ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਪੰਜਾਬ ਨੂੰ ਵੀ ਕੇਜਰੀਵਾਲ ਵਰਗੇ ਲੀਡਰ ਦੀ ਲੋੜ
ਪੰਜਾਬ ਨੂੰ ਵੀ ਕੇਜਰੀਵਾਲ ਵਰਗੇ ਲੀਡਰ ਦੀ ਲੋੜ
Page Visitors: 2724

ਪੰਜਾਬ ਨੂੰ ਵੀ ਕੇਜਰੀਵਾਲ ਵਰਗੇ ਲੀਡਰ ਦੀ ਲੋੜ
ਅਵਤਾਰ ਸਿੰਘ ਮਿਸ਼ਨਰੀ (5104325827)
ਕਿਸੇ ਵੇਲੇ ਕਹਾਉਂਦੇ ਸੀ ‘ਅੰਨ-ਦਾਤੇ’, ਹੁਣ ਪੋਹ ਰਿਹਾ ‘ਆਟਾ ਤੇ ਦਾਲ਼’ ਸਾਨੂੰ।
ਖੂਨ ਡ੍ਹੋਲਦੇ ਆਏ ਹਾਂ ਚਿਰਾਂ ਤੋਂ ਹੀ, ਇਨਕਲਾਬ ਦੀ ਰਹੀ ਏ ਭਾਲ਼ ਸਾਨੂੰ।
ਸਾਡੀ ਅਣਖ ਸਿਆਣਪ‘ਤੇ ਫੇਰ ਪੋਚਾ, ਫਾਹ ਲੈਂਦਾ ਏ ਸਿਆਸਤ ਦਾ ਜਾਲ਼ ਸਾਨੂੰ।
ਸਿਰ ‘ਤੇ ਰੱਖ ਕੇ ਗੱਪਾਂ ਦੀ ਪੰਡ ਸਾਡੇ, ਕੁਫਰ ਤੋਰਦਾ ਆਪਦੇ ਨਾਲ਼ ਸਾਨੂੰ।
ਚੰਦ ਦਿਨਾ ਦਾ ਦਿੱਲੀ ਵਿਚ ਦੇਖ ਜਲਵਾ ! ਗ਼ਫਲਤ-ਨੀਂਦ ‘ਚ ਆ ਗਿਆ ਖਿਆਲ ਸਾਨੂੰ।
ਕਰੀਏ ਅਸੀਂ ਅਰਦਾਸ ਪੰਜਾਬ ਵਾਸੀ, ਮਿਲ਼ੇ ਛੇਤੀ ਕੋਈ ‘ਕੇਜਰੀਵਾਲ’ਸਾਨੂੰ ।

ਉਪ੍ਰੋਕਤ ਚੰਦ ਲਾਈਨਾਂ ਵਿੱਚ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੀ ਨੇ ਸਮੇਂ ਦੀ ਹਾਲਤ ਦਾ ਕਾਵਿ ਰੂਪ ਵਿੱਚ ਬਹੁਤ ਸੋਹਣਾ ਨਕਸ਼ਾ ਖਿਚਿਆ ਹੈ ਕਿਉਂਕਿ ਆਪ ਵੀ ਕੇਜਰੀਵਾਲ ਵਾਂਗੂੰ ਸਮਾਜ ਤੇ ਲੀਡਰ ਸੁਧਾਰ ਲਈ ਕਲਮ ਰਾਹੀਂ ਪ੍ਰਯਤਨਸ਼ੀਲ ਹਨ। ਜਰਾ ਧਿਆਨ ਨਾਲ ਸੋਚੀਏ ਕਿ ਗੁਰੂਆਂ-ਭਗਤਾਂ ਨੇ ਜੋ ਮਨੁੱਖਤਾ ਨੂੰ ਸਰਬਸਾਂਝਾ ਅਤੇ ਕ੍ਰਾਤੀਕਾਰੀ ਉਪਦੇਸ਼ ਦਿੱਤਾ ਜੋ ਅੱਜ ਵੀ "ਗੁਰੂ ਗ੍ਰੰਥ ਸਾਹਿਬ" ਵਿਖੇ ਸੁਭਾਇਮਾਨ ਹੈ। ਸਮੇਂ ਸਮੇਂ ਇਸ ਤੋਂ ਸੇਧ ਲੈ ਕੇ ਜੁੱਗ ਪਲਟਾਊ ਜਰਨੈਲ ਪੈਦਾ ਹੁੰਦੇ ਰਹੇ ਹਨ ਜਿਨ੍ਹਾਂ ਨੇ ਮੁਗਲਾਂ ਅਤੇ ਗੋਰਿਆਂ ਦੀਆਂ ਸ਼ਕਤੀਸ਼ਾਲੀ ਜ਼ਾਲਮ ਸਰਕਾਰਾਂ ਦੇ ਤਖਤੇ ਪਲਟ ਦਿੱਤੇ। ਗੁਲਾਮ ਭਾਰਤ ਨੂੰ ਅਜ਼ਾਦ ਕਰਾਉਣ ਵਾਲੇ ਗੁਰਸਿੱਖ ਅਤੇ ਹੋਰ ਪੰਜਾਬੀ ਵੀ ਕੇਜਰੀਵਾਲ ਵਰਗੇ ਨਿਡਰ ਸਗੋਂ ਇਸ ਤੋਂ ਵੀ ਵੱਧ ਬਹਾਦਰ ਸਨ।ਅੱਜ ਜਿੱਥੇ ਪੰਜਾਬ ਨੂੰ ਹੀ ਨਹੀਂ ਬਲਕਿ ਸਮੁੱਚੇ ਭਾਰਤ ਨੂੰ ਹੰਕਾਰੀ-ਸਰਕਾਰੀ ਤੇ ਭੇਖੀ ਧਰਮ ਪੁਜਾਰੀ ਜੋਕਾਂ ਤੋਂ ਬਚਾਉਣ ਦੀ ਸਖਤ ਲੋੜ ਹੈ ਜੋ ਡੀਕਾਂ ਲਾ ਲਾ ਆਮ ਜਨਤਾ ਦਾ ਖੂਨ ਪੀ ਰਹੀਆਂ ਹਨ।
ਗੁਰੂ ਸਿਧਾਂਤ ਨੂੰ ਫਾਲੋ ਕਰਕੇ ਹਿੰਦੂ, ਮੁਸਲਿਮ, ਸਿੱਖ, ਈਸਾਈ ਹੁਣ ਵੀ ਕੇਜਰੀਵਾਲ ਬਣ ਸਕਦੇ ਹਨ ਕਿਉਂਕਿ-
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥(1105)
ਲੋੜ ਦ੍ਰਿੜਤਾ ਨਾਲ ਸੁਹਿਰਦ ਅਤੇ ਇੱਕਮੁੱਠ ਹੋ ਕੇ ਚੱਲਣ ਦੀ ਹੈ। ਪੰਜਾਬ ਵਿੱਚ ਗਦਾਰਾਂ ਦੀ ਲਿਸਟ ਬਹੁਤ ਵੱਡੀ ਹੈ ਜੋ ਆਪਣੇ ਗੁਰੂ ਅਤੇ ਆਪਣੀ ਕੌਮ ਨਾਲ ਵੀ ਬੇਸ਼ਰਮ ਹੋ ਕੇ ਗਦਾਰੀਆਂ ਕਰ ਰਹੇ ਹਨ। ਪੰਜਾਬੀਆਂ ਦਾ ਤਾਂ ਵਿਰਸਾ ਹੈ ਕਿ "ਉਹ ਕਿਸੇ ਦੀ ਟੈਂ ਨਹੀਂ ਮੰਨਦੇ" ਫਿਰ ਅਜੋਕੇ ਗਦਾਰ ਲੀਡਰਾਂ ਅਤੇ ਲੋਟੂ ਸਾਧਾਂ ਦੇ ਪਿੱਛੇ ਕਿਉਂ ਲੱਗੇ ਫਿਰਦੇ ਹਨ? ਕਿਸ ਨੇ ਇਨ੍ਹਾਂ ਨੂੰ ਲੁੱਟੂ ਅਤੇ ਕੁੱਟੂ ਲੀਡਰਾਂ ਮਗਰ ਲਾਇਆ ਹੈ। ਬਾਕੀ ਅਰਵਿੰਦ ਕੇਜਰੀਵਾਲ ਤਾਂ ਹੁਣ ਭਾਰਤ ਵਾਸੀਆਂ ਨੂੰ ਮਿਲ ਚੁੱਕਾ ਹੈ, ਲੋੜ ਉਸ ਨੂੰ ਹੁਣ ਪੰਜਾਬ ਵਿੱਚ ਵੀ ਲਿਆਉਣ ਦੀ ਹੈ। ਜਿਵੇਂ "ਦੁਪਾਲਪੁਰ" ਜੀ ਨੇ ਲਿਖਿਆ ਹੈ ਕਿ ਅਰਦਾਸ ਕਰੀਏ "ਮਿਲੇ ਛੇਤੀ ਕੋਈ ਕੇਜਰੀਵਾਲ ਸਾਨੂੰ" ਦਾਸ ਦਾ ਵਿਚਾਰ ਹੈ ਕਿ ਅਰਦਾਸ ਦੇ ਨਾਲ ਨਾਲ ਪ੍ਰਯਾਸ ਤੇ ਪ੍ਰਯਤਨ ਵੀ ਕਰੀਏ ਕਿ ਅਉਣ ਵਾਲੀਆਂ ਚੋਣਾਂ ਵਿੱਚ, ਆਪਣੀਆਂ ਕੀਮਤੀ ਵੋਟਾਂ "ਕੇਜਰੀਵਾਲ ਦੀ ਆਮ ਆਦਮੀ ਪਾਰਟੀ" ਨੂੰ ਪਾ ਕੇ ਪੰਜਾਬ ਵਿੱਚ ਵੀ ਕੋਈ ਪੰਜਾਬੀ ਕੇਜਰੀਵਾਲ ਲੈ ਆਵਾਂਗੇ ਜੋ ਜਨਤਾ ਲੁੱਟੂ-ਕੁੱਟੂ ਲੀਡਰਾਂ, ਖੂਨ ਪੀਣੇ ਹਾਕਮਾਂ ਤੇ ਅਫਸਰਾਂ ਨੂੰ ਕਨੂੰਨੀ ਨੱਥ ਪਾ ਕੇ, ਜਨਤਾ ਨਾਲ ਇਨਸਾਫ ਕਰ, ਪੰਜਾਬ ਨੂੰ ਫਿਰ "ਗੁਰਾਂ ਦੇ ਨਾਂ ਤੇ ਵਸਦਾ, ਰਸਦਾ ਅਤੇ ਹਸਦਾ" ਖੁਸ਼ਹਾਲ ਸੂਬਾ ਬਣਾ ਕੇ, ਕੰਗਾਲ ਕਰ ਦਿੱਤੇ ਗਏ ਪੰਜਾਬ ਨੂੰ ਫਿਰ "ਅੰਨ ਦਾਤਾ" ਬਣਾ ਦੇਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.