ਬੌਧਿਕ ਪੱਧਰ ਨੂੰ ਉੱਚਾ ਚੁੱਕਣਾ ਜ਼ਰੂਰੀ…
ਅੱਜ ਜਦੋਂ ਸਮਾਜ ’ਚ ਚਾਰੇ ਪਾਸੇ ਆ ਚੁੱਕੇ ਨਿਘਾਰ ਤੇ ਖ਼ਾਸ ਕਰਕੇ ਨੌਜਵਾਨ ਪੀੜੀ ਦੇ ਕੁਰਾਹੇ ਪੈਣ ਬਾਰੇ ਚਿੰਤਾ ਤੇ ਚਿੰਤਨ ਕਰਦੇ ਹਾਂ ਤਾਂ ਗੁਰਬਾਣੀ ਦਾ ਮਹਾਂਵਾਕ ‘‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’’ ਕੰਨਾਂ ’ਚ ਗੂੰਜਦਾ ਹੈ। ਗੁਰੂ ਸਾਹਿਬ ਨੇ ਪਰਉਪਕਾਰ ਨੂੰ ਵਿਦਿਆ ਦੇ ਵਿਚਾਰਨ ਨਾਲ ਜੋੜਿਆ ਹੈ। ਜਿਸਦਾ ਸਿੱਧਾ ਤੇ ਸਪੱਸ਼ਟ ਸੁਨੇਹਾ ਹੈ ਕਿ ਜਿਹੜਾ ਮਨੁੱਖ ਵਿਦਿਆ ਵਿਚਾਰੇਗਾ, ਉਹ ਪਰਉਪਕਾਰੀ ਹੋਵੇਗਾ ਤੇ ਜੇ ਧਰਤੀ ਤੇ ਪਰਉਪਕਾਰੀ ਮਨੁੱਖਾਂ ਦੀ ਗਿਣਤੀ ਵੱਧ ਹੋਵੇਗੀ ਤਾਂ ਧਰਤੀ ਖ਼ੁਦ-ਬ-ਖ਼ੁਦ ਸਵਰਗ ਬਣ ਜਾਵੇਗੀ। ਗੁਰੂ ਸਾਹਿਬ ਨੇ ਧਰਤੀ ਤੇ ਹਲੇਮੀ ਰਾਜ ਦੀ ਬੁਨਿਆਦ ਵਿਦਿਆ ਦੇ ਪਾਸਾਰੇ ਨਾਲ ਜੋੜ ਦਿੱਤੀ। ਪ੍ਰੰਤੂ ਦੁੱਖ ਇਹੋ ਹੈ ਕਿ ਅਸੀਂ ਪਰਮ ਮਨੁੱਖ ਬਣਨ ਦੇ ਰਾਹ ਪੈਣ ਵੱਲ ਤੁਰਨ ਦਾ ਯਤਨ ਹੀ ਨਹੀਂ ਕੀਤਾ। ਕੌਮ ’ਚ ਜਿਹੜੀ ਗੁਰੂ ਕਾਲ ਸਮੇਂ ਵਿਦਿਆ ਵਿਚਾਰਨ ਦੀ ਪ੍ਰੰਪਰਾ ਸੀ ਅਸੀਂ ਉਹ ਤਾਂ ਗੁਆ ਲਈ ਪ੍ਰੰਤੂ ਉਸਦੇ ਬਦਲ ’ਚ, ਉਸਦੇ ਤੇ ਵਰਤਮਾਨ ਸਮੇਂ ਦੀ ਨਵੀਂ ਪ੍ਰੰਪਰਾ ਤੇ ਸੰਸਥਾ ਖੜੀ ਨਹੀਂ ਕਰ ਸਕੇ, ਜਿਹੜੀ ਸਾਨੂੰ ਬੌਧਿਕ ਪੱਧਰ ਤੇ ਅਮੀਰ ਕੌਮ ਦੇ ਖ਼ਿਤਾਬ ਵੱਲ ਲੈ ਕੇ ਜਾਂਦੀ। ਕਦੇ ਸਿੰਘ ਸਭਾ ਲਹਿਰ ਨੇ ਖਾਲਸਾ ਸਕੂਲਾਂ ਤੇ ਕਾਲਜਾਂ ਦੀ ਨੀਂਹ ਰੱਖ ਕੇ ਇਸ ਪਾਸੇ ਸਾਰਥਿਕ ਤੇ ਠੋਸ ਯਤਨ ਕੀਤੇ ਸਨ, ਪ੍ਰੰਤੂ ਕੌਮ ਨਾਂ ਤਾਂ ਉਸ ਲੜੀ ਨੂੰ ਅੱਗੇ ਤੋਰ ਸਕੀ ਅਤੇ ਨਾ ਹੀ ਉਸਨੂੰ ਸੰਭਾਲ ਸਕੀ। ਜਿਸ ਕਾਰਣ ਅੱਜ ਸਾਡੀ ਨਵੀਂ ਪੀੜੀ ‘ਸਿੱਖੀ ਤੇ ਸਿੱਖੀ ਸਰੂਪ’ ਦੋਵਾਂ ਤੋਂ ਕੋਹਾਂ ਦੂਰ ਚਲੀ ਗਈ ਹੈ।
ਅਸੀਂ ਕੌਮੀ ਨਿਘਾਰ ਦੀ ਚਿੰਤਾ ਕਰਦੇ ਹੋਏ ਵੀ ਇਸ ਨਿਘਾਰ ਦੇ ਮੁੱਖ ਕਾਰਣ ਨੂੰ ਅੱਖੋਂ-ਪਰੋਖੇ ਕਰੀ ਜਾ ਰਹੇ ਹਾਂ। ਭਿ੍ਰਸ਼ਟ ਰਾਜਸੀ ਆਗੂ ਤੇ ਧਿਰਾਂ ਜਿਨਾਂ ਨੇ ਧਰਮ ਉੱਤੇ ਰਾਜਨੀਤੀ ਨੂੰ ਭਾਰੂ ਕਰਕੇ ਕੌਮ ਨੂੰ ਨਿਘਾਰ ਦੀ ਦਲਦਲ ’ਚ ਸੁੱਟਿਆ ਹੈ। ਉਹ ਸਾਡੇ ਸਾਹਮਣੇ ਅੱਜ ਵੀ ਦਨਦਨਾਉਂਦੇ ਫ਼ਿਰ ਰਹੇ ਹਨ ਤੇ ਸਮੁੱਚੀ ਕੌਮ ਤੇ ਭਾਰੂ ਹਨ। ਭਿ੍ਰਸ਼ਟ ਰਾਜਨੀਤੀ ਤੋਂ ਛੁਟਕਾਰੇ ਲਈ, ਕੌਮੀ ਨਿਘਾਰ ਦੇ ਖ਼ਾਤਮੇ ਲਈ ਕੌਮ ਦਾ ਬੌਧਿਕ ਪੱਧਰ ਅਮੀਰ ਤੇ ਉਚਾ ਹੋਣਾ ਸਭ ਤੋਂ ਜ਼ਰੂਰੀ ਹੈ। 2017 ਦੀਆਂ ਵਿਧਾਨ ਸਭਾ ਵੋਟਾਂ ਸਮੇਂ ਕੌਮ ਬਾਦਲਕਿਆਂ ਵਰਗੇ ਭਿ੍ਰਸ਼ਟ, ਅਧਰਮੀ ਟੋਲੇ ਦੀ ਫੱਟੀ ਪੋਚ ਦੇਵੇਗੀ, ਪ੍ਰੰਤੂ ਉਨਾਂ ਦਾ ਬਦਲ, ਕੌਮ ਦੀਆਂ, ਸੂਬੇ ਦੀਆਂ ਆਸਾਂ ਉਮੀਦਾਂ ਤੇ ਸਦੀਵੀ ਖਰਾ ਉਤਰੇ, ਉਸ ਲਈ ਕੌਮ ਦੇ ਬੌਧਿਕ ਪੱਧਰ ਦਾ, ਗੁਰਬਾਣੀ ਸਿਧਾਂਤਾਂ ਦੀ ਰੋਸ਼ਨੀ ’ਚ ਉਚਾ ਹੋਣਾ ਅਤਿ ਜ਼ਰੂਰੀ ਹੈ। ਇਕ ਪਾਸੇ ਵਿਦਿਆ ਵਿਚਾਰ ਕੇ ਪਰਉਪਕਾਰੀ, ਪਰਮ ਮਨੁੱਖ ਤੇ ਦੂਜੇ ਪਾਸੇ 21ਵੀਂ ਸਦੀ ਦੀ ਦੁਨੀਆ ’ਚ ਹਰ ਪੱਧਰ ਤੇ ਮੁਕਾਬਲਾ ਕਰ ਸਕਣ ਦੇ ਸਮਰੱਥ ਮਾਹਿਰ, ਯੋਗ ਵਿਦਿਆਰਥੀ। ਇਹ ਸੰਗਮ ਹੀ ਕੌਮ ਨੂੰ ਦੁਨੀਆ ਦੀ ‘ਸਿਰਦਾਰੀ’, ਜਿਸਦੀ ਕਲਪਨਾ ਕਰਕੇ ਗੁਰੂ ਸਾਹਿਬਾਨ ਖ਼ੁਦ ਰਸਤਾ ਵਿਖਾ ਕੇ ਗਏ ਹਨ, ਉਸ ਰਾਹ ਦੇ ਪਾਂਧੀ ਬਣ ਸਕੇਗਾ।ਕੌਮ ਦੁਸ਼ਮਣ ਤਾਕਤਾਂ ਨੇ ਸਾਡੀ ਜੁਆਨੀ ਤੋਂ ਜੁਆਨੀ ਖੋਹਣ ਲਈ ਉਸਨੂੰ ਨਸ਼ਿਆਂ ਦੇ ਮੌਤ ਵਾਲੇ ਰਾਹ ਤੋਰ ਦਿੱਤਾ। ਉਸ ਤੋਂ ਸਿੱਖੀ ਤੇ ਸਿੱਖੀ ਸਰੂਪ ਖੋਹਣ ਲਈ ਲੱਚਰਤਾ ਤੇ ਪਤਿਤਪੁਣੇ ਦੀ ਚਾਂਸਨੀ ਉਸਦੀ ਖੋਪਰੀ ’ਚ ਪਾ ਦਿੱਤੀ। ਉਸਨੂੰ ਸਿਖਿਆ ਤੇ ਸਿਹਤ ਦੋਵਾਂ ਤੋਂ ਕੋਹਾਂ ਦੂਰ ਕਰ ਦਿੱਤਾ। ਪੰਜਾਬ ’ਚ ਵਿਦਿਅਕ ਹੱਟੀਆ ਪੀਰਾਂ ਦੀਆਂ ਮਜ਼ਾਰਾਂ ਵਾਗੂੰ ਥਾਂ-ਥਾਂ ਸਥਾਪਿਤ ਕਰ ਦਿੱਤੀਆਂ।
ਜਿਹੜੀਆਂ ਸੰਸਥਾਵਾਂ ਨੇ ਸਾਡੀ ਜੁਆਨੀ ਨੂੰ ਜੁੰਮੇਵਾਰ, ਸਿਆਣੀ ਤੇ ਮਿਹਨਤੀ ਬਣਾਉਣਾ ਸੀ, ਉਹ ਸੰਸਥਾਵਾਂ ਸਾਡੇ ਜੁਆਨ ਮੁੰਡੇ-ਕੁੜੀਆਂ ਨੂੰ ਉਨਾਂ ਦੇ ਮਾਪਿਆਂ ਦੀ ਆਰਥਿਕ ਲੁੱਟ ਕਰਕੇ, ਅੱਧਪੜ, ਕੱਚਘਰੜ, ਫ਼ੁਕਰੇ, ਨਸ਼ੇੜੀ, ਅਯਾਸ਼ ਤੇ ਵਿਹਲੜ ਬਣਾ ਕੇ,. ਉਨਾਂ ਦੀ ਬੁੱਧੀ ਭਿ੍ਰਸ਼ਟ ਕਰਕੇ, ਸਾਡੀ ਜੁਆਨੀ ਦੀ ਬੌਧਿਕਤਾ ਨੂੰ ਖਾਹ ਰਹੀਆਂ ਹਨ। ਪਦਾਰਥ ਤੇ ਸੁਆਰਥ ਦੀ ਹਨੇਰੀ ਦੇ ਨਾਲ-ਨਾਲ ਸਿੱਖ ਦੁਸ਼ਮਣ ਤਾਕਤਾਂ ਦਾ ਸਿੱਖ ਜੁਆਨੀ ਨੂੰ ਵਿਗੜੈਲ ਤੇ ਬੇਕਾਰ ਬਣਾਉਣ ਦਾ ਇਹ ਫਾਰਮੂਲਾ ਸ਼ਾਇਦ ਸਾਡੀ ਕੌਮ ਦੀ ਹਾਲੇਂ ਤੱਕ ਸਮਝ ’ਚ ਹੀ ਨਹੀਂ ਆਇਆ। ਇਤਿਹਾਸ ਕਦੇ ਸਾਡੀ ਕੌਮ ਦੀ ਸਮਝ ਤੇ ਹੱਸਿਆ ਕਰੇਗਾ ਕਿ ਅਸੀਂ ਆਪਣੇ ਹੱਥੀ ਹੀ ਆਪਣੀ ਕਬਰ ਪੁੱਟੀ ਗਏ। ਲੱਖਾਂ ਰੁਪਏ ਲੁਟਾ ਕੇ ਅਸੀਂ ਆਪਣੇ ਧੀਆਂ-ਪੁੱਤਾਂ ਦੀ ਬਰਬਾਦੀ ਦੀ ਕਹਾਣੀ ਪੂਰੀ ਕਰ ਰਹੇ ਹਾਂ। ਪੈਸਿਆਂ ਵੱਟੇ, ਬਿਨਾਂ ਵਿਦਿਆ ਵਿਚਾਰੀ ਤੋਂ ਸਾਡੇ ਮੁੰਡੇ-ਕੁੜੀਆਂ ਦੇ ਹੱਥ ਆਈਆਂ ਡਿਗਰੀਆਂ, ਅਸਲ ’ਚ ਉਨਾਂ ਦੀ ਬੌਧਿਕ ਮੌਤ ਦੇ ਵਾਰੰਟ ਹਨ। ਅਸੀਂ ਇਸ ਨਾਜ਼ੁਕ ਸਮੇਂ ਜਦੋਂ ‘‘ਗੁਰੂ ਗ੍ਰੰਥ ਤੇ ਗੁਰੂ ਪੰਥ’’ ਦੀ ਹੋਂਦ ਤੇ ਹਮਲੇ ਤੇਜ਼ ਹੋ ਚੁੱਕੇ ਹਨ, ਕੌਮ ਦੀ ਹੋਂਦ ਨੂੰ 2070 ਤੱਕ ਖ਼ਤਮ ਕਰਨ ਦੀਆਂ ਵੰਗਾਰਾਂ ਤੇ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਕੌਮ ਦੇ ਦਾਨਿਸ਼ਵਰਾਂ ਨੂੰ ਅਤੇ ਪੰਥ ਦਰਦੀਆਂ ਨੂੰ ਇਹ ਹੋਕਾ ਜ਼ਰੂਰ ਦਿਆਂਗੇ ਕਿ ਗੁਰੂ ਸਾਹਿਬਾਨ ਵੱਲੋਂ ਜਿਸ ਡੂੰਘੀ ਦੂਰ ਦਿ੍ਰਸ਼ਟੀ ਨਾਲ ਸਾਨੂੰ ਰਾਹ ਦਿਖਾਇਆ ਗਿਆ ਸੀ, ਸਾਡੀ ਬੁਨਿਆਦ ਰੱਖੀ ਗਈ ਸੀ। ਉਸਨੂੰ ਮੁੜ ਤੋਂ ਵਿਚਾਰੀਏ। ਕੌਮ ਦੇ ਬੌਧਿਕ ਪੱਧਰ ਨੂੰ ਉਚਾ ਤੇ ਅਮੀਰ ਬਣਾਉਣ ਲਈ ਖਾਲਸਾ ਪੰਥ ਦੀਆਂ ਵਿਦਿਅਕ ਸੰਸਥਾਵਾਂ ਦਾ ਮੁੱਢ ਬੰਨੀਏ ਤੇ ਪੱਕਾ ਕਰੀਏ। ਨਵੇਂ ਯੁੱਗ ਦੀਆਂ ਅਤੇ ਸਿੱਖ ਦੁਸ਼ਮਣ ਤਾਕਤਾਂ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ ਇਨਾਂ ਦਾ ਮੁਕਾਬਲਾ ਅਸੀਂ ਹਰ ਖੇਤਰ ਦੇ ਮਾਹਿਰ ਬਣਕੇ, ਗੁਰਬਾਣੀ ਦੀ ਸ਼ਕਤੀ ਨਾਲ ਹੀ ਕਰ ਸਕਾਂਗੇ, ਇਸ ਸੱਚ ਨੂੰ ਪ੍ਰਵਾਨ ਕਰਨ ਦਾ ਹੁਣ ਢੁੱਕਵਾਂ ਸਮਾਂ ਹੈ, ਜੇ ਅਸੀਂ ਹੁਣ ਵੀ ਨਾ ਜਾਗੇ, ਫ਼ਿਰ ਬਹੁਤ ਦੇਰ ਹੋ ਜਾਵੇਗੀ।
ਜਸਪਾਲ ਸਿੰਘ ਹੇਰਾਂ