ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਅਰਦਾਸ ਵਿੱਚ ਅਦਲਾ ਬਦਲੀ ਦਾ ਮਾਮਲਾ :-
-: ਅਰਦਾਸ ਵਿੱਚ ਅਦਲਾ ਬਦਲੀ ਦਾ ਮਾਮਲਾ :-
Page Visitors: 2944

-: ਅਰਦਾਸ ਵਿੱਚ ਅਦਲਾ ਬਦਲੀ ਦਾ ਮਾਮਲਾ :-
ਅੱਜ ਕਲ੍ਹ ਅਰਦਾਸ ਵਿੱਚੋਂ “ਭਗਉਤੀ” ਸ਼ਬਦ ਹਟਾਏ ਜਾਣ ਸੰਬੰਧੀ ਹਾਂ ਪੱਖੀ ਅਤੇ ਨਾਂਹ ਪੱਖੀ ਬੜੇ ਕਮੈਂਟ ਆ ਰਹੇ ਹਨ।ਭਗਉਤੀ ਸ਼ਬਦ ਹਟਾਏ ਜਾਣ ਵਾਲਾ ਕਦਮ ਠੀਕ ਹੈ ਜਾਂ ਗ਼ਲਤ, ਇਸ ਦਾ ਸਿੱਧਾ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਤੋਂ ਪਹਿਲਾਂ ਕਈ ਪਹਿਲੂਆਂ ਤੇ ਵਿਚਾਰ ਕਰਨ ਦੀ ਜਰੂਰਤ ਹੈ।
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਅਕਾਲ ਤਖਤ ਤੋਂ ਹੋਣਾ ਚਾਹੀਦਾ ਹੈ।ਪਰ ਮੌਜੂਦਾ ਸਮੇਂ ਅਕਾਲ ਤਖਤ ਦਾ ਪ੍ਰਬੰਧ, ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣੇ ਅਖੌਤੀ ਜੱਥੇਦਾਰ ਦੇ ਹੱਥ ਵਿੱਚ ਹੈ ਅਤੇ (ਪੰਜਾਬ ਦੀ) ਰਾਜਸੀ ਪਾਰਟੀ ਵੋਟਾਂ ਦੀ ਖਾਤਰ ਪੰਥ-ਦੋਖੀਆਂ ਦੇ ਦਬਾਵ ਹੇਠਾਂ ਕੰਮ ਕਰ ਰਹੀ ਹੈ।ਅਕਾਲ ਤਖਤ ਦੀ ਸਥਾਪਨਾ ਤਾਂ ਪੰਥ ਸੰਬੰਧੀ ਮਸਲੇ ਹਲ ਕਰਨ ਲਈ ਹੀ ਕੀਤੀ ਗਈ ਸੀ ਪਰ ਮੌਜੂਦਾ ਸਮੇਂ ਹੋ ਇਸ ਦੇ ਉਲਟ ਰਿਹਾ ਹੈ।ਇਸ ਲਈ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਤੋਂ ਕਿਸੇ ਵੀ ਕਿਸਮ ਦੀ ਪੰਥਕ ਹਿਤਾਂ ਦੀ ਸੇਧ ਮਿਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।ਮੌਜੂਦਾ ਅਖੌਤੀ ਜੱਥੇਦਾਰ ਕੋਲ- “ਜਿਹੜੇ ਲੋਕ ਅਰਦਾਸ ਵਿੱਚ ਫੇਰ ਬਦਲ ਕਰਨ ਦੀ ਕੋਸ਼ਿਸ਼ ਕਰਦੇ  ਹਨ ਸਭ ਨੂੰ ਪੰਥ’ਚੋਂ ਛੇਕਿਆ ਜਾਂਦਾ ਹੈ” ਵਾਲਾ ਫਤਵਾ ਸੁਨਾਉਣ ਤੋਂ ਵੱਧ ਕੁਝ ਵੀ ਨਹੀਂ ਹੈ।ਆਪਣੇ ਜਾਰਨੀਤਿਕ ਆਕਾ ਦੇ ਹੁਕਮ ਤੋਂ ਬਿਨਾ ਅਖੌਤੀ ਜੱਥੇਦਾਰ ਪੰਥਕ ਹਿਤਾਂ ਦੀ ਗੱਲ ਕਰ ਨਹੀਂ ਸਕਦਾ।ਅਤੇ ਵੋਟਾਂ ਦੀ ਖਾਤਰ ਇਸ ਦਾ ਆਕਾ ਪੰਥਕ ਹਿਤਾਂ ਵਾਲੀ ਕੋਈ ਗੱਲ ਕਰਨ ਦੀ ਇਜਾਜਤ ਨਹੀਂ ਦੇ ਸਕਦਾ।ਸੋ ਮੌਜੂਦਾ ਜੱਥੇਦਾਰ ਤੋਂ ਪੰਥਕ ਹਿਤਾਂ ਦੀ ਕਿਸੇ ਸੇਧ ਦੀ ਆਸ ਰੱਖਣੀ ਵਿਆਰਥ ਹੈ।ਅਸਲ ਵਿੱਚ ਅਖੌਤੀ ਜੱਥੇਦਾਰ ਵੱਲੋਂ ਲੰਮੇਂ ਸਮੇਂ ਤੋਂ ਪੰਥ ਵਿਰੋਧੀ ਕਾਰਵਾਈਆਂ ਕੀਤੀਆਂ ਜਾਣ ਕਰਕੇ, ਪੰਥ ਨੇ ਹੀ ਇਸ ਨੂੰ ਸਿੱਖੀ ਵਿੱਚੋਂ ਛੇਕ ਰੱਖਿਆ ਹੈ।ਇਸ ਲਈ ਅਰਦਾਸ ਸੰਬੰਧੀ ਜਾਂ ਇਸ ਦਾ ਕੋਈ ਵੀ ਹੋਰ ਆਦੇਸ਼ ਮੰਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪਿਛਲੇ ਦਿਨੀਂ ਅਕਾਲ ਤਖਤ ਦੇ ਥਾਪੇ ਗਏ ਜੱਥੇਦਾਰ ਜਗਤਾਰ ਸਿੰਘ ਹਵਾਰਾ ਕੋਲ ਵੀ ਅਰਦਾਸ ਵਿੱਚ ਕੀਤੀ ਗਈ ਤਬਦੀਲੀ ਸੰਬੰਧੀ, ਸ਼ਿਕਾਇਤ ਭੇਜੀ ਗਈ ਹੈ।
ਪਰ ਬੜੇ ਦੁਖ ਅਤੇ ਹੈਰਾਨੀ ਦੀ ਗੱਲ ਹੈ ਕਿ ਸਿੱਖ, ਜਜ਼ਬਾਤਾਂ ਤੋਂ ਉੱਪਰ ਉੱਠ ਕੇ ‘ਦੂਰਦਰਸ਼ਿਤਾ’ ਤੋਂ ਕੰਮ ਕਿਉਂ ਨਹੀਂ ਲੈਂਦੇ? ਬੀਤੇ ਸਮੇਂ ਤੋਂ ਵੀ ਕੋਈ ਸਬਕ ਨਹੀਂ ਸਿੱਖਦੇ।ਜਗਤਾਰ ਸਿੰਘ ਹਵਾਰਾ ਦੀ ਕੁਰਬਾਨੀ ਆਪਣੀ ਜਗ੍ਹਾ ਹੈ।ਉਸ ਕੁਰਬਾਨੀ ਲਈ ਹਵਾਰਾ ਦਾ ਪੂਰਾ ਸਤਿਕਾਰ ਕਰਨਾ ਬਣਦਾ ਹੈ।ਪਰ ਐਸ ਵਕਤ ਸਿੱਖ ਪੰਥ ਨੂੰ ਸਿਰਫ ਜਜ਼ਬਾਤਾਂ ਦੀ ਨਹੀਂ ਸਹੀ ਸੇਧ ਦੀ ਲੋੜ ਹੈ
।ਹਵਾਰਾ ਦੀ ਸਿੱਖ ਪੰਥ ਨੂੰ ਸਿਆਸੀ ਅਤੇ ਧਾਰਮਿਕ ਮਸਲਿਆਂ ਦੇ ਹਲ ਕਰ ਸਕਣ ਵਾਲੀ ਕਾਬਲੀਅਤ ਦੀ ਪਰਖ ਕੀਤੇ ਬਿਨਾਂ ਹੀ ਕੁਝ ਲੋਕਾਂ ਵੱਲੋਂ ਜੱਥੇਦਾਰ ਥਾਪਿਆ ਗਿਆ ਹੈ, ਵਿਦਵਾਨਾਂ ਦੇ ਆਪਸੀ ਵਿਚਾਰ ਵਟਾਂਦਰੇ ਨਾਲ ਨਹੀਂ।ਜਿਹਨਾਂ ਹਾਲਾਤਾਂ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਜੱਥੇਦਾਰ ਥਾਪਿਆ ਗਿਆ ਹੈ, ਕਦੇ ਰਣਜੀਤ ਸਿੰਘ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਅਕਾਲ ਤਖਤ ਦਾ ਜੱਥੇਦਾਰ ਥਾਪਿਆ ਗਿਆ ਸੀ।ਸਿੱਖ ਕੌਮ ਨੂੰ ਬੀਤੇ ਤੋਂ ਸੇਧ ਲੈਣ ਦੀ ਜਰੂਰਤ ਹੈ ਕਿ ਇਸ ਜੱਥੇਦਾਰੀ ਪ੍ਰਬੰਧ ਨੇ ਰਣਜੀਤ ਸਿੰਘ ਤੋਂ ਲੈ ਕੇ ਹੁਣ ਤੱਕ ਪੰਥ ਦਾ ਕਿੰਨਾਕੁ ਭਲਾ ਕੀਤਾ ਹੈ, ਜਿਹੜਾ ਹੁਣ ਆਉਣ ਵਾਲੇ ਸਾਲਾਂ ਵਿੱਚ ਭਲਾ ਹੋ ਜਾਵੇਗਾ।ਇੱਥੇ ਗੱਲ ਰਣਜੀਤ ਸਿੰਘ ਦੀ ਜਾਂ ਜਗਤਾਰ ਸਿੰਘ ਹਵਾਰਾ ਦੀ ਨਹੀਂ, ਜੱਥੇਦਾਰੀ ਸਿਸਟਮ ਅਤੇ ਜੱਥੇਦਾਰ ਚੁਣੇ ਜਾਣ ਵਾਲੇ ਸਿਸਟਮ ਦੀ ਹੈ।ਜੇ ਅੱਜ ਕੋਈ ਚੰਗਾ ਜੱਥੇਦਾਰ ਚੁਣ ਵੀ ਲਿਆ ਜਾਂਦਾ ਹੈ ਤਾਂ ਕੀ ਇਸ ਸਿਸਟਮ ਨਾਲ ਕਲ੍ਹ ਨੂੰ ਸਿਆਸੀ ਹੱਥਾਂ ਦੀ ਕਠਪੁਤਲੀ ਬਣਨ ਵਾਲਾ ਕੋਈ ਹੋਰ ਜੱਫੇਮਾਰ ਫੇਰ ਨਹੀਂ ਆ ਸਕਦਾ? ਫੇਰ ਅੱਜ ਵਾਲੇ ਹਾਲਾਤ ਨਹੀਂ ਬਣ ਸਕਦੇ?
ਮੌਜੂਦਾ ਸਮੇਂ ਅਰਦਾਸ ਵਿੱਚ ਕੀਤੀ ਗਈ ਤਬਦੀਲੀ, ਇੱਕ ਪਹਿਲੂ ਤੋਂ ਬੇਸ਼ੱਕ ਚੰਗਾ ਕਦਮ ਹੋ ਸਕਦਾ ਹੈ।ਪਰ ਆਉਣ ਵਾਲੇ ਨਿਕਟ ਭਵਿੱਖ ਵਿੱਚ ਇਹ ਕਦਮ ਸਿੱਖ ਕੌਮ ਲਈ ਹੁਣ ਨਾਲੋਂ ਵੀ ਵੱਧ ਘਾਤਕ, ਬਖੇੜੇ ਅਤੇ ਵਿਵਾਦ ਖੜ੍ਹੇ ਕਰਨ ਵਾਲਾ ਸਾਬਤ ਹੋ ਸਕਦਾ ਹੈ।ਕਿਉਂਕਿ ਐਸ ਵਕਤ ਆਪਣੇ ਆਪ ਨੂੰ ਗੁਰਮਤਿ ਪ੍ਰਚਾਰਕ ਅਖਵਾਉਣ ਵਾਲੀਆਂ ਕਈ ਧਿਰਾਂ, ਜਿਹਨਾਂ ਨੂੰ ਗੁਰਬਾਣੀ ਦੇ ਕਈ ਸਿਧਾਂਤ, ਬੀਤੇ ਸਮੇਂ ਦੀਆਂ ਬ੍ਰਹਮਣੀ ਮਾਨਤਾਵਾਂ ਲੱਗਦੀਆਂ ਹਨ, ਉਹ ਗੁਰਬਾਣੀ ਦੇ ਅਰਥ ਆਪਣੇ ਹੀ ਘੜ ਕੇ ਪ੍ਰਚਾਰ ਰਹੇ ਹਨ ਅਤੇ ‘ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵੇਲੇ ਹੋਈਆਂ ਗ਼ਲਤੀਆਂ’ ਕਹਿਕੇ ਗੁਰਬਾਣੀ ਵਿੱਚੋਂ ਬਹੁਤ ਕੁਝ ਬਦਲਣ ਦੀ ਤਾਕ ਵਿੱਚ ਬੈਠੇ ਹਨ।ਜਿਸ ਨਾਲ ਇਹਨਾਂ ਲੋਕਾਂ ਨੂੰ ਆਪਣੇ ਅਰਥ ਘੜਨ ਵਿੱਚ ਆਸਾਨੀ ਹੋ ਜਾਵੇਗੀ।
ਅਰਦਾਸ ਗੁਰਬਾਣੀ ਦਾ ਹਿੱਸਾ ਨਹੀਂ ਕਿ ਇਸ ਵਿੱਚ ਤਬਦੀਲੀ ਨਹੀਂ ਹੋ ਸਕਦੀ।  ਪਰ ਜੇ ਕਿਸੇ ਵਿਧੀ ਵਿਧਾਨ ਤੋਂ ਬਿਨਾਂ ਅੱਜ ਅਰਦਾਸ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਕਈ ਜੱਥੇਬੰਦੀਆਂ ਨੂੰ ਆਪ ਮੁਹਾਰੇ ਬਹੁਤ ਕੁਝ ਹੋਰ ਬਦਲਣ ਦਾ ਮੌਕਾ ਮਿਲ ਜਾਏਗਾ।
ਅਰਦਾਸ ਵਿੱਚ ਜੇ ਤਬਦੀਲੀ ਕਰਨੀ ਹੈ ਤਾਂ ਪਹਿਲਾਂ ਮੌਜੂਦਾ ਜੱਥੇਦਾਰੀ ਸਿਸਟਮ ਤੋਂ ਵੱਖਰਾ ਕੋਈ ਸਾਂਝਾ ਵਿਧੀ ਵਿਧਾਨ ਘੜਨ ਦੀ ਜਰੂਰਤ ਹੈ।ਤਾਂ ਕਿ ਕੋਈ ਆਪ ਮੁਹਾਰਾ ਆਪਣੀ ਮਰਜ਼ੀ ਨਾਲ ਤਬਦੀਲੀਆਂ ਨਾ ਕਰ ਸਕੇ।ਜਿੰਨੀ ਦੇਰ ਮੌਜੂਦਾ ਅਖੌਤੀ ਜੱਥੇਦਾਰ ਤੋਂ ਅਕਾਲ ਤਖਤ ਆਜ਼ਾਦ ਨਹੀਂ ਕਰਵਾ ਲਿਆ ਜਾਂਦਾ, ਓਨੀ ਦੇਰ ਅਕਾਲ ਤਖਤ ਦੀ ਬਜਾਏ ਕੋਈ ਆਰਜ਼ੀ ਬਦਲ ਲੱਭਣ ਦੀ ਜਰੂਰਤ ਹੈ, ਪਰ ਅਖੌਤੀ ਜੱਥੇਦਾਰ ਤੋਂ ਅਕਾਲ ਤਖਤ ਨੂੰ ਆਜ਼ਾਦ ਕਰਵਾਣ ਦਾ ਟੀਚਾ ਪਹਿਲ ਦੇ ਆਧਾਰ ਤੇ ਮਿਥਣਾ ਬਹੁਤ ਜ਼ਰੂਰੀ ਹੈ।

                                      *****
ਆਪਣੇ ਆਪ ਨੂੰ ਗੁਰਮਤਿ ਪ੍ਰਚਾਰਕ ਅਖਵਾਉਣ ਵਾਲੀਆਂ ਕਈ ਧਿਰਾਂ, ਗੁਰਮਤਿ ਦੇ ਬਹੁਤ ਸਾਰੇ ਸਿਧਾਂਤਾਂ ਨੂੰ ਬਦਲਣ/ ਰੱਦ ਕਰਨ ਦੀ ਤਾਕ ਵਿੱਚ ਬੈਠੀਆਂ ਹਨ।ਉਹਨਾਂ ਵਿੱਚੋਂ ਇੱਕ ਪ੍ਰਚਾਰਕ ਹਨ ਇੰਦਰ ਸਿੰਘ ਘੱਗਾ।
ਪੇਸ਼ ਹਨ ਇੰਦਰ ਸਿੰਘ ਘੱਗਾ ਦੇ ਲੋਖ ਵਿੱਚੋਂ ਅਰਦਾਸ ਸੰਬੰਧੀ ਕੁਝ ਅੰਸ਼-
…ਬਿਨਾ ਸ਼ੱਕ ਅਰਦਾਸਾਂ ਭੀ ਕਈ ਕਈ ਵਾਰੀਂ ਦੁਹਰਾਈਆਂ ਜਾਂਦੀਆਂ ਹਨ, ਕੀ ਇਸ ਤਰ੍ਹਾਂ ਮਨ-ਇੱਛਤ ਪਰਾਪਤੀਆਂ ਹੋ ਜਾਂਦੀਆਂ ਹਨ? ਸਾਰੇ ਵਿਗੜੇ ਕਾਰਜ ਰਾਸ ਹੋ ਜਾਂਦੇ ਹਨ?... ਜਿਹੜੇ ਦੇਸ਼ ਅੱਜ ਵਿਕਾਸ ਦੀਆਂ ਬੁਲੰਦੀਆਂ ਛੋਹ ਰਹੇ ਹਨ, ਜਿਹਨਾਂ ਆਪਣੇ ਨਾਗਰਿਕਾਂ ਲਈ ਸਾਰੀਆਂ ਸੁਖ ਸਹੂਲਤਾਂ ਮੁਹਈਆ ਕਰਵਾ ਦਿੱਤੀਆਂ ਹਨ, ਉਹ ਮੰਤਰ ਜਾਪਾਂ, ਪਾਠਾਂ ਜਾਂ “ਅਰਦਾਸਾਂ” ਨਾਲ ਸਫਲਤਾ ਦੀ ਸਿਖਰ ਤੇ ਪੁੱਜੇ ਹਨ ਕਿ “ਸਿਆਣਪ ਅਤੇ ਮਿਹਨਤ” ਨਾਲ ਕਾਮਜਾਬ ਹੋਏ ਹਨ?
… ਪਾਠ ਅਤੇ ਅਰਦਾਸਾਂ ਵਿਧੀ ਪੂਰਵਕ ਕਰਵਾ ਕੇ ਸਿੱਖ ਮਨਬਾਂਛਤ ਪਦਾਰਥਾਂ ਤੋਂ ਵਾਂਝੇ ਕਿਉਂ ਰਹਿ ਜਾਂਦੇ ਹਨ? ਕਾਮਜਾਬੀ ਕਿਉਂ ਹੱਥ ਨਹੀਂ ਆਉਂਦੀ? ਕੀ ਗੁਰਬਾਣੀ ਵਿੱਚ ਕੋਈ ਕਮੀਂ ਹੈ ਜਾਂ “ਅਰਦਾਸ” ਵਿੱਚ ਕੋਈ ਘਾਟ ਹੈ?
… ਜੇ ਕਿਸੇ ਮੰਤਰ ਜਾਂ ਪਾਠ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਹੁੰਦਾ ਤਾਂ ਉਹ ਸਮਰੱਥ ਗੁਰੂ ਸਨ, ਇੱਕੋ ਵਾਰੀਂ ਅੰਤਰ-ਧਿਆਨ ਹੋ ਕੇ ਕਈ ਮੰਤ੍ਰ ਪੜ੍ਹ ਛੱਡਦੇ, ਉਪਰੰਤ “ਇਕਾਗਰ-ਚਿੱਤ ਅਕਾਲ ਪੁਰਖ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਵਾਲੀ *ਅਰਦਾਸ* ਕਰ ਦਿੰਦੇ”।
… ਇੱਕੋ ਵਾਰੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਿਸ਼ਾਹ ਵੱਲੋਂ ਕੀਤੀ “ਅਰਦਾਸ” ਦੁਆਰਾ ਸਮਸਤ ਦੁਖਾਂ, ਕਲੇਸ਼ਾਂ, ਵਿਕਾਰਾਂ, ਗਰੀਬੀ, ਗੁਲਾਮੀ ਆਦਿ ਦਾ ਖਾਤਮਾ ਹੋ ਜਾਣਾ ਸੀ।ਸਾਰੇ ਸੰਸਾਰ ਦੇ ਨਾ ਸਹੀ ਆਪਣੇ ਹਮ-ਵਤਨੀ ਭਾਰਤ ਭੂਮੀ ਦੇ ਵਸਨੀਕਾਂ ਦੇ ਦੁੱਖ ਤਾਂ ਦੂਰ ਕਰ ਦਿੰਦੇ।ਉਹਨਾਂ ਨੂੰ ਆਪਣੇ ਸਿੱਖਾਂ ਸੇਵਕਾਂ ਨਾਲ ਬਹੁਤ ਪਿਆਰ ਸੀ। ਉਹਨਾਂ ਦੇ ਕਸ਼ਟ ਨਵਿਰਤੀ ਵਾਸਤੇ ਹੀ ਕੋਈ ਮੰਤ੍ਰ ਪੜ੍ਹ ਜਾਂਦੇ, “ਅਰਦਾਸ” ਕਰ ਦਿੰਦੇ।
… ਗੁਰੂ ਨਾਨਕ ਸਾਹਿਬ ਆਪਣੇ ਪੰਜਵੇਂ ਸਰੂਪ ਵਿੱਚ ਜਦੋਂ ਜਾਬਰ ਹੁਕਮਰਾਨਾਂ ਦੀ ਈਨ ਨਾ ਮੰਨਦਿਆਂ ਅਨੇਕਾਂ ਕਸ਼ਟ ਸਰੀਰ ਤੇ ਝੱਲ ਰਹੇ ਸਨ।ਇੱਕ ਹਫਤਾ ਦਿਲ ਕੰਬਾਊ ਤਸੀਹੇ ਦੇਣ ਤੋਂ ਬਾਅਦ ਸ਼ਹੀਦ ਕਰ ਦਿੱਤੇ ਗਏ, ਉਸ ਔਖੇ ਵਕਤ ਤਾਂ ਕੋਈ ਮੰਤਰ ਉਹਨਾਂ ਨੂੰ ਪੜ੍ਹ ਹੀ ਦੇਣਾ ਚਾਹੀਦਾ ਸੀ।ਕੀ ਸਾਰੇ ਹੀਲੇ ਮੁੱਕ ਜਾਣ ਤੇ ਆਖਰੀ ਹਥਿਆਰ ਦੇ ਤੌਰ ਤੇ ਕਿਸੇ ਮੰਤਰ ਨੂੰ ਵਰਤਿਆ ਜਾਣਾ ਗ਼ਲਤ ਸੀ? ਕੀ ਘੋਰ ਸੰਕਟ ਦੇ ਸਮੇਂ “ਨਿਰੰਕਾਰ ਦੇ ਦਰ ਅਰਦਾਸ” ਰਾਹੀਂ ਸਹਾਇਤਾ ਮੰਗਣੀ ਕਿਸੇ ਗੁਰਮਤਿ ਦੇ ਸਿਧਾਂਤ ਦੀ ਉਲੰਘਣਾ ਸੀ?… ਛੇਵੇਂ ਨਾਨਕ (ਗੁਰੂ ਹਰਿਗੋਬਿੰਦ ਸਾਹਿਬ) ਜੀ ਵੱਲੋਂ ਦੋ ਤਲਵਾਰਾਂ ਧਾਰਨ ਕਰਨੀਆਂ ਫੌਜਾਂ, ਕਿਲ੍ਹੇ, ਘੋੜੇ, ਤੋਪਾਂ, ਅਕਾਲ ਤਖਤ ਸਾਹਿਬ …।ਕੀ “ਅਰਦਾਸ” ਜਾਂ ਕਿਸੇ ਮੰਤਰ ਜਾਪ ਨਾਲ ਦੁਸ਼ਮਣ ਦਾ ਮਲੀਆ ਮੇਟ ਨਹੀਂ ਕੀਤਾ ਜਾ ਸਕਦਾ ਸੀ? ਫਿਰ ਕਿਉਂ? ਇਤਨੇ ਵੱਡੇ ਜੋਖਮ ਭਰੇ ਪ੍ਰਬੰਧ ਕਰਨੇ ਕਿੰਨੇ ਔਖੇ, ਅਤੇ ਮੰਤਰ ਜਾਪ ਅਤੇ “ਅਰਦਾਸ” ਵਾਲਾ ਕਾਰਜ ਅਤੀ ਸੁਖੈਨ।ਸੌਖਾ ਰਾਹ ਤਿਆਗ ਕੇ ਬਿਖੜੇ ਪੈਂਡੇ ਚੱਲਣਾ, ਸਿੱਖ ਸੇਵਕ ਸ਼ਹੀਦ ਕਰਵਾਉਣੇ।ਆਪਣਾ ਖਾਸ ਟਿਕਾਣਾ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਵਾਸ ਕਰਨਾ, ਇਹਨਾਂ ਮੁਸ਼ਕਿਲਾਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਸੀ ਮੰਤਰਾਂ ਦੁਆਰਾ।ਦਸਵੇਂ ਸਤਿਗੁਰੂ ਜੀ ਨੇ ਅਨੇਕਾਂ ਮੁਸ਼ਕਿਲਾਂ ਦਾ ਟਾਕਰਾ ਕੀਤਾ।ਕਰੀਬ ਚੌਦਾਂ ਖੂਨੀਂ ਜੰਗਾਂ ਲੜੀਆਂ।ਬੇਅੰਤ ਸਿੱਖ ਸ਼ਹੀਦ ਹੋਏ……ਮੰਤਰ, ਵਰ, ਸਰਾਪ, ਜਾਪ ਜਾਂ “ਅਰਦਾਸ” ਹੋਰ ਕਿਸ ਵਾਸਤੇ ਸਾਂਭ ਕੇ “ਰੱਖੀ ਹੋਈ ਸੀ”?
… ਕੀ ਇਨ੍ਹਾਂ ਸਾਰੇ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਸੀਸ ਤਲੀ ਤੇ ਧਰ, ਮੈਦਾਨ ਵਿੱਚ ਜੂਝਣ ਵਾਲੇ ਗੁਰੂ ਕੇ ਲਾਲਾਂ ਵਿੱਚੋਂ ਕੋਈ ਭੀ ਮੰਤਰ ਜਾਪ, ਕਰਾਮਾਤੀ ਸ਼ਕਤੀਆਂ ਜਾਂ “ਅਰਦਾਸ” ਰਾਹੀਂ, ਕਾਰਜ- ਸਿੱਧੀ ਕਰਨੀ ਨਹੀਂ ਜਾਣਦਾ ਸੀ? … ਜੇ ਵਿਧੀ ਪੂਰਵਕ ਕੀਤੀ “ਅਰਦਾਸ” ਸੁਣੀ ਨਹੀਂ ਜਾਂਦੀ, ਫਿਰ ਕੀਤੀ ਹੀ ਕਿਉਂ ਜਾਵੇ ?
…(ਯਾਦ ਰਹੇ ਕਿ ਇੰਦਰ ਸਿੰਘ ਘੱਗਾ ਲੰਬੇ ਸਮੇਂ ਤੋਂ ‘ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਜਵੱਦੀ ਲੁਧਿਆਣਾ’ ਨਾਲ ਜੁੜੇ ਹੋਏ ਹਨ। ਘੱਗਾ, ਗੁਰਬਾਣੀ ਦੇ ਸਿਮਰਨ ਦੇ ਸੰਕਲਪ ਨੂੰ ਵੀ ਮੰਨਣ ਤੋਂ ਆਕੀ ਹਨ। ਉਹਨਾਂ ਦੇ ਸਿਮਰਨ ਸੰਬੰਧੀ ਵਿਚਾਰਾਂ ਤੇ ਆਧਾਰਿਤ ਇੱਕ ਲੇਖ ਇਸੇ ਵੈਬ ਸਾਇਟ ਤੇ ਪਹਿਲਾਂ ਹੀ ਪਾਇਆ ਜਾ ਚੁੱਕਾ ਹੈ)।
ਇੰਦਰ ਸਿੰਘ ਘੱਗਾ ਦੇ ਵਿਚਾਰਾਂ ਸੰਬੰਧੀ ਫੇਸ ਬੁੱਕ ਤੇ ਪਾਏ ਗਏ ਮੇਰੇ ਕਮੈਂਟ:- ਗੁਰੂ ਸਾਹਿਬ ਨੇ ਕਦੇ ਵੀ ਇਹ ਅਰਦਾਸ ਨਹੀਂ ਕੀਤੀ ਕਿ ਉਹਨਾਂ ਨੂੰ ਕੋਈ ਦੁਖ ਤਕਲੀਫ ਨਾ ਹੋਵੇ, ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ, ਉਹਨਾਂ ਦੇ ਬੱਚਿਆਂ (/ ਸਾਹਿਬਜਾਦਿਆਂ) ਨੂੰ ਕੋਈ ਔਖਿਆਈ ਨਾ ਹੋਵੇ ਉਹਨਾਂ ਨੂੰ ਸ਼ਹੀਦ ਨਾ ਹੋਣਾ ਪਵੇ।ਬਲਕਿ ਗੁਰੂ ਸਾਹਿਬਾਂ ਦੀ ਅਤੇ ਸਿੱਖ ਦੀ ਹਮੇਸ਼ਾਂ ਇਹੀ ਅਰਦਾਸ ਰਹੀ ਹੈ ਕਿ, ਸੱਚ ਦੇ ਰਾਹ ਤੇ ਚੱਲਦਿਆਂ, ਗਰੀਬ ਦੀ ਮਦਦ ਕਰਦਿਆਂ ਜੇ ਤਸੀਹੇ ਵੀ ਝੱਲਣੇ ਪੈਣ ਅਤੇ ਬੇਸ਼ੱਕ ਜਾਨ ਵੀ ਕੁਰਬਾਨ ਹੋ ਜਾਵੇ ਤਾਂ ਕੋਈ ਪਰਵਾਹ ਨਹੀਂ, ਪਰ ਸੱਚ ਦੇ ਰਾਹ ਤੇ ਚੱਲਦਿਆਂ ਕਦੇ ਕਦਮ ਨਾ ਡੋਲਣ।
ਪਰ ਘੱਗਾ ਐਂਡ ਪਾਰਟੀ ਆਪਣੀ ਛੋਟੀ ਸੋਚ ਮੁਤਾਬਕ ਗੁਰੂ ਸਾਹਿਬਾਂ ਦੇ ਉਚੇ, ਸੁੱਚੇ ਸੰਕਲਪਾਂ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿੱਚ ਰੋਲਣ ਤੇ ਤੁਲੇ ਹੋਏ ਹਨ। ਸੋਚਣ ਵਾਲੀ ਗੱਲ ਹੈ ਕਿ ਕੀ ਗੁਰੂ ਸਾਹਿਬਾਂ ਨੇ ਆਪਣੇ ਸੁਖ, ਆਪਣੀ ਜਾਨ ਦੀ ਹਿਫਾਜ਼ਤ ਲਈ ਸੰਘਰਸ਼ ਅਰੰਭਿਆ ਸੀ, ਜਿਹੜਾ ਉਹ ਆਪਣੇ ਸੁਖਾਂ ਅਤੇ ਜਾਨ ਦੀ ਸਲਾਮਤੀ ਲਈ ਅਰਦਾਸ ਕਰਦੇ? ਜੇ ਉਹਨਾਂ ਨੂੰ ਸੁਖ ਅਤੇ ਜਾਨ ਦੀ ਸਲਾਮਤੀ ਹੀ ਚਾਹੀਦੀ ਹੁੰਦੀ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਸੀ, ਘਰ ਬੈਠ ਕੇ ਰੱਬ ਰੱਬ ਕਰ ਛੱਡਦੇ, ਕਿਸੇ ਨੇ ਕੁਝ ਨਹੀਂ ਕਹਿਣਾ ਸੀ।
ਅਫਸੋਸ ਹੈ ਕਿ ਜਿਹਨਾਂ ਨੂੰ, ਗੁਰਮਤਿ ਸਿਧਾਂਤਾਂ ਦੇ ‘ੳ, ਅ’ ਦੀ ਵੀ ਸਮਝ ਨਹੀਂ ਹੈ, ਆਪਣੇ ਆਪ ਨੂੰ ਜਾਗਰੁਕ ਅਤੇ ਪੜ੍ਹੇ ਲਿਖੇ ਸਮਝਦੇ ਹਨ।ਅਤੇ ਗੁਰਬਾਣੀ ਦੇ ਸਿਧਾਂਤਾਂ ਨੂੰ ਮੰਨਣ ਵਾਲਿਆਂ ਨੂੰ ਅਨਪੜ੍ਹ ਅਤੇ ਪਿਛੜੇ ਹੋਏ ਕਰਾਰ ਦੇਈ ਜਾਂਦੇ ਹਨ।     

                                  *****

ਜਸਬੀਰ ਸਿੰਘ ਵਿਰਦੀ                     15-12-2015    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.