*ਸ਼ਹੀਦ ਭਾਈ ਸੰਗਤ ਸਿੰਘ ਯੋਧੇ ਦੀ ਵਿਲੱਖਣ ਬੀਰ ਗਾਥਾ *(Part 1)
*ਅਵਤਾਰ ਸਿੰਘ ਮਿਸ਼ਨਰੀ
(**5104325827)*
ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਦੀ ਪ੍ਰਾਰੰਭਤਾ ਵੇਲੇ ਹੀ ਜਿੱਥੇ ਹੋਰ ਸਮਾਜਿਕ ਬੁਰਾਈਆਂ ਦੇ ਵਿਰੋਧ ਵਿੱਚ ਇਨਕਲਾਬ ਲਿਆਂਦੇ ਭਾਵ ਜਾਤਾਂ-ਪਾਤਾਂ ਦੇ ਭੇਦ-ਭਾਵ ਨੂੰ ਮਿਟਾ ਕੇ ਪੰਗਤ ਅਤੇ ਸੰਗਤ ਵਿੱਚ *“ਏਕ ਪਿਤਾ ਏਕਸ ਕੇ ਹਮ ਬਾਰਿਕ” *ਦੇ ਸਿਧਾਂਤ ਨੂੰ ਪ੍ਰਗਟ ਕਰ ਦਿੱਤਾ ਸੀ ਓਥੇ ਬਾਕੀ ਗੁਰੂ ਵੀ ਇਨ੍ਹਾਂ ਸਿਧਾਂਤਾਂ ਨੂੰ ਪ੍ਰਚਾਰਦੇ ਰਹੇ। ਜਦੋਂ ਗੁਰੂ ਰਾਮਦਾਸ ਜੀ ਨੇ *ਗੁਰੂ ਕਾ ਚੱਕ** (ਅੰਮ੍ਰਿਤਸਰ)* ਵਸਾਇਆ ਤਾਂ ਗੁਰੂ-ਦਰਸ਼ਨਾਂ ਅਤੇ ਗੁਰ-ਸੇਵਾ ਲਈ ਕੁਝ ਸਿੱਖਾਂ ਦੇ ਪ੍ਰਵਾਰ ਵੀ ਆਇਆ ਕਰਦੇ ਸਨ ਜਿਨ੍ਹਾਂ ਵਿੱਚੋਂ ਕੱਪੜਾ ਬੁਣਕਰ (ਜੁਲਾਹਾ) ਕਿਰਤ ਨਾਲ ਸੰਬੰਧਤ ਭਾਈ ਜਰਨੈਲ ਜੀ ਦਾ ਪਰਵਾਰ ਵੀ ਸੀ। ਗੁਰੂ ਰਾਮਦਾਸ ਜੀ ਨੇ ਜਾਤਾਂ-ਪਾਤਾਂ ਵਾਲੀ ਮਾਨਸਿਕਤਾ ਨੂੰ ਆਪਣੀ ਸਿੱਖ ਸੰਗਤ ਵਿੱਚੋਂ ਹਮੇਸ਼ਾ ਵਾਸਤੇ ਦੂਰ ਕਰਨ ਲਈ ਇੱਕ ਦਿਨ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਜਰਨੈਲ ਜੀ ਅਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਤੋਂ ਅਤੀ ਪ੍ਰਸੰਨ ਹੋ ਕੇ ਆਪਣੇ ਪਾਸ ਬੁਲਾ *ਸਿਰੋਪਾਓ *ਦੀ ਬਖਸ਼ਿਸ਼ ਕੀਤੀ।
ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਅਦੁੱਤੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਧਾਰਨ ਕਰਕੇ, ਇੱਕ ਗਸ਼ਤੀ ਹੁਕਮਨਾਮਾ ਸੰਗਤਾਂ ਪ੍ਰਤੀ ਲਿਖ ਭੇਜਿਆ ਜਿਸ ਵਿੱਚ ਉਨ੍ਹਾਂ ਆਪਣੇ ਸਿੱਖ ਸੇਵਕਾਂ ਵੱਲੋਂ ਹੋਰ ਤੋਹਫ਼ਿਆਂ ਦੀ ਥਾਵੇਂ ਸ਼ਸਤਰ ਅਤੇ ਘੋੜਿਆਂ ਦੀ ਮੰਗ ਕੀਤੀ ਤੇ ਨਾਲ ਹੀ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ, ਓਦੋਂ ਹੁਕਮਨਾਮੇ ਨੂੰ ਸੁਣ ਕੇ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਵਹੀਰਾਂ ਘੱਤ ਆਈਆਂ ਉੱਥੇ ਦੁਆਬੇ-ਮਾਲਵੇ ਦੇ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਪਾਸ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹੋਏ ਬੇਨਤੀ ਕੀਤੀ-ਸੱਚੇ ਪਾਤਸ਼ਾਹ! ਅਸੀਂ ਗਰੀਬ ਆਪ ਜੀ ਦੀ ਸ਼ਰਨ ਆਏ ਹਾਂ। ਸਾਡੇ ਕੋਲ ਭੇਟਾ ਕਰਨ ਲਈ ਕੁਝ ਵੀ ਪਦਾਰਥ ਮਾਇਆ ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਭੇਟ ਕਰ ਸਕਦੇ ਹਾਂ, ਕਿਰਪਾ ਕਰੋ, ਸਾਨੂੰ ਆਪਣੀ ਫੌਜ ਵਿੱਚ ਰੱਖ ਲਵੋ-*ਹਮ ਅਨਾਥ ਸਿਰ ਭੇਟਾ ਕੀਨੇ**, ਦਯਾ ਕਰਯੋ ਇਉਂ ਕਹਿ ਦੀਨੇ॥ (ਗੁਰਬਿਲਾਸ ਪਾ: ਛੇਵੀਂ-੧੫੩)*
ਇਨ੍ਹਾਂ ਵਿੱਚ ਹੀ ਦੁਆਬੇ ਦੇ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ, ਫਗਵਾੜਾ, ਗੁਰਾਇਆਂ, ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾ ਦੇ ਭਾਈ ਬੁੱਧਾ ਤੇ ਸੁੱਧਾ ਜੀ ਸਮੇਤ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਹੋਏ ਜੋ ਭਾਈ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ ਜਿਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਜੰਗਾਂ-ਯੁੱਧਾਂ ਵਿੱਚ ਸ਼ਾਮਲ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਚੌਹਾਂ ਜੰਗਾਂ ਵਿੱਚ ਸ਼ਾਮਲ ਸਨ।
ਜਦੋਂ ਭਾਈ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬਕਾਲਾ ਵਿਖੇ ਆ ਕੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆ ਜੀ ਗੁਰੂ-ਦਰਸ਼ਨਾਂ ਲਈ ਬਾਬੇ ਬਕਾਲੇ ਪਹੁੰਚੇ ਕਿਉਂਕਿ ਬਚਪਨ ਤੋਂ ਹੀ ਗੁਰੂ-ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸਾਹਿਬ ਦੇ ਪਰਵਾਰ ਦੀ ਸੇਵਾ ਵਿੱਚ ਜੁੱਟ ਗਏ। ਗੁਰੂ ਸਾਹਿਬ ਨੇ ਭਾਈ ਰਣੀਆ ਜੀ ਨੂੰ ਮੁੜ ਮਾਖੋਵਾਲ ਵਸਾਉਣ ਦੀ ਗੱਲ ਕਰਕੇ, ਕੁਝ ਸਮੇਂ
ਦੀ ਛੁੱਟੀ ਉਪ੍ਰੰਤ ਮੁੜ ਮਾਖੋਵਾਲ ਆਉਣ ਲਈ ਕਹਿ ਦਿੱਤਾ।
੧੯ ਜੂਨ, ੧੬੬੫ ਮੁਤਾਬਿਕ ੨੧ ਹਾੜ, ੧੭੨੨ ਬਿਕ੍ਰਮੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਨੀਂਹ ਰਖਾ ਕੇ ਗੁਰੂ ਜੀ ਨੇ ਆਪਣੀ ਮਾਤਾ ਨਾਨਕੀ ਜੀ ਦੇ ਨਾਂ ਪਰ ਇਸ ਸ਼ਹਿਰ ਦਾ ਨਾਮ *“ਚੱਕ ਨਾਨਕੀ”* ਰੱਖਿਆ। ਦੂਰੋਂ-ਨੇੜਿਓਂ ਆ ਕੇ ਸੰਗਤਾਂ ਇੱਥੇ ਵੱਸ ਗਈਆਂ।
ਭਾਈ ਰਣੀਆ ਜੀ ਵੀ ਆਪਣੀ ਸੁਪਤਨੀ ਤੇ ਪ੍ਰਵਾਰ ਸਮੇਤ ਇਥੇ ਆ, ਸੇਵਾ ਵਿੱਚ ਜੁੱਟ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰ ਦੌਰੇ ਅਰੰਭੇ ਉਸ ਵੇਲੇ ਕੁਝ ਗਿਣੇ-ਚੁਣੇ ਸਿੱਖ ਸੇਵਕਾਂ ਦਾ ਛੋਟਾ ਜਿਹਾ ਕਾਫ਼ਲਾ ਗੁਰੂ ਸਾਹਿਬ ਨਾਲ ਹੋ ਤੁਰਿਆ। ਜਿਨ੍ਹਾਂ ਵਿੱਚ ਭਾਈ ਰਣੀਆ, ਆਪਣੀ ਸੁਪਤਨੀ ਬੀਬੀ ਅਮਰੋ ਸਮੇਤ ਯਾਤਰਾ
ਵਿੱਚ ਸ਼ਾਮਲ ਹੋ ਗਏ। ਮਾਲਵੇ ਦੇਸ਼ ਦੇ ਬਾਂਗਰ ਇਲਾਕੇ ’ਚ ਪ੍ਰਚਾਰ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਪਟਨਾ ਸਾਹਿਬ ਪੁੱਜੇ। ਇੱਥੇ ਹੀ ਬਾਲ ਗੋਬਿੰਦ ਰਾਏ ਜੀ ਦੇ ਜਨਮ ੨੨ ਦਸੰਬਰ, ੧੬੬੬ ਈ. ਦੇ ਪ੍ਰਕਾਸ਼ ਤੋਂ ੪ ਮਹੀਨੇ ਦੇ ਫ਼ਰਕ ਨਾਲ ਭਾਵ ੨੫ ਅਪ੍ਰੈਲ, ੧੬੬੭ ਈ. ਨੂੰ ਭਾਈ ਸੰਗਤਾ ਜੀ ਨੇ ਭਾਈ ਰਣੀਆ ਤੇ ਬੀਬੀ ਅਮਰੋ ਜੀ ਦੇ
ਗ੍ਰਹਿ ਵਿਖੇ ਜਨਮ ਲਿਆ। ਇਨ੍ਹਾਂ ਦੀ ਸ਼ਕਲ ਗੁਰੂ ਸਾਹਿਬ ਨਾਲ ਇੰਨੀ ਮਿਲਦੀ-ਜੁਲਦੀ ਸੀ ਕਿ ਇੱਕ ਵਾਰੀ *“ਰਾਣੀ ਮੈਣੀ” *ਦੇ ਘਰ ਰਾਣੀ ਨੂੰ ਭੁਲੇਖਾ ਪਾਉਣ ਲਈ ਆਪਣੀ ਥਾਂ *“ਬਾਲ ਸੰਗਤਾ ਜੀ”* ਨੂੰ ਅੱਗੇ ਕਰ ਦਿੱਤਾ ਪ੍ਰੰਤੂ ਰਾਣੀ ਮੈਣੀ ਨੇ ਗੋਦੀ ਵਿੱਚ ਬਿਠਾ ਦੋਹਾਂ ਦਾ ਮਸਤਕ ਚੁੰਮਦੇ ਕਿਹਾ ਕਿ ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ। ਬਾਲ ਸੰਗਤਾ ਜੀ ਗੋਬਿੰਦ ਰਾਏ ਤੋਂ ਸਿਰਫ਼ ਚਾਰ
ਕੁ ਮਹੀਨੇ ਛੋਟੇ ਹੋਣ ਕਰਕੇ ਹਰ ਵਕਤ ਨਾਲ ਹੀ ਵਿਚਰਦੇ ਸਨ। ਕਈ ਵਾਰ ਬਾਲਾ-ਪ੍ਰੀਤਮ ਨਕਲੀ ਲੜਾਈ ਕਰਨ ਹਿੱਤ ਦੋ ਟੋਲੀਆਂ ਬਣਾ ਇਕ ਟੋਲੀ ਦਾ ਆਗੂ ਆਪ ਬਣਦੇ ਤੇ ਦੂਜੀ ਟੋਲੀ ਦਾ ਆਗੂ ਸੰਗਤਾ ਜੀ ਨੂੰ ਬਣਾ ਨਕਲੀ ਲੜਾਈ ਕਰਦੇ। ਇਸ ਤਰ੍ਹਾਂ ਬਚਪਨ ਤੋਂ ਹੀ ਸਾਥੀ ਹਾਣੀਆਂ ਨਾਲ ਯੁੱਧ ਕਰਨ ਦੀ ਤਿਆਰੀ ਹੋਣ ਲੱਗ ਪਈ ਸੀ। ਛੇ ਸਾਲ ਦੀ ਉਮਰ ਵਿੱਚ ਜਦੋਂ ਬਾਲ ਗੋਬਿੰਦ ਰਾਏ ਜੀ ਨੂੰ ਗੁਰੂ-ਪਿਤਾ ਦੇ ਹੁਕਮ ਸਦਕਾ ਪ੍ਰਵਾਰ ਸਮੇਤ *“ਚੱਕ ਨਾਨਕੀ”* ਵਾਪਸ ਬੁਲਾਇਆ, ਉਸ ਵਕਤ ਹੋਰ ਸੰਗਤਾਂ ਸਮੇਤ ਬਾਲ ਸੰਗਤਾ ਵੀ ਆਪਣੇ ਮਾਤਾ-ਪਿਤਾ ਸਮੇਤ *ਚੱਕ ਨਾਨਕੀ *(ਅਨੰਦਪੁਰ ਸਾਹਿਬ) ਵਾਪਸ ਆ ਗਏ।
ਗੁਰਤਾ-ਗੱਦੀ ਮਿਲਣ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਤੱਕ ਯਾਨੀ ਕਿ ੧੬੭੫ ਤੋਂ ਲੈ ਕੇ ੧੬੯੯ ਤਕ ਦੇ ੨੩-੨੪ ਸਾਲਾਂ ਦੇ ਅਨੇਕਾਂ ਪ੍ਰਕਾਰ ਦੇ ਕਾਰਜ ਗੁਰੂ ਨਾਨਕ ਮਿਸ਼ਨ ਪੂਰਤੀ ਹਿੱਤ ਕੀਤੇ ਗਏ, ਜਿਨ੍ਹਾਂ ਵਿੱਚ ਜਬਰ-ਜ਼ੁਲਮ ਨੂੰ ਠੱਲ੍ਹ ਪਾਉਣ ਹਿੱਤ, ਦੁਸ਼ਟਾਂ ਦਾ ਖਾਤਮਾ ਕਰਨ ਲਈ ਜੰਗ-ਯੁੱਧ ਵੀ ਕਰਨੇ ਪਏ। ਜਿੱਥੇ ਭਾਈ ਸੰਗਤਾ ਜੀ ਨੇ ਦਸਮੇਸ਼ ਪਿਤਾ ਦੇ ਹੁਕਮਾਂ ਨੂੰ ਮੰਨਦੇ ਹੋਏ ਪ੍ਰਚਾਰਕ ਰੂਪ ਵਿੱਚ ਮਾਲਵੇ ਦੇ ਖੇਤਰ ਦੇ ਪਿੰਡ-ਪਿੰਡ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਪਰ ਚੱਲਣ ਦੀ ਪ੍ਰੇਰਨਾ ਦਿੱਤੀ ਉਥੇ ਗੁਰੂ ਸਾਹਿਬ ਦੀ ਚੌਰ ਬਰਦਾਰੀ, ਮੱਝਾਂ-ਗਾਈਆਂ ਚਾਰੀਆਂ ਅਤੇ ਜੰਗਾਂ-ਯੁੱਧਾਂ ਵਿੱਚ ਗੁਰੂ ਸਾਹਿਬ ਦੀ ਅਸ਼ੀਰਵਾਦ-ਥਾਪੜੇ ਸਦਕਾ ਬਹਾਦਰੀ ਦੇ ਜੌਹਰ ਵੀ ਵਿਖਾਏ।
ਅਵਤਾਰ ਸਿੰਘ ਮਿਸ਼ਨਰੀ
ਅਵਤਾਰ ਸਿੰਘ ਮਿਸ਼ਨਰੀ
*ਸ਼ਹੀਦ ਭਾਈ ਸੰਗਤ ਸਿੰਘ ਯੋਧੇ ਦੀ ਵਿਲੱਖਣ ਬੀਰ ਗਾਥਾ *(Part 1)
Page Visitors: 2677