ਕੁਝ ਬੰਦਿਆਂ ਨੂੰ ਮੁੜ-ਮੁੜ ਕੇ ਆਗੂ ਬਨਾਉਣ ਦੀ ਕਵਾਇਦ !
ਪਿਛਲੇ ਲੰਮੇ ਸਮੇ ਤੋਂ ਇਹ ਕੁਝ ਹੁੰਦਾ ਆ ਰਿਹਾ ਹੈ ਕਿ, ਕੁਝ ਲੋਕਾਂ ਵਲੋਂ (ਜੋ ਲੀਡਰਾਂ ਵਿਚਲੀਆਂ ਖੂਬੀਆਂ ਤੋਂ ਅਣਜਾਣ ਹਨ) ਕਿਸੇ ਨਾ ਕਿਸੇ ਬੰਦੇ ਨੂੰ ਪੰਥ ਦੀ ਅਗਵਾਈ ਲਈ ਪਰਮੋਟ ਕੀਤਾ ਜਾਂਦਾ ਹੈ, ਕੁਝ ਸਮੇ ਮਗਰੋਂ ਉਹੀ ਬੰਦੇ ਕਿਸੇ ਦੂਸਰੇ ਆਗੂ ਦਾ ਨਾਮ ਉਛਾਲਦੇ ਨਜ਼ਰ ਆਉਂਦੇ ਹਨ। ਏਸੇ ਆਹਰ ਵਿਚ ਅਸੀਂ ਬਹੁਤ ਲੰਮਾ ਸਮਾ ਜ਼ਾਇਆ ਕਰ ਚੁੱਕੇ ਹਾਂ, ਹਰ ਪਲ ਪੰਥ ਦੀ ਬੇੜੀ ਵਿਚਲੇ ਪੱਥਰ ਵਧਦੇ ਜਾ ਰਹੇ ਹਨ, ਪਰ ਅਸੀਂ ਆਪਣੀ ਆਦਤ ਤੋਂ ਮਜਬੂਰ, ਇਹ ਵਿਚਾਰ ਨਹੀਂ ਛੱਡ ਸਕਦੇ ਕਿ ਆਗੂ ਹੋਵੇ ਤਾਂ ਸਾਡੇ ਧੜੇ ਦਾ ਹੋਵੇ।
ਕਿਸੇ ਵੇਲੇ ਪ੍ਰੋ. ਦਰਸ਼ਨ ਸਿੰਘ ਜੀ ਦਾ ਨਾਮ ਬਹੁਤ ਉਛਾਲਿਆ ਗਿਆ ਸੀ, ਪਰ ਅੱਜ ਉਹੀ ਲੋਕ ਪ੍ਰੋ. ਸਾਹਿਬ ਦਾ ਸਾਥ ਛੱਡ ਗਏ ਹਨ। ਮੈਂ ਵੀ ਪ੍ਰੋ. ਸਾਹਿਬ ਦਾ ਬਹੁਤ ਪ੍ਰਸ਼ੰਸਕ ਹਾਂ ਅਤੇ ਜਾਣਦਾ ਹਾਂ ਕਿ ਜੇ ਗੁਰਮਤਿ ਪਰਚਾਰ ਦੀ ਕਮਾਨ ਪ੍ਰੋ. ਸਾਹਿਬ ਅਤੇ ਕੁਝ ਹੋਰ ਸੁਲਝੇ ਪਰਚਾਰਕਾਂ ਦੇ ਹੱਥ ਦੇ ਕੇ, ਸਾਰੇ ਪਰਚਾਰਕਾਂ ਨੂੰ ਉਨ੍ਹਾਂ ਦੇ ਅਧੀਨ ਚੱਲਣ ਦੀ ਵਿਉਂਤ-ਬੰਦੀ ਕਰ ਲਈਏ ਤਾਂ, ਅੱਜ ਦੇ ਗੁਰਮਤਿ ਪਰਚਾਰ ਰਾਹੀਂ ਹਾਸਲ ਕੀਤੀ ਜਾਂਦੀ ਕਾਮਯਾਬੀ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਕਾਮਯਾਬੀ ਹਾਸਲ ਕਰ ਸਕਦੇ ਹਾਂ। ਅੱਜ ਤਾਂ ਇਕ ਪਰਚਾਰਕ ਸੰਗਤ ਸਾਮ੍ਹਣੇ ਗੁਰਮਤਿ ਦਾ ਕੋਈ ਸਿਧਾਂਤ ਰਖਦਾ ਹੈ ਅਤੇ ਦੂਸਰੇ ਦਿਨ ਹੀ ਓਸੇ ਸੰਗਤ ਸਾਮ੍ਹਣੇ ਕੋਈ ਦੂਸਰਾ ਪਰਚਾਰਕ ਕੋਈ ਦੂਸਰਾ ਹੀ ਸਿਧਾਂਤ ਰਖਦਾ ਹੈ ਇਵੇਂ ਸੰਗਤ ਭੰਬਲ-ਭੁਸੇ ਵਿਚ ਕੁਝ ਵੀ ਸਮਝਣ ਤੋਂ ਅਸਮਰੱਥ ਰਹਿੰਦੀ ਹੈ। ਹਰ ਡੇਰੇ, ਹਰ ਟਕਸਾਲ, ਹਰ ਸੰਸਥਾ ਦੇ ਆਪਣੇ ਪੰਜ ਪਿਆਰੇ ਹਨ, ਜੋ ਖੰਡੇ-ਬਾਟੇ ਦੀ ਪਾਹੁਲ ਵੇਲੇ, ਆਪਣੇ-ਆਪਣੇ ਮਾਲਕਾਂ ਦੀ ਮਰਯਾਦਾ ਦਾ ਹੀ ਪਰਚਾਰ ਕਰਦੇ ਹਨ, ਜਿਸ ਨਾਲ ਇਕ ਪਾਸੇ ਤਾਂ ਮਰਯਾਦਾ ਦਾ ਮਜ਼ਾਕ ਬਣਦਾ ਹੈ ਅਤੇ ਦੂਸਰੇ ਪਾਸੇ ਮਰਯਾਦਾ ਦੇ ਨਾਮ ਤੇ ਪੰਥ ਸੈਂਕੜੇ ਹਿੱਸਿਆਂ ਵਿਚ ਵੰਡਿਆ ਪਿਆ ਹੈ । ਜੇ ਇਹ ਸਾਰਾ ਕੁਝ ਚੰਦ ਲਾਇਕ ਬੰਦਿਆਂ ਦੇ ਅਧੀਨ ਹੋਵੇ ਤਾਂ ਸਾਰੀ ਮਰਯਾਦਾ ਇਕਸਾਰ ਹੋ ਸਕਦੀ ਹੈ, ਪਰਚਾਰ ਦਾ ਸੁਚੱਜਾ ਅਸਰ ਹੋ ਸਕਦਾ ਹੈ।
ਸ. ਗੁਰਤੇਜ ਸਿੰਘ ਜੀ ਅਇੀ.ਏ.ਐਸ. ਹਨ। ਇਕ ਚੰਗੇ ਪਰਸ਼ਾਸਨਿਕ ਅਧਿਕਾਰੀ ਹਨ, ਉਨ੍ਹਾਂ ਦੇ ਨਾਲ ਇਸ ਫੀਲਡ ਦੇ ਕੁਝ ਹੋਰ ਬੰਦੇ ਜੋੜ ਕੇ ਪੰਥ ਦੀਆਂ ਪਰਸ਼ਾਸਨਿਕ ਲੋੜਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ।
ਡਾ. ਗੁਰਦਰਸ਼ਨ ਸਿੰਘ ਢਿਲੋਂ ਜੀ, ਡਾ. ਹਰਜਿੰਦਰ ਸਿੰਘ ਦਿਲਗੀਰ ਜੀ, ਡਾ. ਸੰਗਤ ਸਿੰਘ ਜੀ ਇਤਿਹਾਸ ਦੇ ਮਾਹਰ ਹਨ, ਇਨ੍ਹਾਂ ਦੇ ਨਾਲ ਇਸ ਫੀਲਡ ਦੇ ਕੁਝ ਹੋਰ ਬੰਦੇ ਜੋੜ ਕੇ, ਵਿਗੜਿਆ ਹੋਇਆ ਸਿੱਖ ਇਤਿਹਾਸ ਸੁਧਾਰਿਆ ਜਾ ਸਕਦਾ ਹੈ ।
ਗਿਆਨੀ ਸੁਰਜੀਤ ਸਿੰਘ ਜੀ, ਦਿੱਲ਼ੀ ਵਾਲਿਆਂ ਨਾਲ ਕੁਝ ਹੋਰ ਬੰਦੇ ਲਾ ਕੇ ਪ੍ਰੋ. ਸਾਹਿਬ ਸਿੰਘ ਜੀ ਵਲੋਂ ਸ਼ੁਰੂ ਕੀਤਾ ਗੁਰਬਾਣੀ ਵਿਆਖਿਆ ਦਾ ਕੰਮ ਅਗਾਂਹ ਵਧਾਇਆ ਜਾ ਸਕਦਾ ਹੈ, ਜਿਸ ਨਾਲ ਅੱਜ ਮਾਰਕਿਟ ਵਿਚ ਆ ਰਹੀ ਰੰਗਾ-ਰੰਗ ਵਿਆਖਿਆ ਤੋਂ ਬਚਿਆ ਜਾ ਸਕਦਾ ਹੈ।
ਇਵੇਂ ਹੀ ਪੜ੍ਹਾਈ ਦੇ ਖੇਤਰ ਵਿਚ , ਆਰਥਿਕਤਾ ਦੇ ਖੇਤਰ ਵਿਚ, ਵਪਾਰ ਦੇ ਖੇਤਰ ਵਿਚ ਅਤੇ ਖੇਡਾਂ ਆਦਿ ਦੇ ਖੇਤਰ ਵਿਚ, ਇਨ੍ਹਾਂ ਦੇ ਮਾਹਰਾਂ ਤੋਂ ਕੰਮ ਲੈ ਕੇ, ਪੰਥਿਕ ਨੌਜਵਾਨਾਂ ਨੂੰ ਅੱਜ ਦੇ ਹਾਣੀ ਬਣਾਇਆ ਜਾ ਸਕਦਾ ਹੈ। ਮੁਕਦੀ ਗੱਲ ਇਹ ਹੈ ਕਿ ਇਹ ਸਭ ਕੁਝ ਸੰਯੁਕਤ ਪ੍ਰਯਾਸ ਦਾ ਮੁਹਤਾਜ ਹੈ।
ਪਿਛਲੇ ਦਿਨਾਂ ਵਿਚ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਚੱਲੀ (ਜੋ ਅੱਜ ਵੀ ਜਾਰੀ ਹੈ) ਤਾਂ ਸਿੱਖਾਂ ਵਿਚ ਰੋਹ ਜਾਗਣਾ ਸੁਭਾਵਕ ਹੀ ਸੀ, ਤਾਂ ਇਹ ਘੋਖ ਕਰਨ ਦੀ ਥਾਂ ਕਿ, ਇਨ੍ਹਾਂ ਵਿਚੋਂ ਕਿਹੜੇ ਅਗਵਾਈ ਕਰਨ ਦੇ ਲਾਰਿਕ ਹਨ ? ਉਨ੍ਹਾਂ ਨੂੰ ਅੱਗੇ ਲਿਆਂਦਾ ਜਾਵੇ, ਕੁਝ ਬੰਦਿਆਂ ਨੇ ਇਸ ਲਹਿਰ ਤੇ ਵੀ ਆਪਣੀ-ਆਪਣੀ ਪਸੰਦ ਦੇ ਆਗੂ ਥੋਪ ਦਿੱਤੇ, ਨਤੀਜਾ ਓਹੀ ਹੋਇਆ ਜੋ ਇਕ ਮਰੀਜ਼ ਦਾ ਇਕ ਨੀਮ-ਹਕੀਮ ਦੇ ਪੱਲੇ ਪੈ ਕੇ ਹੁੰਦਾ ਹੈ। ਚਲੋ ਕੋਈ ਗੱਲ ਨਹੀਂ, ਉਹ ਵਿਚਾਰੇ ਏਡੀ ਵੱਡੀ ਜ਼ਿੱਮੇਵਾਰੀ ਦੇ ਲਾਇਕ ਨਹੀਂ ਸਨ, ਉਨ੍ਹਾਂ ਨੂੰ ਜ਼ਬਰਦੱਸਤੀ ਅੱਗੇ ਲਾਇਆ ਗਿਆ ਸੀ, ਉਹ ਤਾਂ ਆਪ ਆਖ ਰਹੇ ਹਨ ਕਿ ਅਸੀਂ ਨੇਤਾਗੀਰੀ ਨਹੀਂ ਕਰਨੀ, ਅਸੀਂ ਤਾਂ ਪਰਚਾਰ ਕਰਨਾ ਹੈ। ਪਰ ਗੱਲ ਤਾਂ ਇਹ ਹੈ ਕਿ ਅੱਜ ਫਿਰ ਕੁਝ ਬੰਦੇ ਉਨ੍ਹਾਂ ਨੂੰ ਖਿੱਚ-ਖਿੱਚ ਕੇ ਅੱਗੇ ਲਗਾ ਰਹੇ ਹਨ, ਚੰਗਾ ਇਹੀ ਹੈ ਕਿ ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਉ, ਜ਼ਬਰਦਸਤੀ ਉਨ੍ਹਾਂ ਨੂੰ ਕਮਾਂਡਰ ਬਣਾ ਕੇ, ਉਨ੍ਹਾਂ ਦੇ ਮੱਥੇ ਤੇ ਭਗੌੜੇ ਦਾ ਠੱਪਾ ਨਾ ਲਾਉ।
ਪੰਥ ਨੂੰ ਸਿੱਧੇ ਰਾਹੇ ਪਾਉਣ ਦਾ ਕੰਮ ਸੂਝਵਾਨਾਂ ਦਾ ਹੈ, ਇਹ ਕੰਮ ਉਨ੍ਹਾਂ ਨੂੰ ਹੀ ਕਰਨ ਦਿਉ, ਜੇ ਤੁਹਾਡੇ ਵਿਚ ਲਿਆਕਤ ਹੈ ਤਾਂ ਅੱਗੇ ਆਉ, ਨਹੀਂ ਤਾਂ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਉਨ੍ਹਾਂ ਦੇ ਕੰਮ ਵਿਚ ਟੰਗ ਅੜਾਉਣੀ ਹੈ, ਤੁਸੀਂ ਉਹੀ ਕੰਮ ਕਰੋ ਜਿਸ ਦੇ ਤੁਸੀਂ ਮਾਹਰ ਹੋ, ਇਸ ਵਿਚ ਹੀ ਪੰਥ ਦੀ ਭਲਾਈ ਹੈ।
ਜਿਹੜਾ ਬੰਦਾ ਵੀ ਅਗਵਾਈ ਕਰਨਾ ਚਾਹੁੰਦਾ ਹੋਵੇ, ਉਹ ਅੱਗੇ ਆਵੇ, ਉਸ ਦਾ ਸਵਾਗਤ ਹੈ, ਪਰ ਉਹ ਦੂਸਰਿਆਂ ਦੀਆਂ ਵਸਾਖੀਆਂ ਘਰੇ ਰੱਖ ਕੇ ਆਵੇ, ਇਸ ਪਿੜ ਵਿਚ ਉਸ ਦੀ ਕਦਰ, ਉਸ ਦੀ ਲਿਆਕਤ ਆਸਰੇ ਹੋਣੀ ਹੈ, ਉਸ ਦੇ ਪਿੱਛੇ ਦਿਸਦੇ ਸਿਰਾਂ ਆਸਰੇ ਨਹੀਂ ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਕੁਝ ਬੰਦਿਆਂ ਨੂੰ ਮੁੜ-ਮੁੜ ਕੇ ਆਗੂ ਬਨਾਉਣ ਦੀ ਕਵਾਇਦ !
Page Visitors: 2698