ਆਪਣੇ ਆਪ ਨੂੰ ਪੰਥ ਸਮਝਣ ਵਾਲੇ , ਸਿੱਖ ਮਰਿਆਦਾ ਦੇ ਨੇੜੇ ਤੇੜੇ ਵੀ ਨਹੀਂ ਹਨ:
ਭਾਈ ਕੁਲਦੀਪ ਸਿੰਘ ਗੜਗੱਜ
ਅਕਾਲੀ ਕਹਾਉਣ ਵਾਲੇ ਆਪਣੇ ਕਿਰਦਾਰ ਤੋਂ ਇੰਨੇ ਨੀਵੇਂ ਨਾ ਗਿਰਨ ਕਿ ਸ਼ਬਦ ਅਕਾਲੀ ਮਸੰਦ ਵਾਂਗ ਗਲਤ ਅਰਥਾਂ ਵਿਚ ਨਾ ਸਮਝਿਆ ਜਾਣ ਲੱਗ ਪਏ
ਬਠਿੰਡਾ, 23 ਜਨਵਰੀ (ਕਿਰਪਾਲ ਸਿੰਘ): ਅੱਜ ਆਪਣੇ ਆਪ ਨੂੰ ਪੰਥ ਸਮਝਣ ਵਾਲਿਆਂ ਵਿੱਚ ਜੇ ਪੰਥਿਕ ਗੁਣ ਲੱਭਣੇ ਚਾਹੋ ਤਾਂ ਉਹ ਇਸ ਦੇ ਨੇੜੇ ਤੇੜੇ ਵੀ ਨਹੀਂ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਨੌਜਵਾਨ ਸਿੱਖ ਪ੍ਰਚਾਰਕ ਭਾਈ ਕੁਲਦੀਪ ਸਿੰਘ ਗੜਗੱਜ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਭਾਈ ਗੜਗੱਜ ਨੇ ਕਿਹਾ ਅੱਜ ਕੱਲ੍ਹ ਪੰਥ, ਸਿੱਖ ਰਹਿਤ ਮਰਿਆਦਾ ਅਤੇ ਅਕਾਲ ਤਖ਼ਤ ਮਹਾਨ ਹੈ ਦੇ ਨਾਅਰੇ ਬੜੇ ਉਚੇ ਗੂੰਜ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤਾਂ ਮਹਾਨ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਤਾਂ ਜੇ ਇਸ ਨੂੰ ਮਹਾਨ ਕਹਿਣ ਵਾਲਿਆਂ ਵੱਲੋਂ ਇਸ ਨੂੰ ਮਹਾਨ ਮੰਨਿਆ ਜਾਵੇ। ਪੰਥ ਦੀ ਹੁਣ ਤੱਕ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਮਹੰਤਾਂ ਤੋਂ ਗੁਰਦੁਆਰੇ ਅਜਾਦ ਕਰਵਾਏ ।
ਉਨ੍ਹਾ ਕਿਹਾ ਪੰਥ ਦਾ ਭਾਵ ਹੀ ਇਹ ਹੈ ਕਿ ਇਸ ਦਾ ਹਰ ਮੈਂਬਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਆਪਣਾ ਜੀਵਨ ਜਿਉਂਦਾ ਹੋਵੇ। ਭਾਈ ਗੜਗੱਜ ਨੇ ਕਿਹਾ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰ: 19-20 ’ਤੇ ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਲਿਖਿਆ ਹੈ ਇਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ। ਆਪਣੀ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣਾ ਹੈ। ਉਨ੍ਹਾਂ ਕਿਹਾ ਹੁਣ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਤੁਸੀਂ ਆਪੇ ਵੇਖੀ ਜਾਣਾ ਕਿ ਉਹ ਕੌਣ ਹੈ ਤੇ ਕੀ ਉਹ ਗੁਰੂ ਗ੍ਰੰਥ ਸਾਹਿਬ, ਤੇ ਅਕਾਲ ਤਖ਼ਤ ਨੂੰ ਮੰਨਦਾ ਹੈ? ਕੀ ਉਸ ਨੂੰ ਸਿੱਖ ਜਾ ਪੰਥ ਸਮਝਣਾ ਚਾਹੀਦਾ ਹੈ। ਆਪਣੇ ਆਪ ਨੂੰ ਪੰਥ ਕਹਾਉਣ ਵਾਲਾ ਸਿਰ ’ਤੇ ਮੁਕਟ ਰੱਖ ਕੇ ਹਵਨ ਕਰੇ, ਉਸ ਦੇ ਘਰ ਵਾਲੀ ਕਹੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਆਸ਼ੂਤੋਸ਼ ਨੂਰਮਹਿਲੀਏ ਦੀ ਹਜੂਰੀ ਵਿੱਚ ਜਿਆਦਾ ਆਤਮਕ ਸ਼ਾਂਤੀ ਮਿਲਦੀ ਹੈ, ਸ਼ਬਦ ਗੁਰੁ ਨੂੰ ਢਾਹ ਲਾਉਣ ਲਈ ਉਸ ਦੇ ਡੇਰੇ ਉਸਾਰਨ ਲਈ ਸਹਾਇਤਾ ਕਰੇ, ਉਸ ਦੇ ਪ੍ਰਵਾਰ ਦੇ ਮੈਂਬਰ ਸ਼ਿਵਲਿੰਗ ਪੂਜਾ ਕਰਨ ਤਾਂ ਕੀ ਉਹ ਪੰਥ ਹੈ? ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਮੰਨਦਾ ਹੈ।
ਭਾਈ ਕੁਲਦੀਪ ਸਿੰਘ ਨੇ ਕਿਹਾ 10 ਜੂਨ 1978 ਨੂੰ ਅਕਾਲ ਤਖ਼ਤ ਤੋਂ ਹੁਕਨਾਮਾ ਜਾਰੀ ਹੋਇਆ ਜਿਸ ਵਿੱਚ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਕੌਮ ਨੂੰ ਨਕਲੀ ਨਿਰੰਕਾਰੀਆਂ ਨਾਲ ਰੋਟੀ-ਬੇਟੀ ਦੀ ਸਾਂਝ ਖ਼ਤਮ ਕਰਨ ਲਈ ਕਿਹਾ ਸੀ। ਆਪਣੇ ਆਪ ਨੂੰ ਪੰਥ ਕਹਾਉਣ ਵਾਲਿਆਂ ਦੀ ਸਰਕਾਰ ਨੇ 17 ਜੂਨ 1978 ਨੂੰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਕਿਹਾ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮਾ ਉਨ੍ਹਾਂ ਸਿੱਖਾਂ ਲਈ ਹੈ ਜਿਨ੍ਹਾਂ ਦਾ ਅਕਾਲ ਤਖ਼ਤ ’ਤੇ ਵਿਸ਼ਵਾਸ਼ਹੈ। ਸਾਡੇ ਅਤੇ ਸਾਡੀ ਸਰਕਾਰ ਦੇ ਕੰਮ ਕਾਜ ਉਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ ।
13 ਅਪ੍ਰੈਲ 1994 ਨੂੰ ਅਕਾਲ ਤਖ਼ਤ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਨੂੰ ਹੁਕਨਾਮਾ ਜਾਰੀ ਕੀਤਾ ਕਿ ਉਹ ਅਕਾਲ ਤਖ਼ਤ ਦੀ ਵਫ਼ਾਦਾਰੀ ਲਈ ਆਪਣੇ ਅਸਤੀਫੇ ਲਿਖ ਕੇ ਭੇਜਣ। ਬਾਕੀ ਦਲਾਂ ਦੇ ਪ੍ਰਧਾਨਾਂ ਨੇ ਤਾਂ ਅਸਤੀਫੇ ਦੇ ਦਿੱਤੇ ਪਰ ਜਿਹੜੇ ਅੱਜ ਕਹਿੰਦੇ ਹਨ ਅਕਾਲ ਤਖ਼ਤ ਮਹਾਨ ਹੈ ਤੇ ਅਸੀਂ ਹੀ ਪੰਥ ਹਾਂ ਉਸ ਨੇ ਚਿੱਠੀ ਲਿਖ ਦਿੱਤੀ ਕਿ ਅਕਾਲ ਤਖ਼ਤ ਦਾ ਹੁਕਨਾਮਾ ਮੰਨਣਯੋਗ ਨਹੀਂ ਹੈ ਤੁਸੀਂ ਦਖ਼ਲਅੰਦਾਜ਼ੀ ਨਾ ਕਰੋ। ਅਖੀਰ ਜੇ ਸੰਗਤਾਂ ਦੇ ਦਬਾਅ ਹੇਠ ਜਾਣਾ ਹੀ ਪਿਆ ਤਾਂ ਸੈਂਕੜੇ ਸਮਰਥਕਾਂ ਨਾਲ ਜਾ ਕੇ ਉਥੇ ਅਕਾਲ ਤਖ਼ਤ ਤੇ ਇਸ ਦੇ ਜਥੇਦਾਰ ਦੀ ਬੇਅਦਬੀ ਕੀਤੀ।
31 ਦਸੰਬਰ 1998 ਨੂੰ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਕਿ 300 ਸਾਲਾ ਸ਼ਤਾਬਦੀ ਮਿਲ ਜੁਲ ਕੇ ਮਨਾਈ ਜਾਵੇ। ਇਹ ਹੁਕਮਨਾਮਾ ਪੰਥ ਦੇ ਹਿੱਤ ਵਿੱਚ ਸੀ ਪਰ ਅਕਾਲ ਤਖ਼ਤ ਨੂੰ ਮਹਾਨ ਕਹਿਣ ਵਾਲਿਆਂ ਨੇ ਇਹ ਹੁਕਨਾਮਾ ਮੰਨਣ ਦੀ ਥਾਂ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਤੇ ਪੰਥ ਵਿੱਚ ਫੁੱਟ ਪਾਈ।
17 ਮਈ 2007 ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਜਾਰੀ ਹੋਇਆ ਕਿ ਗੁਰੁ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰਨ ਵਾਲੇ ਪਾਖੰਡੀ ਸੌਦਾ ਸਾਧ ਨਾਲ ਸਮਾਜਕ, ਆਰਥਕ ਤੇ ਰਾਜਨੀਤਕ ਸਬੰਧ ਖਤਮ ਕੀਤੇ ਜਾਣ। ਪਰ ਵੋਟਾਂ ਮੰਗਣ ਲਈ ਪੰਥਕ ਅਖਵਾਉਣ ਵਾਲਿਆਂ ਨੇ ਉਸ ਸਾਧ ਦੀ ਸ਼ਰਨ ਵਿੱਚ ਜਾ ਕੇ ਉਸ ਦੇ ਪੈਰਾਂ ਵਿੱਚ ਮੱਥੇ ਟੇਕੇ।
2003 ਦੀ ਵੈਸਾਖੀ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੀ ਸ੍ਰਪਰਸਤੀ ਹੇਠ ਸਾਰੇ ਪੰਥ ਦੇ ਵਿਦਵਾਨਾਂ ਦੀ ਸਲਾਹ ਮਸ਼ਵਰੇ ਨਾਲ ਤਿਆਰ ਹੋਏ ਸਿੱਖ ਪੰਥ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੀਲੀਜ ਕੀਤਾ ਗਿਆ। ਅਕਾਲ ਤਖ਼ਤ ਨੂੰ ਸਮਰਪਤ ਸਾਰੇ ਪੰਥ ਨੇ ਇਸ ਨੂੰ ਖੁਸ਼ੀ ਖੁਸ਼ੀ ਮੰਨ ਲਿਆ ਪਰ ਜਿਨ੍ਹਾਂ ਨੇ ਕਦੀ ਸਿੱਖ ਰਹਿਤ ਮਰਿਆਦਾ ਨਹੀਂ ਮੰਨੀ, ਵੋਟਾਂ ਲਈ ਉਨ੍ਹਾਂ ਨੂੰ ਖੁਸ਼ ਕਰਨ ਲਈ 2010 ਵਿੱਚ ਰੱਦ ਕਰਕੇ ਇਸ ਨੂੰ ਬਿਕ੍ਰਮੀ ਕੈਲੰਡਰ ਵਿੱਚ ਤਬਦੀਲ ਕਰ ਦਿੱਤਾ। ਭਾਈ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਇੱਕ ਪਾਸੇ ਕਹਿੰਦੇ ਰਹੇ ਸਨ ਕਿ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲੀ ਸੰਵਿਧਾਨ ਦੀ ਧਾਰਾ 25(2)ਬੀ ਵਿੱਚ ਸੋਧ ਕੀਤੀ ਜਾਵੇ ਪਰ ਵੱਖਰੀ ਕੌਮ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਫਿਰ ਵੀ ਕਹਿੰਦੇ ਹਨ ਅਸੀਂ ਹੀ ਪੰਥ ਹਾਂ।
ਦਸੰਬਰ 2012 ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹੁਕਨਾਮਾ ਜਾਰੀ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਪੰਥਕ ਮਰਿਆਦਾ ਅਨੁਸਾਰ ਗੁਰਬਾਣੀ ਤੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਪ੍ਰਚਾਰ ਲਈ ਮੰਨਾਏ ਜਾਣ ਤੇ ਇਸ ਨੂੰ ਸਿਆਸੀ ਬਿਆਨਬਾਜ਼ੀ ਲਈ ਨਾ ਵਰਤਿਆ ਜਾਵੇ ਪਰ ਇਸ ਅਹਿਮ ਕੌਮੀ ਇਤਿਹਾਸਕ ਦਿਹਾੜੇ ’ਤੇ ਪੰਥਕ ਕਹਾਉਣ ਵਾਲਿਆਂ ਸਮੇਤ ਕਿਸੇ ਨੇ ਵੀ ਇਹ ਹੁਕਨਾਮਾ ਨਾ ਮੰਨਿਆ।
ਭਾਈ ਕੁਲਦੀਪ ਸਿੰਘ ਗੜਗੱਜ ਨੇ ਫਿਰ ਦੁਹਰਾਇਆ ਕਿ ਅਕਾਲ ਤਖ਼ਤ ਮਹਾਨ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇਸ ਨੂੰ ਮਹਾਨ ਕਹਾਉਣ ਵਾਲੇ ਆਪ ਨੂੰ ਪੰਥ ਕਹਾਉਣ ਵਾਲੇ ਵੀ ਇਸ ਨੂੰ ਮੰਨਣ। ਇਹ ਨਹੀਂ ਕਿ ਜਦੋਂ ਲੋੜ ਪਵੇ ਉਸ ਸਮੇਂ ‘ਅਕਾਲ ਤਖ਼ਤ ਮਹਾਨ ਹੈ’ ਦੇ ਉਚੇ ਨਾਹਰੇ ਲਾ ਲੈਣ ਪਰ ਆਪ ਅਕਾਲ ਤਖ਼ਤ ਦਾ ਕੋਈ ਹੁਕਮਨਾਮਾ ਨਾ ਮੰਨਣ। ਕੀ ਉਕਤ ਸਾਰੇ ਹੁਕਨਾਮੇ ਨਾ ਮੰਨਣਵਾਲੇ ਵੀ ਆਪਣੇ ਆਪ ਨੂੰ ਪੰਥ ਜਾਂ ਅਕਾਲੀ ਕਹਾਉਣ ਦੇ ਹੱਕਦਾਰ ਹਨ?
ਭਾਈ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ 1920 ’ਚ ਅਕਾਲ ਤਖ਼ਤ ’ਤੇ ਬੈਠ ਕੇ ਪੰਥ ਨੇ ਸਿੱਖ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਬਣਾਇਆ। ਗੁਰੁ ਗ੍ਰੰਥ ਅਤੇ ਅਕਾਲ ਤਖ਼ਤ ਨੂੰ ਮੰਨਣ ਵਾਲਾ ਹਰ ਸਿੱਖ ਅਕਾਲੀ ਹੈ। ਅਕਾਲੀ ਦਾ ਭਾਵ ਹੈ ਜੋ ਇੱਕ ਅਕਾਲ ਪੁਰਖ ਨੂੰ ਮੰਨਦਾ ਹੋਵੇ, ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਪ੍ਰਗਟ ਕੀਤੇ ਅਕਾਲ ਤਖ਼ਤ ਨੂੰ ਮੰਨਦਾ ਹੋਵੇ। ਅਕਾਲ ਤਖ਼ਤ ਦਾ ਭਾਵ ਹੈ ਅਕਾਲ ਦਾ ਤਖ਼ਤ, ਭਾਵ ਰੱਬ ਦਾ ਤਖ਼ਤ। ਇਸ ਦਾ ਭਾਵ ਹੈ ਕਿ ਅਕਾਲ ਤਖ਼ਤ ਹੋਰ ਕਿਸੇ ਤਖ਼ਤ ਦੇ ਅਧੀਨ ਨਹੀਂ ਹੋ ਸਕਦਾ। 1920 ਵਿੱਚ ਬਣੇ ਅਕਾਲੀ ਦਲ ਦੇ ਸੰਵਿਧਾਨ
ਵਿੱਚ ਲਿਖਿਆ ਹੈ ਕਿ ਇਸ ਦੇ ਪ੍ਰਧਾਨ ਤੇ ਅਹੁਦੇਦਾਰ ਅੰਮ੍ਰਿਤਧਾਰੀ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸਿਰਫ ਉਹ ਹੀ ਸ਼ਾਮਲ ਹੋ ਸਕਦਾ ਹੈ ਜੋ ਸਾਬਤ ਸੂਰਤ ਹੋਵੇ। ਭਾਈ ਗੜਗੱਜ ਨੇ ਕਿਹਾ ਅਕਾਲੀ ਸ਼ਬਦ ਸਿੱਖ ਲਈ ਬਹੁਤ ਪਵਿੱਤਰ
ਹੈ ਇਸ ਲਈ ਅਕਾਲੀ ਕਹਾਉਣ ਵਾਲੇ ਆਪਣੇ ਕਿਰਦਾਰ ਤੋਂ ਇੰਨੇ ਨੀਵੇਂ ਨਾ ਗਿਰਨ ਕਿ ਸ਼ਬਦ ‘ਅਕਾਲੀ’ ਸ਼ਬਦ ‘ਮਸੰਦ’ ਵਾਂਗ ਗਲਤ ਅਰਥਾਂ ਵਿਚ ਨਾ ਸਮਝਿਆ ਜਾਣ ਲੱਗ ਪਏ।
ਉਨ੍ਹਾਂ ਕਿਹਾ ਮਸੰਦ ਸ਼ਬਦ ਮਾੜਾ ਨਹੀਂ ਸੀ ਪਰ ਗੁਰੂ ਦੀ ਗੋਲਕ ਖਾਂਦੇ ਖਾਂਦੇ ਉਨ੍ਹਾਂ ਦਾ ਕਿਰਦਾਰ ਇੰਨਾਂ ਗਿਰ ਗਿਆ ਕਿ ਨਾ ਸੁਧਰਨ ਵਾਲੀ ਅਵਸਥਾ ਵਿੱਚ ਪਹੁੰਚਣ ਕਰਕੇ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਕੜਾਹੇ ਵਿੱਚ ਸਾੜਨ ਦਾ ਹੁਕਮ ਕੀਤਾ। ਹੁਣ ਮਸੰਦ ਸ਼ਬਦ ਇੰਨੇ ਮਾੜੇ ਅਰਥਾਂ ਵਿੱਚ ਲਿਆ ਜਾਂਦਾ ਹੈ ਕਿ ਜੇ ਕੋਈ ਗੁਰੂ ਕੀ ਗੋਲਕ ਵਿੱਚ ਹੇਰਾਫੇਰੀ ਕਰੇ ਜਾਂ ਪੰਥ ਨਾਲ ਬੇਈਮਾਨੀ ਕਰੇ ਤਾਂ ਉਸ ਨੂੰ ਮਸੰਦ ਕਹਿ ਕੇ ਦੁਰਕਾਰਿਆ ਜਾਂਦਾ ਹੈ। ਪਰ ਜੇ ਅਸੀਂ ਆਪਣੇ ਆਪ ਨੂੰ ਪੰਥ ਕਹਾਉਣ ਵਾਲੇ ਅਕਾਲੀਆਂ ਦਾ ਕਿਰਦਾਰ ਵੇਖੀਏ ਤਾਂ ਕੀ ਉਹ ਅਕਾਲੀ ਕਹਾਉਣ ਦੇ ਹੱਕਦਾਰ ਹਨ।
ਅੰਮ੍ਰਿਤਸਰ ਵਿਖੇ ਇਕ ਵਿਅਕਤੀ ਨੇ ਆਪਣੀ ਧੀ ਦੀ ਇੱਜਤ ਲਈ ਅਵਾਜ਼ ਉਠਾਈ ਤਾਂ ਆਪਣੇ ਆਪ ਨੂੰ ਪੰਥ ਕਹਾਉਣ ਵਾਲੇ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤਾਂ ਅਜਿਹੇ ਅਕਾਲੀਆਂ ਨੂੰ ਅੱਜ ਕੀ ਕਿਹਾ ਜਾਵੇ। ਭਾਈ ਕੁਲਦੀਪ ਸਿੰਘ ਨੇ ਮਹਾਨ ਕੋਸ਼ ਦੇ ਪੰਨਾ 263 ਦਾ ਹਵਾਲਾ ਦਿੰਦੇ ਹੋਏ ਕਿਹਾ ਬਹੁਤ ਸਾਲ ਪਹਿਲਾਂ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਇੱਕ ਕਬਿੱਤ ਲਿਖਿਆ ਜਿਸ ਨੂੰ ਪੜ੍ਹ ਕੇ ਲਗਦਾ ਹੈ ਕਿ ਉਨ੍ਹਾਂ ਨੇ ਬੜੀ ਦੂਰ ਦ੍ਰਿਸ਼ਟੀ ਨਾਲ ਇਹ ਕਬਿੱਤ ਅੱਜ ਦੇ ਅਕਾਲੀਆਂ ਦੇ ਕਿਰਦਾਰ ਨੂੰ ਵੇਖ ਕੇ ਹੀ ਲਿਖਿਆ ਸੀ:
ਦੇਵੀ ਕੌ ਭਗਤ, ਕਬਹੂੰ ਮੀਰਾ ਕੌ ਉਪਾਸ਼ਕ ਹੈ॥’
ਜਿਹੜਾ ਆਪਣੇ ਸੁਆਰਥ ਲਈ ਕਦੀ ਦੇਵੀ ਦਾ ਭਗਤ ਬਣ ਜਾਵੇ, ਕਦੇ ਮੀਰਾ ਦਾ ਉਪਾਸ਼ਕ ਬਣ ਜਾਵੇ।
‘ਦਾਸ ਸੁਲਤਾਨ ਔਰ ਕਬਹੂੰ ਲਾਲ ਬੇਗੀ ਹੈ॥’
ਗੁਲਾਮ ਬ੍ਰਿਤੀ ਵਾਲਾ ਜਿਹੜਾ ਹਰ ਪੀਰ, ਲਾਲਾਂ ਆਦਿਕ ਦੀਆˆ ਕਬਰਾˆ ਮੜ੍ਹੀਆˆ 'ਤੇ ਮੱਥੇ ਟੇਕਦਾ ਫਿਰਦਾ ਹੈ,
‘ਮਨਿ ਮਹਿ ਅਉਰ, ਅਰ ਮੁਖਿ ਮਹਿ ਦੂਜੀ ਬਾਤ॥’
ਜਿਸ ਦੇ ਮਨ ਵਿੱਚ ਹੋਰ ਤੇ ਮੂੰਹ ਵਿੱਚ ਹੋਰ ਗੱਲ ਹੁੰਦੀ ਹੈ,
‘ਪਰਮ ਪਖੰਡੀ, ਨਖ ਸਿਖ ਲਉ ਅੱਤ ਫ਼ਰੇਬੀ ਹੈ॥’
ਪਹਿਰਾਵਾ ਤਾˆ ਸਿੱਖੀ ਵਾਲਾ ਪਾਇਆ ਹੈ ਪੈਰਾਂ ਤੋਂ ਲੈ ਕੇ ਸਿਰ ਤੱਕ ਪਰਮ ਪਖੰਡੀ ਤੇ ਸਿਰੇ ਦਾ ਫ਼ਰੇਬੀ ਹੈ,
‘ਨਿੰਬੂ ਕੋ ਨਚੋੜ ਆਗੇ ਕਰਤ ਰਕੇਬੀ ਹੈ॥’
ਨਿਚੋੜਦੇ ਤਾਂ ਨਿੰਬੂ ਨੂੰ ਰਹੇ ਹਨ ਪਰ ਉਸ ਵਿੱਚੋਂ ਸਤ ਨਿਕਲਣ ਵੇਲੇ ਕੌਲਾ ਆਪਣਾ ਅੱਗੇ ਕਰਕੇ ਆਪ ਪੀ ਜਾਂਦੇ ਹਨ। ਇਸ ਤਰ੍ਹਾਂ ਜਿਹੜੇ ਪੰਥ ਨੂੰ ਖ਼ਤਰੇ ਦਾ ਨਾਹਰਾ ਲਾ ਕੇ ਡਾਂਗਾਂ ਖਾਣ ਲਈ ਜੇਲ੍ਹਾਂ ਕੱਟਣ ਲਈ, ਸ਼ਹੀਦੀਆਂ ਦੇਣ ਲਈ ਨਿੰਬੂ ਵਾਂਗ ਨਿਚੋੜਨ ਲਈ ਅੱਗੇ ਤਾਂ ਕੌਮ ਨੂੰ ਕਰ ਦਿੰਦੇ ਹਨ ਪਰ ਕੁਰਸੀ ਦੀ ਵਾਰੀ ਹੁੰਦੀ ਹੈ ਤਾਂ ਆਪ ਡਾਹ ਕੇ ਉਸ ਉਪਰ ਬੈਠ ਜਾਂਦੇ ਹਨ ।
‘ਸਿੰਘ ਰੂਪਧਾਰੀ, ਅਨਯ ਮਤਿ ਕਉ ਪ੍ਰਚਾਰੇ ਭਾਰੀ॥’
ਪਹਿਰਾਵਾ ਤਾਂ ਸਿੰਘਾਂ ਵਾਲਾ ਧਾਰਨ ਕੀਤਾ ਹੈ ਪਰ ਪੰਥ ਦੇ ਹਿੱਤ ਵਿੱਚ ਗੱਲ ਕੋਈ ਨਾ ਕਰੇ, ਦੂਸਰੇ ਮੱਤਾˆ ਦਾ ਪ੍ਰਚਾਰ ਕਰਦਾ ਹੋਵੇ,
‘ਪੰਥ ਸੇ ਨਿਕਾਰੋ, ਜੋ ਚਮਚ ਹਰ ਦੇਗੀ ਹੈ॥’
ਜੋ ਹਰ ਦੇਗ਼ ਵਿੱਚ ਫਿਰਨ ਵਾਲਾ ਚਮਚਾ ਹੈ, ਭਾਵ ਜੋ ਆਪਣੇ ਆਪ ਨੂੰ ਪੰਥ ਕਹਾਉਂਦਾ ਹੋਵੇ ਪਰ ਸਤਾ ’ਤੇ ਕਾਬਜ਼ ਹੋਣ ਲਈ ਵੋਟਾਂ ਤੇ ਹੋਰ ਸੁਆਰਥ ਪੂਰੇ ਕਰਨ ਲਈ ਕਬਰਾਂ, ਮੜ੍ਹੀਆਂ ਨੂੰ ਪੂਜਦਾ ਹੋਵੇ, ਨਿਰੰਕਾਰੀਆਂ, ਸੌਦਾ ਸਾਧ, ਆਸ਼ੂਤੋਸ ਨੂਰ ਮਹਿਲੀਏ ਪਿਆਰੇ ਭਨਿਆਰੇ ਸਾਰਿਆਂ ਦੇ ਦਰਬਾਰ ਵਿੱਚ ਹਾਜਰੀ ਭਰਦਾ ਹੋਵੇ, ਦੇਵੀ ਦੇਵਤਿਆ ਨੂੰ ਪੂਜਦਾ ਹੋਵੇ ਹਵਨ ਵੀ ਕਰਦਾ ਹੋਵੇ ਕੁੰਭ ਦੇ ਮੇਲਿਆਂ ’ਤੇ ਲੰਗਰ ਲਾਉਣ ਜਾਂਦਾ ਹੋਵੇ ਉਸ ਨੂੰ ਪੰਥ ਵਿੱਚੋਂ ਕੱਢ ਦਿਓ।
ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਪਣੇ ਆਪ ਨੂੰ ਪੰਥ ਸਮਝਣ ਵਾਲੇ , ਸਿੱਖ ਮਰਿਆਦਾ ਦੇ ਨੇੜੇ ਤੇੜੇ ਵੀ ਨਹੀਂ ਹਨ: ਭਾਈ ਕੁਲਦੀਪ ਸਿੰਘ ਗੜਗੱਜ
Page Visitors: 2566