*ਸ਼ਹੀਦ ਭਾਈ ਸੰਗਤ ਸਿੰਘ ਯੋਧੇ ਦੀ ਵਿਲੱਖਣ ਬੀਰ ਗਾਥਾ *(Part 2)
*ਅਵਤਾਰ ਸਿੰਘ ਮਿਸ਼ਨਰੀ (**5104325827)*
ਜਦੋਂ ਦਸਮੇਸ਼ ਪਿਤਾ ਨੇ ੧੬੯੯ ਦੀ ਵੈਸਾਖੀ ਵਾਲੇ ਦਿਨ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਚਲਾਏ *ਨਿਰਮਲ ਪੰਥ-
ਮਾਰਿਆ ਸਿੱਕਾ ਜਗਤ ਵਿਚਿ ਨਾਨਕ ਨਿਰਮਲ ਪੰਥ ਚਲਾਇਆ (ਭਾ.ਗੁ)*
*“ਖਾਲਸਾ ਪੰਥ”* ਪ੍ਰਗਟਾਇਆ, ਉਸੇ ਹੀ ਦਿਨ ਭਾਈ ਸੰਗਤਾ ਜੀ ਨੇ ਸਮੇਤ ਪ੍ਰਵਾਰ, ਮਾਤਾ-ਪਿਤਾ, ਭਰਾਵਾਂ, ਇੱਥੋਂ ਤੱਕ ਕਿ ਚਾਚੇ ਦੇ ਪੁੱਤਰਾਂ ਨੇ ਵੀ ਪੰਜਾਂ-ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕਰ ਲਈ। ਉਸ ਤੋਂ ਬਾਅਦ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਪ੍ਰਚਾਰਕ ਨੀਯਤ ਕਰ ਕੇ ਮਾਲਵੇ ਦੇਸ਼ ਦੀ ਸੰਗਤ ਦੇ ਨਾਂ ਇੱਕ ਹੁਕਮਨਾਮਾ ਭੇਜਿਆ, ਜੋ ਭਾਈ ਸਾਹਿਬ ਨੂੰ ਪਿੰਡ ਖੁੱਡੇ ਜੋ ਮੁਕਤਸਰ ਸਾਹਿਬ ਵਿੱਚ ਪੈਂਦਾ ਹੈ, ਮਿਲਿਆ, ਜਿਸ ਵਿੱਚ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਹੜਾ ਸਿੱਖ ਘੋੜਾ, ਤਲਵਾਰ,ਬੰਦੂਕ, ਨੇਜ਼ਾ ਆਦਿ ਹੋਰ ਵੀ ਨਵੀਨ ਸ਼ਸਤਰ ਲੈ ਕੇ ਅਨੰਦਪੁਰ ਸਾਹਿਬ ਆਵੇਗਾ, ਉਹ ਸਿੰਘ ਸਾਡੇ ਪਿਆਰ ਦਾ ਹੱਕਦਾਰ ਹੋਵੇਗਾ। ਇਸ ਹੁਕਮਨਾਮੇ ਦੀ ਅਸਲ ਕਾਪੀ *“ਗੁਰਦੁਆਰਾ ਸ਼ਹੀਦ ਭਾਈ ਸੰਗਤ ਸਿੰਘ**, ਅਨੰਦਪੁਰ ਸਾਹਿਬ” *ਦੇ ਪ੍ਰਬੰਧਕਾਂ ਪਾਸ ਮੌਜੂਦ ਦੱਸੀ ਜਾਂਦੀ ਹੈ।
ਬਚਪਨ ਤੋਂ ਹੀ ਆਪ ਜੀ ਵਿੱਚ ਬੀਰਰਸ, ਗੁਰੂਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਕੁੱਟ-ਕੁੱਟ ਕੇ ਭਰਿਆ ਪਿਆ ਸੀ। ਨਾਂ ਤਾਂ ਕਿਸੇ ਤੋਂ ਆਪ ਜੀ ਡਰਦੇ ਹੀ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਮੌਤ ਦਾ ਡਰ ਉਨ੍ਹਾਂ ਵਿੱਚ ਰੱਤੀ ਭਰ ਵੀ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਪੰਡਤ ਨੇ ਰੋ-ਰੋ ਕੇ ਅਰਜੋਈ ਕੀਤੀ ਕਿ ਗੁਰੂ ਜੀ! ਮੇਰੀ ਘਰਵਾਲੀ ਨੂੰ ਇਕ ਪਠਾਣ ਜ਼ਬਰਦਸਤੀ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ ਕ੍ਰਿਪਾ ਕਰੋ ਗਰੀਬ ਨਿਮਾਣੇ-ਨਿਤਾਣੇ ਦੀ ਆਸ ਕੇਵਲ ਗੁਰੂ ਨਾਨਕ ਸਾਹਿਬ ਜੀ ਦਾ ਦਰ-ਘਰ ਹੀ ਹੈ। ਮੇਰੀ ਘਰਵਾਲੀ ਮੈਨੂੰ ਵਾਪਸ ਦਿਵਾਈ ਜਾਵੇ ਜੀ, ਤਾਂ ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਰੰਤ ਕਾਰਵਾਈ ਕਰੋ ਅਤੇ ਉਸ ਬੀਬੀ ਨੂੰ ਪਠਾਣ ਕੋਲੋਂ ਛੁਡਵਾ ਕੇ ਲੈ ਆਓ। ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਭਾਈ ਸੰਗਤ ਸਿੰਘ ਜੀ ਵੀ ਗਏ ਸਨ। ਸਿੰਘਾਂ ਨੇ ਸਵਾਰ ਹੋ ਕੇ ਘੋੜੇ ਏਨੇ ਤੇਜ਼ ਭਜਾਏ ਕਿ ਕਮਾਲ ਹੀ ਕਰ ਦਿੱਤੀ। ਪਠਾਣ ਅਜੇ ਆਪਣੇ ਘਰ ਦੇ ਲਾਗੇ ਪਹੁੰਚਿਆ ਹੀ ਸੀ ਕਿ ਸਿੰਘਾਂ ਨੇ ਲਲਕਾਰਾ ਮਾਰਿਆ। ਪਠਾਣ ਡਰਦਾ ਘਰ ਵਿੱਚ ਲੁਕ ਗਿਆ ਤੇ ਅੰਦਰੋਂ ਬੂਹਾ ਬੰਦ ਕਰ ਲਿਆ। ਏਧਰ ਖੋਹ ਕੇ ਲਿਆਂਦੀ ਪੰਡਤਾਣੀ ਰੋ-ਰੋ ਕੇ ਵਾਸਤੇ ਪਾ ਰਹੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਸ ਬੀਬੀ ਨੂੰ ਹੌਂਸਲਾ ਦਿੱਤਾ। ਸਿੰਘਾਂ ਨੇ ਪਠਾਣ ਨੂੰ ਪਕੜ ਲਿਆ। ਖੂਬ ਸੋਧਾ ਲਾਇਆ।
ਜਦੋਂ ਉਸ ਨੂੰ ਪਾਰ (ਖਤਮ) ਕਰਨ ਲਈ ਸਿੰਘਾਂ ਨੇ ਤੇਗ ਉੱਪਰ ਕੀਤੀ ਤਾਂ ਪਠਾਣ ਦੀ ਘਰਵਾਲੀ ਨੇ ਤਰਲੇ ਪਾਏ, ਮਿੰਨਤਾਂ ਕੀਤੀਆਂ, ਪਠਾਣ ਨੇ ਅੱਗੇ ਤੋਂ ਅਜਿਹੇ ਕੁਕਰਮ ਨਾ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਪਠਾਣ ਦੀ ਜਾਨ ਬਖਸ਼ ਦਿੱਤੀ ਅਤੇ ਪੰਡਤਾਣੀ ਵਾਪਸ ਲਿਆ ਕੇ ਗੁਰੂ-ਦਰਬਾਰ ਦੀ ਸ਼ਰਣ ਵਿੱਚ ਆਏ ਪੰਡਤ ਦੇ ਹਵਾਲੇ ਕੀਤੀ।
ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਸਰਸਾ ਨਦੀ ਦੇ ਕੰਢੇ ਹੋਏ ਮੁਗਲਾਂ ਨਾਲ ਘਮਸਾਣ ਯੁੱਧ ਵਿੱਚ *ਉਸ* ਨੇ ਵੀ ਤੇਗ ਦੇ ਚੰਗੇ ਜੌਹਰ ਦਿਖਾਏ ਸਨ। ਜਦੋਂ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਸੀ, ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਸੀ ਕਿ ਬਾਹਰੋਂ ਰਸਦ ਆਉਣੀ ਵੀ ਬੰਦ ਹੋ ਗਈ ਸੀ, ਉਸ ਵੇਲੇ ਸਿੰਘਾਂ ਦੇ ਉੱਡਣ ਦਸਤੇ ਬਣਾਏ ਗਏ ਸਨ, ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਦਾ ਜਥਾ ਵੀ ਸ਼ਾਮਲ ਸੀ। ਰਾਤ ਵੇਲੇ ਪਹਾੜੀ ਪਰ ਮੁਗ਼ਲ ਫੌਜਾਂ ਦੇ ਕੈਂਪਾਂ ਉੱਤੇ ਹਮਲੇ ਕਰ ਕੇ ਰਸਦਾਂ ਲੁੱਟ ਕੇ ਲੈ ਆਉਂਦੇ ਸਨ।
ਘੇਰਾ ਦਿਨ-ਬ-ਦਿਨ ਤੰਗ ਹੁੰਦਾ ਜਾ ਰਿਹਾ ਸੀ, ਇਥੋਂ ਤਕ ਕਿ ਜੇ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਜੇ ਚਾਰ ਸਿੰਘ ਵੀ ਜਾਂਦੇ ਸਨ ਤਾਂ ਦੋ ਰਸਤੇ ਵਿੱਚ ਹੀ ਸ਼ਹੀਦ ਹੋ ਜਾਂਦੇ ਸਨ-
*ਚਾਰ* *ਸਿੰਘ ਪਾਣੀ ਕੋ ਜਾਵੈਂ। ਦੋ ਜੂਝੈ ਦੋ ਪਾਣੀ ਲਿਆਵੈਂ।** ਲਰੈਂ ਸਿੰਘ ਮਾਰੈਂ ਲਲਕਾਰੈ।*
ਆਖ਼ਰ ਦਸੰਬਰ ੧੭੦੪ ਈ. ਨੂੰ ਰਾਤ ਦੇ ਪਹਿਲੇ ਪਹਿਰ ਮਾਤਾ ਗੁਜਰੀ ਜੀ ਰਾਹੀਂ ਸੰਗਤਾਂ ਦੇ ਜ਼ੋਰ ਪਾਉਣ ਤੇ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਅੱਗੋਂ ਸਰਸਾ ਨਦੀ ਠਾਠਾਂ ਮਾਰ ਰਹੀ ਸੀ। ਵੈਰੀ ਕਸਮਾਂ ਨੂੰ ਤੋੜ ਕੇ ਆ ਪਏ। ਸਰਸਾ ਕਿਨਾਰੇ ਭਿਆਨਕ ਜੰਗ ਹੋਈ। ਗੁਰੂ ਜੀ ਨੇ ਪੈਦਲ ਵਹੀਰ ਲੰਘਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਜਥੇ ਥਾਪ ਦਿੱਤੇ। ਮੁਗ਼ਲ ਅਤੇ ਪਹਾੜੀ ਹਿੰਦੂ ਫੌਜਾਂ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜਥਿਆਂ ਨੂੰ ਵੈਰੀ ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ ਕਿ ਜਦ ਤੱਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਇਸ ਜੰਗ ਸਮੇਂ ਬਹੁਤ ਸਾਰੇ ਸਿੰਘ ਸਰਸਾ ਪਾਰ ਕਰਦੇ ਹੋਏ ਨਦੀ ਦੀ ਭੇਟ ਹੋ ਗਏ। ਸਰਸਾ ਦੇ ਜੰਗ ਸਮੇਂ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ। ਅਨੇਕਾਂ ਸਿੰਘ ਇਸ ਘਮਸਾਣ ਦੀ ਜੰਗ ਵਿਚ ਸ਼ਹੀਦੀ ਪਾ ਗਏ ਤੇ ਕੁਝ ਸਰਸਾ ਨਦੀ ਵਿੱਚ ਕਈ ਮੀਲ ਦੂਰ ਪਾਣੀ ਦੇ ਵੇਗ ਵਿੱਚ ਰੁੜ੍ਹ ਗਏ।
ਗੁਰੂ ਜੀ ਨੇ ੭ ਪੋਹ ਦੀ ਰਾਤ ਨੂੰ ਰੋਪੜ ਤੋਂ ਚਮਕੌਰ ਸਾਹਿਬ ਜਾਣ ਦਾ ਫੈਸਲਾ ਲਿਆ। ਗੁਰੂ ਜੀ ਰਾਤ ਨੂੰ ਆਪਣੇ ਨਾਲ ਦੇ ਚਾਲ੍ਹੀ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਆ ਬਿਰਾਜੇ। ਅਗਲੇ ਦਿਨ ਸਵੇਰੇ ੮ ਪੋਹ, ਸੰਮਤ ੧੭੬੧ ਬਿਕ੍ਰਮੀ ਨੂੰ ਸੰਸਾਰ ਦੇ
ਅਨੋਖੇ ਤੇ ਚਮਤਕਾਰੀ ਯੁੱਧ ਦੀ ਸ਼ੁਰੂਆਤ ਹੋਈ। ਇੱਕ ਪਾਸੇ ਕੇਵਲ ਭੁੱਖੇ ਤੇ ਥੱਕੇ ੪੦ ਸਿੰਘ, ਦੂਜੇ ਪਾਸੇ ਵੈਰੀ ਦਲ ਦੀ ਭਾਰੀ ਫੌਜ। ਇਸ ਬਾਰੇ ਜ਼ਫ਼ਰਨਾਮੇ ਵਿੱਚ ਜਿਕਰ ਹੈ ਕਿ-
*ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥** ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ॥੧੯॥*
ਇਸ ਗੜ੍ਹੀ ਦੇ ਸਿੰਘਾਂ ਅਤੇ ਮੁਗ਼ਲ ਫੌਜਾਂ ਵਿਚਾਲੇ ਬਹੁਤ ਘਮਸਾਣ ਦੀ ਜੰਗ ਹੋਈ। ਮੁਗ਼ਲ ਫੌਜ ਨੇ ਤਿੰਨਾਂ ਪਾਸਿਆਂ ਤੋਂ ਘੇਰਾ ਪਾ ਹਮਲਾ ਕਰ ਦਿੱਤਾ ਜਿਸ ਵਿੱਚ ਨਾਹਰ ਖ਼ਾਂ ਤੇ ਖਵਾਜਾ ਮੁਹੰਮਦ ਆਪਣੀ ਫੌਜ ਦੀ ਅਗਵਾਈ ਕਰ ਰਹੇ ਸਨ। ਗੁਰੂ ਜੀ ਨੇ ਵੀ ਤਿੰਨਾਂ ਪਾਸਿਆਂ ਵੱਲ ਆਪਣੇ ਤੀਰਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਨਾਹਰ ਖਾਂ ਤੇ ਗ਼ੈਰਤ ਖ਼ਾਨ ਗੁਰੂ ਜੀ ਦੇ ਤੀਰਾਂ ਨਾਲ ਮਾਰੇ ਗਏ।
ਧਰਤੀ ਤੇ ਏਨਾ ਖੂਨ ਡੁੱਲ੍ਹਿਆ ਕਿ ਗਰਦ ਵੀ ਉਡਣੋਂ ਬੰਦ ਹੋ ਗਈ। ਵੈਰੀ ਦਲ ਨਾਲ ਜੂਝਦੇ ਹੋਏ, ਸ਼ਸਤਰ ਵਿੱਦਿਆ ਦੇ ਮਾਹਿਰ, ਦੁਸ਼ਮਣਾਂ ਨੂੰ ਚੰਗਾ ਸਬਕ ਸਿਖਾਉਂਦੇ ਹੋਏ, ਸਿੰਘ ਸ਼ਹਾਦਤ ਦਾ ਜਾਮ ਪੀ ਗਏ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬੇਨਤੀ ਮੰਨ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਆਖਰੀ ਦਮ ਤਕ ਦੁਸ਼ਮਣਾਂ ਦੇ ਆਹੂ ਲਾਹ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਵੇਖ ਜੈਕਾਰਾ ਬੋਲਿਆ-
*ਪੀਯੋ ਪਿਯਾਲਾ ਪ੍ਰੇਮ ਕਾ ਭਯੋ ਸੁਮਨ ਅਵਤਾਰ।** ਆਜ ਖ਼ਾਸ ਭਏ ਖਾਲਸਾ, ਸਤਿਗੁਰੁ ਕੇ ਦਰਬਾਰ।*
ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿੱਚ ਆਉਣ ਨਾਲ ਯੁੱਧ ਇੱਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿੱਚ ਲੈ ਲਿਆ।
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿੱਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿੱਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਵਿੱਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇੱਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ-
*ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ। ਸ਼ੁਕਰੇ ਅੱਲਾਹ ਕੀਆ ਝਟ ਉਠਾ ਕੇ ਸਰ।*
*ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ ਬੇਟੋਂ ਕੀ ਜਾਂ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।*
ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉੱਧਰ ਬਚੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ, ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ, ਹੋਰ ਫੌਜਾਂ ਦੀ ਤਿਆਰੀ ਕਰ ਸਕਣ ਪ੍ਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ ਤਾਂ ਗੜ੍ਹੀ ਵਿੱਚ ਬਚੇ ਸਿੰਘਾਂ ਨੇ ਗੁਰਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਦਾ *“ਹੁਕਮ”* ਸੁਣਾਇਆ। ਗੁਰੂ ਜੀ ਨੇ *“ਖਾਲਸੇ”* ਦੇ ਹੁਕਮ ਅੱਗੇ ਸਿਰ ਨਿਵਾਂਦੇ ਬੇਨਤੀ ਕੀਤੀ ਕਿ ਉਹ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ।
ਇਹ ਬੇਨਤੀ ਪ੍ਰਵਾਨ ਕਰ ਲਈ ਗਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। *ਹਮਸ਼ਕਲ ਭਾਈ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ਉੱਤੇ ਬੈਠਣ ਦੀ ਸਲਾਹ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਨ੍ਹਾਂ ਸਮੇਤ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿੱਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਭਾਈ ਸੰਗਤ ਸਿੰਘ ਜੀ ਨੂੰ ਦੇਂਦੇ ਕਿਹਾ ਕਿ ਜਿਊਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।*
ਅਵਤਾਰ ਸਿੰਘ ਮਿਸ਼ਨਰੀ
ਅਵਤਾਰ ਸਿੰਘ ਮਿਸ਼ਨਰੀ
*ਸ਼ਹੀਦ ਭਾਈ ਸੰਗਤ ਸਿੰਘ ਯੋਧੇ ਦੀ ਵਿਲੱਖਣ ਬੀਰ ਗਾਥਾ *(Part 2)
Page Visitors: 2711