-: ਭਗਉਤੀ ਸ਼ਬਦ ਬਾਰੇ ਵਿਚਾਰ ਵਟਾਂਦਰਾ ਭਾਗ 2 :-
ਮੇਰੇ ਲੇਖ ‘ਭਗਉਤੀ ਸ਼ਬਦ ਬਾਰੇ ਵਿਚਾਰ ਵਟਾਂਦਰਾ’ ਸੰਬੰਧੀ ਇੱਕ ਸੱਜਣ ਜੀ ਨੂੰ ਕੁਝ ਗੱਲਾਂ ਤੇ ਇਤਰਾਜ ਹੈ।ਇਤਰਾਜ ਉਹਨਾਂ ਨੇ ਮੈਨੂੰ ਨਿਜੀ ਤੌਰ ਤੇ ਭੇਜੇ ਹਨ, ਇਸ ਲਈ ਉਹਨਾਂ ਦਾ ਨਾਮ ਇੱਥੇ ਲਿਖਣਾ ਉਚਿਤ ਨਹੀਂ ਹੈ।ਪਰ ਲੇਖ ਸੰਬੰਧੀ ਇਤਰਾਜਾਂ ਬਾਰੇ ਆਪਣਾ ਪੱਖ ਰੱਖਣਾ ਵੀ ਜਰੂਰੀ ਹੈ।ਪੇਸ਼ ਹਨ ਵੀਰ ਜੀ ਦੇ ਤਰਕ ਅਤੇ ਉਹਨਾਂ ਬਾਰੇ ਮੇਰਾ ਸਪੱਸ਼ਟੀਕਰਨ-
ਤਰਕ:- “ਵਿਰਦੀ ਜੀ! ਭਗੌਤੀ ਸ਼ਬਦ ਅਕਾਲ ਪੁਰਖੀ ਸ਼ਕਤੀ ਲਈ ਵਰਤਿਆ ਗਿਆ ਹੈ ਜਿਸ ਬਾਰੇ ਦਸ਼ਮੇਸ਼ ਜੀ ਵੱਲੋਂ ਬਖਸ਼ੀ ਕਿਰਪਾਨ ਵੀ ਪ੍ਰਤੀਕ ਵਜੋਂ ਲਈ ਜਾਂਦੀ ਹੈ।ਰਹੀ ਗੱਲ ਅਕਾਲ ਪੁਰਖ ਦੇ ਨਾਮ ਵਰਤਣ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ-
“ਅਨੇਕ ਅਸੰਖ ਨਾਮ ਹਰਿ ਤੇਰੇ ਜਾਹੀ ਜਿਹਵਾ ਇਤੁ ਗਨਣੇ॥” (ਪੰਨਾ 1135)
ਇਸ ਵਾਕ ਅਨੁਸਾਰ ਅਕਾਲ ਪੁਰਖ ਦੇ ਨਾਮਾਂ ਦੀ ਗਿਣਤੀ ਦੀ ਕੋਈ ਬੰਦਸ਼ ਨਹੀਂ।”
ਜਵਾਬ:- ਵੀਰ ਜੀ! ਤੁਹਾਡੀ ਗੱਲ ਠੀਕ ਮੰਨ ਵੀ ਲਈਏ ਕਿ ‘ਭਗਉਤੀ’ ਸ਼ਬਦ ‘ਅਕਾਲ ਪੁਰਖੀ ਸ਼ਕਤੀ’ ਲਈ ਵਰਤਿਆ ਗਿਆ ਹੈ, ਫੇਰ ਵੀ ਇਹ ਗੱਲ ਗੁਰਮਤਿ ਅਨੁਕੂਲ ਨਹੀਂ ਕਿ ‘ਅਕਾਲ ਪੁਰਖ’ ਨੂੰ ਧਿਆਉਣ ਦੀ ਬਜਾਏ ਉਸ ਦੀ “ਸ਼ਕਤੀ” ਨੂੰ ਧਿਆਇਆ ਜਾਵੇ।ਧਿਆਨ ਦੇਣ ਦੀ ਜਰੂਰਤ ਹੈ ਕਿ “ਅਕਾਲ ਪੁਰਖ ਦੀ ਸ਼ਕਤੀ” ‘ਅਕਾਲ ਪੁਰਖ’ ਨਹੀਂ ਹੋ ਸਕਦੀ।ਅਕਾਲ ਪੁਰਖ ਦਾ ਕੇਵਲ “ਸ਼ਕਤੀ” ਵਾਲਾ ਪੱਖ ਹੀ ਸਵਿਕਾਰ ਕਰਨਾ ਗੁਰਮਤਿ ਅਨੁਕੂਲ ਨਹੀਂ ਹੈ।
2- ਠੀਕ ਹੈ ਕਿ ਅਕਾਲ ਪੁਰਖ ਲਈ ਵਰਤੇ ਜਾਣ ਵਾਲੇ ਨਾਮ ਗਿਣਤੀ ਦੀ ਬੰਦਸ਼ ਵਿੱਚ ਨਹੀਂ।ਪਰ ਦੂਜੇ ਪਾਸੇ, ਗੁਰਬਾਣੀ ਵਿੱਚ “ਭਗਉਤੀ” ਸ਼ਬਦ ਵਰਤਿਆ ਜਰੂਰ ਮਿਲਦਾ ਹੈ ਪਰ ਕੁਝ ਸੋਚ ਕੇ ਹੀ ਗੁਰੂ ਸਾਹਿਬਾਂ ਨੇ ‘ਭਗਉਤੀ (ਇਸਤ੍ਰੀਲਿੰਗ)’ ਨਾਮ ਅਕਾਲ ਪੁਰਖ ਲਈ ਨਹੀਂ ਵਰਤਿਆ।ਤਾਂ ਸਾਨੂੰ ਵੀ ਆਪਣੀ ਮਰਜ਼ੀ ਨਾਲ ਅਕਾਲ ਪੁਰਖ ਦੇ ਨਾਮ ਆਪ ਮਿਥਣ ਦਾ ਕੋਈ ਹੱਕ ਨਹੀਂ ਹੈ।
ਤਰਕ:- “ਵਿਰਦੀ ਜੀ! ‘ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਏ’ ਸਿੱਖਾਂ ਵੱਲੋਂ ਬੋਲੇ ਜਾਂਦੇ ਭਾਵ ਹਨ ਇਹ ਵਾਰ ਦਾ ਹਿੱਸਾ ਨਹੀਂ ਹਨ।ਰਹੀ ਗੱਲ “ਰਾਮਦਾਸੈ ਹੋਈ ਸਹਾਇ” ਬਾਰੇ ਤਾਂ ‘ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ॥ (ਪੰਨਾ 1428) – ਹੋਇ ਸਹਾਈ ਜਿਸ ਤੂੰ (500) ਨੂੰ ਵਿਚਾਰੋ।ਆਪ ਜੀ ਦਾ ਤਰਕ ਉਚਿਤ ਨਹੀਂ।”
ਜਵਾਬ- ਵੀਰ ਜੀ! “ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਏ” ਸਿੱਖਾਂ ਵੱਲੋਂ ਬੋਲੇ ਜਾਂਦੇ ਭਾਵ ਹਨ, ਤਾਂ ਗੱਲ ਸਾਫ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਨਹੀਂ।ਇਸ ਤੋਂ ਇਹ ਵੀ ਸਾਫ ਹੈ ਕਿ ਪ੍ਰਿਥਮ ‘ਭਗਉਤੀ..’ ਸ਼ਬਦ ਵੀ ਗੁਰੂ ਸਾਹਿਬ ਦੇ ਬੋਲ ਨਹੀਂ ਹਨ।ਤੁਸੀਂ ਜਿਹੜੀਆਂ ਗੁਰਬਾਣੀ ਉਦਾਹਰਣਾਂ ਦਿੱਤੀਆਂ ਹਨ, ਉਹਨਾਂ ਵਿੱਚ “ਹੋਈ ਸਹਾਏ (ਇਸਤ੍ਰੀ ਲਿੰਗ)” ਅਤੇ “ਸਹਾਈ ਹੋਇ ਜਾਂ ਹੋਇ ਸਹਾਈ” (ਹੋਈ ਅਤੇ ਹੋਇ) ਦਾ ਫਰਕ ਦੇਖੋ ਜੀ।ਅਤੇ ਇਹਨਾਂ ਪੰਗਤੀਆਂ ਵਿੱਚ ਹਰਿ-ਪ੍ਰਭੂ ਲਈ ਕਿਹਾ ਹੈ, ਉਸ ਦੀ ਸ਼ਕਤੀ ਲਈ ਨਹੀਂ।
ਤਰਕ:- ਵਿਰਦੀ ਜੀ! ਪ੍ਰਿਥਮ ਭਗੌਤੀ ਬਾਰੇ ਇਤਰਾਜ 1900 ਦੇ ਪਹਿਲੇ ਦਹਾਕੇ ਵਿੱਚ ਭਸੌੜ ਸਭਾ ਵੱਲੋਂ ਕੀਤਾ ਗਿਆ ਸੀ, ਜਿਸਦਾ ਵਿਰੋਧ ਸਿੰਘ ਸਭਾ ਲਹਿਰ ਦੇ ਉੱਘੇ ਵਿਦਵਾਨਾਂ ਨੇ ਕੀਤਾ ਸੀ ਜੋ ਕਿ ਇਸ ਪਉੜੀ ਦਾ ਸਰੋਤ ਜਾਣਦੇ ਸੀ।ਇਹ ਮਾਮਲਾ ਕਈ ਸਾਲ ਚੱਲਿਆ ਅਤੇ ਮੁਖੀ ਭਸੌੜ ਪੰਥ ਵਿੱਚੋਂ ਛੇਕੇ ਗਏ।ਵਿਦਵਾਨਾਂ ਵੱਲੋਂ ਰਹਿਤ ਮਰਿਆਦਾ ਵਿੱਚ ਪ੍ਰਿਥਮ ਭਗੌਤੀ ਸ਼ਬਦ ਨਹੀਂ ਬਦਲੇ ਗਏ।ਹੁਣ ਆਪ ਜੀ ਭਾਈ ਕਾਹਨ ਸਿੰਘ ਨਾਭਾ, ਗੁਰਮੁਖ ਸਿੰਘ, ਪ੍ਰਿੰ: ਤੇਜਾ ਸਿੰਘ, ਪ੍ਰੋ: ਸਾਹਿਬ ਸਿੰਘ ਜੀ ਆਦਿ ਨੂੰ ਕੀ ਕਹੋਗੇ ਕਿ ਉਹ ਜਾਣਦੇ ਹੋਏ ਵੀ ਗ਼ਲਤੀ ਕਰਨ ਕਾਰਣ ਦੁਰਗਾ ਦੇਵੀ ਦੇ ਪੁਜਾਰੀ ਸਨ, ਹਿੰਦੂ ਸਨ?”
ਜਵਾਬ- ਵੀਰ ਜੀ! ਅਰਦਾਸ ਵਿੱਚੋਂ ਭਗਉਤੀ ਸ਼ਬਦ ਹਟਾਉਣ ਜਾਂ ਨਾ ਹਟਾਉਣ ਬਾਰੇ ਵਿਦਵਾਨਾਂ ਵਿੱਚ ਕੀ ਕੀ ਵਿਚਾਰ ਵਟਾਂਦਰਾ ਹੋਇਆ ਇਸ ਬਾਰੇ ਤਾਂ ਮੈਨੂੰ ਪਤਾ ਨਹੀਂ।ਅਤੇ ਕਿਹੜੇ ਕਾਰਨਾ ਕਾਰਕੇ ਵਿਦਵਾਨਾਂ ਦੁਆਰਾ ‘ਭਗਉਤੀ ਸ਼ਬਦ ਨਹੀਂ ਬਦਲਿਆ ਜਾਂ ਹਟਾਇਆ ਗਿਆ।ਪਰ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ- “ਭਗਉਤੀ: ਭਗਵਤੀ, ਦੁਰਗਾ, ਦੇਵੀ, “ਵਾਰ ਸ੍ਰੀ ਭਗਉਤੀ ਜੀ ਕੀ” ਚੰਡੀ 3”, ਗੁਰਮੁਖ ਸਿੰਘ, ਤੇਜਾ ਸਿੰਘ, ਪ੍ਰੋ: ਸਾਹਿਬ ਸਿੰਘ ਜੀ ਆਦਿ ਹਿੰਦੂ ਨਹੀਂ ਸਨ ਪਰ ਪੰਥਕ ਫੈਸਲੇ ਨੂੰ ਮੁਖ ਰੱਖਕੇ ਹੀ ਉਹ ਇਸ ਫੈਸਲੇ ਦੇ ਖਿਲਾਫ ਨਹੀਂ ਗਏ।ਇਸੇ ਨੁਕਤੇ ਦੇ ਸੰਬੰਧ ਵਿੱਚ ‘ਦਾ ਖਾਲਸਾ . ਔਰਗ’ ਸਾਇਟ ਤੇ ਮੇਰਾ ਲਿਖਿਆ- ‘ਅਰਦਾਸ ਵਿੱਚ ਅਦਲਾ ਬਦਲੀ ਦਾ ਮਾਮਲਾ’ ਲੇਖ ਪੜ੍ਹੋ ਜੀ।ਜਿੱਥੋਂ ਤੱਕ ਅਰਦਾਸ ਵਿੱਚੋਂ ਭਗਉਤੀ ਸ਼ਬਦ ਹਟਾਉਣ ਦੀ ਗੱਲ ਹੈ, ਮੈਂ ਖੁਦ ਨਿਜੀ ਤੌਰ ਤੇ ‘ਭਗਉਤੀ’ ਸ਼ਬਦ ਦੁਰਗਾ ਦੇਵੀ ਦਾ ਪ੍ਰਤੀਕ ਮੰਨਦਾ ਹਾਂ।ਅਤੇ “ਭਗਉਤੀ” ਸ਼ਬਦ ਬਾਰੇ ਆਪਣੇ ਵਿਚਾਰ ਫੇਸ ਬੁੱਕ ਤੇ ਜਾਹਰ ਕਰ ਦਿੱਤੇ ਹਨ।ਮੈਂ ਖੁਦ-
- ‘ਅਰਦਾਸ ਵਿੱਚ ‘ਭਗਉਤੀ’ ਸ਼ਬਦ ਵਰਤੇ ਜਾਣ ਦੇ ਖਿਲਾਫ ਹਾਂ ਪਰ,
- ਪੰਥ- ਕਿਸੇ ਪਰੌਪਰ ਤਰੀਕੇ ਨਾਲ ਪੰਥ-ਹਿਤੂ ਵਿਦਵਾਨਾਂ ਦੇ ਵਿਚਾਰ ਵਟਾਂਦਰੇ ਦੁਆਰਾ ਲਏ ਗਏ ਫੈਸਲੇ ਅਤੇ ‘ਅਕਾਲ ਤਖਤ’ ਜਾਂ ਮੌਜੂਦਾ ਹਾਲਾਤਾਂ ਅਤੇ ਸਥਿਤੀਆਂ ਨੂੰ ਮੁਖ ਰੱਖਦੇ ਹੋਏ, ‘ਕਿਸੇ ਆਰਜ਼ੀ ਕੇਂਦਰ’ ਤੋਂ ਐਲਾਨੇ ਬਿਨਾਂ ਇਸ ਵਿੱਚ ਤਬਦੀਲੀ ਕਰਨ ਦੇ ਵੀ ਖਿਲਾਫ ਹਾਂ।
ਤਰਕ ਅਤੇ ਜਵਾਬ:- ਇਹ ਤਰਕ ਮੇਰੇ ਲੇਖ ਨਾਲ ਸੰਬੰਧਤ ਨਹੀਂ, ਇਸ ਲਈ ਇਸ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ।ਕਿਸੇ ਕਾਰਨ ਤਰਕ ਵੀ ਇਥੇ ਦਰਜ ਨਹੀਂ ਕੀਤਾ ਜਾ ਰਿਹਾ।
ਤਰਕ:- ਵਿਰਦੀ ਜੀ! ਸਿੱਖਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਜਿਸ ਅੰਦਰ ਸ਼ਬਦ ਹੈ।ਆਪ ਜੀ ਕੇਵਲ ਸ਼ਬਦ ਨੂੰ ਗੁਰੂ ਕਹਿ ਕੇ ਅਨਜਾਣੇ ਉਹਨਾਂ ਸੱਜਣਾਂ ਦੀ ਪੁਸ਼ਤਨਾਹੀ ਕਰ ਰਹੇ ਹੋ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੇ ਬਜਾਏ ਪੁਸਤਕ ਪ੍ਰਚਾਰ ਰਹੇ ਹਨ।ਦਸਮੇਸ਼ ਜੀ ਦਾ ਹੁਕਮ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੈ।ਕੁਝ ਸੱਜਣ ਸ਼ਬਦ ਜਾਂ ਸੱਚ ਦੇ ਗਿਆਨ ਨੂੰ ਗੁਰੂ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਕਹਿਣ ਦੀ ਜੁਗਤ ਘੜ ਰਹੇ ਹਨ।ਆਪ ਜੀ ਇਸ ਚਾਲ ਨੂੰ ਸਮਝਣ ਦਾ ਜਤਨ ਕਰੋ।”
ਜਵਾਬ- ਵੀਰ ਜੀ! ਮੈਨੂੰ ਪੂਰਾ ਅਹਿਸਾਸ ਹੈ ਕਿ ਕੁਝ ਲੋਕ ਸਿੱਖਾਂ ਦਾ ਗੁਰੂ “ਸ਼ਬਦ ਗੁਰੂ” ਪ੍ਰਚਾਰ ਕੇ “ਗੁਰੂ ਗ੍ਰੰਥ ਸਾਹਿਬ” ਨਾਲੋਂ ਤੋੜਨ ਦੇ ਇਰਾਦੇ ਰੱਖਦੇ ਹਨ ਅਤੇ ਇਸ ਕੰਮ ਲਈ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ।ਇਸੇ ਗੱਲ ਨੂੰ ਮੁੱਖ ਰੱਖਕੇ ਹੀ ਮੈਂ “ਸ਼ਬਦ ਗੁਰੂ” ਅਤੇ “ਗੁਰੂ ਗ੍ਰੰਥ ਸਾਹਿਬ” ਦਾ ਫਰਕ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀ।ਹੋ ਸਕਦਾ ਹੈ ਮੇਰੇ ਵਿਚਾਰ ਬਿਆਨ ਕਰਨ ਵਿੱਚ ਕੋਈ ਗ਼ਲਤੀ ਰਹਿ ਗਈ ਹੋਵੇ।ਜਾਂ ਹੋ ਸਕਦਾ ਹੈ ਤੁਸੀਂ ਸਮਝਣ ਵਿੱਚ ਕੋਈ ਗ਼ਲਤੀ ਕਰ ਰਹੇ ਹੋਵੋ।ਇਸ ਲਈ ਬੇਨਤੀ ਹੈ ਕਿ ਮੇਰੇ ਵਿਚਾਰ ਦੁਬਾਰਾ ਪੜ੍ਹੋ ਜੀ।‘ਸ਼ਬਦ ਗੁਰੂ’ ਅਤੇ “ਗੁਰੂ ਗ੍ਰੰਥ ਸਾਹਿਬ” ਬਾਰੇ ਮੇਰੇ ਵਿਚਾਰਾਂ ਵਿੱਚ ਜੋ ਗ਼ਲਤੀ ਲੱਗੇ ਜਰੂਰ ਦੱਸਣਾ, ਤਾਂ ਕਿ ਗ਼ਲਤੀ ਸੁਧਾਰ ਲਈ ਜਾਵੇ।
ਤਰਕ ਅਤੇ ਜਵਾਬ:- ਨੋਟ:- ਇਸ ਤੋਂ ਅੱਗੇ ਇੱਕ ਹੋਰ ਤਰਕ ਵੀਰ ਜੀ ਵੱਲੋਂ ਕੀਤਾ ਗਿਆ ਹੈ।ਉਸ ਤਰਕ ਦਾ ਲੇਖ ਨਾਲ ਕੋਈ ਸੰਬੰਧ ਨਹੀਂ ਅਤੇ ਕਿਸੇ ਕਾਰਣ ਉਹ ਤਰਕ ਵੀ ਇਥੇ ਦਰਜ ਨਹੀਂ ਕੀਤਾ ਜਾ ਰਿਹਾ।
-----
ਤਰਕ:- “ਜਿੱਥੋਂ ਤੱਕ ਰਹਿਤ ਮਰਿਆਦਾ ਵਿਚਲੀ ਅਰਦਾਸ ਜਾਂ ਨਿਤਨੇਮ ਦਾ ਸਵਾਲ ਹੈ, …. ਅੱਜ ਮਿਤੀ 28-12-15 ਨੂੰ ਪ੍ਰੋ: ਦਰਸ਼ਨ ਸਿੰਘ ਜੀ ਨੇ ਖਾਲਸਾ ਨਿਊਜ਼ ਤੇ ਇਕ ਇਸ਼ਤਿਹਾਰ-ਨੁਮਾਂ ਲੇਖ ਰਾਹੀਂ ਬਿਨਾਂ ਦਸ਼ਮੇਸ਼ ਜੀ ਦੀਆਂ ਬਾਣੀਆਂ ਦੇ ਅੰਮ੍ਰਿਤ ਛਕਾਉਣ ਲਈ ਸਿੱਖਾਂ ਨੂੰ ਫਾਰਮ ਭਰਨ ਦਾ ਸੱਦਾ ਦਿੱਤਾ ਹੈ।…..”
ਜਵਾਬ- ਵੀਰ ਜੀ! ਜਿਸ ਤਰੀਕੇ ਨਾਲ ਅਰਦਾਸ ਵਿੱਚੋਂ ‘ਭਗਉਤੀ’ ਸ਼ਬਦ ਹਟਾਇਆ ਗਿਆ ਹੈ ਜਾਂ ਹਟਾਇਆ ਜਾ ਰਿਹਾ ਹੈ ਮੈਂ ਉਸ ਤਰੀਕੇ ਦਾ ਪੁਰ-ਜ਼ੋਰ ਵਿਰੋਧ ਕਰਦਾ ਹਾਂ।ਅਤੇ ਮੌਜੂਦਾ ਪੰਜ ਬਾਣੀਆਂ ਨਾਲ ਪਾਹੁਲ/ ਅੰਮ੍ਰਿਤ ਨਾ ਛਕਾਉਣ ਦਾ ਜੋ ਫੈਸਲਾ ਲਿਆ ਗਿਆ ਹੈ, ਮੈਂ ਉਸ ਤਰੀਕੇ ਦਾ ਵੀ ਪੁਰ-ਜ਼ੋਰ ਵਿਰੋਧ ਕਰਦਾ ਹਾਂ।ਮੌਜੂਦਾ ਤਰੀਕੇ ਨਾਲ ਅੰਮ੍ਰਿਤ ਛਕਾਉਣ ਦਾ ਫੈਸਲਾ ਉਸ ਵਕਤ ਦੇ ਵਿਦਵਾਨਾਂ ਦੁਆਰਾ ਇੱਕ ਕੇਂਦ੍ਰ ਤੇ ਇਕੱਠੇ ਹੋ ਕੇ ਲਿਆ ਗਿਆ ਹੈ।ਇਹ ਫੈਸਲਾ ਠੀਕ ਹੈ ਜਾਂ ਗ਼ਲਤ ਇਹ ਵੱਖਰੀ ਗੱਲ ਹੈ।ਪਰ ਮੌਜੂਦਾ ਮਰਿਆਦਾ ਵਿੱਚ ਤਬਦੀਲੀ ਕਰਕੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨਾਲ ਅੰਮ੍ਰਿਤ ਛਕਾਉਣਾ ਇਹ ਫੈਸਲਾ ਕੋਈ ਨਿਜੀ ਤੌਰ ਤੇ ਕਰੇ ਮੈਂ ਇਸ ਦਾ ਵੀ ਪੁਰ-ਜ਼ੋਰ ਵਿਰੋਧ ਕਰਦਾ ਹਾਂ।(ਮੈਂ ਨਿਜੀ ਤੌਰ ਤੇ ਇਸ ਹੱਕ ਵਿੱਚ ਹਾਂ ਕਿ ਪ੍ਰੋ: ਦਰਸ਼ਨ ਸਿੰਘ ਜੀ ਵਰਗੇ ਕਿਸੇ ਇਮਾਨਦਾਰ ਸੁਲਝੇ ਹੋਏ ਪੰਥ ਦਰਦੀ ਵਿਦਵਾਨ ਦੇ ਹੱਥ ਪੰਥ ਦੀ ਵਾਗਡੋਰ ਹੋਣੀ ਚਾਹੀਦੀ ਹੈ)।
ਗੱਲ ਕਿਹੜੀਆਂ ਬਾਣੀਆਂ ਪੜ੍ਹਨ ਜਾਂ ਕਿਹੜੀਆਂ ਨਾ ਪੜ੍ਹਨ ਦੀ ਨਹੀਂ।ਮੁਖ ਗੱਲ ਮਰਿਆਦਾ ਬਦਲਣ ਦੇ *ਤਰੀਕੇ* ਦੀ ਹੈ।ਹੁਣ ਜੋ ਤਰੀਕਾ ਅਪਨਾਇਆ ਜਾ ਰਿਹਾ ਹੈ ਇਹ ਪੰਥ ਵਿੱਚ ਸਿਰਫ ਵੰਡੀਆਂ ਪਾਉਣ ਵਾਲਾ ਸਾਬਤ ਹੋਵੇਗਾ।ਮੈਨੂੰ ਪ੍ਰੋ: ਦਰਸ਼ਨ ਸਿੰਘ ਜੀ ਦੁਆਰਾ ਲਏ ਗਏ ਇਸ ਫੈਸਲੇ ਤੇ ਹੈਰਾਨੀ ਹੈ।
ਜਸਬੀਰ ਸਿੰਘ ਵਿਰਦੀ
29-12-15
ਜਸਬੀਰ ਸਿੰਘ ਵਿਰਦੀ
-: ਭਗਉਤੀ ਸ਼ਬਦ ਬਾਰੇ ਵਿਚਾਰ ਵਟਾਂਦਰਾ ਭਾਗ 2 :-
Page Visitors: 2807