੀ ਕੌਮ ਦਾ ਕੁਝ ਨਹੀਂ ਸਵਾਰ ਸਕਣਗੇ। 1986 ਦੇ ਸਰਬਤ ਖ਼ਾਲਸੇ ਵੱਲੋਂ ਥਾਪੇ ਗਏ ਜਥੇਦਾਰ ਭਾਈ ਜਸਵੀਰ ਸਿੰਘ ਦਾ ਤਜਰਬਾ ਬੁਰੀ ਤਰ੍ਹਾˆ ਫੇਲ੍ਹ ਹੋ ਚੁੱਕਾ ਹੈ ਜਿਸ ਦਾ ਵਿਸਥਾਰ ਸਹਿਤ ਵੇਰਵਾ ਉਨ੍ਹਾਂ ਦੇ ਹੀ ਰਹਿ ਚੁੱਕੇ ਪੀਏ ਭਾਈ ਹਰਦੀਪ ਸਿੰਘ ਡਿਬਡਿਬਾ ਦੀ ਉਕਤ ਵਰਣਿਤ ਕੀਤੀ ਪੁਸਤਕ ਵਿੱਚ ਪੜ੍ਹਿਆ ਜਾ ਸਕਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸਰਬਤ ਖ਼ਾਲਸਾ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੀ ਸ਼ਮੂਲੀਅਤ ਨੇ ਪ੍ਰਬੰਧਕਾਂ ਦੇ ਹੌਂਸਲੇ ਇਤਨੇ ਵਧਾ ਦਿੱਤੇ ਕਿ ਉਨ੍ਹਾਂ ਸਾਹਮਣੇ ਬੈਠੀ ਸੰਗਤ ਦੀਆਂ ਭਾਵਨਾਵਾਂ ਦੀ ਵੀ ਬਿਨਾਂ ਪ੍ਰਵਾਹ ਕੀਤਿਆਂ ਆਪਣੇ ਵੱਲੋਂ ਤਿੰਨ ਤਖ਼ਤਾਂ ਦੇ ਜਥੇਦਾਰ ਥਾਪ ਦਿੱਤੇ। ਸਮਗਮ ਵਿੱਚ ਸ਼ਾਮਲ ਦਾ ਸੰਗਤ ਦਾ ਕਹਿਣਾ ਹੈ ਕਿ ਸਿਰਫ ਅਕਾਲ ਤਖ਼ਤ ਦੇ ਨਿਯੁਕਤ ਕੀਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਨੂੰ ਹੀ ਸੰਗਤ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ ਜਦ ਕਿ ਉਨ੍ਹਾਂ ਦੀ ਥਾਂ ਨਿਯੁਕਤ ਕੀਤੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਤੇ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਨਾਵਾਂ ਦਾ ਸਟੇਜ ਅਤੇ ਸੰਗਤ ਦੋਵਾਂ ਪਾਸਿਆਂ ਤੋਂ ਹੀ ਵਿਰੋਧ ਜਤਾਇਆ ਗਿਆ।
ਸਰਬਤ ਖ਼ਾਲਸਾ ਬੁਲਾਏ ਜਾਣ ਦੀ ਪ੍ਰੀਕ੍ਰਿਆ ਦਾ ਸਿਰਫ ਪ੍ਰਚਾਰਕਾਂ ਨੇ ਹੀ ਵਿਰੋਧ ਨਹੀਂ ਕੀਤਾ ਬਲਕਿ ਗੁਰਤੇਜ ਸਿੰਘ ਸਾਬਕਾ ਆਈਏਐੱਸ, ਡਾ: ਗੁਰਦਰਸ਼ਨ ਸਿੰਘ ਢਿੱਲੋਂ, ਸ: ਅਜਮੇਰ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਭਾਈ ਹਰਸਿਮਰਨ ਸਿੰਘ, ਡਾ: ਹਰਜਿੰਦਰ ਸਿੰਘ ਦਿਲਗੀਰ, ਆਦਿਕ ਪੰਥਕ ਮੰਨੇ ਜਾ ਰਹੇ ਸਿੱਖ ਬੁਧੀਜੀਵੀਆਂ ਤੋਂ ਇਲਾਵਾ ਸਰਬਤ ਖ਼ਾਲਸਾ ਪ੍ਰਬੰਧਨ ਕਮੇਟੀ ਦੇ ਸ਼ੁਰੂਆਤੀ ਮੈਂਬਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਭਾਈ ਬਲਦੀਪ ਸਿੰਘ ਨੇ ਵੀ ਵਿਰੋਧ ਕੀਤਾ ਅਤੇ ਸਰਬਤ ਖ਼ਾਲਸਾ ਬੁਲਾਏ ਜਾਣ ਲਈ ਅਪਣਾਏ ਜਾਣ ਵਾਲੀ ਵਿਧੀ ਵਿਧਾਨ ਤਹਿ ਕਰਨ ਅਤੇ ਪਾਸ ਕੀਤੇ ਜਾਣ ਵਾਲੇ ਮਤਿਆਂ ਸਬੰਧੀ ਸਰਬਸੰਮਤੀ ਬਣਾਉਣ ਲਈ ਸਮਾ ਦੇਣ ਵਾਸਤੇ ਸਰਬਤ ਖਾਲਸਾ ਨੂੰ ਪਿੱਛੇ ਪਾ ਕੇ 2016 ਦੀ ਵਿਸਾਖੀ ਵਾਲੇ ਦਿਨ ਬੁਲਾਉਣ ਅਤੇ 10 ਨਵੰਬਰ ਵਾਲੇ ਇਕੱਠ ਨੂੰ ਸਰਬਤ ਖ਼ਾਲਸਾ ਤਿਆਰੀ ਸਮਾਗਮ ਦਾ ਨਾਮ ਦੇਣ ਦੀ ਤਜ਼ਵੀਜ ਪੇਸ਼ ਕੀਤੀ। ਪ੍ਰਬੰਧਕਾਂ ਵੱਲੋਂ ਪ੍ਰਵਾਨ ਨਾ ਕਰਨ ’ਤੇ ਉਨ੍ਹਾਂ ਨੇ ਵੀ ਸਰਬਤ ਖ਼ਾਲਸਾ ਵਿੱਚ ਸ਼ਮੂਲੀਅਤ ਨਾ ਕੀਤੀ। ਹੋਰ ਤਾਂ ਹੋਰ ਖ਼ਾਲਸਤਾਨ ਪੱਖੀ ਸ਼੍ਰੋਮਣੀ ਅਕਾਲੀ ਦਲ (ਖ਼ਾਲਸਤਾਨੀ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਦਲ ਖ਼ਾਲਸਾ, ਭਾਈ ਬਲਵੰਤ ਸਿੰਘ ਰਾਜੋਆਣਾ, ਨਾਭਾ ਜੇਲ੍ਹ ਦੇ ਸਿੱਖ ਕੈਦੀਆਂ ਨੇ ਵੀ ਬਿਨਾਂ ਕਿਸੇ ਵਿਧੀ ਵਿਧਾਨ ਬਣਾਇਆਂ ਅਤੇ ਅਪਣਾਇਆਂ ਸਰਬਤ ਖ਼ਾਲਸਾ ਸੱਦੇ ਜਾਣ ਦੀ ਵਿਰੋਧਤਾ ਕੀਤੀ ਅਤੇ ਆਪਣੇ ਆਪ ਨੂੰ ਇਸ ਤੋਂ ਵੱਖ ਰੱਖਿਆ। ਪੰਥਕ ਮਾਮਲਿਆਂ ਸਬੰਧੀ ਚੰਗੀ ਸੂਝ ਰੱਖਣ ਵਾਲੇ ਸਾਬਕਾ ਸੀਨੀਅਰ ਪੱਤਰਕਾਰ ਸ: ਜਸਪਾਲ ਸਿੰਘ ਸਿੱਧੂ ਸਰਬਤ ਖਾਲਸਾ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ ਪਰ ਉਨ੍ਹਾਂ ਨੇ ਉਥੋਂ ਹੀ ਸਰਬਤ ਖਾਲਸਾ ਦੀ ਸਟੇਜ ਦੀ ਕਾਰਵਾਈ ਵਿੱਚ ਰਹੀਆਂ ਊਣਤਾਈਆਂ ਅਤੇ ਪਾਸ ਕੀਤੇ ਮਤਿਆਂ ਦੀਆਂ ਵਿਰੋਧੀਆ ਟਿੱਪਣੀਆਂ ਇੰਟਰਨੈੱਟ ਦੇ ਜ਼ਰੀਏ ਜਾਰੀ ਕਰ ਦਿੱਤੀਆਂ ਸਨ।
ਆਪਣੀ ਅਸਹਿਮਤੀ ਦੇ ਬਾਵਯੂਦ ਪ੍ਰਚਾਰਕਾਂ ਨੇ ਕਿਸੇ ਤਰ੍ਹਾਂ ਵੀ ਸਰਬਤ ਖ਼ਾਲਸਾ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਸਮਾਗਮ ਵਿੱਚ ਸ਼ਾਮਲ ਨਾ ਹੋਣ ਸਬੰਧੀ ਕੋਈ ਅਪੀਲ ਜਾਰੀ ਕੀਤੀ ਭਾਵੇਂ ਕਿ ਉਨ੍ਹਾਂ ਖ਼ੁਦ ਇਸ ਦਾ ਹਿੱਸਾ ਬਣਨ ਤੋਂ ਆਪਣੇ ਆਪਣੇ ਆਪ ਨੂੰ ਦੂਰ ਰੱਖਿਆ। ਉਨ੍ਹਾਂ ਦੀ ਚੁੱਪੀ ਦਾ ਫਾਇਦਾ ਉਠਾਉਂਦਿਆਂ ਸਰਬਤ ਖਾਲਸਾ ਦੇ ਪ੍ਰਬੰਧਕਾਂ ਵੱਲੋਂ ਐਸੀਆਂ ਝੂਠੀਆਂ ਖ਼ਬਰਾਂ ਵੀ ਛਪਵਾਈਆਂ ਕਿ ਪ੍ਰਚਾਰਕਾਂ ਨਾਲ ਹੋਈ ਮੀਟਿੰਗ ਵਿੱਚ ਉਨ੍ਹਾਂ ਦੀਆਂ ਗਲਤ ਫਹਿਮੀਆਂ ਦੂਰ ਹੋ ਗਈਆਂ ਹਨ ਤੇ ਉਹ ਸਰਬਤ ਖ਼ਾਲਸਾ ਵਿੱਚ ਸ਼ਾਮਲ ਹੋਣਗੇ। ਸ਼ੋਸ਼ਿਲ ਮੀਡੀਏ ਵਿੱਚ ਭਾਈ ਪੰਥਪ੍ਰੀਤ ਸਿੰਘ ਦੇ ਨਾਮ ’ਤੇ ਪੋਸਟ ਪਾਈਆਂ ਗਈਆਂ ਜਿਸ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਸਰਬਤ ਖ਼ਾਲਸਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਸੀ। ਇਹ ਪ੍ਰਚਾਰਕਾਂ ਦੀ ਸਿਆਣਪ ਸਮਝੋ ਜਾਂ ਕਮਜੋਰੀ ਕਿ ਉਨ੍ਹਾਂ ਨੇ ਇਨ੍ਹਾਂ ਝੂਠੀਆਂ ਅਫਵਾਹਾਂ ਦਾ ਵੀ ਕੋਈ ਖੰਡਨ ਨਾ ਕੀਤਾ। ਇਸ ਦਾ ਕਾਰਣ ਇਹ ਹੋ ਸਕਦਾ ਹੈ ਕਿ ਪ੍ਰਚਾਰਕਾਂ ਜਿਨ੍ਹਾਂ ਦਾ ਨੇਤਾਗਿਰੀ ਕਰਨ ਜਾਂ ਪਦ ਪਦਵੀਆਂ ਹਾਸਲ ਕਰਨ ਦਾ ਕੋਈ ਇਰਾਦਾ ਹੀ ਨਹੀਂ ਹੈ ਉਨ੍ਹਾਂ ਦਾ ਨਿਸਚਾ ਹੈ ਕਿ ਅਸੀਂ ਦੂਸਰੇ ਦੀ ਵੱਡੀ ਲਕੀਰ ਨੂੰ ਢਾਹ ਕੇ ਆਪਣੀ ਲਕੀਰ ਨੂੰ ਵੱਡਾ ਨਹੀਂ ਵਿਖਾਉਣਾ ਬਲਕਿ ਪ੍ਰਚਾਰ ਰਾਹੀਂ ਸੰਗਤਾਂ ਨੂੰ ਸਿੱਖੀ ਸਿਧਾਂਤ ਨਾਲ ਜੋੜ ਕੇ ਆਪਣੀ ਲਕੀਰ ਨੂੰ ਵੱਡਾ ਕਰਨਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਸਿੱਖ ਸੰਗਤ ਸੱਚਮੁਚ ਸਿੱਖੀ ਸਿਧਾਂਤ ਜੁੜ ਜਾਵੇਗੀ ਉਸ ਸਮੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਹਮੇਸ਼ਾਂ ਪ੍ਰੇਰਣਾ ਲੈਂਦੀ ਰਹੇਗੀ ਤੇ ਕਦੀ ਵੀ ਪਦ ਪਦਵੀਆਂ ਜਾਂ ਹੋਰ ਕਿਸੇ ਕਿਸਮ ਦੇ ਦੁਨੀਆਵੀ ਲਾਲਚ ਜਾਂ ਡਰ ਭਉ ਵਿੱਚ ਆ ਕੇ ਗਲਤ ਬੰਦਿਆਂ ਦੀ ਚੋਣ ਨਹੀ ਕਰੇਗੀ। ਉਸ ਸਮੇਂ ਨਸ਼ਿਆਂ ਬਦਲੇ ਵੋਟ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੋਵੇਗਾ। ਸੰਗਤ ਦੀ ਐਸੀ ਕਿਰਦਾਰ ਉਸਾਰੀ ਤੋਂ ਬਿਨਾਂ ਕੋਈ ਵੀ ਬਦਲਾਉ ਸੰਭਵ ਨਹੀਂ ਹੋਵੇਗਾ। ਜਦੋਂ ਕਿ ਦੂਸਰੀ ਧਿਰ ਕੇਵਲ ਜ਼ਜ਼ਬਾਤੀ ਨਾਹਰਿਆਂ ਰਾਹੀਂ ਸਤਾ ਹਾਸਲ ਕਰਨ ਦੇ ਸੁਪਨੇ ਲੈਂਦੀ ਰਹਿੰਦੀ ਹੈ। ਆਪਣੇ ਆਪ ਨੂੰ ਸਤਾ ਦੇ ਨਜ਼ਦੀਕ ਪਹੁੰਚਦਾ ਵੇਖਣ ਲਈ ਆਪਣੇ ਦੂਸਰੇ ਨੇੜੇ ਦੇ ਸਾਥੀਆਂ ਨੂੰ ਪਛਾੜਨ ਦੀ ਅੰਨ੍ਹੀ ਦੌੜ ਵਿੱਚ ਉਨਾਂ ਦੇ ਸਰੀਰਕ ਨੁਕਸਾਨ ਅਤੇ ਜਾਤੀ ਚਿੱਕੜ ਉਛਾਲੀ ਕਰਨ ਤੋਂ ਅੱਗੇ ਲੰਘ ਕੇ ਉਨ੍ਹਾਂ ਨੂੰ ਮਾਤ ਪਾਉਣ ਲਈ ਵਿਰੋਧੀਆਂ ਦੀ ਹਿਮਾਇਤ ਲੈਣ ਤੋਂ ਵੀ ਕਦੀ ਗੁਰੇਜ ਨਹੀਂ ਕਰਦੇ ਜਿਸ ਤਰ੍ਹਾਂ ਕਿ ਭਾਈ ਹਰਦੀਪ ਸਿੰਘ ਡਿਬਡਿਬਾ ਨੇ ਆਪਣੀ ਪੁਸਤਕ ਵਿੱਚ ਵਿਸਥਾਰ ਸਹਿਤ ਲਿਖਿਆ ਹੈ। ਇਹੋ ਢੰਗ ਇਨ੍ਹਾਂ ਨੇ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਅਤੇ ਪਿੱਛੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਬਦਨਾਮ ਕਰਨ ਲਈ ਵਰਤਿਆ। ਝੂਠੇ ਦੋਸ਼ ਲਾ ਰਹੇ ਹਨ ਕਿ ਇਨ੍ਹਾਂ ਨੇ ਲਿਖਤੀ ਭਰੋਸਾ ਦੇਣ ਉਪ੍ਰੰਤ ਸਰਬਤ ਖ਼ਾਲਸਾ ਵਿੱਚ ਸ਼ਮੂਲੀਅਤ ਨਾ ਕਰ ਕੇ ਬਾਦਲ ਦਲ ਨਾਲ ਕੀਤੇ ਸਮਝੌਤੇ ਤਹਿਤ ਪੰਥ ਨਾਲ ਗਦਾਰੀ ਕੀਤੀ ਹੈ। ਜਦੋਂ ਕਾਫੀ ਸਾਰਾ ਭੰਡੀ ਪ੍ਰਚਾਰ ਕੀਤਾ ਜਾ ਚੁੱਕਾ ਸੀ ਤਾਂ ਮਾਨ ਸਾਹਿਬ ਨੇ ਇਹ ਬਿਆਨ ਵੀ ਦੇ ਦਿੱਤਾ ਕਿ ਪ੍ਰਚਾਰਕਾਂ ਵੱਲੋਂ ਸ਼ਮੂਲੀਅਤ ਨਾ ਕਰਨ ਪਿੱਛੇ ਕੋਈ ਹੋਰ ਕਾਰਨ ਹੋ ਸਕਦੇ ਹਨ ਪਰ ਗਦਾਰੀ ਨਹੀਂ। ਇਸ ਲਈ ਉਨ੍ਹਾਂ ਵਿਰੁੱਧ ਸ਼ੋਸ਼ਿਲ ਮੀਡੀਏ ’ਤੇ ਭੰਡੀ ਪ੍ਰਚਾਰ ਨਾ ਕੀਤਾ ਜਾਵੇ। ਸ਼ਾਇਦ ਉਨ੍ਹਾਂ ਦਾ ਭਾਵ ਹੋਵੇਗਾ ਕਿ ਜਿਸ ਤਰਾਂ ਪਹਿਲਾਂ ਉਨ੍ਹਾਂ ਨੇ ਪ੍ਰਚਾਰਕਾਂ ਵਿਰੁੱਧ ਭੰਡੀ ਪ੍ਰਚਾਰ ਕਰ ਕੇ ਸ਼ਹੀਦੀ ਸਮਾਗਮ ਮੌਕੇ ਉਨ੍ਹਾਂ ਨੂੰ ਆਪਣੇ ਸ਼ੋ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ ਸੀ ਉਸੇ ਤਰ੍ਹਾਂ ਹੁਣ ਵੀ ਸਰਬਤ ਖ਼ਾਲਸੇ ਦੇ ਪ੍ਰੋਗਰਾਮ ਨਾਲ ਸਹਿਮਤੀ ਹਾਸਲ ਕਰਨ ਵਿੱਚ ਕਾਮਯਾਬੀ ਮਿਲ ਜਾਵੇਗੀ।
ਇਹ ਲੇਖ ਲਿਖਣ ਤੋਂ ਮੈਂ ਆਪਣੇ ਆਪ ਨੂੰ ਕਾਫੀ ਸਮੇਂ ਤੋਂ ਇਸ ਕਾਰਣ ਰੋਕੀ ਰੱਖਿਆ ਸੀ ਕਿ ਸ਼ਾਇਦ ਇਸ ਨੂੰ ਸਰਬਤ ਖਾਲਸੇ ਦੇ ਵਿਰੋਧ ਵਿੱਚ ਨਾ ਵਰਤਿਆ ਜਾਂ ਸਮਝਆਿ ਜਾਵੇ। ਹੁਣ ਕਿਉੁਂਕਿ ਸਰਬਤ ਖ਼ਾਲਸੇ ਨੇ ਜੋ ਨੁਕਸਾਨ ਪੰਥ ਦਾ ਕੀਤਾ ਹੈ ਉਹ ਸਭ ਦੇ ਸਾਹਮਣੇ ਆ ਚੁੱਕਾ ਹੈ। ਬਾਦਲ ਸਮੇਤ ਉਸ ਦੇ ਦਲ ਦੇ ਸਾਰੇ ਆਗੂ ਆਪਣੇ ਆਪ ਨੂੰ ਇਤਨਾ ਘਿਰਿਆ ਸਮਝ ਰਹੇ ਸਨ ਕਿ ਕਿਸੇ ਦੀ ਹਿੰਮਤ ਨਹੀ ਸੀ ਪੈਂਦੀ ਕਿ ਉਹ ਆਪਣੇ ਘਰਾਂ ਵਿੱਚੋਂ ਨਿਕਲ ਕੇ ਲੋਕਾਂ ਵਿੱਚ ਵਿਚਰ ਸਕਣ। ਸਰਬਤ ਖ਼ਾਲਸੇ ਨੇ ਮਰੇ ਹੋਏ ਬਾਦਲ ਦਲੀਆਂ ਵਿੱਚ ਜਾਨ ਪਾ ਦਿੱਤੀ ਤੇ ਉਨ੍ਹਾਂ ਦੇ ਹੱਥ ਓਹੀ ਘਸਿਆ ਪਿਟਿਆ ਮੁੱਦਾ ਫਿਰ ਫੜਾ ਦਿੱਤਾ ਕਿ ਸਰਬਤ ਖਾਲਸਾ ਕਾਂਗਰਸ ਦਾ ਸ਼ੋ ਹੈ ਅਤੇ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ। ਸਰਬਤ ਖਾਲਸਾ ਦੇ ਪ੍ਰਬੰਧਕਾਂ ਅਤੇ ਨਵਨਿਯੁਕਤ ਜਥੇਦਾਰਾਂ ਵਿਰੁੱਧ ਦੋਸ਼ ਧਰੋਹੀ ਦੇ ਕੇਸ ਦਰਜ ਕਰ ਕੇ ਜੇਲ੍ਹ ਵਿੱਚ ਸੁੱਟ ਦਿੱਤੇ। ਮਾਨ ਸਾਹਿਬ ਨੂੰ ਉਸ ਦੀ ਔਕਾਤ ਵਿਖਾਉਣ ਲਈ ਖੁਲ੍ਹਾ ਛੱਡ ਦਿੱਤਾ ਅਤੇ ਸੁਖਬੀਰ ਬਾਦਲ ਖੁਲ੍ਹੇ ਤੌਰ ’ਤੇ ਵੰਗਾਰ ਰਿਹਾ ਹੈ ਕਿ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਸਾਡੇ ਵਰਕਰਾਂ ਦੀ ਹਵਾ ਵੱਲ ਝਾਕ ਕੇ ਵੇਖੇ। ਜਥੇਦਾਰਾਂ ਨੂੰ ਛੁਡਾਉਣ ਲਈ ਸੜਕਾਂ ’ਤੇ ਜਾਮ ਲਾਉਣ ਦੇ ਸੱਦੇ ਬੇਅਸਰ ਹੋ ਕੇ ਰਹਿ ਗਏ। ਖੁਦ ਜਥੇਦਾਰ ਮੰਡ ਵੱਲੋਂ 23 ਨਵੰਬਰ ਨੂੰ ਪੰਜਾਬ ਬੰਦ ਦਾ ਦਿੱਤਾ ਸੱਦਾ ਬੇਅਸਰ ਰਿਹਾ। ਜਿਥੇ ਮਾਨ ਸਾਹਿਬ ਕਹਿ ਰਹੇ ਹਨ ਕਿ ਕਿਸੇ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਸਰਬਤ ਖ਼ਾਲਸਾ ਖਾਲਸਤਾਨ ਦੀ ਮੰਗ ’ਤੇ ਮੋਹਰ ਲਾਉਣ ਲਈ ਹੀ ਸੀ। ਉਥੇ ਗੁਰਦੀਪ ਸਿੰਘ ਬਠਿੰਡਾ ਸਪਸ਼ਟੀਕਰਨ ਦੇ ਰਹੇ ਹਨ ਕਿ ਸਰਬਤ ਖਾਲਸਾ ਵਿੱਚ ਖਾਲਤਸਾਨ ਦੀ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਉਥੇ ਪਾਸ ਕੀਤੇ 13 ਮਤਿਆਂ ਵਿੱਚ ਖਾਲਸਤਾਨ ਦਾ ਕੋਈ ਜਿਕਰ ਹੈ। ਕੀ ਇਨ੍ਹਾਂ ਦੋ ਮੁਖ ਆਗੂਆਂ ਦਾ ਦੋਗਲਾਪਣ ਹੈ ਜਾਂ ਸਰਬਤ ਖਾਲਸਾ ਤੋਂ ਪਹਿਲਾਂ ਕਿਸੇ ਸਟੀਕ ਨੀਤੀ ਘੜਨ ਦੀ ਅਣਹੋਂਦ। ਜੇ ਦੋ ਮੁਖ ਆਗੂਆਂ ਦੇ ਵੀਚਾਰਾਂ ਵਿੱਚ ਹੀ ਕੋਈ ਸੁਮੇਲ ਨਹੀਂ ਹੈ ਤਾਂ ਇਹ ਕਿਸ ਤਰ੍ਹਾਂ ਦਾਅਵਾ ਕਰ ਸਕਦੇ ਹਨ ਕਿ ਸਰਬਤ ਖਾਲਸਾ ਵਿੱਚ ਸ਼ਾਮਲ 5 ਲੱਖ ਤੋਂ ਵੱਧ ਸਿੱਖਾਂ ਨੇ ਇੱਕ ਮੱਤ ਹੋ ਕੇ ਮਤੇ ਪਾਸ ਕੀਤੇ। ਐਸਾ ਹੈ ਵੀ ਨਹੀਂ। ਕਿਉਂਕਿ ਜੇ ਐਸਾ ਹੁੰਦਾ ਤਾਂ ਜਥੇਦਾਰ ਅਤੇ ਪ੍ਰਬੰਧਕਾਂ ਵਿੱਰੁਧ ਸਰਾਸਰ ਗਲਤ ਤੌਰ ’ਤੇ ਦਰਜ ਕੀਤੇ ਦੋਸ਼ ਧ੍ਰੋਹ ਦੇ ਕੇਸ ਰੱਦ ਕਰਕੇ ਰਿਹਾਅ ਕਰਨ ਦੀ ਮੰਗ ਲੈ ਕੇ ਜੇ ਪੰਜ ਲੱਖ ਨਹੀਂ ਤਾਂ ਕਿਧਰੇ 50000 ਬੰਦੇ ਹੀ ਧਰਨਾ ਲਾ ਕੇ ਬੈਠਦੇ। ਕੀ ਇਸ ਨਾਕਾਮੀ ਦਾ ਸਾਰਾ ਠੀਕਰਾ ਇਹ ਲੋਕ ਸਿਰਫ ਪ੍ਰਚਾਰਕਾਂ ਸਮੇਤ ਉਨ੍ਹਾਂ ਲੋਕਾਂ ’ਤੇ ਭੰਨਣਾ ਚਾਹੁੰਦੇ ਹਨ ਜਿਨ੍ਹਾਂ ਦੀ ਕੀਮਤੀ ਰਾਇ ਨੂੰ ਦਰਕਿਨਾਰ ਕਰਕੇ ਆਪਹੁਦਰੇ ਫੈਸਲੇ ਕਰਕੇ ਖ਼ੁਦ ਨੂੰ ਜੇਲ੍ਹਾਂ ਵਿੱਚ ਬੰਦ ਕਰਵਾ ਲਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਅਹਿਮ ਮੁੱਦਾ ਕੇਵਲ ਆਗੂਆਂ ਦੀ ਰਿਹਾਈ ਦੀ ਮੰਗ ਤੱਕ ਸੀਮਤ ਕਰ ਦਿੱਤਾ ਅਤੇ ਬਾਦਲਕਿਆਂ ਨੂੰ ਫਿਰ ਲਲਕਾਰੇ ਮਾਰਨ ਦਾ ਮੌਕਾ ਦੇ ਦਿੱਤਾ।
ਮੇਰੀ ਪ੍ਰਚਾਰਕਾਂ ਨੂੰ ਸਲਾਹ ਹੈ ਕਿ ਜਿਨਾਂ ਜਲਦੀ ਹੋ ਸਕੇ ਉਤਨੀ ਹੀ ਜਲਦੀ ਗੁਰਮਤਿ ਦੇ ਸਾਰੇ ਪ੍ਰਚਾਰਕਾਂ, ਮਿਸ਼ਨਰੀ ਕਾਲਜਾਂ, ਹੋਰ ਸਿੱਖ ਸੰਸਥਾਵਾਂ ਅਤੇ ਗੁਰਮਤਿ ਤੇ ਸਿੱਖ ਇਤਿਹਾਸ ਦੇ ਗਿਆਤਾ ਵਿਦਵਾਨਾਂ/ਬੁਧੀਜੀਵੀਆਂ ਜਿਹੜੇ ਨਾਨਕਸ਼ਾਹੀ ਕੈਲੰਡਰ (2003) ਅਤੇ ਸਿੱਖ ਰਹਿਤ ਮਰਿਆਦਾ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਮੁਖ ਰੱਖ ਕੇ ਸੰਭਾਵੀ ਸੋਧ ਹੋਣ ਤੱਕ ਹੂਬਹੂ ਲਾਗੂ ਕਰਵਾਉਣ ਦੀ ਹਾਮੀ ਭਰਨ; ਉਨ੍ਹਾਂ ਦੀ ਸਾਂਝੀ ਮੀਟਿੰਗ ਸੱਦ ਕੇ ਲੰਬੇ ਸਮੇਂ ਦੀ ਨੀਤੀ ਤਿਆਰ ਕੀਤੀ ਜਾਵੇ। ਇਸ ਤਰ੍ਹਾਂ ਤਿਆਰ ਕੀਤੀ ਨੀਤੀ ਨੂੰ ਮੀਡੀਏ, ਸ਼ੋਸ਼ਿਲ ਮੀਡੀਏ ਰਾਹੀ ਦੇਸ਼ ਵਿਦੇਸ਼ ਦੇ ਸਿੱਖਾਂ ਤੱਕ ਪਹੁੰਚਾ ਕੇ ਉਸ ਨੂੰ ਹੁਣੇ ਤੋਂ ਅਮਲ ਵਿੱਚ ਲਿਆਉਣ ਲਈ ਕਾਰਜਸ਼ੀਲ ਹੋ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਸ਼੍ਰੋਮਣੀ ਕਮੇਟੀ ਵਿੱਚ ਗੁਰਮਤਿ ਦੇ ਧਾਰਨੀ ਅਤੇ ਕਹਿਣੀ ਕਥਨੀ ਦੇ ਪੂਰੇ ਗੁਰਸਿੱਖਾਂ ਨੂੰ ਭੇਜਣ ਵਿੱਚ ਸਫਲਤਾ ਹਾਸਲ ਕਰਕੇ ਪੰਥ ਦੀਆਂ ਸ਼੍ਰੋਮਣੀ ਸੰਸਥਾਵਾਂ ਨੂੰ ਗੰਦੀ ਰਾਜਨੀਤੀ ਅਤੇ ਪੰਥ ਵਿਰੋਧੀਆਂ ਸ਼ਕਤੀਆਂ ਦੇ ਗਲਬੇ ਤੋਂ ਮੁਕਤ ਕਰਵਾ ਕੇ ਸੁਧਾਰ ਵੱਲ ਕਦਮ ਵਧਾਉਣੇ ਸ਼ੁਰੂ ਕੀਤੇ ਜਾ ਸਕਣ।
ਕਿਰਪਾਲ ਸਿੰਘ ਬਠਿੰਡਾ
ਸਿੱਖ ਪ੍ਰਚਾਰਕਾਂ ਵੱਲੋਂ ਸਰਬਤ ਖ਼ਾਲਸਾ ਤੋਂ ਦੂਰੀ ਬਣਾਉਣ ਅਤੇ ਇਸ ਸਬੰਧੀ ਧਾਰੀ ਚੁੱਪੀ ਦੇ ਕੁਝ ਕਾਰਣ
Page Visitors: 2650