ਸਿੱਖਾਂ ਨੇ ਧਰਮ ਦੇ ਪ੍ਰਚਾਰ ਲਈ ਨਿਵੇਕਲੀ ਮੁਹਿੰਮ ਕੀਤੀ ਸ਼ੁਰੂ
ਨਿਊਯਾਰਕ, 24 ਦਸੰਬਰ (ਪੰਜਾਬ ਮੇਲ)-ਅਮਰੀਕਾ ‘ਚ ਸਿੱਖਾਂ ਨੇ ਧਰਮ ਦੇ ਪ੍ਰਚਾਰ ਲਈ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਨੂੰ ਨਾਮ ਦਿੱਤਾ ਗਿਆ ਹੈ #MySikh1mericanLife. ਇਸ ਮੁਹਿੰਮ ਨੂੰ ਸਿੱਖ ਕੋਲੀਏਸ਼ਨ ਨੇ ਸ਼ੁਰੂ ਕੀਤਾ ਹੈ। ਮੁਹਿੰਮ ਦਾ ਮਕਸਦ ਅਮਰੀਕਾ ‘ਚ ਰਹਿਣ ਵਾਲੇ ਲੋਕਾਂ ਨੂੰ ਸਿੱਖਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਨਸਲੀ ਹਮਲਿਆਂ ਨੂੰ ਰੋਕਿਆ ਜਾਵੇ। ਸਿੱਖ ਕੋਲੀਏਸ਼ਨ ਨਾਲ ਜੁੜੇ ਨੌਜਵਾਨ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਭਾਈਚਾਰੇ ‘ਤੇ ਅਮਰੀਕਾ ‘ਚ ਨਸਲੀ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ, ਇਸ ਦਾ ਕਾਰਨ ਹੈ ਲੋਕਾਂ ਨੂੰ ਸਿੱਖਾਂ ਬਾਰੇ ਪੂਰੀ ਜਾਣਕਾਰੀ ਦਾ ਨਾ ਹੋਣਾ।
ਇਸ ਕਰਕੇ ਇਸ ਨਵੀਂ ਮੁਹਿੰਮ ਰਾਹੀਂ ਪੂਰੇ ਅਮਰੀਕਾ ‘ਚ ਸਿੱਖਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਮੁਹਿੰਮ ਦੇ ਤਹਿਤ ਸੰਸਥਾ ਵਲੋਂ ਅਮਰੀਕਾ ‘ਚ ਰਹਿਣ ਵਾਲੇ ਸਿੱਖਾਂ ਨੂੰ ਸੋਸ਼ਲ ਮੀਡੀਆ ‘ਤੇ ਆਪਣੀਆਂ ਅਤੇ ਪਰਿਵਾਰ ਦੀਆਂ #MySikh1mericanLife ਹੈਸ਼ਟੈਗ ਨਾਲ ਤਸਵੀਰਾਂ ਪਾਉਣ ਦੀ ਅਪੀਲ ਕੀਤੀ ਗਈ ਹੈ। ਸੰਸਥਾ ਦੀ ਅਪੀਲ ਤੋਂ ਬਾਅਦ ਟਵਿਟਰ ‘ਤੇ ਪੂਰੇ ਅਮਰੀਕਾ ‘ਚ ਰਹਿਣ ਵਾਲੇ ਸਿੱਖਾਂ ਨੇ ਤਸਵੀਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਸਿਮਰਨਜੀਤ ਸਿੰਘ ਅਨੁਸਾਰ ਅਮਰੀਕਾ ‘ਚ ਸਿੱਖਾਂ ਦਾ ਇਤਿਹਾਸ 125 ਸਾਲ ਪੁਰਾਣਾ ਹੈ ਅਤੇ ਦੁਨੀਆ ਭਰ ‘ਚ 25 ਮਿਲੀਅਨ ਸਿੱਖ ਰਹਿੰਦੇ ਹਨ। ਸਿਮਰਨਜੀਤ ਸਿੰਘ ਅਨੁਸਾਰ ਅਮਰੀਕਾ ‘ਚ ਲੋਕਾਂ ਨੂੰ ਸਿੱਖ ਧਰਮ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ‘ਚ ਕੈਲੇਫੋਰਨੀਆ ਦੇ ਸੈਨ ਬਰਨਾਡੀਨੋ ‘ਚ ਦਹਿਸ਼ਤਗਰਦੀ ਹਮਲਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਵੀ ਕੈਲੇਫੋਰਨੀਆ ਦੇ ਇਕ ਗੁਰੂ ਘਰ ਦੀਆਂ ਕੰਧਾਂ ‘ਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਸਨ।