ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
‘ਅੰਤਰ ਧਰਮ ਚੇਤਨਾ ਸੰਵਾਦ ਅਤੇ ਪ੍ਰਚਾਰਕ’
‘ਅੰਤਰ ਧਰਮ ਚੇਤਨਾ ਸੰਵਾਦ ਅਤੇ ਪ੍ਰਚਾਰਕ’
Page Visitors: 2833

                                      ‘ਅੰਤਰ ਧਰਮ ਚੇਤਨਾ ਸੰਵਾਦ ਅਤੇ ਪ੍ਰਚਾਰਕ’
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥
ਗੁਰੂ ਨਾਨਕ ਦੇਵ ਜੀ ਨੇ ਇਕ ਅਹਿਮ ਬਾਣੀ ਉਚਾਰੀ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 938 ਤੇ ‘ਸਿਧ ਗੋਸਟਿ’ ਸਿਰ ਲੇਖ ਹੇਠ ਦਰਜ ਹੈ। ਇਹ ਇਕ ਅੰਤਰ ਮਤ ਚੇਤਨਾ ਸੰਵਾਦ ਸੀ ਜਿਸਦਾ ਕੇਂਦਰੀ ਸਵਾਲ ਸੀ:-
ਕਿਆ ਭਵੀਐ ਸਚਿ ਸੂਚਾ ਹੋਇ ॥ (ਸਿਧ ਗੋਸਟਿ)
ਇਸ ਸਵਾਲ ਬਾਰੇ ਸੰਵਾਦ ਲਈ ਗੁਰੂ ਨਾਨਕ ਜੀ ਨੇ ਸਿੱਧਾਂ ਨਾਲ ਸੰਵਾਦ ਕੀਤਾ।ਸਿੱਧ ਸਿਆਣੇ ਸਨ।ਆਪਣੇ ਸਮੇਂ ਦੇ ‘ਪਹੁੰਚੇ ਹੋਏ’ ਮੰਨੇ ਜਾਂਦੇ ਗਿਆਨੀ! ਅਤੇ ਉਨ੍ਹਾਂ ਨਾਲ ਹੋਈ ਮਜਲਸ ਨੂੰ ਗੁਰੂ ਨਾਨਕ ਜੀ ਨੇ ‘ਸੰਤ ਸਭਾ’ ਕਰਕੇ ਉਚਾਰੇਆ।ਸਿੱਧਾਂ ਦੇ ਸਥਾਪਤ ਰੂਤਬੇ ਕਾਰਨ ਹੀ, ਗੁਰੂ ਨਾਨਕ ਜੀ ਨੇ ਇਸ ਸੰਵਾਦ ਨੂੰ, ‘ਸਿਧ ਗੋਸਟਿ’ ਕਰਕੇ ਦਰਜ ਕੀਤਾ। ਇਹ ਗਲ ਵੱਖਰੀ ਹੈ ਕਿ ਗੁਰੂ ਨਾਨਕ ਜੀ, ‘ਜਪੁ’ ਦੀ ਪਹਿਲੀ ਪਉੜੀ ਵਿਚ ਹੀ ਸਪਸ਼ਟ ਕਰ ਚੁਕੇ ਸੀ, ਕਿ ‘ਸਿਆਣਪਾਂ’ ‘ਸੱਚਿਆਰਾ’ ਹੋਂਣ ਦੇ ਮਾਰਗ ਤੇ ਨਾਲ ਨਹੀਂ ਚਲਦੀਆਂ।ਗੁਰੂ ਨਾਨਕ ਜੀ ਦਾ ਮੰਤਵ ਇਹੀ ਸੱਚ ਸਿੱਧਾਂ ਨਾਲ ਸਾਂਝਾ ਕਰਨਾ ਸੀ ਤਾਂ ਕਿ ਧਰਤ ਲੋਕਾਈ ‘ਸਿਆਣਪ’ ਅਤੇ ‘ਪਰਮਾਤਮਾ’ ਵਿਚਲੇ ਪਰਦੇ (ਪਾਲ) ਨੂੰ ਸਮਝ ਸਕੇ।
ਪੁਰਾਤਨ ਸੰਸਕਿਰਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਤੇ ਦੇਵਤਿਆਂ ਤੋਂ ਹੇਠ ਸਨ।ਸਿੱਧ ਪਵਿਤ੍ਰਤਾ ਦਾ ਪੁੰਜ ਅਤੇ ਅਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ।ਐਸਾ ਸਮਝਿਆ ਜਾਂਦਾ ਸੀ ਕਿ ਇਹ ਉਹ ਸਿੱਧ ਸਨ ਜਿਨ੍ਹਾਂ ਅਣਿਮਾ ਆਦਿਕ ਅੱਠ ਸਿੱਧੀਆਂ ਨੂੰ ਪ੍ਰਾਪਤ ਕਰ ਲਿਆ ਹੁੰਦਾ ਸੀ।ਇਸੇ ਲਈ ਗੁਰੂ ਨਾਨਕ ਉਨ੍ਹਾਂ ਪਾਸ ਕੁੱਝ ਕਹਿਣ ਕੁੱਝ ਸੁਣਨ, ਅਰਥਾਰਤ ਸੰਵਾਦ ਲਈ ਪਹੁੰਚੇ ਸਨ।
ਨਿਰਸੰਦੇਹ: ਸਿਧ ਗੋਸਟਿ ਅੰਤਰ ਧਰਮ ਚੇਤਨਾ ਅਤੇ ਉਸਦੇ ਤੁਲਨਾਤਮਕ ਅਧਿਐਨ ਦੇ ਸੰਵਾਦ ਦੀ ਇਕ ਉੱਤਕ੍ਰਸ਼ਟ ਅਭਿਵਿਅੱਕਤੀ ਹੈ।ਗੁਰੂ ਨਾਨਕ ਜੀ ਨੂੰ ਫ਼ਲਸਫ਼ੇ ਦੇ ਉਸ ਸਤਰ ਦਾ ਗਿਆਨ ਸੀ ਜਿਸ ਦੇ ਤਲ ਤੇ ਸਿੱਧ ਖੜੇ ਸਨ।ਪਰ ਕੀ ਸਾਡੇ ਪ੍ਰਚਾਰਕ ਵਿਸ਼ਵ ਅੰਤਰ ਧਰਮ ਚੇਤਨਾ ਅਤੇ ਉਸ ਦੇ ਤੁਲਨਾਤਮਕ ਸੰਵਾਦ ਲਈ ਤਿਆਰ ਹਨ? ਇਹ ਇਕ ਐਸਾ ਪ੍ਰਸ਼ਨ ਹੈ ਜਿਸ ਵੱਲ ਪ੍ਰਚਾਰਕਾਂ ਦਾ ਧਿਆਨ ਨਹੀਂ।
ਗੁਰੂ ਨਾਨਕ ਜੀ ਨੂੰ ਪ੍ਰਾਪਤ ਹੋਏ ਅਕਾਲ ਪੁਰਖ ਦੇ ਸੁਨੇਹੇ ਦਾ ਮੰਤਵ ਲੋਕਾਈ ਨੂੰ ਸੇਧ ਦੇਂਣਾ ਸੀ। ਇਸ ਲਈ ਜ਼ਾਹਰ ਹੈ ਕਿ ਬਾਣੀ ਕਿਸੇ ‘ਵਾਤਵਰਣ’ ਵਿਚ, ਕਿਸੇ ਵਾਤਾਵਰਣ ਲਈ ਉਚਰੀ ਸੀ। ਇੱਥੇ ਵਾਤਾਵਰਣ ਦਾ ਅਰਥ ‘ਮੋਸਮ’ ਨਹੀਂ ਬਲਕਿ ਕੁਲ ਸਮਾਜਕ ਅਤੇ ਅਧਿਆਤਮਕ ਸਥਿਤੀਆਂ-ਪਰਿਸਥਿਤੀਆਂ ਹਨ।ਇਸ ਲਈ ਬਾਣੀ ਦਾ ਸਬੰਧ ਵਾਤਾਵਰਨ ਨਾਲ ਸਥਾਪਤ ਸੀ।ਯਾਨੀ ਕਿ ਉਨ੍ਹਾਂ ਤਮਾਮ ਸਥਿਤੀਆਂ ਨਾਲ, ਜਿਸ ਵਿਚ ਸਮਾਜ, ਕੁੱਝ ਧਾਰਮਕ ਵਿਸ਼ਵਾਸਾਂ, ਧਰਮ ਗ੍ਰੰਥਾਂ, ਅਤੇ ਧਾਰਮਕ ਸਾਹਿਤ ਨਾਲ ਜੀ ਰਿਹਾ ਸੀ।
ਕਿਸੇ ਗਲਤ ਵਿਸ਼ਵਾਸ ਨਾਲ ਜੁੜੇ ਬੰਦੇ ਨੂੰ ਸਹੀ ਪਾਸੇ ਵੱਲ ਲੇ ਜਾਣਾ ਹੋਵੇ ਤਾਂ ਉਸ ‘ਵਿਸ਼ਵਾਸ’ ਦੀ ਸਮਝ ਜ਼ਰੂਰੀ ਹੈ ਜਿਸ ਤੇ ਭੱਟਕਿਆ ਹੋਇਆ ਮਨੁੱਖ ਵਿਸ਼ਵਾਸ ਕਰਦਾ ਹੈ।ਗੁਰੂ ਸਾਹਿਬਾਨ ਨੂੰ ਇਸ ਸਾਰੇ ਵਾਤਾਵਰਨ ਦਾ ਡੁੰਗਾ ਬੌਧ ਸੀ। ਇਸ ਨੁੱਕਤੇ ਨੂੰ ਵਿਚਾਰਨਾ ਅਤਿ ਜ਼ਰੂਰੀ ਹੈ, ਕਿ ਗੁਰਬਾਣੀ ਵਾਤਾਵਰਣ ਤੋਂ ਟੁੱਟ ਕੇ ਨਹੀਂ ਬਲਕਿ ਉਹ ਕਿਸੇ ਵਾਤਾਵਰਣ ਵਿਚ,ਕਿਸੇ ਵਾਤਾਵਰਣ ਲਈ ਹੀ ਪ੍ਰਗਟ ਹੋਈ।ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਸੇ ਵਾਤਾਵਰਣ ਵਿਚ ਹੀ ਹੈ।ਯਾਨੀ ਕਿ ਕੁਲ ਸਮਾਜਿਕ ਅਤੇ ਅਧਿਆਤਮਕ ਪਰਿਸਥਿਤੀਆਂ ਵਿਚ।ਗੁਰੂ ਸਾਹਿਬਾਨ ਨੇ ਨਾ ਕਦੇ ਸਮਾਜ ਤਿਆਗਿਆ ਸੀ ਅਤੇ ਨਾ ਹੀ ਅੱਜ ਉਨ੍ਹਾਂ ਦੀ ‘ਆਤਮਕ ਜੋਤ’ ਦਾ ਪ੍ਰਕਾਸ਼ ਸਮਾਜ ਦੇ ਤਿਆਗ ਵਿਚ ਹੈ।ਉਹ ਤਾਂ ਮਨੁੱਖ ਦੇ ਜੀਵਨ ਅਤੇ ਉਸ ਤੋਂ ਬਾਦ ਤਕ ਪ੍ਰਕਾਸ਼ਮਾਨ ਹੈ।
ਖ਼ੈਰ ! ਕੀ ਅੱਜ ਗੁਰਬਾਣੀ ਵਿਚਾਰ ਦਾ ਕੰਮ ਸੌਖਾ ਹੈ? ਹੈ ਤਾਂ ਨਹੀਂ, ਪਰ ਕੁੱਝ ਚਿਰ ਵਾਸਤੇ ਮੰਨ ਲੇਂਦੇ ਹਾਂ ਕਿ ਸੌਖਾ ਹੈ! ਕਿਵੇਂ ? ਇਸ ਲਈ ਕਿ ਭਾਈ ਕ੍ਹਾਨ ਸਿੰਘ ਜੀ ਦਾ ਮਹਾਨ ਕੋਸ਼ ਸਾਡੇ ਪਾਸ ਹੈ ਅਤੇ ਪ੍ਰੋ. ਸ਼ਾਹਿਬ ਸਿੰਘ ਜੀ ਵਲੋਂ ਲਿਖਿਆ ਦਰਪਨ ਵੀ।ਕਾਪੀ ਪੇਸਟ ਨੇ ਤਾਂ ਕੰਮ ਹੋਰ ਵੀ ਸੌਖਾ ਕਰ ਦਿੱਤਾ ਹੈ।
ਪੁਰਾਤਨ ਸਮੇਂ ਨਾਲੋਂ ਇਤਨਾ ਤਾਂ ਅਸਾਨ ਹੈ ਹੀ ਕਿ ਅਸੀਂ ਕਿਸੇ ਸ਼ਬਦ ਦਾ ਅਰਥ ਵੇਖਣਾ ਹੋਵੇ, ਤਾਂ ਝੱਟ ਪ੍ਰੋ. ਸ਼ਾਹਿਬ ਸਿੰਘ ਜੀ ਵਲੋਂ ਲਿਖਿਆ ਟੀਕਾ ਖੋਲ ਲਈਏ। ਪਦ ਅਰਥ ਵੀ ਦਿੱਤੇ ਹਨ ਤੇ ਅਰਥ-ਭਾਵਅਰਥ ਵੀ! ਕੋਈ ਵਧੇਰੀ ਜਿਗਿਆਸਾ/ਲੋੜ ਹੋਵੇ ਤਾਂ ਭਾਈ ਕ੍ਹਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਵੀ ਉਪਲੱਭਦ ਹੈ ਕਿਸੇ ਸ਼ਬਦ ਦਾ ਅਰਥ ਵੇਖਣ ਲਈ।
ਆਉ ਹੁਣ ਇਕ ਵਿਸ਼ੇਸ਼ ਪਰਿਸਥਿਤੀ ਨੂੰ ਵਿਚਾਰੀਏ!
ਕਿਸੇ ਵੀ ਸਿਆਣੇ ਤੋਂ ਸਿਆਣੇ ਵਿਦਵਾਨ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮਨਮੁਖ ਲੇ ਜਾਈਏ, ਅਤੇ ਇਕ ‘ਵਿਸ਼ੇਸ਼ ਸ਼ਰਤ’ ਨਾਲ ਉਸ ਨੂੰ ਪਹਲੀ ਵਾਰ ਗੁਰਬਾਣੀ ਦੇ ਅਰਥ ਕਰਨ ਲਈ ਕਹਿਏ।ਸ਼ਰਤ ਵੀ ਇਹ, ਕਿ; ਉਹ ਵਿਦਵਾਨ, ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ, ਪਰ ਬਿਨ੍ਹਾਂ ਕਿਸੇ ਵੀ ‘ਬਾਣੀ ਟੀਕੇ’ ਜਾਂ ‘ਮਾਹਨ ਕੋਸ਼’ ਦੀ ਮਦਦ ਲਏ! ਕੀ ਹੋਵੇਗਾ? ਨਿਰਸੰਦੇਹ ਉਹ ਵਿਦਵਾਨ ਅਰਥ ਕਰਨ ਵਿਚ ਬੁਰੀ ਤਰਾਂ ਅਸਫਲ ਰਹੇਗਾ। ਨਾਮੁਮਕਿਨ ਹੋਵੇਗਾ ਉਸ ਵਿਦਵਾਨ ਲਈ ਕਿ ਉਹ ਬਿਨ੍ਹਾਂ ਕਿਸੇ ਟੀਕੇ ਜਾਂ ਮਹਾਨ ਕੋਸ਼ ਦੀ ਮਦਦ ਲਏ ਗੁਰਬਾਣੀ ਦੇ ਅਰਥ ਕਰ ਜਾਏ।ਬਾਣੀ ਵਿਚ ਕਈਂ ਭਾਸ਼ਾਵਾਂ ਅਤੇ ਕਈਂ ਮਾਨਤਾਵਾਂ ਦਾ ਇਸਤੇਮਾਲ ਹੋਇਆ ਹੈ।
ਕੋਈ ਸ਼ੱਕ ਨਹੀਂ ਕਿ ਉਹ ‘ਜਪੁ’ ਬਾਣੀ ਦੀਆਂ ਆਰੰਭਕ ਪਉੜੀਆਂ ਦੇ ਭਾਵ ਅਰਥ ਸਮਝਣ ਦੇ ਯਤਨ ਵਿਚ ਹੀ ਅੱਟਕਿਆ ਰਹੇਗਾ। ਲਗਾਈ ਗਈ ਸ਼ਰਤ ਕਾਰਨ, ਬਿਨ੍ਹਾਂ ਵਿਸ਼ੇਸ਼ ਮਦਦ ਦੇ, ਉਹ ਵਿਦਵਾਨ ਬਾਣੀ ਦੇ ਅਰਥ-ਭਾਵਅਰਥ ਕਰ ਹੀ ਨਹੀਂ ਸਕੇ ਗਾ। ਮਿਸਾਲ ਵਜੋਂ ਪਹਿਲਾਂ ਤਾਂ ਉਹ ਅਟਕੇਗਾ ਇਸ ਪੰਗਤੀ ਦੇ ਅਰਥ ਕਰਨ ਦੇ ਯਤਨ ਵਿਚ:-
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥

ਫਿਰ ਉਹ ਅਤਿ ਬਾਰੀ ਮੁਸੀਬਤ ਵਿਚ ਫ਼ੱਸੇਗਾ ਇਸ ਪੰਗਤੀ ਦੇ ਅਰਥ-ਭਾਵਅਰਥ ਕਰਨ ਦੇ ਯਤਨ ਵਿਚ:-
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

ਕਿਉਂਕਿ ਜਦ ਤਕ ਉਸ ਵਿਦਵਾਨ ਨੂੰ ਉਪਰੋਕਤ ਪੰਗਾਤੀ ਵਿਚ ਆਏ, ਮਾਈ, ਤਿਨਿ ਚੇਲੇ, ਸੰਸਾਰੀ, ਭੰਡਾਰੀ ਅਤੇ ਦੀਬਾਣੂ ਸ਼ਬਦਾਂ ਦੇ ਪਿੱਛਲੇ ਪ੍ਰਸੰਗਾਂ ਦਾ ਪਤਾ ਨਾ ਹੋਵੇਗਾ, ਤਦ ਤਕ, ਉਹ ਨਾ ਤਾਂ ਇਨ੍ਹਾਂ ਦੇ ਅਸਲ ਪਦ ਅਰਥ ਕਰ ਪਾਏਗਾ ਅਤੇ ਨਾ ਹੀ ਮੂਲ ਭਾਵਅਰਥ। ਹੁਣ ਉਸ ਵਿਦਵਾਨ ਪਾਸ ਸ਼ਰਤ ਅਨੁਸਾਰ ਇਕੋ ਚਾਰਾ ਬਚੇਗਾ ਕਿ ਉਹ ਗੁਰਬਾਣੀ ਦੇ ਅਰਥ ਕਰਨ ਲਈ ਹਿੰਦੂ ਗ੍ਰੰਥਾਂ ਦਾ ਅਧਿਐਨ ਆਰੰਭ ਕਰੇ ਅਤੇ ਕਤੇਬ ਵੀ ਪੜੇ। ਇਸ ਲਈ ਪਹਿਲਾਂ ਸੰਸਕ੍ਰਿਤ ਆਦਿ ਭਾਸ਼ਾਵਾਂ ਪੜਨੀਆਂ ਪੇਂੜ ਗਿਆਂ।ਫਿਰ ਵੇਦ, ਪੁਰਾਣ ਆਦਿ ਸ਼ਾਸਤ੍ਰਾਂ ਅਤੇ ਅਵਤਾਰ ਕਥਾਵਾਂ ਬਾਰੇ ਵੀ ਵਿਸਤਾਰ ਪੜਨਾ ਪਵੇਗਾ।ਜਦ ਤਕ ਉਹ ਇਸ ਸਾਹਿਤ ਦਾ ਅਧਿਐਨ ਨਹੀਂ ਕਰੇਗਾ ਤਦ ਤਕ ਉਸ ਲਈ ਬਾਣੀ ਦੇ ਅਰਥ ਭਾਵ ਅਰਥ ਕਰਨਾ ਮੁਮਕਿਨ ਨਾ ਹੋਵੇਗਾ।
ਇਹੀ ਸਥਿਤੀ ਸੀ ਪੁਰਾਣੇ ਸਮੇਂ ਵਿਚ ਜਿਸ ਵੇਲੇ ਕਿਸੇ ਵਿਦਵਾਨ ਪ੍ਰਚਾਰਕ ਨੂੰ ਬਾਣੀ ਦੇ ਅਰਥਾਂ ਭਾਵ ਅਰਥਾਂ ਨੂੰ ਡੰਗੇ ਸਮਝਣ ਲਈ ਹਿੰਦੂ ਮਤ ਆਦਿ ਸਾਹਿਤ ਨੂੰ ਵੀ ਪੜਨਾ ਪੇਂਦਾ ਸੀ।ਇਹੀ ਕਾਰਨ ਸੀ ਕਿ ਪ੍ਰੋ. ਸ਼ਾਹਿਬ ਸਿੰਘ ਜੀ ਵਰਗੇ ਵਿਦਵਾਨ ਨੂੰ ਲਗਭੱਗ 36 ਸਾਲ ਦਾ ਸਮਾਂ ਲਗਾ ਬਾਣੀ ਦੇ ਪਦ ਅਰਥ ਅਤੇ ਅਰਥ ਕਰਨ ਲਈ।ਸੰਸਕ੍ਰਿਤ ਆਦਿ ਵੀ ਸਿੱਖੀ ਅਤੇ ਵਿਆਕਰਨ ਦੇਨਿਯਮ ਵੀ।ਫ਼ਿਰ ਇਸ ਤੋਂ ਪਹਿਲਾਂ ਗੁਰਮਤ ਸੁਧਾਕਰ,ਗੁਰਮਤ ਪ੍ਰਭਾਕਰ ਅਤੇ ਨਾਲ ਹੀ ਮਾਹਨ ਕੋਸ਼ ਦੀ ਰਚਨਾ ਵੀ ਹੋ ਚੁੱਕੀ ਸੀ। ਉੱਧਰ ਮਹਾਨ ਕੋਸ਼ ਲਿਖਣ ਲਈ 15 ਸਾਲ ਦਾ ਸਮਾਂ ਲੱਗਾ। ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਸਿੱਖ ਸਾਹਿਤ ਸਮੇਤ ਕਈਂ ਹੋਰ ਧਰਮ ਗ੍ਰੰਥਾਂ ਅਤੇ ਪੋਰਾਣਕ ਕਥਾਂਵਾਂ ਦਾ ਅਧਿਐਨ ਕੀਤਾ। ਜੇ ਕਰ ਇਨ੍ਹਾਂ ਵਿਦਵਾਨਾਂ ਦੇ ਸ੍ਹਾਮਣੇ ਅਧਿਐਨ ਲਈ ਉਹ ਸਾਹਿਤ ਨਾ ਹੁੰਦਾ ਤਾਂ ਉਹ ਗੁਰਬਾਣੀ ਵਿਚਲੇ ਪਦ ਅਰਥ/ਭਾਵਅਰਥ ਨਾ ਕਰ ਪਾਉਂਦੇ।ਹੁਣ ਕੋਈ ਇਤਰਾਜ਼ ਕਰੇ ਕਿ ਗੁਰਬਾਣੀ ਨੂੰ ਸਮਝਣ ਲਈ ਬ੍ਰਾਹਮਣਾਂ ਦੇ ਗ੍ਰੰਥ ਪੜਨ ਦੀ ਕੀ ਲੋੜ ਸੀ?ਤਾਂ ਇਹ ਇਕ ਮੁਰਖਤਾ ਪੁਰਣ ਇਤਰਾਜ਼ ਹੀ ਕਿਹਾ ਜਾ ਸਕਦਾ ਹੈ।ਇਲਾਹੀ ਬਾਣੀ ਦੀਆਂ ਡੂੰਗੀਆਂ ਰਮਜ਼ਾ ਨੂੰ ਸਮਝਣ ਦੇ ਯਤਨ ਲਈ ਉਸ ਸਾਮਗ੍ਰੀ ਦੀ ਸਮਝ ਜ਼ਰੁਰੀ ਸੀ ਜਿਸ ਦੀ ਵਰਤੋਂ ਬਾਣੀ ਵਿਚ ਹੋਈ।
ਅੱਜ ਸਥਿਤੀ ਥੋੜੀ ਬਦਲੀ ਹੋਈ ਹੈ, ਪਰ ਕਈਂ ਥਾਂ ਵਿਚਾਰ ਦੀ ਲੋੜ ਹੈ।ਮਸਲਨ ਪ੍ਰਚਾਰਕਾਂ ਲਈ, ਕੀਤੇ ਹੋਏ ਕੰਮ ਦੇ ਆਸਰੇ, ਸਿੱਖਾਂ ਵਿਚ ਪ੍ਰਚਾਰ ਕਰਨਾ ਤਾਂ ਸੌਖਾ ਹੈ, ਪਰ ਜੇ ਕਰ ਤੇਜ਼ੀ ਨਾਲ ਨੇੜੇ ਆਉਂਦੇ ਵਿਸ਼ਵ ਸਮਾਜ, ਵਿਚ ਅੰਤਰ ਧਰਮ ਚੇਤਨਾ ਬਾਰੇ ਕਿਸੇ ਉੱਚ ਪੱਧਰੀ ਤੁਲਨਾਤਮਕ ਸੰਵਾਦ ਵਿਚ ਸਿੱਖ ਪ੍ਰਚਾਰਕਾਂ ਨੂੰ ਉਤਰਨਾ ਪੈ ਜਾਏ ਤਾਂ ਕੀ, ਉਨ੍ਹਾਂ ਪਾਸ ਦੂਜੇ ਧਰਮ ਨਾਲ ਜੁੜੇ ਉਸ ਸਾਹਿਤ ਦੀ ਸਮਝ ਬਾਰੇ ਤਿਆਰੀ ਪੁਰੀ ਹੈ ਜਿਸ ਦੀ ਵਰਤੋਂ ਬਾਣੀ ਵਿਚ ਗੁਰੂ ਸਾਹਿਬਾਨ ਨੇ ਕੀਤੀ ਹੈ ?
ਨਿਰਸੰਦੇਹ: ਜੇ ਕਰ ਬਹੁਤੇ ਸਿੱਖ ਪ੍ਰਚਾਰਕਾਂ ਵੱਲ ਝਾਤ ਮਾਰੀ ਜਾਏ ਤਾਂ ਕੋਈ ਐਸਾ ਪ੍ਰਚਾਰਕ ਨਜ਼ਰ ਨਹੀਂ ਆਉਂਦਾ ਜਿਸ ਪਾਸ ‘ਅੰਤਰ ਧਰਮ ਚੇਤਨਾ ਬਾਰੇ ਤੁਲਨਾਤਮਕ ਸੰਵਾਦ’ ਵਿਚ ਉਤਰਨ ਜੋਗੀ ਤਿਆਰੀ ਹੋਵੇ।ਸਥਿਤੀ ਇਸ ਸਤਰ ਤੇ ਹੈ ਕਿ ‘ਕੁੱਝ ਸੱਜਣ’ ਹੋ ਚੁੱਕੇ ਕੰਮ ਨੂੰ ਵੀ ਸਮਝਣ ਵਿਚ ਅਸਮਰਥ ਸਾਬਤ ਹੋ ਰਹੇ ਹਨ। ਕਿਉਂਕਿ ਦੁਜੇ ਧਾਰਮਕ ਸਾਹਿਤ ਅਤੇ ਹੋਰ ਧਰਮ ਗ੍ਰੰਥਾਂ ਬਾਰੇ ਉਨ੍ਹਾਂ ਪਾਸ ਲੋੜੀਂਦੀ ਜਾਣਕਾਰੀ ਅਤੇ ਪਕੜ ਨਹੀਂ ਹੈ।ਇਸ ਜਾਣਕਾਰੀ ਦੀ ਘਾਟ ਵਿਚ ਉਹ ਬਿਨ੍ਹਾ ਸਮਝੇ ਅਰਥਾਂ ਦਾ ਅਨਰਥ ਕਰ ਰਹੇ ਹਨ।ਹੁਣ ਦਾ ਕੰਮ ‘ਮੈਂਨੁੰ ਇੰਝ ਲਗਦਾ’ ਹੈ ਤੇ ‘ਮੈਂਨੂੰ ਉਂਝ ਲਗਦਾ’ ਹੈ ਦੀ ਤਰਜ ਤੇ ਹੋ ਰਿਹਾ ਹੈ।
ਕੁੱਝ ਸੱਜਣ ਤਾਂ ਸਾਮਨਯ ਗਿਆਨ ਅਤੇ ਸਾਮਨਯ ਵਿਗਿਆਨ ਬਾਰੇ, ਆਪਣੇ ਭੌਤਿਕ ਗਿਆਨ ਦੇ ਅਧਾਰ ਤੇ ਗੁਰਬਾਣੀ ਵਿਚਲੇ ਅਧਿਆਤਮ ਨੂੰ ਬਿਆਨ ਕਰ ਰਹੇ ਹਨ।ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਬਾਣੀ ਸਮਝਣ ਲਈ ਦਸਵੀਂ ਕਲਾਸ ਦੇ ਸਤਰ ਦੀ ਸਾਂਇੰਸ ਵਰਤਦੇ ਹਨ ਪਰ ਉਨ੍ਹਾਂ ਦਾ ਧਿਆਨ ਵਿਸ਼ਵ ਸਮਾਜ ਅਤੇ ਦਰਸ਼ਨ ਨਾਲ ਜੁੜੇ ਵਿਸ਼ੇ ਸਾਹਿਤ ਵੱਲ ਨਹੀਂ। ਕਿਸੇ ਵਿਚਾਰ ਨੂੰ ਨੱਕਾਰਨ ਲਈ ਉਸ ਵਿਚਾਰ ਵਿਸ਼ੇ ਦਾ ਗਿਆਨ ਹੋਂਣਾ ਜ਼ਰੂਰੀ ਹੈ ਅਤੇ ਇਹ ਗਿਆਨ ਸਤਹੀ ਨਹੀਂ ਹੋਂਣਾ ਚਾਹੀਦਾ। ਵਿਚਾਰ ਕਰਨਾ ਮਾੜੀ ਗਲ ਨਹੀਂ ਪਰ ਨਿਜੀ ਵਿਚਾਰ ਨੂੰ ਠੋਸਣਾਂ ਗ਼ੈਰਜਿੰਮੇਦਾਰਾਨਾ ਪ੍ਰਵ੍ਰਿਤੀ ਹੈ।
ਗੁਰੂ ਸਾਹਿਬਾਨ ਨੇ ਪ੍ਰਚਾਰਕਾਂ ਨੂੰ, ਅੰਤਰ ਧਰਮ ਚੇਤਨਾ ਦੇ ਤੁਲਨਾਤਮਕ ਅਧਿਐਨ ਵੱਲ ਪ੍ਰਰੇਰਿਆ ਸੀ ਤਾਂ ਕਿ ਸਿੱਖੀ ਦੇ ਪ੍ਰਚਾਰ ਦਾ ਸਤਰ ਉੱਚ ਪਧੱਰ ਦਾ ਹੋਵੇ ਅਤੇ ਖ਼ਾਲਸਾ ਬਾਣੀ ਦੇ ਅਰਥਾਂ ਭਾਵ ਅਰਥਾਂ ਨੂੰ ਵਧੇਰੇ ਸਮਝਦੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਰਹਿੰਦੇ ਸਰਬਤ ਦੇ ਭਲੇ ਦੀ ਕਾਮਨਾ ਕਰੇ।ਜੇ ਕਰ ਗੁਰੂ ਦੇ ਨਾਲ, ਕੇਵਲ ਸਿੱਖਾਂ ਨੂੰ ਹੀ ਜੋੜਨ ਦਾ ਯਤਨ ਹੈ, ਤਾਂ ਪੰਥਕ ਵਾਸਤੇਆਂ ਨਾਲ ਕੰਮ ਚਲ ਸਕਦਾ ਹੈ ।ਪਰ ਜੇਕਰ ਸਰਬਤ ਦੇ ਭਲੇ ਦੀ ਮੰਸ਼ਾ ਨਾਲ, ਗੁਰੂ ਦੀ ਗਲ ਨਾਲ ਲੋਕਾਈ ਨੂੰ ਕਾਯਲ ਅਤੇ ਲਾਭਵੰਤ ਕਰਨਾ ਹੈ, ਤਾਂ ਇਸ ਲਈ ਐਸੇ ਪ੍ਰਚਾਰਕਾਂ ਦੀ ਲੋੜ ਹੋਵੇਗੀ ਜੋ ਅੰਤਰ ਧਰਮ ਚੇਤਨਾ ਲਈ ਅੰਤਰ ਧਰਮ ਤੁਲਨਾਤਮਕ ਅਧਿਐਨ ਰਾਹੀਂ ਤਿਆਰ ਹੋਂਣ।
ਕਈਂ ਥਾਂ ਇਕ ਐਸਾ ਪ੍ਰਭਾਵ ਉੱਤਪੰਨ ਹੋ ਰਿਹਾ ਹੈ ਕਿ ਸਿੱਖ ਅਜੇ ਆਪ ਆਪਣੇ ਆਪ ਨੂੰ ਨਹੀਂ ਸਮਝੇ ਤਾਂ ਭਲਾ ਸੰਸਾਰ ਨੂੰ ਕੀ ਸਮਝਾਉਂਣ ਗੇ? ਜੇ ਕਰ ਅਸੀਂ ਇਸ ਨੂੰ ਨਾ ਸਮਝੇ ਤਾਂ ਸਾਡੇ ਚਿੰਤਨ ਦੀ ਛਵੀ ਬੁਰੀ ਤਰਾਂ ਪ੍ਰਭਾਵਤ ਹੋਂਣ ਲਗ ਪਵੇਗੀ।
ਵਿਚਾਰਨ ਦੀ ਲੋੜ ਹੈ ਕਿ ਜੇ ਕਰ ਕੁੱਝ ਪ੍ਰਚਾਰਕਾਂ ਨੇ ਤੇਜ਼ੀ ਨਾਲ ਬਦਲਦੇ ਸਮਾਜਕ ਪਸਮੰਜ਼ਰਾਂ ਵਿਚ, ਆਪਣੇ ਆਪ ਨੂੰ ਅੰਤਰ ਧਰਮ ਚੇਤਨਾ ਬਾਰੇ ਤੁਲਨਾਤਨਕ ਸੰਵਾਦ ਲਈ ਤਿਆਰ ਨਾ ਕੀਤਾ, ਤਾਂ ਉਹ ਨਾ ਸਿਰਫ਼ ਉੱਚ ਪੱਧਰੀ ਸੰਵਾਦ ਮੰਚਾਂ ਦੇ ਨਾਕਾਬਲ ਰਹਿਣ ਗੇ ਬਲਕਿ ਉਹ ਸਿੱਖ ਦਾਈਰੇ ਵਿਚ ਵੀ ਦੁਬਿਦਾਵਾਂ ਉਤਪੰਨ ਕਰਦੇ ਸਿੱਖੀ ਦੇ ਪ੍ਰਚਾਰ ਦਾ ਭੱਠਾ ਬਿਠਾ ਦੇਂਣ ਗੇ।
ਹਰਦੇਵ ਸਿੰਘ,ਜੰਮੂ-

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.