ਸਾਨੂੰ ਅਖੌਤੀ ਵਿਦਵਾਨਾਂ ਅਤੇ ਵਿਰੋਧੀਆਂ ਦੀ "ਖੱਟ ਖੱਟ" ਵਿੱਚ ਅਗੇ ਵਧਣ ਦੀ ਆਦਤ ਪਾਣੀ ਪਵੇਗੀ।
ਮੈਂ ਅੱਜ ਕੌਮ ਦੇ ਇਕ ਇਤਿਹਾਸਕਾਰ ਅਤੇ ਵਿਦਵਾਨ ਮਿਤੱਰ ਦਾ ਸਟੇਟਮੇਂਟ ਪੜ੍ਹਿਆ । ਇਸ ਸਟੇਟਮੇਂਟ ਨੂੰ ਪੜ੍ਹ ਕੇ ਬਹੁਤ ਅਫਸੋਸ ਹੋਇਆ ਅਤੇ ਦਿਲ ਵਿੱਚ ਕੁਝ ਦਿਨ ਪਹਿਲਾਂ ਲਿੱਖੇ ਅਪਣੇ ਲੇਖ ਦਾ ਸਿਰਲੇਖ ਯਾਦ ਆ ਗਇਆ "ਅਫਸੋਸ ! ਕਿ ਅਸੀ ਗੁਰੂ ਦੇ ਬਾਜ ਨਹੀ ਬਣ ਸਕੇ" ।
ਇਸ ਤੋਂ ਅੱਗੇ ਅਪਣਾਂ ਦਿਮਾਗ ਬੰਦ ਹੋ ਜਾਂਦਾ ਹੈ ਵੀਰੋ ! ਕੀ ਕਹਾਂ ? ਕੀ ਇਹੋ ਜਹੇ ਲੋਕਾਂ ਨੂੰ ਵਿਦਵਾਨ ਕਹਿਆ ਜਾਂਦਾ ਹੈ , ਜਿਨਾਂ ਨੂੰ ਇਹ ਵੀ ਇਹਸਾਸ ਨਹੀ ਕਿ ਅਸੀ ਜੋ ਕੁਝ ਲਿਖਦੇ ਹਾਂ , ਜੋ ਕੁਝ ਬੋਲਦੇ ਅਤੇ ਉਸ ਨੂੰ ਜਨਤਕ ਕਰਦੇ ਹਾਂ , ਉਸ ਦਾ ਕਿਨਾਂ ਕੂ ਫਾਇਦਾ ਸਾਡੇ ਵਿਰੋਧੀ ਖੱਟਦੇ ਹਨ ਅਤੇ ਉਸ ਦਾ ਕਿਨਾਂ ਵੱਡਾ ਖਮਿਆਜਾ ਕੌਮ ਨੂੰ ਭੁਗਤਣਾਂ ਪੈਂਦਾ ਹੈ ? ਜਿਸ ਵਿਅਕਤੀ ਨੂੰ ਨੀਤੀ ਨਹੀ ਆਉਦੀ, ਜਿਸਨੂੰ ਇਹ ਨਹੀ ਪਤਾ ਕਿ ਕੇੜ੍ਹੀ ਗਲ ਕਿਸ ਥਾਂ ਤੇ ਕਰਨੀ ਹੈ ? ਉਹ ਏਕੇ ਜਾਂ ਏਕਤਾ ਦੀ ਗਲ ਕੀ ਕਰ ਸਕਦਾ ਹੈ ? ਗੁਰੂ ਹੀ ਕੌਮ ਨੂੰ ਹੁਣ ਸੋਝੀ ਅਤੇ ਸੇਧ ਬਖਸ਼ਿਸ਼ ਕਰਨ।
ਵੀਰੋ , ਮੈਂ ਅਪਣੀ 60 ਵਰ੍ਹਿਆ ਦੀ ਉਮਰ ਵਿੱਚ ਜਦੋਂ ਦੀ ਹੋਸ਼ ਸੰਭਾਲੀ, ਕੌਮ ਦੀ ਇਹੋ ਜਹੀ ਹਾਲਤ ਨਹੀ ਵੇਖੀ। ਨਿਰੰਕਾਰੀ ਕਾਂਡ ਵੇਖਿਆ,ਅੰਮ੍ਰਿਤਸਰ ਅਤੇ ਕਾਨਪੁਰ ਵਾਲਾ । 1984 ਨੂੰ ਹੱਡ ਹੰਡਾਇਆ । ਅਪਣੀ ਰੂਹ ਦਾ ਹਿੱਸਾ , ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਹੂੰਦਿਆਂ ਵੇਖਿਆ , ਅਣਗਿਣਤ ਸਿੱਖ ਨੌਜੂਆਂਨਾਂ ਦੀਆਂ ਵਿਕ੍ਰਤ ਲਾਸ਼ਾਂ ਅਪਣੀ ਅੱਖੀ ਵੇਖੀਆਂ , ਲੇਕਿਨ ਕੌਮ ਦੀ ਢਹਿੰਦੀ ਕਲਾ ਉਸ ਵੇਲੇ ਵੀ ਇਹੋ ਜਹੀ ਨਹੀ ਸੀ , ਜੋ ਇਸ ਵੇਲੇ ਹੈ । ਉਸ ਦਾ ਇਕੋ ਇਕ ਕਾਰਣ ਇਹ ਹੈ ਕਿ ਪਹਿਲਾਂ ਸਿੱਖੀ ਤੇ ਜਿੱਨੇ ਹਮਲੇ ਅੱਜ ਤਕ ਹੋਏ ਉਹ ਬਾਹਰੋ ਹੋਏ ਹਨ, ਲੇਕਿਨ ਹੁਣ ਤਾਂ ਅਪਣੇ ਘਰ ਨੂੰ ਆਪਣਿਆਂ ਨੇ ਹੀ ਅੱਗ ਲਾਅ ਦਿਤੀ ਹੈ ਅਤੇ ਅਪਣਾਂ ਘਰ ਆਪ ਹੀ ਫੂੰਕ ਕੇ ਆਪ ਹੀ ਤਮਾਸ਼ਾਬੀਨ ਬਣੇ ਹੋਏ ਹਨ । ਜਾਗਰੂਕ ਅਤੇ ਵਿਦਵਾਨ ਅਖਵਾਉਣ ਵਾਲੇ , ਇਕ ਦੂਜੇ ਨਾਲ ਲੜ ਰਹੇ ਨੇ, ਇਕ ਦੂਜੇ ਦੇ ਮੂਹ ਤੇ ਕਾਲਿਖ ਮੱਲ ਕੇ ਅਪਣੇ ਮੂਹ ਨੂੰ ਬਹੁਤਾ ਸਾਫ ਸੁਥਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਸੱਚ ਤਾਂ ਇਹ ਹੈ ਕਿ ਐਸੇ ਬਹੁਤਿਆਂ ਦਾ ਹੀ ਮੂਹ ਕਾਲਾ ਹੈ , ਅਤੇ ਇਹ ਇਕ ਹਮਾਮ ਵਿੱਚ ਸਾਰੇ ਹੀ ਨੰਗੇ ਹਨ ਜਿਨਾਂ ਨੂੰ ਇਹ ਵੀ ਇਹਸਾਸ ਨਹੀ ਹੈ ਕਿ ਅੱਜ ਕੌਮ ਦੀ ਹਾਲਤ ਕੀ ਹੈ ? ਅਸੀ ਕਿਸ ਨਾਲ ਲੜ ਰਹੇ ਹਾਂ , ਅਤੇ ਸਾਨੂੰ ਲੜਨਾਂ ਕਿਸ ਨਾਲ ਚਾਹੀਦਾ ਹੈ ? ਸਾਨੂੰ ਤਾਂ ਇਨੀ ਵੀ ਹੋਸ਼ ਨਹੀ ਹੈ।
ਕੋਈ ਗੱਲ ਨਹੀ ਵੀਰ ਜੀ, ਪਾਪ ਦੀ ਜੰਜ ਲੈ ਕੇ ਅਹਿਮਦ ਸਾਹ ਅਬਦਾਲੀ ਅਪਣੇ ਪੁਤੱਰ ਸਹਿਤ ਇਕ ਵਾਰ ਫਿਰ ਦਿੱਲੀ ਨੂੰ ਲੁਟੱਣ ਲਈ ਉਥੇ ਅਪਣੇ ਲਾਵ ਲਸ਼ਕਰ ਨਾਲ ਡੇਰੇ ਪਾਈ ਬੈਠਾ ਹੈ । ਬਸ ਦਿੱਲੀ ਦੀ ਬਾਗਡੋਰ ਵੀ ਉਸ ਦੇ ਹੱਥ ਆਉਣ ਦਿਉ, ਬਚੀ ਖੁਚੀ ਖੇਡ ਵੀ ਮੁੱਕ ਜਾਂਣੀ ਹੈ। ਕੌਮ ਦੀ ਵਖਰੀ ਹੋਂਦ ਦੀ ਨਿਸ਼ਾਨੀ ਨਾਨਕ ਸ਼ਾਹੀ ਕੈਲੰਡਰ ਰੂਪੀ ਸੱਤ ਵਰ੍ਹੇ ਨੇ ਅਭੋਲ ਬੱਚੇ ਦੀਆਂ ਬੱਚੀਆਂ ਖੁਚੀਆਂ ਸਾਹਾਂ ਵੀ ਬੰਦ ਹੋ ਜਾਂਣੀਆਂ ਨੇ । ਆਰ .ਐਸ .ਐਸ. ਦੇ ਟੁੱਕੜ ਬੋਚ ਕੇਸਾਧਾਰੀ ਬ੍ਰਾਹਮਣਾਂ ਨੇ ਉਸ ਨੂੰ ਤੜਫਾ ਤੜਫਾ ਕੇ ਮਾਰ ਦੇਣਾਂ ਹੈ। ਉਸ ਵਚਾਰੇ ਨੇ ਤਾਂ ਅਪਣੇ ਜਨਮ ਵੇਲੇ ਤੋਂ ਹੀ ਸੁੱਖ ਦਾ ਇਕ ਸਾਹ ਨਹੀ ਲਇਆ ਅਤੇ ਅਪਣੇ ਘਰ ਵਾਲਿਆਂ ਕੋਲੋਂ ਹੀ ਨਿਖੇਧਿਆ ਜਾਂਦਾ ਰਿਹਾ ਹੈ । ਇਨਾਂ ਬਹੁਤ ਵੱਡੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੇ ਕੌਮ ਦੇ ਉਸ ਸਰਮਾਏ ਦੀ ਲਾਸ਼ ਵਿਚੋਂ ਵੀ ਸੰਗ੍ਰਾਂਦ ਅਤੇ ਮਸਿਆ ਦੇ ਅੰਸ਼ ਹੀ ਲਭਦੇ ਰਹਿ ਜਾਂਣਾਂ ਹੈ ,ਅਤੇ ਉਸ ਨੇ ਹਮੇਸ਼ਾਂ ਲਈ ਕੂਚ ਕਰ ਜਾਂਣਾਂ ਹੈ । ਸੱਤ ਵਰ੍ਹੇ , ਜਿਸ ਤਰ੍ਹਾਂ ਉਹ ਘਰ ਵਾਲਿਆਂ ਅਤੇ ਦੁਸ਼ਮਣਾਂ ਵਲੋਂ ਦੁਤਾਕਾਰਿਆ ਜਾਂ ਰਿਹਾ ਹੈ ,ਅਤੇ ਉਸ ਦੀ ਜੋ ਦੁਰਦਸ਼ਾ ਹੋ ਚੁਕੀ ਹੈ , ਉਸ ਦਾ ਤਾਂ ਹੁਣ ਮਰ ਜਾਂਣਾਂ ਹੀ ਚੰਗਾ ਹੈ। ਕਿਉ ਕਿ ਇਹ ਵਿਚਾਰਾ ਤਾਂ ਜਦ ਦਾ ਜੰਮਿਆ ਹੈ ਇਸ ਨੂੰ ਬਾਹਰਲਿਆ ਨੇ ਤਾਂ ਟਾਰਚਰ ਕੀਤਾ ਹੀ ਕੀਤਾ , ਘਰ ਦਿਆਂ ਕੋਲੋਂ ਵੀ ਫਿਟਕਾਰਾਂ ਹੀ ਸੁਨਣ ਨੂੰ ਮਿਲੀਆਂ । ਕੋਈ ਬਾਹਰਲਿਆਂ ਦੀ ਤੋਹਮਤ ਤਾਂ ਬਰਦਾਸ਼ਤ ਕਰ ਸਕਦਾ ਹੈ ਪਰ ਘਰ ਦੇ ਹੀ ਜਦੋ ਤਾਨ੍ਹੇ , ਉਲਾਹਮੇ ਅਤੇ ਛਿਬੀਆਂ ਦੇਣ ਤਾਂ ਬਰਦਾਸ਼ਤ ਕਰਨਾਂ ਬਹੁਤ ਔਖਾ ਹੋ ਜਾਂਦਾ ਹੈ।ਇਨਾਂ ਲੋਗਾਂ ਨੇ ਤਾਂ ਉਸ ਦੇ ਭੋਗ ਵਿੱਚ ਵੀ ਸ਼ਾਮਿਲ ਨਹੀ ਜੇ ਹੋਣਾਂ , ਕਿਉਕਿ ਉਸ ਵਿਚਾਰੇ ਦੇ ਮੱਥੇ ਤੇ ਜਮਾਂਧਰੂ ਹੀ ਸੰਗ੍ਰਾਂਦ ਅਤੇ ਮਸਿਆ ਦਾ ਇਕ ਹਲਕਾ ਜਿਹਾ ਦਾਗ ਸੀ।
ਸੰਪਾਦਕ ਵੀਰ ਜੀ, ਇੱਨਾਂ ਵਡੇ ਇਤਿਹਾਸਕਾਰਾਂ ਨੇ ਕਦੀ ਵੀ ਉਸ ਦੇ ਜਮਾਂਧਰੂ ਦਾਗ ਦਾ ਕੋਈ ਇਲਾਜ ਨਹੀ ਕਰਵਾਇਆ , ਉਲਟਾ ਉਸ ਤੇ ਤੌਹਮਤਾਂ ਹੀ ਲਾਂਉਦੇ ਰਹੇ। ਜਦੋਂ ਇਸ ਨੂੰ ਕੇਸਾਧਾਰੀ ਬ੍ਰਾਹਮਣਾਂ ਨੇ ਕੈਦ ਕੀਤਾ , ਇਸ ਤੇ ਤਸ਼ਦਦ ਕੀਤਾ ਅਤੇ ਉਸ ਦਾ ਚੇਹਰਾ ਅਤੇ ਪੂਰਾ ਸ਼ਰੀਰ ਵਿਗਾੜ ਕੇ ਅੱਧਮੋਇਆ ਕਰ ਦਿਤਾ ਤਾਂ ਵੀ ਇਨਾਂ ਨਿਰਮੋਹੇ ਵਿਦਵਾਨਾਂ ਨੂੰ ਉਸ ਤੇ ਤਰਸ ਨਹੀ ਆਇਆ । ਇਹ ਤਾਂ ਹੁਣ ਤਕ ਵੀ ਇਹੀ ਕਹੀ ਜਾ ਰਹੇ ਨੇ ਕਿ ਉਹ ਤਾਂ ਸਾਡਾ ਪੁੱਤਰ ਹੀ ਨਹੀ ਸੀ, ਕਿੳਕਿ ਉਸ ਦੇ ਮੱਥੇ ਤੇ ਸੰਗ੍ਰਾਂਦ ਅਤੇ ਮਸਿਆ ਦਾ ਇਕ ਹਲਕਾ ਜਿਹਾ ਦਾਗ ਸੀ, ਮਰਦਾ ਹੈ ਤਾਂ ਮਰ ਜਾਵੇ ।
ਉਏ ਭਲਿਉ ! ਕੀ ਇਹ ਹੀ ਹੈ ਤੁਹਾਡੀ ਵਿਦਵਤਾ, ਕੀ ਇਹ ਹੀ ਹੈ ਤੁਹਾਡਾ ਗਿਆਨ, ਕੀ ਤੁਸੀ ਕੌਮੀ ਇਤਿਹਾਸ ਅਤੇ ਲੇਖ ਲਿਖਣ ਦੇ ਕਾਬਿਲ ਵੀ ਹੋ , ਜਾਂ ਇਹ ਇਤਿਹਾਸ ਅਤੇ ਲੇਖ ਲਿਖਣਾਂ ਸਿਰਫ ਤੁਹਾਡਾ ਧੰਦਾ ਮਾਤਰ ਹੈ। ਸੰਪਾਦਕ ਵੀਰ ਜੀ , ਇਹ ਕਹਿੰਦੇ ਹਨ ਕਿ ਅਸੀ ਤਾਂ ਉਸ ਨੂੰ ਕਦੀ ਪੁਤੱਰ ਮਣਿਆਂ ਹੀ ਨਹੀ ਕਿਉ ਕੇ ਉਸ ਦੇ ਮੱਥੇ ਤੇ ਇਕ ਹਲਕਾ ਜਿਹਾ ਦਾਗ ਸੀ।ਲੇਕਿਨ ਇਨਾਂ ਨੂੰ ਉਸ ਵੇਲੇ ਸ਼ਰਮ ਕਿਉ ਨਹੀ ਆਈ ਅਤੇ ਸਾਰੇ ਸਿਧਾਂਤ ਉਸ ਵੇਲੇ ਇਨਾਂ ਨੂੰ ਕਿਵੇ ਭੁਲ ਗਏ , ਜਦੋ ਇਨਾਂ ਨੇ ਕਈ ਪੰਥ ਦਰਦੀਆਂ ਦੇ ਨਾਮ ਅਤੇ ਟੈਲੀਫੋਨ ਲਿਖ ਕੇ ਇਕ ਸਾਜਿਸ਼ ਦੇ ਤਹਿਤ ਉਸ ਦਾ ਜਨਾਜਾ ਬ੍ਰਾਹਮਣੀ ਕੈਲੰਡਰ ਦਾ ਕਫਨ ਪਾ ਕੇ ਕਡ੍ਹਿਆ ?
ਵੀਰ ਸੰਪਾਦਕ ਜੀ , ਖਾਲਸਾ ਨਿਉਜ ਕਲ ਤਕ ਇਨਾਂ ਸਾਰਿਆ ਦੀ ਚਹੇਤੀ ਵੇਬਸਾਈਟ ਸੀ ਅਤੇ ਇਹ ਤਾਰੀਫਾਂ ਦੇ ਪੁਲ ਬਣਦੇ ਨਹੀ ਸਨ ਥਕਦੇ , ਅੱਜ ਉਹ ਇਸਨੂੰ "ਕਾਲਕਾ ਨਿਉਜ " ਕਹਿ ਕੇ ਬਦਨਾਮ ਕਰ ਰਹੇ ਨੇ ਅਤੇ ਇਨਾਂ ਨੂੰ ਇਹ ਪ੍ਰੋਫੇਸਰ ਸਾਹਿਬ ਦੀ ਵੇਬਸਾਈਠ ਨਜਰ ਆ ਰਹੀ ਹੈ। ਕਾਰਣ ਸਾਫ ਹੈ ਕਿ ਸੱਚ ਸੁਨਣ ਅਤੇ ਸੱਚ ਦੀ ਕਦਰ ਕਰਨ ਦਾ ਇੱਨਾਂ ਵਿੱਚ ਮਾਅਦਾ ਹੀ ਨਹੀ ਹੈ। ਇਨਾਂ ਵਿੱਚ ਕੀ , ਕੌਮ ਦੀ ਸੁੱਤੀ ਅਤੇ ਮਰੀ ਜਮੀਰ ਵਾਲੇ ਬਹੁਤੇ ਸਿੱਖ ਖੁਸ਼ਾਂਮਦ ਅਤੇ ਧੱੜੇਬੰਦੀ ਨੂੰ ਹੀ ਅਪਣਾਂ ਸਿਧਾਂਤ ਬਣਾਂ ਚੁਕੇ ਹਨ । ਵੀਰ ਜੀ ਜੈਸਾ ਕਿ ਇਕ ਸਿੱਖ ਦਾ ਫਰਜ ਬਣਦਾ ਹੈ , ਸਾਨੂੰ ਇਹੋ ਜਹੇ ਲੋਕਾਂ ਦੀ ਪਛਾਣ ਕਰਦਿਆਂ ਅਪਣੀ ਮੰਜਿਲ ਵਲ ਤੁਰਦੇ ਜਾਂਣਾਂ ਹੈ। ਗਾਲ੍ਹਾਂ, ਤੌਹਮਤਾਂ ਅਤੇ ਤਾਨ੍ਹੇ ਸਾਡੀ ਖੁਰਾਕ ਅਤੇ ਈਨਾਮ ਹੈ।
ਕੁਝ ਦਿਨ ਪਹਿਲਾਂ ਪ੍ਰੋਫੇਸਰ ਸਾਹਿਬ ਜੀ ਨੇ ਇਕ ਕਹਾਣੀ ਮੈਨੂੰ ਸੁਣਾਂਈ ਸੀ ਜਿਸਦਾ ਜਿਕਰਵੀ ਮੈਂ ਆਪ ਜੀ ਨਾਲ ਕੀਤਾ ਸੀ ਕਿ, ਇਕ ਜੰਗਲ ਵਿੱਚ ਇਕ ਰਾਜਾ ਜੰਗ ਲੜਦਾ ਲੜਦਾ ਅਪਣੇ ਲਸ਼ਕਰ ਤੋਂ ਵਿੱਛੜ ਗਇਆ । ਉਸ ਦਾ ਘੋੜਾਂ ਬਹੁਤ ਪਿਆਸਾ ਸੀ ਅਤੇ ਬਹੁਤ ਮੁਸ਼ਕਿਲ ਨਾਲ ਅੱਗੇ ਵੱਧ ਰਿਹਾ ਸੀ । ਕਿਸੇ ਤਰ੍ਹਾਂ ਬਮੁਸ਼ਕਿਲ ਉਹ ਇਕ ਪਿੰਡ ਕੋਲ ਪਹੂੰਚਿਆ ਜਿਥੇ ਇਕ ਖੂਹ ਤੇ ਰਹਿਟ (ਟਿੰਡਾ) ਚਲ ਰਹੀਆਂ ਸੀ ਅਤੇ ਪਾਣੀ ਬਾਹਰ ਵਗ ਰਿਹਾ ਸੀ। ਲੇਕਿਨ ਉਹ ਘੋੜਾਂ ਟਿੰਡਾਂ ਦੀ ਖੱਟ ਖੱਟ ਦੇ ਸ਼ੋਰ ਕਰਕੇ ਠਿਠਕ ਜਾਂਦਾ ਅਤੇ ਪਾਣੀ ਨਾਂ ਪੀੰਦਾ ।ਉਹ ਰਾਜਾ ਜੇ ਰਹਿਟ ਬੰਦ ਕਰ ਦੇਵੇ ਤਾਂ ਪਾਨੀ ਨਿਕਲਣਾਂ ਬੰਦ ਹੋ ਜਾਏਅਤੇ ਜੇ ਰਹਿਟ ਚਾਲੂ ਕਰੇ ਤਾਂ ਫਿਰ ਟਿੰਡਾਂ ਦੀ ਖੱਟ ਖੱਟ ਸੁਣ ਕੇ ਉਹ ਪਾਨੀ ਨਾਂ ਪੀਵੇ।ਸੰਪਾਦਕ ਵੀਰ ਜੀ , ਸਾਨੂੰ ਵੀ ਇਨਾਂ ਅਖੌਤੀ ਵਿਦਵਾਨਾਂ ਅਤੇ ਵਿਰੋਧੀਆਂ ਦੀ "ਖੱਟ ਖੱਟ "ਵਿੱਚ ਹੀ ਪਾਣੀ ਪੀਣ ਦੀ ਆਦਤ ਪਾਉਣੀ ਪੈਂਣੀ ਹੈ ਭਾਵ : ਅਪਣੀ ਮੰਜਿਲ ਵਲ ਵੱਧਣ ਦੀ ਆਦਤ ਪਾਉਣੀ ਪੈਣੀ ਹੈ। ਜੇ ਅਸੀ ਇਨਾਂ ਦੀ "ਖੱਟ ਖੱਟ" ਕਰਕੇ ਰੁਕ ਗਏ ਤਾਂ ਉਸ ਘੋੜੇ ਵਾਂਗ ਪਿਆਸੇ ਹੀ ਰਹਿ ਜਾਵਾਂਗੇ। ਇਹ ਗੱਲ ਸਿਰਫ ਸਾਡੇ ਤੁਹਾਡੇ ਲਈ ਨਹੀ ਬਲਕਿ ਉਨਾਂ ਸਾਰੇ ਪੰਥ ਦਰਦੀ ਵੀਰਾਂ ਲਈ ਹੈ ਜੋ ਇੰਟਰਨੇਟ ਅਤੇ ਪੰਥਿਕ ਵੇਬਸਾਈਟਾਂ ਚਲਾ ਕੇ ਕੌਮ ਦੀ ਸੇਵਾਂ ਨਿਡਰਤਾਂ ਅਤੇ ਬੇਬਾਕੀ ਨਾਲ ਕਰ ਰਹੇ ਨੇ ਅਤੇ ਕੌਮ ਵਿੱਚ ਇਕ ਬਹੁਤ ਵੱਡੇ ਤਬਕੇ ਨੂੰ ਜਾਗਰੂਕ ਕਰ ਰਹੇ ਨੇ।
ਗੁਰੂ ਬਖਸ਼ਿਸ਼ ਕਰਨ , ਸਾਨੂੰ ਇਸ ਮਹੋਲ ਵਿੱਚ ਵੀ ਕੰਮ ਕਰਣ ਦੀ ਜਾਚ ਆ ਜਾਵੇ ਅਤੇ ਸਾਨੂੰ ਅਤੇ ਸਾਰੇ ਵਿਰੋਧੀ ਵੀਰਾਂ ਨੂੰ ਸ਼ਬਦ ਗੁਰੂ ਦੀ ਰੌਸ਼ਨੀ ਵਿਚੋਂ ਐਸੀ ਸੁਮਤਿ ਅਤੇ ਸੇਧ ਮਿਲੇ ਕਿ ਅਸੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਕੇ ਕੌਮ ਦੀ ਸੇਵਾ ਕਰਦੇ ਰਹੀਏ। ਵੀਚਾਰਾਂ ਦੇ ਟਕਰਾਅ ਨੂੰ ਵਖਰੇਵਾਂ ਨਾਂ ਬਨਣ ਦੇਈਏ । ਕਿਉ ਕਿ ਦੁਸ਼ਮਣ ਨੀਤੀ ਵਾਨ ਅਤੇ ਤਾਕਤਵਰ ਹੈ। ਅਸੀ ਅਪਣੀ ਤਾਕਤ ਨੂੰ ਪਛਾਂਣੀਏ ਅਤੇ ਨੀਤੀ ਨਾਲ ਕੰਮ ਕਰੀਏ। ਇਸੇ ਅਰਦਾਸ ਨਾਲ ਖਿਮਾਂ ਦਾ ਜਾਚਕ ਹਾਂ ਜੀ, ਭੁਲ ਚੁਕ ਲਈ ਖਿਮਾਂ ਕਰ ਦੇਣਾਂ ਜੀ।
ਇੰਦਰ ਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਸਾਨੂੰ ਅਖੌਤੀ ਵਿਦਵਾਨਾਂ ਅਤੇ ਵਿਰੋਧੀਆਂ ਦੀ "ਖੱਟ ਖੱਟ" ਵਿੱਚ ਅਗੇ ਵਧਣ ਦੀ ਆਦਤ ਪਾਣੀ ਪਵੇਗੀ।
Page Visitors: 2766