ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
- = ਪ੍ਰਿਥਮੇ ਕਿਸ ਨੂੰ ਸਿਮਰੀਏ? = -
- = ਪ੍ਰਿਥਮੇ ਕਿਸ ਨੂੰ ਸਿਮਰੀਏ? = -
Page Visitors: 2776

-  =    ਪ੍ਰਿਥਮੇ ਕਿਸ ਨੂੰ ਸਿਮਰੀਏ?  =  -
ਸਰਵਜੀਤ ਸਿੰਘ ਸੈਕਰਾਮੈਂਟੋ
ਪੰਥ ਪ੍ਰਵਾਣਤ ਰਹਿਤ ਮਰਯਾਦਾ ਨੂੰ ਖ਼ੁਦ ਨਾ ਮੰਨਣ ਵਾਲੇ ਸੰਤ ਸਮਾਜ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਦੇ ਇਕ ਬਿਆਨ ਤੋਂ ਅਰੰਭ ਹੋਈ ਚਰਚਾ ਅਜੇ ਕਿਸੇ ਤਣ-ਪੱਤਣ ਲਗਦੀ ਵਿਖਾਈ ਨਹੀ ਦਿੰਦੀ। ਸੌਦਾ ਸਾਧ ਨੂੰ ਬਿਨਾ ਮੰਗੇ ਮਾਫ਼ੀ ਦੇਣ ਅਤੇ ਸੰਗਤਾਂ ਦੇ ਵਿਰੋਧ ਕਾਰਨ ਵਾਪਸ ਲੈਣ ਵਾਲੇ, ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ, ਜੋ ਪਿਛਲੇ ਕਾਫੀ ਸਮੇਂ ਤੋਂ ਗੁੰਮਨਾਮੀ ਦਾ ਜੀਵਨ ਬਤੀਤ ਕਰ ਰਹੇ ਸਨ, ਵੀ ਆਪਣੀ ਮੁੜ ਸਥਾਪਤੀ ਲਈ ਸਰਗਰਮ ਹੋ ਗਏ ਲਗਦੇ ਹਨ। ਅਖ਼ਬਾਰੀ ਖ਼ਬਰਾਂ ਮੁਤਾਬਕ ਪੰਜ ਗ੍ਰੰਥੀਆਂ ਵੱਲੋਂ ਦੁਬਈ ਦੇ ਇਕ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ, ਜਿਨ੍ਹਾਂ ਨੇ ਗੁਰਬਾਣੀ ਅਨੁਸਾਰ ਅਰਦਾਸ `ਚ ਸੋਧ ਕੀਤੀ ਹੈ, ਨੂੰ ਸੰਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਵਤਾਰ ਸਿੰਘ ਮੱਕੜ ਦਾ ਹਿਰਦਾ ਵੀ ਵਲੂੰਧਰਿਆ ਗਿਆ, ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੁਨਹਿਰੀ ਬੀੜਾਂ ਦੀ ਛਪਾਈ ਵੇਲੇ ਹੋਈਆਂ ਜਾਂ ਜਾਣਬੁਝ ਕੇ ਕੀਤੀਆਂ ਗਈਆਂ, ਅਣਗਿਣਤ ਉਕਾਈਆਂ ਦਾ ਮਾਮਲਾ ਰਫ਼ਾ-ਦਫ਼ਾ ਕੀਤਾ ਸੀ ਪਰ ਉਸ ਵੇਲੇ ਉਸ ਦੇ ਹਿਰਦੇ ਨੂੰ ਕੁੱਝ ਨਹੀਂ ਸੀ ਹੋਇਆ।
ਪਿਛਲੇ ਲੰਮੇ ਸਮੇ ਤੋਂ ‘ਪ੍ਰਿਥਮ ਭਗੌਤੀ ਸਿਮਰ ਕੈ’ ਤੇ ਵਾਦ-ਵਿਵਾਦ ਚਲ ਰਿਹਾ ਹੈ। ਨਵੰਬਰ 1999 ਵਿਚ ਸਿੰਘ ਸਭਾ ਇੰਟਰਨੈਸ਼ਲਨ (ਰੋਜਵੈਲ-ਕੈਲੀਫੋਰਨੀਆਂ) ਦੀ ਸਲਾਨਾ ਇਕੱਤਰਤਾ ਵਿਚ ਇਸ ਤੇ ਚਰਚਾ ਹੋਈ ਸੀ। ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਲਿਖਿਆ ਗਿਆ ਸੀ ਪਰ ਕਮੇਟੀ ਨੇ ਕੋਈ ਹੁੰਗਾਰਾ ਨਹੀ ਸੀ ਭਰਿਆ। ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਦੇਸ਼-ਵਿਦੇਸ਼ ਦੀਆ ਸੰਗਤਾਂ ਵੱਲੋਂ ਦਿੱਤੇ ਗਏ ਯੋਗ ਸੁਝਾਓ ਤੇ ਵਿਚਾਰ ਕਰਨ ਨੂੰ ਤਿਆਰ ਨਾ ਹੋਵੇ ਤਾਂ ਸੰਗਤਾਂ ਵੱਲੋਂ ਕੀਤੇ ਗਏ ਫੈਸਲੇ ਤੇ ਉਸ ਨੂੰ ਕਿੰਤੂ-ਪ੍ਰੰਤੂ ਕਰਨ ਦਾ ਕੀ ਹੱਕ ਹੈ? ਦੁਬਈ ਦੀਆਂ ਸੰਗਤਾਂ ਵੱਲੋਂ ਇਹ ਕੋਈ ਪਹਿਲਾ ਅਤੇ ਅਨੋਖਾ ਫੈਸਲਾ ਨਹੀਂ ਹੈ। 1999 ਈ: ਵਿੱਚ ਰੋਜਵੈਲ ਕੈਲੀਫੋਰਨੀਆਂ ਤੋਂ ਅਰੰਭ ਹੋਈ ਇਹ ਸੋਧ ‘ਪ੍ਰਿਥਮ ਅਕਾਲ ਪੁਰਖ ਸਿਮਰ ਕੈ’, ਅੱਜ ਬਹੁਤ ਸਾਰੇ ਗੁਰਦਵਾਰਿਆਂ ਵਿਚ ਅਰਦਾਸ ਦੀ ਅਰੰਭਤਾ ਵਿੱਚ ਪੜ੍ਹੀ ਜਾਂਦੀ ਹੈ।
1936-45 ਈ: ਵਿੱਚ ਤਿਆਰ ਕੀਤੀ ਗਈ ਮੌਜੂਦਾ ਅਰਦਾਸ ਦੀ ਅਰੰਭਤਾ; ੴ ਵਾਹਿਗੁਰੂ ਜੀ ਕੀ ਫ਼ਤਹ।। ਸ੍ਰੀ ਭਗੌਤੀ ਜੀ ਸਹਾਇ।। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦।। ਪ੍ਰਿਥਮ ਭਗੌਤੀ ਸਿਮਰ ਕੈ, ਗੁਰ ਨਾਨਕ ਲਈਂ ਧਿਆਇ ।। ਤੋਂ ਹੁੰਦੀ ਹੈ। ਇਹ ਪੰਗਤੀ ਅਖੌਤੀ ਦਸਮ ਗ੍ਰੰਥ ਦੇ ਪੰਨਾ 119 ਤੇ ਦਰਜ ਹੈ। ਯਾਦ ਰਹੇ ਉਥੇ ‘ਭਗੌਤੀ’ ਨਹੀਂ ਸਗੋਂ ‘ਭਗਉਤੀ’ ਹੈ। ਇਸ ਵਾਰ ਦੀਆਂ ਕੁਲ 55 ਪਉੜੀਆਂ ਹਨ। ਇਸ ਵਾਰ ਦਾ ਆਖਰੀ ਪੰਗਤੀ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।।55।। (ਪੰਨਾ 127)
ਭਗਉਤੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚ 9 ਵਾਰੀ ਆਇਆ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਉਤੀ ਦੀ ਵਰਤੋਂ ਹਰ ਥਾਂ ਭਗਤ ਵਾਸਤੇ ਹੀ ਕੀਤੀ ਗਈ ਹੈ ਨਾ ਕਿ ਅਕਾਲ ਪੁਰਖ ਵਾਸਤੇ। ਅਖੌਤੀ ਦਸਮ ਗ੍ਰੰਥ ਵਿੱਚ ਭਗਉਤੀ ਬਹੁਤ ਵਾਰੀ ਆਇਆ ਹੈ। ਅਰਦਾਸ ਦੇ ਅਰੰਭ ਵਿੱਚ ਹੀ ਇਹ 3 ਵਾਰੀ ਆਇਆ ਹੈ। ਅਰਦਾਸ ਦੇ ਅਰੰਭ ਦੀ ਪੰਗਤੀ “ਸ੍ਰੀ ਭਗਉਤੀ ਜੀ ਸਹਾਇ” ਵਿੱਚ ਆਏ ਭਗਉਤੀ ਦੇ ਅਰਥ ਮਹਾ ਕਾਲ , ਤਲਵਾਰ ਅਤੇ ਦੁਰਗਾ ਲਿਖੇ ਹੋਏ ਹਨ। (ਦਸਮ ਗ੍ਰੰਥ, ਪੰਨਾ 119)
‘ਦੁਰਗਾ, ਭਗਉਤੀ ਤੇ ਭਗਵਤੀ’ ਦਾ ਕਰਤਾ ਸੰਤ ਬਾਬਾ ਸੁਰਜੀਤ ਸਿੰਘ ਨਿਰਮਲ ਲਿਖਦਾ ਹੈ; “ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧੦ ਪ੍ਰਿਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ, ਇਸ ਤਰ੍ਹਾਂ ਲਿਖੀ ਮਿਲਦੀ ਹੈ। ਜੋ ਅਰਥਾਂ ਦੇ ਅਧਾਰ ਤੇ ਬਿਲਕੁਲ ਦਰੁਸਤ ਹੈ। ਪਾਕਿਸਤਾਨ ਦੇ ਵੰਡਵਾਰੇ ਤੋਂ ਬਾਅਦ ਉੜੇ ਨਾਲ ਲਿਖੀ ਭਗਉਤੀ ਦੀ ਥਾਂ ਭਗੌਤੀ ਇਸ ਪ੍ਰਕਾਰ ਲਿਖੀ ਜਾਣ ਲਗ ਪਈ ਜੋ ਮੇਰੀ ਤੁੱਛ ਬੁਧੀ ਅਨੁਸਾਰ ਦਰੁਸਤ ਨਹੀਂ ਹੈ। ਦਸਮ ਪਿਤਾ ਜੀ ਨੇ ਸ੍ਰੀ ਭਗਉਤੀ ਜੀ ਸਹਾਇ, ਇਨ੍ਹਾਂ ਸਤਰਾਂ ਵਿੱਚ ਭਗਉਤੀ ਅਪਾਰ ਸ਼ਕਤੀ ਦੀ ਓਟ ਲਈ ਹੇ ਤਾਂ ਭਗਉਤੀ ਦੇ ਅਰਥ ਹੋਏ (Supreme Power) ਨੂੰ ਧਿਆ ਕੇ, ਵਾਰ ਸ੍ਰੀ ਭਗਉਤੀ ਜੀ ਦੀ ਪਾਤਸ਼ਾਹੀ ੧੦, ਇਨ੍ਹਾਂ ਸਤਰਾਂ ਵਿਚ ਭਗਉਤੀ ਦੇ ਅਰਥ ਤਲਵਾਰ ਦੇ ਲਏ ਹਨ। ਭਾਵ ਤਲਵਾਰ ਨੂੰ ਸਰਬ ਸਰੇਸ਼ਟ (Supreme Power) ਮੁਖਾਤਬ ਕੀਤਾ ਹੈ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਧਿਆਇਆ ਹੈ”। (ਪੰਨਾ 25) (ਤਲਵਾਰ ਨੂੰ ਸਰਬ ਸਰੇਸ਼ਟ (Supreme Power) ਕਿਵੇਂ ਮੰਨਿਆ ਜਾਂ ਸਕਦਾ ਹੈ? ਇਹ ਗੱਲ ਮੇਰੀ ਸਮਝ ਤੋਂ ਤਾਂ ਬਾਹਰ ਹੈ)
“ਪਹਿਲੇ ਖੜਗ ਕਾ ਸਿਮਰਨ ਕਰ ਫਿਰ ਗੁਰੂ ਨਾਨਕ ਕੋ ਯਾਦ ਕਰਤਾ ਹੂ”। (ਡਾ ਜੋਧ ਸਿੰਘ- ਦਸਮ ਗ੍ਰੰਥ ਦਾ ਹਿੰਦੀ `ਚ ਟੀਕਾ, ਭਾਗ ਪਹਿਲਾ, ਪੰਨਾ 253)
ਡਾ ਜਸਵੰਤ ਸਿੰਘ ਨੇਕੀ ਲਿਖਦੇ ਹਨ, “ਇਸ ਵਾਰ ਦਾ ਸਿਰਲੇਖ ਹੈ ਵਾਰ ਸ੍ਰੀ ਭਗਉਤੀ ਜੀ ਕੀ। ਇਸ ਵਿਚ ਆਏ ਭਗਉਤੀ ਪਦ ਦੇ ਅਰਥ ਆਮ ਤੌਰ ਤੇ ‘ਦੁਰਗਾ’ ਕੀਤੇ ਜਾਂਦੇ ਹਨ। ਇਸ ਦਾ ਸਿਧਾ ਕਾਰਨ ਇਹ ਜਾਪਦਾ ਹੈ ਕਿ ਇਸ ਵਾਰ ਵਿੱਚ ਦੁਰਗਾ ਦੇ ਦੈਂਤਾਂ ਨਾਲ ਕੀਤੇ ਜੁੱਧ ਦਾ ਵਰਣਨ ਹੈ। ਪਰ, ਜੇ ਗਹੁ ਨਾਲ ਸੋਚੀਏ ਤਾਂ ਇਹ ਵਾਰ ਉਸ ਸ਼੍ਰੀ ਭਗਉਤੀ ਦੀ ਹੈ ਜਿਸ ਦੀ ਭਾਰੀ ਵਰਜਾਗਨਤਾ ਸਾਰੀ ਵਾਰ ਵਿਚ ਓਤ ਪੋਤ ਪਰਗਟ ਹੈ ਵਾਰ ਦੇ ਅੰਦਰ ਹੀ ਇਸ ਦਾ ਪ੍ਰਮਾਣ ਮੌਜੂਦ ਹੈ।
“ਲਈ ਭਗਉਤੀ ਦੁਰਗਸਾਹ ਵਰਜਾਗਨਿ ਭਾਰੀ। ਲਾਈ ਰਾਜੇ ਸੁੰਭ ਨੌ ਰਤੁ ਪੀਐ ਪਿਆਰੀ”। (ਅਰਦਾਸ ਪੰਨਾ 58)
ਇਸ ਗ੍ਰੰਥ ਦੇ ਸਭ ਤੋਂ ਵੱਡੇ ਹਮਾਇਤੀ , ਪਿਆਰਾ ਸਿੰਘ ਪਦਮ ਦੀ ਲਿਖਤ ਦੇ ਕੁਛ ਅੰਸ਼, “ਆਮ ਤੌਰ ਤੇ ਇਸ ਵਾਰ ਦਾ ਨਾਮ ਚੰਡੀ ਦੀ ਵਾਰ ਪ੍ਰਸਿੱਧ ਹੋ ਗਿਆ ਹੈ ਯਾ ਫਿਰ ‘ਵਾਰ ਭਗਉਤੀ ਜੀ ਕੀ’ ਵੀ ਕਿਹਾ ਜਾਂਦਾ ਹੈ। ਪਰ ਇਹ ਦੋਵੇਂ ਨਾਮ ਬਾਦ ਵਿੱਚ ਪ੍ਰਚਲਤ ਹੋਏ ਸਿੱਧ ਹੁੰਦੇ ਹਨ। ‘ਵਾਰ ਦੁਰਗਾ ਕੀ’ ਪ੍ਰਮਾਣਿਕ ਨਾਮ ਹੋਣ ਦਾ ਪਹਿਲਾ ਸਬੂਤ ਤਾਂ ਇਹ ਹੈ ਕਿ ਸ੍ਰੀ ਦਸਮ ਗ੍ਰੰਥ ਦੀਆਂ ਪ੍ਰਾਚੀਨ ਬੀੜਾਂ ਜਿਵੇ ਕਿ ਅਨੰਦਪੁਰੀ ਬੀੜ, ਭਾਈ ਮਨੀ ਸਿੰਘ ਵਾਲੀ ਬੀੜ, ਪਟਨੇ ਵਾਲੀ ਬੀੜ ਤੇ ਮੋਤੀ ਬਾਘ਼ ਪਟਿਆਲੇ ਵਾਲੀ ਬੀੜ- ਸਾਰੀਆਂ ਹੀ ਲਿਖਤੀ ਬੀੜਾਂ ਵਿੱਚ ਸਿਰਲੇਖ ਇਹੋ ਮਿਲਦਾ ਹੈ।... ਜਦੋਂ ਅਸੀਂ ਇਸ ਪ੍ਰਬੰਧ ਕਾਵਿ ਦੀ ਅੰਦਰਲੀ ਗਵਾਹੀ ਲੱਭਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਇਸ ਵਿੱਚ ਦੇਵੀ ਲਈ ਤਿੰਨ ਵਾਰ ‘ਭਵਾਨੀ”, ਛੇ ਵਾਰ ‘ਚੰਡੀ’ ਤੇ ੩੯ ਵਾਰ ‘ਦੁਰਗਾ’ ਵਰਤਿਆ ਗਿਆ ਹੈ, ਭਗਉਤੀ ਇਕ ਵਾਰ ਵੀ ਨਹੀਂ ਵਰਤਿਆ। ਆਖ਼ਰ ਨਾਇਕ ਦਾ ਜੋ ਨਾਮ ਕਵੀ ਰਚਨਾ ਵਿੱਚ ਵਰਤਦਾ ਹੈ ਉਸੇ ਦੇ ਅਧਾਰ ਤੇ ਹੀ ਸਿਰਲੇਖ ਹੋ ਸਕਦਾ ਹੈ। ਤੀਜੀ ਦਲੀਲ ਇਹ ਵੀ ਹੈ ਕਿ ਮੂਲ ਸੰਸਕ੍ਰਿਤ ਰਚਨਾ ਦਾ ਨਾਮ ‘ਦੁਰਗਾ ਸਪਤਸ਼ਤੀ’ ਯਾ ‘ਦੁਰਗਾ ਪਾਠ’ ਹੈ। ਇਸ ਅਨੁਸਾਰ ‘ਵਾਰ ਦੁਰਗਾ ਕੀ’ ਨਾਮ ਰਖਿਆ ਜਾਣਾ ਹੀ ਉਚਿਤ ਸੀ। ‘ਵਾਰ ਭਗਉਤੀ ਜੀ ਕੀ’ ਨਾਮ ਪੈਣ ਦਾ ਕਾਰਨ ਇਤਨਾ ਹੀ ਜਾਪਦਾ ਹੈ ਕਿ ਅਰੰਭ ਵਿੱਚ ‘ਸ੍ਰੀ ਭਗਉਤੀ ਜੀ ਸਹਾਇ’ ਸੀ ਤੇ ਫਿਰ ਪਉੜੀ ‘ ਪ੍ਰਿਥਮ ਭਗਉਤੀ ਸਿਮਰਕੈ” ਨਾਲ ਸ਼ੁਰੂ ਹੁੰਦੀ, ਸਿੱਟਾ ਇਹ ਹੋਇਆ ਕਿ ਇਨ੍ਹਾਂ ਨਾਮਾਂ ਸਦਕਾ ਹੀ ਵਾਰ ਦਾ ਨਾਮ ਵੀ ਆਮ ਲੋਕਾਂ ‘ਵਾਰ ਭਗਉਤੀ ਜੀ ਕੀ’ ਹੀ ਪਾ ਦਿੱਤਾ। ‘ਚੰਡੀ ਦੀ ਵਾਰ’ ਇਸ ਲਈ ਕਿ ਦੁਰਗਾ ਨੂੰ ਚੰਡੀ ਆਖਦੇ ਹਨ ਤੇ ਇਸੇ ਨਾਂ ਉਤੇ ਗੁਰੂ ਜੀ ਨੇ ਇਸ ਦਾ ਚਰਿੱਤਰ ਹਿੰਦੀ ਵਿਚ ਲਿਖਿਆ ਹੈ, ਵੈਸੇ ਭਗਉਤੀ ਤੇ ਦੁਰਗਾ ਵੱਖ-ਵੱਖ ਅਰਥ ਰੱਖਦੇ ਹਨ। ਭਗਉਤੀ ਦਾ ਅਰਥ ਤਲਵਾਰ ਹੈ ਜੈਸਾ ਕਿ ਭਾਈ ਗੁਰਦਾਸ ਨੇ ਵਿ ਵਰਤਿਆ ਹੈ:- “ਨਾਉ ਭਗਉਤੀ ਲੋਹ ਘੜਾਇਆ ।੫।੬।25। (ਦਸਮ ਗ੍ਰੰਥ ਦਰਸ਼ਨ ਪੰਨਾ 103)
ਡਾ ਬਲਵੰਤ ਸਿੰਘ ਮਲਿਕ ਭਗਉਤੀ ਦੇ ਅਰਥ ਤਲਵਾਰ ਲਿਖਦੇ ਹਨ, “ਇਨ੍ਹਾਂ ਗ੍ਰੰਥਾਂ ਦੇ ਅਧਾਰ ਤੇ ਗੁਰੂ ਮਹਾਰਾਜ ਨੇ ਬੀਰ-ਰਸ ਦੀ ਭਰੀ ਵਾਰ ਉਚਾਰੀ ਹੈ। ਵਾਰਾਂ ਵੀਰ ਬਹਾਦਰਾਂ ਦਾ ਹਾਲ ਪਉੜੀਆਂ ਵਿੱਚ ਹੁੰਦਾ ਹੈ। ਅਤੇ ਗੁਰੂ ਮਹਾਰਾਜ ਨੇ ਵੀ 55 ਪਉੜੀਆਂ ਵਿਚ ਰਚੀ ਹੈ। ਪਰ ਸਭ ਤੋਂ ਪਹਿਲਾ ਉਨ੍ਹਾਂ ਨੇ ਮੰਗਲਾ ਚਰਨ ਵਿਚ ਭਗਉਤੀ ਨੂੰ ਸਿਮਰ ਕੇ ਫਿਰ ਨੌਂ ਗੁਰਾਂ ਦੀ ਅਰਾਧਨਾ ਕੀਤੀ ਹੈ, ਜੋ ਉਸ ਵਕਤ ਤੋਂ ਲੈਕੇ ਹੁਣ ਤਕ ਹਰ ਵਕਤ ਅਰਦਾਸ ਕਿਤੀ ਜਾਂਦੀ ਹੈ:...ਇਸ ਦੇ ਅਰਥ ਸਪਸ਼ਟ ਹਨ ਕਿ ਵਾਰ ਇਹ ਭਗਉਤੀ (ਤਲਵਾਰ) ਦੀ ਹੈ। ਸਭ ਤੋਂ ਪਹਿਲਾ ਸ੍ਰੀ ਸਾਹਿਬ ਨੂੰ ਸਿਮਰ ਕੇ ਤੇ ਗੁਰੂ ਨਾਨਕ ਦੇਵ ਜੀ ਨੂੰ ਸਿਮਰ ਲੈਂਦਾ ਹਾਂ” ( ਦਸਮ ਗ੍ਰੰਥ ਤੇ ਕੁਝ ਵਿਚਾਰ ਪੰਨਾ 33)
ਤ੍ਰਿਯਾ ਚਰਿਤ੍ਰਾਂ ਦਾ ਅਰੰਭ ਵਿਚ ਵੀ ਕਵੀ ਭਗੌਤੀ ਨੂੰ ਹੀ ਨਮਸਕਾਰ ਕਰਦਾ ਹੈ। ਡਾ ਰਤਨ ਸਿੰਘ ਵਾਲੇ ਟੀਕੇ `ਚ, “ ਸ੍ਰੀ ਭਗੌਤੀ ਏ ਨਮ” ਲਿਖਿਆ ਹੋਇਆ ਹੈ ਜਦੋਂ ਕਿ ਭਾਈ ਜੀਵਨ ਸਿੰਘ ਚਤਰ ਸਿੰਘ ਵੱਲੋਂ ਛਾਪੇ ਗ੍ਰੰਥ ਵਿੱਚ ਸ੍ਰੀ ਭਗਉਤੀ ਜੀ ਸਹਾਇ” ਲਿਖਿਆ ਹੋਇਆ ਹੈ। ਚਰਿਤ੍ਰ 21 (ਨੂਪ ਕੌਰ) ਜਿਸ ਨੂੰ ਕਈ ਵਿਦਵਾਨ ਗੁਰੂ ਜੀ ਆਪ ਬੀਤੀ ਹੀ ਮੰਨੀ/ਲਿਖੀ ਜਾਂਦੇ ਹਨ, ਵਿਚ ਵੀ ਰਾਜਾ ਜੋਗੀ ਦਾ ਭੇਸ ਬਣਾ ਕੇ ਉਸ ਔਰਤ ਦੇ ਘਰ ਨੂੰ ਜਾਂਦਾ ਹੋਇਆ ਭਗਵਤੀ ਦਾ ਹੀ ਸਿਮਰਨ ਕਰਦਾ ਹੈ।
“ਚਲਿਯੋ ਧਾਰਿ ਆਤੀਤ ਕੋ ਭੇਸ ਰਾਈ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ। ਚਲਯੋ ਸੋਤਾ ਕੇ ਫਿਰਯੋ ਨਾਹਿ ਫੇਰੇ ਧਸਯੋ ਜਾੲਕੈ ਵਾ ਤ੍ਰਿਯਾ ਕੇ ਸੂ ਡੇਰੇ” ।10। (ਦਸਮ ਗ੍ਰੰਥ, ਪੰਨਾ 838)
ਉਪ੍ਰੋਕਤ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਭਗਉਤੀ ਦਾ ਅਰਥ ਅਕਾਲ ਪੁਰਖ ਨਹੀਂ ਹੈ। ਵਿਦਵਾਨਾਂ ਨੇ ਭਗਉਤੀ ਦੇ ਅਰਥ ਤਲਵਾਰ ਜਾਂ ਦੁਰਗਾ ਕੀਤੇ ਹਨ। ਹੁਣ ਫੈਸਲਾ ਸਿੱਖ ਸੰਗਤਾਂ ਨੇ ਕਰਨਾ ਹੈ ਕਿ ਸਾਡੇ ਲਈ ਸੁਪਰੀਮ ਕੌਣ ਹੈ? ਅਸੀਂ ਸਿਮਰਨ ਅਕਾਲ ਪੁਰਖ ਦਾ ਕਰਨਾ ਹੈ ਜਾਂ ਉਸ ਕਰਤੇ ਦੀ ਕਿਰਤ ਦੀ ਕਿਰਤ ਭਾਵ ਤਲਵਾਰ ਜਾਂ ਹਿੰਦੂ ਮਿਥਿਹਾਸ ਦੀ ਪਾਤਰ ਦੁਰਗਾ ਦੇਵੀ ਦਾ?
ਸਿੱਖ ਰਹਿਤ ਮਰਯਾਦਾ ਵਿੱਚ ਜਿਸ ਪੰਨੇ ਤੇ ਅਰਦਾਸ ਦਾ ਦਰਜ ਹੈ ਉਸੇ ਪੰਨੇ ਤੇ ਇਹ ਨੋਟ ਲਿਖਿਆ ਹੋਇਆ ਹੈ; “ਇਹ ਅਰਦਾਸ ਦਾ ਨਮੂਨਾ ਹੈ। ‘ਪ੍ਰਿਥਮ ਭਗੌਤੀ’ ਵਾਲੇ ਸ਼ਬਦ ਅਤੇ ‘ਨਾਨਕ ਨਾਮ’ ਵਾਲੀਆਂ ਅੰਤਲੀਆਂ ਦੋ ਤੁਕਾਂ ਵਿਚ ਕੋਈ ਤਬਦੀਲੀ ਨਹੀ ਹੋ ਸਕਦੀ” (ਪੰਨਾ 10)
ਇਸ ਟਿੱਪਣੀ ਤੋਂ ਇਕ ਗੱਲ ਤਾ ਸਪੱਸ਼ਟ ਹੈ ਕਿ ਇਨ੍ਹਾਂ ਦੋ ਤਬਦੀਲੀਆਂ ਤੋਂ ਬਿਨਾ ਹੋਰ ਤਬਦੀਲੀ ਹੋ ਸਕਦੀ ਹੈ। ਜੋ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਵੀ ਗਈਆਂ ਹਨ। ਅਰਦਾਸ ਦੀ ਪਹਿਲੀ ਪੌੜੀ ਬਾਰੇ ਤਾ ਜਾਣਕਾਰੀ ਹੈ ਕਿ ਇਹ ਅਖੌਤੀ ਦਸਮ ਗ੍ਰੰਥ `ਚ ਆਈ ਹੈ ਪਰ ਅਰਦਾਸ ਦੀ ਆਖਰੀ ਪੰਗਤੀ (ਨਾਨਕ ਨਾਮ ਚੜਦੀ ਕਲਾ) ਇਹ ਕਿਥੋਂ ਆਈ ਹੈ? ਨਾਨਕ ਨਾਮ ਹੋਣ ਕਾਰਨ ਭੁਲੇਖਾ ਪੈਂਦਾ ਹੈ ਕਿ ਬਾਣੀ ਦੀ ਪੰਗਤੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਇਹ ਦਰਜ ਨਹੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਅਰਦਾਸ ਵਿਚ ਇਹ ਪੰਗਤੀ ਕਿਸ ਨੇ ਸ਼ਾਮਿਲ ਕੀਤੀ ਹੈ? ਕਿਉਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਿੱਖ ਨੂੰ ਕੱਚੀ ਬਾਣੀ ਪੜ੍ਹਨ ਲਈ ਮਜਬੂਰ ਕੀਤਾ ਗਿਆ ਹੈ? ਪਹਿਲੀ ਪੌੜੀ `ਚ ਦਰਜ ਦੋ ਪੰਗਤੀਆਂ “ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ” ਅਤੇ “ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ”ਬਾਰੇ ਵੀ ਵਿਚਾਰ ਹੋਣੀ ਜਰੂਰੀ ਹੈ ਕੀ ਇਹ ਪੰਗਤੀਆਂ , ਧੁਰ ਕੀ ਬਾਣੀ ਦੀਆਂ ਪਾਵਨ ਪੰਗਤੀਆਂ
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ “ (ਪੰਨਾ 594) ਅਤੇ
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ ਇਨ ਮੈਂ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ” (ਪੰਨਾ 1426)
ਦਾ ਖੰਡਨ ਤਾਂ ਨਹੀ ਕਰਦੀਆਂ ? ਇਸ ਤੋਂ ਇਲਾਵਾ ਅਰਦਾਸ ਵਿਚ ਹੋਰ ਵੀ ਕਈ ਖ਼ਾਮੀਆਂ ਹਨ, ਜਿਨ੍ਹਾਂ ਬਾਰੇ ਵਿਚਾਰ ਚਰਚਾ ਹੋਣ ਬਹੁਤ ਜਰੂਰੀ ਹੈ। ਇਸ ਕਥਿਤ ਅਰਦਾਸ ਵਿਚ ਤਾਂ ਗੁਰੂਆਂ ਦੇ ਨਾਮ ਵੀ ਪੂਰੇ ਸਤਿਕਾਰ ਨਾਲ ਨਹੀਂ ਲਏ ਗਏ।
ਆਪਣੀ ਮੁੜ ਸਥਾਪਤੀ ਲਈ ਤਰਲੋ-ਮੱਛੀ ਹੋ ਰਹੇ ਮੁਖ ਸੇਵਾਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਮੇਂ ਦੇ ਹਾਣੀ ਬਣੋ। ਪਿਛਲੇ ਤਜਰਬਿਆਂ ਤੋਂ ਸਿੱਖਿਆ ਲੈਂਦੇ ਹੋਏ, ਦੁਬਈ ਦੀਆਂ ਜਾਗਰੂਕ ਸੰਗਤਾਂ ਨੂੰ ਸੰਮਨ ਭੇਜਣ ਤੋਂ ਸੰਕੋਚ ਕਰਦੇ ਹੋਏ ਮਸਲੇ ਨੂੰ ਸੁਲਝਾਉਣ ਲਈ ਸੰਵਾਦ ਰਚਾਉਣ ਦੀ ਨੀਤੀ ਅਪਣਾਓ ਤਾਂ ਜੋ ਰਹਿਤ ਮਰਯਾਦਾ `ਚ ਦਰਜ ਅਰਦਾਸ ਸਮੇਤ ਹੋਰ ਵੀ ਅਜੇਹੀਆਂ ਮੱਦਾਂ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪਰਖ ਕਸਵੱਟੀ ਤੇ ਪੂਰੀਆਂ ਨਹੀ ਉਤਰਦੀਆਂ `ਚ ਸੋਧ ਕੀਤੀ ਜਾ ਸਕੇ।


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.