ਜੇ ਸ਼੍ਰੋਮਣੀ ਕਮੇਟੀ ਨੇ ਇਸ ਵਲੋਂ ਛਪਵਾਈ ਪੁਸਤਕ ਗੁਰਬਿਲਾਸ ਪਾ: ੬ ਰੱਦ ਨਾ ਕੀਤੀ ਤਾਂ ਕਿਸੇ ਸਮੇਂ ਬਾਬਰੀ ਮਸਜ਼ਿਦ ਵਾਂਗ ਦਰਬਾਰ ਸਾਹਿਬ ਦਾ ਵਿਵਾਦ ਖੜ੍ਹਾ ਹੋ ਸਕਦਾ ਹੈ: ਭਾਈ ਕੁਲਦੀਪ ਸਿੰਘ ਗੜਗੱਜ
ਗੁਰਬਿਲਾਸ ਪਾ: ੬, ਸਿੱਖੋਂ ਕਾ ਇਤਿਹਾਸ, ਗਿਆਨ ਸਰੋਵਰ ਆਦਿ ਪੰਥ ਦੋਖੀ ਪੁਸਤਕਾਂ ਤੇ ਗਲਤੀਆਂ ਭਰਪੂਰ ਸੁਨਹਿਰੀ ਬੀੜ ਛਾਪਣ ਵਾਲੇ ਅਤੇ ਆਪਣੇ ਆਪ ਨੂੰ ਹੀ ਪੰਥ ਮੰਨਣ ਵਾਲਿਆਂ ਵੱਲੋਂ ਦਿੱਲੀ ਕਮੇਟੀ ਦੀ ਚੋਣ ਜਿੱਤਣ ਉਪ੍ਰੰਤ ਇੱਥੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਅਤੇ ਸਿੱਖ ਧਰਮ ਦਾ ਪ੍ਰਚਾਰ ਪਾਸਾਰ ਲਈ ਲਿਟ੍ਰੇਚਰ ਛਾਪ ਕੇ ਵੰਡਣ ਦਾ ਕੀਤਾ ਦਾਅਵਾ ਕਿਤਨਾ ਕੁ ਸੱਚਾ ਹੋ ਸਕਦਾ ਹੈ ਉਹ ਕਿਸ ਤਰ੍ਹਾਂ ਦਾ ਲਿਟ੍ਰੇਚਰ ਛਾਪ ਕੇ ਵੰਡਣਗੇ ਉਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ
ਬਠਿੰਡਾ, ੨੩ ਜਨਵਰੀ (ਕਿਰਪਾਲ ਸਿੰਘ): ਸ਼੍ਰੋਮਣੀ ਕਮੇਟੀ ਵਲੋਂ ਮੁੜ ਛਪਵਾਈ ਗਈ ਪੁਸਤਕ ਗੁਰਬਿਲਾਸ ਪਾ: ੬ ਜੇ ਇਸ ਦੀ ਕਾਰਜਕਾਰਨੀ ਕਮੇਟੀ ਵੱਲੋਂ ਮਤਾ ਪਾਸ ਕਰਕੇ ਰੱਦ ਨਾ ਕੀਤੀ ਗਈ ਤਾਂ ਕਿਸੇ ਵੀ ਸਮੇਂ ਬਾਬਰੀ ਮਸਜ਼ਿਦ ਵਾਂਗ ਦਰਬਾਰ ਸਾਹਿਬ ਦਾ ਵਿਵਾਦ ਖੜ੍ਹਾ ਹੋ ਸਕਦਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਨੌਜਵਾਨ ਸਿੱਖ ਪ੍ਰਚਾਰਕ ਭਾਈ ਕੁਲਦੀਪ ਸਿੰਘ ਗੜਗੱਜ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਸਿੱਖ ਇਤਿਹਾਸ ਤੇ ਗੁਰਮਤਿ ਸਿਧਾਂਤਾਂ ਨੂੰ ਇਕ ਸਾਜਿਸ਼ ਅਧੀਨ ਵਿਗਾੜਨ ਲਈ ਇਹ ਪੁਸਤਕ ਕਿਸੇ ਪੰਥ ਵਿਰੋਧੀ ਏਜੰਸੀ ਵੱਲੋਂ ਲਿਖੀ ਗਈ ਸੀ ਅਤੇ ਨਿਰਮਲੇ ਤੇ ਉਦਾਸੀ ਮਹੰਤਾਂ ਨੇ ਇਸ ਦੀ ਗੁਰਦੁਆਰਿਆਂ ਵਿੱਚ ਕਥਾ ਸ਼ੁਰੂ ਕੀਤੀ ਸੀ, ਇਸੇ ਕਾਰਣ ਪ੍ਰੋ: ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸਿੰਘ ਸਭਾ ਲਹਿਰ ਸਦਕਾ ਮਹੰਤਾਂ ਤੋਂ ਗੁਰਦੁਆਰੇ ਅਜਾਦ ਕਰਵਾਉਣ ਉਪ੍ਰੰਤ ਬਣੀ ਸ਼੍ਰੋਮਣੀ ਕਮੇਟੀ ਨੇ ਸਭ ਤੋਂ ਪਹਿਲਾ ਕੰਮ ਇਸ ਪੁਸਤਕ 'ਤੇ ਪਾਬੰਦੀ ਲਾਉਣ ਅਤੇ ਗੁਰਦੁਆਰਿਆਂ 'ਚ ਇਸ ਦੀ ਕਥਾ ਬੰਦ ਕਰਵਾਉਣ ਦਾ ਕੀਤਾ ਗਿਆ ਸੀ।
ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਚੁਣੀ ਗਈ ਸ਼੍ਰੋਮਣੀ ਕਮੇਟੀ, ਪੰਥ ਵਿਰੋਧੀ ਸੰਸਥਾ ਆਰਐੱਸਐੱਸ ਦੇ ਗਲਬੇ ਹੇਠ ਆ ਜਾਣ ਕਾਰਣ ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਮੁੜ ਛਾਪਿਆ ਗਿਆ ਤੇ ਇਸ ਸੰਪਦਾਨਾ ਕਰਨ ਵਾਲੇ ਨੇ ਇਸ ਦੀ ਕਥਾ ਮੁੜ ਗੁਰਦੁਆਰਿਆਂ ਵਿੱਚ ਸ਼ੁਰੂ ਕਰਵਾਉਣ ਦੀ ਕਾਮਨਾ ਕਰ ਦਿੱਤੀ ਹੈ। ਪੰਥ ਵਲੋਂ ਕੀਤੇ ਭਾਰੀ ਵਿਰੋਧ ਕਾਰਣ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਵਾਪਸ ਲੈਣ ਦਾ ਐਲਾਨ ਤਾਂ ਕਰ ਦਿੱਤਾ ਪਰ ਉਨ੍ਹਾਂ ਚਿਰ ਮਸਲਾ ਹੱਲ ਨਹੀਂ ਹੋਣ ਜਦ ਤੱਕ ਕਿ ਇਸ ਪੁਸਤਕ ਨੂੰ ਮੁੜ ਸੰਪਾਦਨਾ ਕਰਨ ਵਾਲਿਆਂ ਅਤੇ ਛਪਵਾਉਣ ਦੇ ਜਿੰਮੇਵਾਰਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਇਸ ਨੂੰ ਰੱਦ ਨਹੀਂ ਕੀਤਾ ਜਾਂਦਾ। ਕਿਉਂਕਿ ਇਸ ਪੁਸਤਕ ਵਿੱਚ ਗੁਰੂ ਸਾਹਿਬਾਨ ਦਾ ਚਰਿਤਰ ਘਾਣ ਤੇ ਗੁਰਮਤਿ ਦੇ ਅਨਮੋਲ ਸਿਧਾਂਤਾਂ ਨੂੰ ਗੰਧਲਾ ਕਰਨ ਤੋਂ ਇਲਾਵਾ ਇਸ ਪੁਸਤਕ ਦੇ ਪੰਨਾ ਨੰ: ੧੨੨-੨੩ 'ਤੇ ਲਿਖਿਆ ਹੈ ਕਿ ਜਿਸ ਸਮੇਂ ਗੁਰੂ ਅਰਜੁਨ ਸਾਹਿਬ ਜੀ ਦਰਬਾਰ ਸਾਹਿਬ ਦਾ ਨਿਰਮਾਣ ਕਰਵਾ ਰਹੇ ਸਨ ਤਾਂ ਉਸ ਸਮੇਂ ਵਿਸ਼ਨੂੰ ਜੀ ਆਪਣੀ ਪਤਨੀ ਲਛਮੀ ਸਮੇਤ ਅਕਾਸ਼ ਵਿੱਚ ਉਡਦਾ ਹੋਇਆ ਅੰਮ੍ਰਿਤਸਰ ਦੇ ਉਪਰ ਦੀ ਲੰਘ ਰਿਹਾ ਸੀ। ਹੇਠਾਂ ਦਰਬਾਰ ਸਾਹਿਬ ਦੀ ਕਾਰ ਸੇਵਾ ਹੁੰਦੀ ਵੇਖ ਕੇ ਲਛਮੀ ਨੇ ਪੁੱਛਿਆ, ਇਹ ਕੀ ਹੋ ਰਿਹਾ ਹੈ! ਵਿਸ਼ਨੂ ਜੀ ਨੇ ਕਿਹਾ ਇਹ ਮੇਰਾ ਹੀ ਰੂਪ ਗੁਰੂ ਅਰਜੁਨ ਜੀ ਮੇਰਾ ਹੀ ਮੰਦਰ ਬਣਾ ਰਿਹਾ ਹੈ। ਲਛਮੀ ਦੇ ਕਹਿਣ 'ਤੇ ਉਹ ਰੂਪ ਵਟਾ ਕੇ ਮੰਦਰ ਵੇਖਣ ਲਈ ਹੇਠਾਂ ਆ ਉਤਰੇ। ਗੁਰੂ ਅਰਜੁਨ ਸਾਹਿਬ ਜੀ ਨੇ ਵਿਸ਼ਨੂੰ ਜੀ ਨੂੰ ਪਛਾਣ ਲਿਆ ਤੇ ਉਸ ਦਾ ਸਤਿਕਾਰ ਕੀਤਾ। ਇਸ ਮੌਕੇ ਗੁਰਬਾਣੀ ਦੀ ਤੁਕ 'ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥' (ਸੂਹੀ ਮ: ੫, ਗੁਰੂ ਗ੍ਰੰਥ ਸਾਹਿਬ -ਪੰਨਾ ੭੮੩) ਨੂੰ ਵੀ ਵਿਗਾੜ ਕੇ ਪੇਸ਼ ਕੀਤਾ ਗਿਆ ਹੈ: 'ਸੰਤਾ ਕੇ ਕਾਰਜਿ ਆਪਿ ਖਲੋਇਆ ਕਰਤਾ ਕੰਮੁ ਕਰਾਵਣਿ ਆਇਆ ਰਾਮ ॥' ਵਿਸ਼ਨੂੰ ਜੀ ਨੇ ਕਿਹਾ ਕਿ ਪਹਿਲੇ ਪਹਿਰ ਇਸ ਮੰਦਿਰ ਵਿੱਚ ਮੇਰਾ ਪਹਿਰਾ ਹੋਵੇਗਾ। ਇਸੇ ਕਾਰਣ ਪਹਿਲੇ ਪਹਿਰ ਕੀਰਤਨ ਦੀ ਚੌਕੀ ਦੌਰਾਨ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ ਕਿਉਂਕਿ ਉਸ ਸਮੇਂ ਉਥੇ ਵਿਸ਼ਨੂੰ ਜੀ ਸ਼ੁਸ਼ੋਭਿਤ ਹੁੰਦੇ ਹਨ। ਗੁਰੂ ਦੇ ਦਰਬਾਰ ਦਾ ਨਾਮ ਵੀ ਇਸੇ ਕਾਰਣ ਹਰੀਮੰਦਰ (ਵਿਸ਼ਨੂੰ ਦਾ ਮੰਦਰ) ਰੱਖਿਆ ਗਿਆ ਹੈ। ਭਾਈ ਗੜਗੱਜ ਨੇ ਕਿਹਾ ਕਿ ਜੇ ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰਕੇ ਰੱਦ ਨਾ ਕੀਤਾ ਤਾਂ ਆਉਣ ਵਾਲੇ ਕਿਸੇ ਸਮੇਂ ਵਿੱਚ ਬਾਬਰੀ ਮਸਜ਼ਿਦ ਵਾਂਗ ਦਰਬਾਰ ਸਾਹਿਬ ਦਾ ਵਿਵਾਦ ਵੀ ਖੜ੍ਹਾ ਹੋ ਸਕਦਾ ਹੈ ਕਿਉਂਕਿ ਉਹ ਕਹਿ ਸਕਦੇ ਹਨ ਆਹ ਵੇਖੋ ਇੰਨੇ ਸਾਲ ਪਹਿਲਾਂ ਇਹ ਤੁਹਾਡੀ ਵਲੋਂ ਲਿਖੀ ਪੁਸਤਕ ਵਿੱਚ ਹੀ ਲਿਖਿਆ ਹੈ ਕਿ ਇਹ ਵਿਸ਼ਨੂੰ ਜੀ ਦਾ ਮੰਦਰ ਹੈ। ਉਸ ਵੇਲੇ ਸਿੱਖ ਕੌਮ ਕੀ ਜਵਾਬ ਦੇਵੇਗੀ?
ਸ਼੍ਰੋਮਣੀ ਕਮੇਟੀ ਵਲੋਂ ਹਿੰਦੀ ਵਿੱਚ ਛਾਪੀ ਗਈ ਇੱਕ ਹੋਰ ਪੁਸਤਕ 'ਸਿੱਖੋਂ ਕਾ ਇਤਿਹਾਸ' ਵਿੱਚ ਗੁਰੂ ਸਾਹਿਬ ਜੀ ਵਿਰੁੱਧ ਐਨਾ ਕੁਫ਼ਰ ਤੋਲਿਆ ਗਿਆ ਹੈ ਕਿ ਜੇ ਕਿਸੇ ਹੋਰ ਮਤ ਵਾਲਾ ਵਿਅਕਤੀ ਵੀ ਇਸ ਪੁਸਤਕ ਨੂੰ ਪੜ੍ਹ ਲਵੇ ਤਾਂ ਉਹ ਵੀ ਇਸ ਨੂੰ ਸੱਚ ਮੰਨਣ ਲਈ ਤਿਆਰ ਨਹੀਂ ਹੋਵੇਗਾ ਕਿਉਂਕਿ ਉਹ ਮੰਨਣਯੋਗ ਹੀ ਨਹੀਂ ਹੈ। ਇਸ ਪੁਸਤਕ ਦੇ ਪੰਨਾ ਨੰ: ੧੨੪-੨੫ 'ਤੇ ਲਿਖਿਆ ਹੈ ਕਿ ਸ਼ਕਤੀ ਪ੍ਰਾਪਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਪੂਜਾ ਕੀਤੀ। ਦੇਵੀ ਨੇ ਮਨੁੱਖ ਦੀ ਬਲੀ ਮੰਗ ਲਈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੇਰੇ ਪੁਤਰਾਂ ਦੀ ਬਲੀ ਲੈ ਲਵੋ। ਇਹ ਸੁਣ ਕੇ ਮਾਤਾ ਜੀ ਡਰ ਗਏ ਤੇ ਸਹਿਬਜ਼ਾਦਿਆਂ ਨੂੰ ਲੈ ਕੇ ਭੱਜ ਗਈ। ਫਿਰ ਗੁਰੂ ਜੀ ਨੇ ਇੱਕ ਸਿੱਖ ਦੀ ਬਲੀ ਦੇ ਦਿੱਤੀ। ਭਾਈ ਗੜਗੱਜ ਨੇ ਕਿਹਾ ਇਸ ਪੁਸਤਕ ਵਿੱਚ ਮਾਤਾ ਜੀ ਨੂੰ ਡਰਪੋਕ ਸਿੱਧ ਕਰਕੇ ਅਤੇ ਗੁਰੂ ਸਾਹਿਬ ਜੀ ਨੂੰ ਦੇਵੀ ਦੀ ਅਰਾਧਨਾ ਕਰਨ ਵਾਲੇ ਦੱਸ ਕੇ ਸਿੱਖੀ ਸਿਧਾਂਤਾਂ ਦੀ ਇੰਨੀ ਖਿੱਲੀ ਉਡਾਈ ਗਈ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਨ੍ਹਾਂ ਦੇਵੀ ਦੇਵਤਿਆਂ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ 'ਦੇਵੀਆਂ ਦੇ ਦੇਵਤਿਆਂ ਦੀ ਪੂਜਾ ਕਰ ਕੇ, ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ?' : 'ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥' (ਸੋਰਠਿ ਮ: ੧, ਗੁਰੂ ਗ੍ਰੰਥ ਸਾਹਿਬ -ਪੰਨਾ ੬੩੭) ਉਨ੍ਹਾਂ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਗੁਰੂ ਸਾਹਿਬ ਜੀ ਨੂੰ ਵਿਖਾਇਆ ਜਾਵੇ ਤਾਂ ਇਸ ਤੋਂ ਵੱਡਾ ਅਨਰਥ ਹੋਰ ਕੀ ਹੋ ਸਕਦਾ ਹੈ? ਰੌਲਾ ਪਾਏ ਜਾਣ ਪਿੱਛੋਂ ਇਹ ਪੁਸਤਕ ਵੀ ਸ਼੍ਰੋਮਣੀ ਕਮੇਟੀ ਨੇ ਵਾਪਸ ਲੈ ਲਈ ਪਰ ਇਸ ਦੇ ਲੇਖਕਾਂ ਤੇ ਛਪਵਾਉਣ ਵਾਲਿਆਂ ਦੇ ਨਾਮ ਤੱਕ ਨਹੀਂ ਦੱਸੇ ਜਾ ਰਹੇ।
ਪਿੱਛੇ ਜਿਹੇ ਇੱਕ ਸੁਨਹਿਰੀ ਬੀੜ ਛਪਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਉਸ ਵਿੱਚ ਬੇਅੰਤ ਗਲਤੀਆਂ ਸਾਹਮਣੇ ਆਈਆਂ। ਰੌਲਾ ਪੈਣ ਪਿੱਛੋਂ ਇੱਕ ਕਮੇਟੀ ਬੈਠਾਈ ਗਈ ਪਰ ਅੱਜ ਤੱਕ ਉਸ ਕਮੇਟੀ ਦੀ ਰੀਪੋਰਟ ਸਾਹਮਣੇ ਨਹੀਂ ਆਈ ਤੇ ਨਾ ਹੀ ਇਹ ਬੀੜ ਛਪਵਾਉਣ ਅਤੇ ਛਾਪਣ ਵਾਲੇ ਵਿਰੁੱਧ ਕੋਈ ਕਾਰਵਾਈ ਕੀਤੀ ਗਈ। ਗੁਰਬਾਣੀ ਵਿੱਚ ਮਾਮੂਲੀ ਛੇੜ ਛਾੜ ਵੀ ਬ੍ਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਸ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ 'ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ॥' (ਆਸਾ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੪੬੬) ਵਿੱਚ 'ਮੁਸਲਮਾਨ' ਦੀ ਥਾਂ 'ਬੇਈਮਾਨ' ਕਹੇ ਜਾਣ 'ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਰਾਮਰਾਇ ਜੀ ਨੂੰ ਸਦਾ ਲਈ ਮੱਥੇ ਨਾ ਲੱਗਣ ਦਾ ਹੁਕਮ ਦੇ ਦਿੱਤਾ ਸੀ। ਇਸ ਦਾ ਭਾਵ ਹੈ ਕਿ ਕੋਈ ਵੀ ਵਿਅਕਤੀ ਗੁਰਬਾਣੀ ਵਿੱਚ ਕੋਈ ਤਬਦੀਲੀ ਨਾ ਕਰ ਸਕੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਲਤ ਸ਼ਬਦ ਜੋੜਾਂ ਨਾਲ ਇਕ ਸਾਜਿਸ਼ ਅਧੀਨ ਇਸ ਕਾਰਣ ਛਾਪੇ ਗਏ ਸਨ ਤਾਂ ਕਿ ਕੁਝ ਸਮੇਂ ਬਾਅਦ ਸਿੱਖਾਂ ਵਿੱਚ ਦੁਬਿਧਾ ਪੈਦਾ ਹੋ ਜਾਵੇ ਕਿ ਠੀਕ ਕਿਹੜਾ ਸਰੂਪ ਹੈ। ਸੋ ਇਸ ਅਹਿਮ ਮੁੱਦੇ ਨੂੰ ਅਣਗੌਲਿਆ ਕਰਕੇ ਸ਼੍ਰੋਮਣੀ ਕਮੇਟੀ ਆਪਣੇ ਫਰਜਾਂ ਵਿੱਚ ਭਾਰੀ ਕੁਤਾਹੀ ਕਰ ਰਹੀ ਹੈ ਜੋ ਬਖ਼ਸ਼ਣਯੋਗ ਨਹੀਂ ਹੈ।
ਗਿਆਨ ਸਰੋਵਰ ਨਾਮ ਦੀ ਇੱਕ ਪੁਸਤਕ ਪੰਜਾਬ ਦੀ ਪੰਥਕ ਸਰਕਾਰ ਵਲੋਂ ਛਾਪੀ ਗਈ ਹੈ। ਇਸ ਦੇ ਪੰਨਾ ਨੰਬਰ ੪੨ 'ਤੇ ਦੇਵਤਿਆਂ ਵਲੋਂ ਖੀਰ ਸਮੁੰਦਰ ਰਿੜਕ ਕੇ ਅੰਮ੍ਰਿਤ ਕੱਢਣ ਦੀ ਸਾਖੀ ਲਿਖ ਕੇ ਹੇਠਾਂ ਗੁਰਬਾਣੀ ਦੀ ਮੋਹਰ 'ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥' (ਸਾਰੰਗ ਕੀ ਵਾਰ ਮ: ੨, ਗੁਰੂ ਗ੍ਰੰਥ ਸਾਹਿਬ – ਪੰਨਾ ੧੨੩੮) ਲਾ ਕੇ ਅਨਰਥ ਕੀਤਾ ਗਿਆ ਹੈ ਕਿਉਂਕਿ ਗੁਰਬਾਣੀ ਦੇਵਤਿਆਂ ਵਲੋਂ ਖੀਰ ਸਮੁੰਦਰ ਰਿੜਕ ਕੇ ਕੱਢੇ ਗਏ ਅਖੌਤੀ ਅੰਮ੍ਰਿਤ ਨੂੰ ਕੋਈ ਮਾਨਤਾ ਨਹੀਂ ਦਿੰਦੀ। ਗੁਰਬਾਣੀ ਅਨੁਸਾਰ ਅੰਮ੍ਰਿਤਮਈ ਜੀਵਨ ਜਿਊਣ ਦੀ ਜਾਂਚ ਸਿਖਾਉਣ ਵਾਲੀ ਗੁਰੂ ਦੀ ਬਾਣੀ ਹੈ ਅੰਮ੍ਰਿਤ ਹੈ ਹੋਰ ਕੋਈ ਅੰਮ੍ਰਿਤ ਨਹੀਂ ਹੈ।
ਭਾਈ ਗੜਗੱਜ ਨੇ ਕਿਹਾ ਕਿ ਇਸ ਪੁਸਤਕ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਨੰ: ੪੦੭੭੨ ਦਾਇਰ ਕੀਤਾ ਹੋਇਆ ਹੈ। ਬੇਸ਼ੱਕ ਇਹ ਪੁਸਤਕ ਵੀ ਇਸੇ ਪੁਸਤਕ ਦੇ ਪੰਨਾ ਨੰਬਰ ੨੯੮ 'ਤੇ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦੌਲਤ ਖਾਨ ਲੋਧੀ ਨਾਲ ਵਿਆਹੀ ਹੋਈ ਸੀ। ਜਦੋਂ ਕਿ ਸਿੱਖ ਇਤਿਹਾਸ ਅਨੁਸਾਰ ਬੇਬੇ ਨਾਨਕੀ ਜੀ ਦਾ ਵਿਆਹ ਭਾਈ ਜੈ ਰਾਮ ਜੀ ਨਾਲ ਹੋਇਆ ਸੀ। ਭਾਈ ਗੜਗੱਜ ਨੇ ਦੱਸਿਆ ਕਿ ਇਹ ਵੀ ਇਕ ਸਾਜਿਸ਼ ਅਧੀਨ ਜਾਣ ਬੁੱਝ ਕੇ ਕਿ ਲਿਖਿਆ ਹੈ ਕਿਉਂਕਿ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦੇ ਕੇ ਕਹਿੰਦੇ ਹਾਂ ਕਿ ਸਿੱਖ ਬੱਚੇ ਬੱਚੀ ਦਾ ਵਿਆਹ ਸਿੱਖ ਨਾਲ ਹੀ ਹੋਣਾ ਚਾਹੀਦਾ ਹੈ ਤਾਂ ਨੌਜਵਾਨਾਂ ਦੇ ਮਨ ਵਿੱਚ ਇਹ ਖਿਆਲ ਜਾ ਸਕਦਾ ਹੈ ਕਿ ਵੇਖੋ ਜੀ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਦਾ ਵਿਆਹ ਜੇ ਅਣਮਤੀ ਨਾਲ ਹੋ ਸਕਦਾ ਹੈ ਤਾਂ ਸਿੱਖ ਬੱਚੇ ਬੱਚੀ ਦਾ ਕਿਉਂ ਨਹੀਂ ਕਿਸੇ ਅਣਮੱਤ ਦੇ ਬੱਚੇ ਬੱਚੀ ਨਾਲ ਹੋ ਸਕਦਾ? ਹੁਣ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹੈ ਪਰ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਤੇ ਪੰਥਕ ਕਹਾਉਣ ਵਾਲਿਆਂ ਦੀ ਸਰਕਾਰ ਵਲੋਂ ਛਪਵਾਈਆਂ ਗਈਆਂ ਇਹ ਗਲਤੀਆਂ ਹੁਣ ਤੱਕ ਸਾਹਮਣੇ ਆਈਆਂ ਗਲਤੀਆਂ ਦੀ ਦਾਲ ਵਿੱਚੋਂ ਦਾਣੇ ਬਰਾਬਰ ਹੈ ਤੇ ਕਿੰਨੀਆਂ ਹੋਰ ਪੁਸਤਕਾਂ ਹੋ ਸਕਦੀਆਂ ਹਨ ਜਿਹੜੀਆਂ ਹੁਣ ਤੱਕ ਕਿਸੇ ਪਾਰਖੂ ਸਿੱਖ ਵਿਦਵਾਨ ਦੀਆਂ ਨਜ਼ਰਾਂ ਵਿੱਚ ਨਹੀਂ ਚੜੀ੍ਹਆਂ ਹੋਣੀਆਂ। ਗੁਰਬਿਲਾਸ ਪਾ: ੬, ਸਿੱਖੋਂ ਕਾ ਇਤਿਹਾਸ, ਗਿਆਨ ਸਰੋਵਰ ਆਦਿ ਪੰਥ ਦੋਖੀ ਪੁਸਤਕਾਂ ਤੇ ਗਲਤੀਆਂ ਭਰਪੂਰ ਸੁਨਹਿਰੀ ਬੀੜ ਛਾਪਣ ਵਾਲੇ ਅਤੇ ਆਪਣੇ ਆਪ ਨੂੰ ਹੀ ਪੰਥ ਮੰਨਣ ਵਾਲਿਆਂ ਵੱਲੋਂ ਦਿੱਲੀ ਕਮੇਟੀ ਦੀ ਚੋਣ ਜਿੱਤਣ ਉਪ੍ਰੰਤ ਇੱਥੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਅਤੇ ਸਿੱਖ ਧਰਮ ਦਾ ਪ੍ਰਚਾਰ ਪਾਸਾਰ ਲਈ ਲਿਟ੍ਰੇਚਰ ਛਾਪ ਕੇ ਵੰਡਣ ਦਾ ਕੀਤਾ ਦਾਅਵਾ ਕਿਤਨਾ ਕੁ ਸੱਚਾ ਹੋ ਸਕਦਾ ਹੈ ਉਹ ਕਿਸ ਤਰ੍ਹਾਂ ਦਾ ਲਿਟ੍ਰੇਚਰ ਛਾਪ ਕੇ ਵੰਡਣਗੇ ਉਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ।
ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜੇ ਸ਼੍ਰੋਮਣੀ ਕਮੇਟੀ ਨੇ ਇਸ ਵਲੋਂ ਛਪਵਾਈ ਪੁਸਤਕ ਗੁਰਬਿਲਾਸ ਪਾ: ੬ ਰੱਦ ਨਾ ਕੀਤੀ ਤਾਂ ਕਿਸੇ ਸਮੇਂ ਬਾਬਰੀ ਮਸਜ਼ਿਦ ਵਾਂਗ ਦਰਬਾਰ ਸਾਹਿਬ ਦਾ ਵਿਵਾਦ ਖੜ੍ਹਾ ਹੋ ਸਕਦਾ ਹੈ: ਭਾਈ ਕੁਲਦੀਪ ਸਿੰਘ ਗੜਗੱਜ
Page Visitors: 2694