ਸਿੱਖਾਂ ਨੂੰ ਦੋ ਚੀਜ਼ਾਂ ਦੀ ਬਹੁਤ ਹੀ ਜ਼ਰੂਰੀ ਅਤੇ ਬਹੁਤ ਹੀ ਛੇਤੀ ਲੋੜ ਹੈ !
ਜੇ ਸਿੱਖਾਂ ਨੇ ਇਹ ਦੋ ਚੀਜ਼ਾਂ ਇਕ ਮਹੀਨੇ ਦੇ ਅੰਦਰ-ਅੰਦਰ ਨਾ ਸਾਂਭੀਆਂ ਤਾਂ ਉਹ ਘੱਟੋ-ਘੱਟ ਇਕ ਸਦੀ ਹੋਰ ਪੱਛੜ ਜਾਣਗੇ।
1. ਸਰਬੱਤ ਖਾਲਸਾ ਦਾ ਵਿਧਾਨ।
ਕਿਉਂਕਿ ਸਿੱਖਾਂ ਦੇ ਹਰ ਤਰ੍ਹਾਂ ਦੇ ਫੈਸਲੇ ਕਰਨ ਦਾ ਅਧਿਕਾਰੀ ਸਰਬੱਤ-ਖਾਲਸਾ ਦਾ ਪ੍ਰਤੀ-ਨਿਧੀ ਇਕੱਠ ਹੁੰਦਾ ਹੈ, ਅਤੇ ਸਾਨੂੰ ਅਜੇ ਤਕ ਸਰਬੱਤ-ਖਾਲਸਾ ਦੇ ਨਿਯਮ-ਕਾਨੂਨਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਵਲੋਂ ਸਰਬੱਤ-ਖਾਲਸਾ ਇਕੱਠ ਬੰਦ ਕਰਨ ਮਗਰੋਂ ਸਦੀਆਂ ਤੱਕ ਸਰਬੱਤ-ਖਾਲਸਾ ਇਕੱਠ ਹੋਇਆ ਹੀ ਨਹੀਂ, ਪਿਛਲੇ 35 ਸਾਲਾਂ ਵਿਚ ਸਰਬੱਤ-ਖਾਲਸਾ ਇਕੱਠ ਦੇ ਨਾਮ ਤੇ ਕੁਝ ਇਕੱਠ ਹੋਏ ਜ਼ਰੂਰ ਹਨ, ਪਰ ੳਨ੍ਹਾਂ ਨੂੰ ਸਰਬੱਤ-ਖਾਲਸਾ ਇਕੱਠ ਨਹੀਂ ਕਿਹਾ ਜਾ ਸਕਦਾ, ਉਹ ਸਰਬੱਤ-ਖਾਲਸਾ ਦਾ ਵਿਗੜਿਆ ਹੋਇਆ ਰੂਪ ਹੀ ਹੋ ਨਿਬੜੇ ਸਨ।
ਸਰਬੱਤ-ਖਾਲਸਾ ਦਾ ਪ੍ਰਤੀ-ਨਿੱਧੀ ਇਕੱਠ, ਸਿੱਖਾਂ ਦਾ ਬਹੁਤ ਸ਼ਕਤੀ-ਸ਼ਾਲੀ ਵਿਚਾਰਕ ਅਸਤ੍ਰ ਹੈ, ਜਿਸ ਨੂੰ ਵਰਤਣ ਲਈ, ਉਸ ਦੀ ਵਰਤੋਂ ਬਾਰੇ ਜਾਣਕਰੀ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਇਸ ਤੋਂ ਪੂਰਾ ਲਾਭ ਲਿਆ ਜਾ ਸਕਦਾ ਹੈ। ਇਸ ਤੋਂ ਪੂਰਾ ਫਾਇਦਾ ਲੈਣ ਲਈ ਇਸ ਦਾ ਪੂਰਾ ਵਿਧੀ-ਵਿਧਾਨ ਬਣਨਾ ਬਹੁਤ ਜ਼ਰੂਰੀ ਹੈ। ਇਹ ਵਿਧੀ-ਵਿਧਾਨ ਤਿਆਰ ਕਰਨ ਲਈ , ਸਿਰਫ ਉਨ੍ਹਾਂ ਸਿੱਖਾਂ ਦੀ ਲੋੜ ਹੈ , ਜਿਨ੍ਹਾਂ ਕਦੀ ਸਰਬੱਤ-ਖਾਲਸਾ ਬਾਰੇ ਹੋਮ-ਵਰਕ (Home Work) ਕੀਤਾ ਹੋਵੇ।
2 . ਸਿੱਖਾਂ ਦਾ ਸਿਆਸੀ ਪਿੜ ਕਿਹੋ-ਜਿਹਾ !
ਪੰਜਾਬ ਦੇ ਸਿਆਸੀ ਪਿੜ ਵਿਚ ਸਿੱਖਾਂ ਨੂੰ, ਇਕ ਅਜਿਹੀ ਸਿਆਸੀ ਪਾਰਟੀ ਦੀ ਲੋੜ ਹੈ, ਜਿਸ ਦੀ ਪੰਜਾਬ ਵਿਚ ਭਾਵੇਂ ਸਰਕਾਰ ਬਣਦੀ ਹੈ ਜਾਂ ਨਹੀਂ ਪਰ, ਉਸ ਕੋਲ ਏਨੀਆਂ ਸੀਟਾਂ ਜ਼ਰੂਰ ਹੋਣ, ਜਿਨ੍ਹਾਂ ਆਸਰੇ ਪੰਜਾਬ ਦੀ ਸਿਆਸਤ ਵਿਚ ਸਿੱਖਾਂ ਦੀ ਸੁਣਵਾਈ ਜ਼ਰੂਰ ਹੋਵੇ। ਉਸ ਦੀ ਸ਼੍ਰੋਮਣੀ ਕਮੇਟੀ ਉੱਤੇ ਵੀ ਯੋਗ ਪਕੜ ਹੋਵੇ, ਕੇਂਦਰ ਵਿਚ ਵੀ ਅਜਿਹੀ ਹਾਲਤ ਹੋਵੇ, ਜਿਸ ਆਸਰੇ ਸਿੱਖਾਂ ਤੇ ਕੇਂਦਰ ਸਰਕਾਰ ਵਲੋਂ ਕੋਈ ਧੱਕਾ ਨਾ ਹੋ ਸਕੇ। ਜੋ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਚਾਹਵਾਨ ਹੋਵੇ, ਜਿਸ ਦੇ ਜਥੇਦਾਰਾਂ ਵਿਚੋਂ ਕੋਈ ਵੀ ਆਪ ਚੋਣ ਲੜਨ ਦਾ ਚਾਹਵਾਨ ਨਾ ਹੋਵੇ। ਜਦ ਇਨ੍ਹਾਂ ਸਾਰੀਆਂ ਗੱਲਾਂ ਤੇ ਵਿਚਾਰ ਕਰੀਏ ਤਾਂ ਸਾਮ੍ਹਣੇ ਇਹੀ ਕੁਝ ਆਉਂਦਾ ਹੈ ਕਿ ਸਿੱਖ ਕੁਝ ਅਜਿਹੀ ਪਲਾਨਿੰਗ ਕਰਨ, ਜਿਸ ਨਾਲ ਉਸ ਦਾ ਸਮਝੌਤਾ ਕਿਸੇ ਅਜਿਹੀ ਪਾਰਟੀ ਨਾਲ ਹੋਵੇ ਜਿਸ ਦਾ ਕੇਂਦਰ ਵਿਚ ਕੁਝ ਹੋਲਡ ਜ਼ਰੂਰ ਹੋਵੇ।
ਅੱਜ ਦੇ ਸਮੇ ਦੋ ਹੀ ਕੇਂਦਰੀ ਪੱਧਰ ਦੀਆਂ ਪਾਰਟੀਆਂ ਗਿਣੀਆਂ ਜਾਂਦੀਆਂ ਹਨ, ਇਨ੍ਹਾਂ ਵਿਚੋਂ ਸਿੱਖ ਕਿਸੇ ਤੇ ਵੀ ਪੂਰਾ ਭਰੋਸਾ ਨਹੀਂ ਕਰ ਸਕਦੇ। ਕਿਸੇ ਵੇਲੇ ਇਸ ਪੱਧਰ ਦੀ ਇਕ ਹੋਰ ਪਾਰਟੀ ਵੀ ਹੁੰਦੀ ਸੀ, ਅਤੇ ਇਹ ਆਸ ਕੀਤੀ ਜਾਂਦੀ ਸੀ ਕਿ ਕਿਸੇ ਵੇਲੇ ਇਹ ਕਾਂਗਰਸ ਦਾ ਬਦਲ ਬਣੇਗੀ, ਪਰ ਉਨ੍ਹਾਂ ਦੀ ਸੋਚ ਹੀ ਉਨ੍ਹਾਂ ਨੂੰ ਕੇਂਦਰ ਦੇ ਸਿਆਸੀ ਪਿੜ ਤੋਂ ਦੂਰ ਕਰਦੀ ਰਹੀ, ਜਿਸ ਦਾ ਸਦਕਾ ਨਾ ਤਾਂ ਉਹ ਆਪ ਕਾਸੇ ਜੋਗੀ ਰਹੀ ਅਤੇ ਉਸ ਦੇ ਮਗਰ ਲੱਗੇ ਸਿੱਖ ਵੀ ਨਾ ਘਰ ਦੇ ਰਹੇ ਨਾ ਘਾਟ ਦੇ । ਉਨ੍ਹਾ ਦੀ ਪਿਛਲੱਗੂ ਸੋਚ ਕਾਰਨ ਹੀ ਆਰ.ਐਸ.ਐਸ. ਨੂੰ ਕੇਂਦਰ ਵਿਚ ਜਾਤੀ-ਵਾਦੀ ਪਿੜ ਬਨਾਉਣ ਦਾ ਮੌਕਾ ਮਿਲ ਗਿਆ, ਰਹਿੰਦੀ ਕਸਰ ਬਾਦਲ ਨੇ ਪੂਰੀ ਕਰ ਦਿੱਤੀ। ਬਾਕੀ ਸਾਰੀਆਂ ਛੇਤ੍ਰੀ ਪਾਰਟੀਆਂ ਹਨ।
ਇਸ ਵੇਲੇ ਇਕ ਹੀ ਪਾਰਟੀ ਅਜਿਹੀ ਹੈ, ਜੋ ਕੇਂਦਰੀ ਪਾਰਟੀ ਬਣ ਸਕਦੀ ਹੈ, ਜਿਸ ਦੀਆਂ ਨੀਤੀਆਂ ਵੀ ਠੀਖ ਹਨ, ਜੋ ਸਿੱਖਾਂ ਨਾਲ ਇੰਸਾਨੀਅਤ ਦੇ ਪੱਧਰ ਤੇ ਹਮਦਰਦੀ ਵੀ ਰੱਖਦੀ ਹੈ । ਉਸ ਨੂੰ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿਚ ਕੋਈ ਜਾਤੀ ਸਵਾਰਥ ਨਹੀਂ ਇਸ ਕਰ ਕੇ ਉਹ ਇਸ ਪਿੜ ਵਿਚ ਸਾਡੀ ਮਦਦ ਵੀ ਕਰ ਸਕਦੀ ਹੈ। ਉਸ ਨੇ ਬਿਹਾਰ ਦੀਆਂ ਚੋਣਾਂ ਵਿਚ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਸ ਦੀ ਪਾਲਿਸੀ ਵੱਡੀਆਂ ਮੱਛੀਆਂ ਨਾਲ ਰਲ ਕੇ ਛੋਟੀਆਂ ਮੱਛੀਆਂ ਨੂੰ ਹਜ਼ਮ ਕਰਨ ਦੀ ਨਹੀਂ ਹੈ ਬਲਕਿ ਉਹ ਛੋਟੀਆਂ ਮੱਛੀਆਂ ਨਾਲ ਰਲ ਕੇ ਭਾਰਤ ਨੂੰ ਖਾਣ ਵਾਲੇ ਦੋਵਾਂ ਵੱਡੇ ਮੱਗਰ-ਮੱਛਾਂ ਤੋਂ ਭਾਰਤ ਵਾਸੀਆਂ ਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਹੈ। ਜੇ ਸਿੱਖ ਉਸ ਨਾਲ ਕੁਝ ਅਜਿਹਾ ਸਮਝੌਤਾ ਕਰ ਸਕੇ ਜਿਸ ਨਾਲ ਉਹ ਪੰਜਾਬ ਵਿਚ ਸਿੱਖਾਂ ਦੀ ਮਦਦ ਕਰੇ ਅਤੇ ਸਿੱਖ ਉਸ ਦੀ ਪੰਜਾਬੋਂ ਬਾਹਰ ਮਦਦ ਕਰਨ, ਤਾਂ ਸਿਆਸੀ ਮਸਲ੍ਹਾ ਕੁਛ ਹੱਦ ਤਕ ਸੁਲਝ ਸਕਦਾ ਹੈ। ਇਸ ਦੇ ਨਾਲ ਹੀ ਐਸ.ਜੀ.ਪੀ.ਸੀ. ਦੀਆਂ ਚੋਣਾਂ ਦਾ ਮਸਲ੍ਹਾ ਵੀ ਕਿਸੇ ਹੱਦ ਤਕ ਹੱਲ ਹੋ ਸਕਦਾ ਹੈ।
ਕਿਉਂਕਿ ਪੰਜਾਬ ਵਿਚ ਚੋਣਾਂ ਦਾ ਪਿੜ ਮੱਘ ਚੁੱਕਾ ਹੈ ਅਤੇ ਸਿੱਖਾਂ ਨੂੰ 4-6 ਹਫਤਿਆਂ ਵਿਚ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ, ਖਾਸ ਕਰ ਕੇ ਵਿਦੇਸ਼ੀਂ ਵੱਸਦੇ ਸਿੱਖਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ। ਨਹੀਂ ਤਾਂ ਫਿਰ ਪਛਤਾਵੇ ਤੋਂ ਬਗੈਰ ਕੁਝ ਵੀ ਹੱਥ-ਪੱਲੇ ਨਹੀਂ ਪਵੇਗਾ। ਦੂਸਰਿਆਂ ਵੱਲ ਨਾ ਦੇਖੋ, ਜੋ ਬੰਦੇ ਅਜਿਹਾ ਹੱਲ ਕਰਨ ਦੇ ਚਾਹਵਾਨ ਹਨ ਉਹ ਖੁਲ੍ਹ ਕੇ ਮੈਦਾਨ ਵਿਚ ਆ ਜਾਵੋ, ਰੱਬ ਭਲੀ ਕਰੇਗਾ।
ਅਮਰ ਜੀਤ ਸਿੰਘ ਚੰਦੀ
14-12-2015
ਅਮਰਜੀਤ ਸਿੰਘ ਚੰਦੀ
ਸਿੱਖਾਂ ਨੂੰ ਦੋ ਚੀਜ਼ਾਂ ਦੀ ਬਹੁਤ ਹੀ ਜ਼ਰੂਰੀ ਅਤੇ ਬਹੁਤ ਹੀ ਛੇਤੀ ਲੋੜ ਹੈ !
Page Visitors: 2914