ਚੰਦੀਗੜ੍ਹ ਹਵਾਈ ਅੱਡੇ ਦਾ ਵੀ ‘ਭਗਵਾਕਰਨ’ ਕਰਨ ਦਾ ਯਤਨ ?
ਬਲਜੀਤ ਬੱਲੀ
ਚੰਡੀਗੜ੍ਹ ਏਅਰਪੋਰਟ ਦਾ ਨਾਂ ਮੰਗਲ ਸੈਣ ਦੇ ਨਾਂ 'ਤੇ ਰੱਖਣ ਦੀ ਤਜ਼ਵੀਜ਼ ਸੌੜੀ ਸੋਚ ਦਾ ਨਤੀਜਾ
ਕਾਂਗਰਸੀ ਐਮ ਪੀ ਰਵਨੀਤ ਬਿੱਟੂ ਵੱਲੋਂ ਚੰਡੀਗੜ੍ਹ ਏਅਰਪੋਰਟ ਦੇ ਨਾਂ ਬਾਰੇ ਲੋਕ ਸਭਾ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮਹੇਸ਼ ਸ਼ਰਮਾ ਨੇ ਸਦਨ ਵਿਚ ਜਾਣਕਾਰੀ ਦਿੱਤੀ ਕਿ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਜੋੜਨ ਦੀ ਕੋਈ ਤਜ਼ਵੀਜ਼ ਨਹੀਂ, ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦਾ ਨਾਮ ਸਵਰਗੀ ਬੀ ਜੇ ਪੀ ਨੇਤਾ ਡਾਕਟਰ ਮੰਗਲ ਸੈਨ ਦੇ ਨਾਮ ਤੇ ਰੱਖਣ ਦੀ ਤਜ਼ਵੀਜ਼ ਕੀਤੀ ਹੈ । ਇਸੇ ਜਵਾਬ ਵਿਚ ਇਹ ਵੀ ਦੱਸਿਆ ਗਿਆ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਤਜ਼ਵੀਜ਼ ਤੇ ਸਹਿਮਤੀ ਦਿੱਤੀ ਸੀ ।ਪਰ ਖੱਟਰ ਸਰਕਾਰ ਨੇ ਇਸ ਨੂੰ ਰੱਦ ਕਰਕੇ ਡਾਕਟਰ ਮੰਗਲ ਸੈਨ ਦੇ ਨਾਮ ਦੀ ਤਜ਼ਵੀਜ਼ ਭੇਜੀ ਹੈ ।
ਇਸ ਜਵਾਬ ਨੂੰ ਪੜ੍ਹ ਕੇ ਹਰ ਪੰਜਾਬੀ ਅਤੇ ਹਰ ਦੇਸ਼ ਭਗਤ ਨੂੰ ਮੋਦੀ ਸਰਕਾਰ ਅਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਬੀ ਜੇ ਪੀ ਸਰਕਾਰ ਦੀ ਸੋਚ ਅਤੇ ਵਿਹਾਰ ਤੇ ਅਫ਼ਸੋਸ ਹੋਣਾ ਅਤੇ ਗ਼ੁੱਸਾ ਆਉਣਾ ਵੀ ਸੁਭਾਵਕ ਹੈ ।ਪਿਛਲੀ ਕਾਂਗਰਸ ਸਰਕਾਰ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਤਾਂ ਰੱਖਣ ਦੀ ਸਹਿਮਤੀ ਦੇ ਦਿੱਤੀ ਸੀ ਪਰ ਉਹ ਏਸ ਗੱਲ ਤੇ ਅੜੇ ਰਹੇ ਕਿ ਇਸ ਨਾਲ ਮੁਹਾਲੀ ਦਾ ਨਹੀਂ ਜੁੜਨਾ ਚਾਹੀਦਾ।
ਖੱਟਰ ਸਰਕਾਰ ਹੁੱਡਾ ਦਾ ਫ਼ੈਸਲਾ ਉਲਟਾ ਕੇ ਕੇਂਦਰ ਸਰਕਾਰ ਨੂੰ ਇਹ ਸਿਫ਼ਾਰਸ਼ ਕਰ ਦਿੱਤੀ ਕਿ ਇਸ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਬੀ ਜੇ ਪੀ ਦੇ ਸਵਰਗੀ ਨੇਤਾ ਡਾਕਟਰ ਮੰਗਲ ਸੈਨ ਦੇ ਨਾਮ’ਤੇ ਰੱਖਿਆ ਜਾਵੇ।ਇਹ ਠੀਕ ਹੈ ਕਿ ਡਾਕਟਰ ਮੰਗਲ ਸੈਨ ਆਰ ਐਸ ਐਸ ਦੇ ਸੇਵਕ ਹੋਣ ਦੇ ਨਾਲ ਨਾਲ ਹਰਿਆਣੇ ਦੇ ਇੱਕ ਸੁਲਝੇ ਹੋਏ ਸਿਆਸੀ ਨੇਤਾ ਸਨ । ਜਦੋਂ ਉਹ ਚੌਧਰੀ ਦੇਵੀ ਲਾਲ ਵਜ਼ਾਰਤ ਵਿਚ ਹਰਿਆਣੇ ਦੇ ਵਜ਼ੀਰ ਸਨ, ਮੇਰਾ ਉਨ੍ਹਾ ਨਾਲ ਵਾਹ ਵੀ ਪੈਦਾ ਰਿਹਾ। ਉਹ ਬਹੁਤ ਸਲੀਕੇ ਭਰਪੂਰ ਲਹਿਜ਼ੇ ਵਿਚ ਗੱਲਬਾਤ ਕਰਦੇ ਹੁੰਦੇ ਸਨ। ਪਰ ਉਨ੍ਹਾ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨੀ ਅਤੇ ਭਗਤ ਸਿੰਘ ਦਾ ਨਾਮ ਸਰਕਾਰ ਦੀ ਫਾਈਲ ਵਿਚੋਂ ਕੱਟ ਕੇ ਇਸ ਦੀ ਥਾਂ ਡਾਕਟਰ ਮੰਗਲ ਸੈਣ ਦਾ ਨਾਮ ਪਾਉਣਾ, ਸ਼ਹੀਦ -ਏ-ਆਜ਼ਮ ਭਗਤ ਸਿੰਘ ਦੀ ਬੇਇਜ਼ਤੀ ਅਤੇ ਅਪਮਾਨ ਕਰਨ ਦੇ ਬਰਾਬਰ ਹੈ।
ਇਸ ਕਾਰਵਾਈ ਨਾਲ ਖੱਟਰ ਸਰਕਾਰ ਸਿਰਫ਼ ਆਪਣਾ ਭਗਵਾ ਏਜੰਡਾ ਲਾਗੂ ਕਰਨ ਦੀ ਤੰਗਨਜ਼ਰ ਸੋਚ ਦਾ ਇਜ਼ਹਾਰ ਵੀ ਹੁੰਦਾ ਹੈ ਅਤੇ ਉਨ੍ਹਾ ਦੀ ਦੇਸ਼ ਭਗਤੀ ਦੀ ਅਸਲੀਅਤ ਵੀ ਜੱਗ-ਜ਼ਾਹਰ ਹੁੰਦੀ। ਲੋਕ ਸਭਾ ਵਿਚ ਮੋਦੀ ਸਰਕਾਰ ਦੀ ਤਰਫ਼ੋਂ ਇਸ ਮਾਮਲੇ ਤੇ ਦਿੱਤਾ ਗਿਆ ਜਵਾਬ ਇਹ ਵੀ ਸੰਕੇਤ ਕਰਦਾ ਹੈ ਕਿ ਮੋਦੀ ਸਰਕਾਰ ਸ਼ਹੀਦ ਭਗਤ ਸਿੰਘ ਦਾ ਅਪਮਾਨ ਕਰਨ ਦੇ ਨਾਲ ਇਹ ਸੰਕੇਤ ਦਿੱਤੇ ਨੇ ਕੀ ਇਹ ਪੰਜਾਬ ਦੀ ਬਾਦਲ ਸਰਕਾਰ ਅਤੇ ਅਕਾਲੀ ਲੀਡਰਸ਼ਿਪ ਨੂੰ ਸਿਰਫ਼ ਟਿੱਚ ਹੀ ਨਹੀਂ ਜਾਣਦੀ ਸਗੋਂ ਇਸ ਨੂੰ ਜ਼ਲੀਲ ਕਰਨ ਦਾ ਵੀ ਕੋਈ ਮੌਕਾ ਨਹੀਂ ਖੁੰਝਾਉਂਦੀ।
ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਵੀ ਬਾਦਲ ਸਰਕਾਰ ਵੱਲੋਂ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਅਤੇ ਇਸੇ ਸਬੰਧੀ ਪੰਜਾਬ ਅਸੈਂਬਲੀ ਵਿਚ ਪਾਸ ਕੀਤੇ ਮਤੇ ਨੂੰ ਲਮਕਾਈ ਰੱਖਿਆ, ਪਰ ਉਨ੍ਹਾ ਘੱਟੋ -ਘੱਟ ਬਾਦਲ ਸਰਕਾਰ ਅਤੇ ਸ਼ਹੀਦਾਂ ਨੂੰ ਡਿੱਚ ਕਰਨ ਵਾਲੀ ਕਾਰਵਾਈ ਨਹੀਂ ਸੀ ਕੀਤੀ।
ਤੇ ਹੁਣ ਗੱਲ ਕਰੀਏ ਕਾਂਗਰਸੀ ਐਮ ਪੀ ਰਵਨੀਤ ਸਿੰਘ ਬਿੱਟੂ ਵੱਲੋਂ ਉਠਾਏ ਇਸ ਮਾਮਲੇ ਦੀ । ਬਹੁਤ ਚੰਗੀ ਗੱਲ ਹੈ ਕਿ ਲੋਕ ਸਭਾ ਵਿਚ ਉਨ੍ਹਾ ਇਹ ਸਵਾਲ ਵੀ ਕੀਤਾ ਅਤੇ ਇਸ ਮੁੱਦੇ 'ਤੇ ਕਾਂਗਰਸ ਵੱਲੋਂ ਅੰਦੋਲਨ ਚਲਾਉਣ ਦੀ ਚੇਤਾਵਨੀ ਵੀ ਦਿੱਤੀ । ਪਰ ਬਿੱਟੂ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਉਨ੍ਹਾ ਦੀ ਆਪਣੀ ਮਨਮੋਹਨ ਸਿੰਘ ਸਰਕਾਰ ਨੇ ਕਿਓਂ ਲਗਾਤਾਰ 6 ਸਾਲ ਇਹ ਮਾਮਲਾ ਲਟਕਾਈ ਰੱਖਿਆ ? ਕਿਓਂ ਨਹੀਂ ਇਸ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ? ਤੇ ਜਵਾਬ ਇਸ ਸਵਾਲ ਦਾ ਵੀ ਦੇਣਾ ਪਵੇਗਾ ਕਿ ਉਦੋਂ ਬਿੱਟੂ ਨੇ ਇੰਨੇ ਜ਼ੋਰ ਨਾਲ ਕਿਓਂ ਨਹੀਂ ਉਠਾਇਆ ਅਤੇ ਉਦੋਂ ਕਿਓਂ ਨਹੀਂ ਐਜੀਟੇਸ਼ਨ ਕਰਨ ਦੀ ਧਮਕੀ ਦਿੱਤੀ ?
ਤੇ ਇਸੇ ਤਰ੍ਹਾਂ ਦਾ ਹੀ ਹੁਣ ਸਵਾਲ ਮੋਦੀ ਸਰਕਾਰ ਵਿਚ ਅਕਾਲੀ ਦਲ ਦੀ ਐਮ ਪੀ ਅਤੇ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਲਈ ਖੜ੍ਹਾ ਹੈ ਕਿ ਕੇਂਦਰੀ ਕੈਬਨਿਟ ਵਿੱਚ ਕੀ ਉਨ੍ਹਾ ਨੇ ਇਹ ਮੁੱਦਾ ਉਠਾਇਆ ਅਤੇ ਇਸ ਦੇ ਹੱਕ ਵਿਚ ਕਿੰਨਾ ਜ਼ੋਰ ਪਾਇਆ ਕਿਉਂਕਿ ਲੋਕ ਸਭਾ ਵਿਚ ਇਹੀ ਮੁੱਦਾ ਅਕਾਲੀ ਐਮ ਪੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕਾਫ਼ੀ ਜ਼ੋਰ ਨਾਲ ਉਠਾਇਆ ਹੈ?
ਲਗਦਾ ਹੈ ਇਹ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਮੁੱਦੇ ਤੇ ਹੁਣ ਖੂਬ ਸਿਆਸਤ ਹੋਵੇਗੀ, ਜੇਕਰ ਇਹ ਨਾ ਸੁਲਝਿਆ ਤਾਂ ਸ਼ਾਇਦ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਇਸ 'ਤੇ ਰਾਜਨੀਤੀ ਹੁੰਦੀ ਰਹੇ।
ਹੁਣ ਦੇਖਣਾ ਇਹ ਕਿ ਇਸ ਦੇ ਨਾਂ ਦੇ ਵਿਵਾਦ ਵਿਚ ਕਿਤੇ ਇਸ ਹਵਾਈ ਅੱਡੇ ਨੂੰ ਇੰਟਰਨੈਸ਼ਨਲ ਬਣਾਉਣ ਅਤੇ ਇਥੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਾਉਣ ਦਾ ਮਸਲਾ ਪਿਛੇ ਹੀ ਰਹਿ ਜਾਵੇ । ਅਜੇ ਤੱਕ ਨਾ ਹੀ ਇਸ ਏਅਰਪੋਰਟ ਨੂੰ ਇੰਟਰਨੈਸ਼ਨਲ ਏਅਰਪੋਰਟ ਵੱਜੋਂ ਨੋਟੀਫਾਈ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਇੰਟਰਨੈਸ਼ਨਲ ਫਲਾਈਟ ਸ਼ੁਰੂ ਕਰਨ ਲਈ ਕੋਈ ਠੋਸ ਕਾਰਵਾਈ ਨਜ਼ਰ ਆਈ ਹੈ । ਮੇਰੇ ਵਿਚਾਰ ਅਨੁਸਾਰ ਇਸ ਰਿਜਨ ਦੇ ਹੁਕਮਰਾਨਾਂ ਅਤੇ ਸਿਆਸਤਦਾਨਾਂ ਨੂੰ ਨਾਮ ਨਾਲੋਂ ਪਹਿਲਾਂ ਵੀ ਵੱਧ ਜ਼ੋਰ ਇਥੋਂ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰਾਉਣ 'ਤੇ ਲਾਉਣਾ ਚਾਹੀਦਾ ਹੈ ।
ਬਲਜੀਤ ਬਲੀ
ਚੰਦੀਗੜ੍ਹ ਹਵਾਈ ਅੱਡੇ ਦਾ ਵੀ ‘ਭਗਵਾਕਰਨ’ ਕਰਨ ਦਾ ਯਤਨ ?
Page Visitors: 2635