- = * FRIENDSHIP (ਦੋਸਤੀ) * = -
Gurbani Awareness Series 17
ਦੋਸਤੀ ਬੜਾ ਪਵਿਤਰ ਸ਼ਬਦ ਹੈ। ਸੱਚੀ ਦੋਸਤੀ ਕੀ ਹੈ….?... ਕਿਸੇ ਲਈ ਬਿਨਾ ਕਿਸੇ ਵਾਸ਼ਨਾ ਦੇ ਕੁਝ ਕਰਨ ਨੂੰ ਦੋਸਤੀ ਆਖਿਆ ਜਾਂਦਾ ਹੈ। ਅਰਸਤੂ ਨੇ ਲਿਖਿਆ ਸੀ ਕਿ ਸੱਚੇ ਮਨੁੱਖ ਦਾ ਆਪਣੇ ਦੋਸਤ ਨਾਲ ਰਿਸ਼ਤਾ ਉਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹਾ ਉਸਦਾ ਆਪਣੇ ਆਪ ਨਾਲ ਰਿਸ਼ਤਾ ਹੈ। ਅਸੀਂ ਸਮਾਜ ਵਿੱਚ ਰਹਿੰਦੇ ਹਾਂ ਅਤੇ ਇਕ ਦੂਸਰੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਹਾਂ।ਅਸੀਂ ਇਕ ਦੂਜੇ ਤੇ ਆਸਰਿਤ ਹਾਂ।ਸਮਾਜ ਹੀ ਸਾਡਾ ਆਚਰਣ ਬਣਾਉਂਦਾ ਹੈ, ਇਸੇ ਲਈ ਕਿਹਾ ਜਾਂਦਾ ਹੈ ਕਿ ਕਿਸੇ ਮਨੁੱਖ ਦਾ ਆਚਰਣ ਉਸ ਦੀ ਸੰਗਤ ਤੋਂ ਪਤਾ ਲਗ ਜਾਂਦਾ ਹੈ।
ਦੋਸਤੀ ਦਾ ਅਰਥ ਹੈ ਇਕ ਦਾ ਦੂਸਰੇ ਨਾਲ ਭਾਵਾਤਮਕ ਅਤੇ ਪਿਆਰ ਦੀ ਸਾਂਝ।
ਗੁਰੂੁ ਨਾਨਕ ਸਾਹਿਬ ਨੇ ਸੰਗਤਾਂ ਕਾਇਮ ਕੀਤੀਆਂ ਭਾਵ ਕਿ ਠੀਕ ਸੋਚਣੀ ਵਾਲੇ ਵਿਅਕਤੀਆਂ ਨੂੰ ਇਕੱਠਿਆਂ ਕੀਤਾ ਜਿਥੇ ਉਹਨਾਂ ਦੀ ਆਤਮਕ ਉਨਤੀ ਹੋ ਸਕੇ। ਸੰਗਤਾਂ ਕਾਇਮ ਕਰਨ ਦਾ ਭਾਵ ਉਚੀ ਤੇ ਸੁਚੀ ਸੋਚ ਦੇ ਧਾਰਨੀ ਵਿਅਕਤੀ ਪੈਦਾ ਕਰਨਾ ਸੀ ਜੋ ਸਭ ਦਾ ਭਲਾ ਕਰਨ ਲਈ ਉਦਮਸ਼ੀਲ ਹੋ। ਬੁਰਾ ਸੋਚਣਾ ਤੇ ਕਿਸੇ ਨਾਲ ਧੱਕਾ ਕਰਨਾ ਤਾਂ ਉਹਨਾਂ ਦੇ ਜੀਵਨ ਵਿੱਚ ਬਿਲਕੁਲ ਹੋਵੇ ਹੀ ਨਾਂਹ।ਇਹ ਨਾ ਕੋ ਬੈਰੀ ਨਾ ਬੇਗਾਨਾ ਦਾ ਸਮਾਜ ਹੋਵੇ।
ਇਸ ਆਦਰਸ਼ਕ ਸਮਾਜ ਦਾ ਨਕਸ਼ਾ ਗੁਰੁ ਅਰਜਨ ਸਾਹਿਬ ਜੀ ਨੇ ਹੇਠ ਲਿਖੇ ਸ਼ਬਦ ਵਿੱਚ ਉਕਰਿਆ ਹੈ:
ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥
ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥1॥
ਸਾਧਸੰਗਿ ਚਿੰਤ ਬਿਰਾਨੀ ਛਾਡੀ ॥
ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥1॥ ਰਹਾਉ ॥
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥
ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥4॥3॥
ਇਹ ਸੀ ਰਸਤਾ, ਜੋ ਗੁਰੁ ਸਾਹਿਬਾਨ ਨੇ ਸਾਨੂੰ ਦਿਖਾਇਆ ਅਤੇ ਇਹ ਗਲ ਵੀ ਯਾਦ ਰਖੀਏ ਕਿ ਗੁਰਬਾਣੀ ਅਨੁਸਾਰੀ ਚਲਣ ਵਾਲੇ ਵਿਅਕਤੀਆਂ ਦੀ ਕੋਈ ਕਮੀ ਨਹੀਂ ਹੈ।ਹਾਂ ਇਹ ਠੀਕ ਹੈ ਕਿ ਮੌਜੂਦਾ ਹਾਲਾਤਾਂ ਤੇ ਲੋਕਾਂ ਦੇ ਜੀਵਨ ਜੀੳਣ ਦੇ ਤੌਰ ਤਰੀਕਿਆਂ ਨੇ ਸੱਚੀ ਦੋਸਤੀ ਨੂੰ ਵੀ ਧੱਕਾ ਲਾਇਆ ਹੈ। ਪਦਾਰਥਵਾਦੀ ਰੁਚੀਆਂ ਨੇ ਆਮ ਮਨੁੱਖਾਂ ਨੂੰ ਮਤਲਬੀ ਬਣਾ ਦਿਤਾ ਹੈ ਜਿਸ ਕਰਕੇ ਉਹਨਾਂ ਦੇ ਮਨਾਂ ਵਿੱਚ ਦੋਸਤੀ ਦੀ ਪਵਿਤਰਤਾ ਖਤਮ ਹੁੰਦੀ ਜਾ ਰਹੀ ਹੈ। ਇਸ ਲਈ ਸਾਨੂੰ ਸਾਵਧਾਨੀ ਦੌ ਲੋੜ ਹੈ। ਗੁਰਬਾਣੀ ਵਿੱਚ ਵੀ ਇਹ ਖਬਰਦਾਰੀ ਕੀਤਗਈ ਹੈ:
ਸਚੀ ਬੈਸਕ ਤਿਨ੍ਾ ਸੰਗਿ ਜਿਨ ਸੰਗਿ ਜਪੀਐ ਨਾਉ ॥
ਤਿਨ੍ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥2॥
ਪਹਿਲਾਂ ਤਾਂ ਮਨਮੁਖਾਂ ਦੇ ਮੇਲ ਜੋਲ ਨੂੰ ਦੋਸਤੀ ਦਾ ਨਾਂ ਹੀ ਨਹੀਂ ਦੇਣਾ ਚਾਹੀਦਾ ਕਿਉਂਕਿ ਇਸਦੇ ਟੁਟਦਿਆਂ ਸਮਾਂ ਨਹੀਂ ਲਗਦਾ।
ਇਸ ਲਈ ਦੋਸਤੀ ਤਾਂ ਪ੍ਰਭੂ ਦਾ ਨਾਮ ਜਪਣ ਵਾਲਿਆਂ ਨਾਲ ਹੀ ਹੋ ਸਕਦੀ ਹੈ ਬਾਕੀਆਂ ਭਾਵ ਮਤਲਬੀਆਂ ਤੇ ਸਾਕਤਾਂ ਤੋਂ ਦੂਰ ਰਹਿਣਾ ਹੀ ਚੰਗਾ ਹੈ।
ਕਬੀਰ ਸਾਹਿਬ ਜੀ ਦਾ ਸ਼ਬਦ ਸਾਨੂੰ ਅਗਵਾਈ ਕਰਦਾ ਹੈ:
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥93॥
ਮਨਮੁਖ ਅਤੇ ਦੌਲਤ ਦੇ ਨਸ਼ੱਈ (ਅਹੰਕਾਰੀ) ਤੁਹਾਡੀ ਆਤਮਕ ਤਰੱਕੀ ਵਿੱਚ ਰੁਕਾਵਟ ਪਾਉਂਦੇ ਹਨ। ਪਹਿਲੇ ਪਾਤਸ਼ਾਹ ਵੀ ਆਸਾ ਕੀ ਵਾਰ ਵਿੱਚ ਉਪਦੇਸ਼ ਕਰਦੇ ਹਨ:
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ॥੪॥
ਦੋਸਤੀ ਤਾਂ ਇਤਨਾ ਪਵਿਤਰ ਰਿਸ਼ਤਾ ਹੈ ਕਿ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਵਿੱਚ ਪ੍ਰਮਾਤਮਾਂ ਨੂੰ ਦੋਸਤ ਜਾਂ ਯਾਰ ਕਹਿ ਕੇ ਸੰਬੋਧਨ ਕੀਤਾ ਹੈ:
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥
ਇਕ ਹੋਰ ਸ਼ਬਦ ਦੇਖੀਏ ਜਿਸ ਵਿੱਚ ਵਾਹਿਗੁਰੂ ਜੀ ਨੂੰ ਪਿਤਾ, ਮਾਤਾ, ਬੰਧਪ ਅਤੇ ਭਰਾਤਾ ਕਰਕੇ ਲਿਖਿਆ ਜਿਸ ਤੋਂ ਸੇਧ ਮਿਲਦੀ ਹੈ ਕਿ ਦੋਸਤ ਦਾ ਰਿਸ਼ਤਾ ਵੀ ਇਹਨਾਂ ਰਿਸ਼ਤਿਆਂ ਵਾਂਗ ਬੜਾ ਉਤਮ ਰਿਸ਼ਤਾ ਹੈ।
ਤੂੰ ਮੇਰਾ ਪਿਤਾ ਤੁੰ ਹੈ ਮੇਰਾ ਮਾਤਾ
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ ਸਾਂਝੀ ਹੈ ਜਿਸ ਨੂੰ ਪੜ੍ਹਿਆਂ, ਵਾਚਿਆਂ ਤੇ ਅਮਲ ਕੀਤਿਆਂ ਪਤਾ ਚਲਦਾ ਹੈ ਕਿ ਗੁਰੂੁ ਸਾਹਿਬ ਜੀ ਕਿਤਨੇ ਵਿਸ਼ਾਲ ਅਤੇ ਵਧੀਆ ਸੰਸਾਰ ਉਸਾਰਨ ਲਈ ਸਾਨੂੰ ਨਕਸ਼ਾ ਉਲੀਕ ਕੇ ਦਿਤਾ ਹੈ। ਅਜਿਹਾ ਸੰਸਾਰ ਜਿਸ ਵਿੱਚ ਕੋਈ ਕਿਸੇ ਨਾਲ ਵੈਰ ਨਹੀਂ ਰਖੇਗਾ ਅਤੇ ਸਾਰੇ ਦੋਸਤ ਹੀ ਦੋਸਤ ਹੋਣਗੇ:
ਬਿਸਰਿ ਗਈ ਸਭ ਤਾਤਿ ਪਰਾਈ ॥
ਜਬ ਤੇ ਸਾਧਸੰਗਤਿ ਮੋਹਿ ਪਾਈ ॥1॥ ਰਹਾਉ ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥1॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥2॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥3॥8॥
ਦੋਸਤੀ ਵਿੱਚ ਤ੍ਰੇੜ ਉਸ ਵੇਲੇ ਆਉਂਦੀ ਹੈ ਜਿਸ ਵੇਲੇ ਅਸੀਂ ਕਿਸੇ ਦਾ ਭਰੋਸਾ ਗੁਆ ਬੈਠਦੇ ਹਾਂ ਕਿਉਂਕਿ ਦੋਸਤੀ ਦੀ ਨੀਂਹ ਤਾਂ ਹੈ ਹੀ ਭਰੋਸਾ ਜਾਂ ਵਿਸ਼ਵਾਸ। ਇਥੇ ਵੀ ਗੁਰਬਾਣੀ ਹੀ ਸਾਨੂੰ ਅਗਵਾਈ ਦਿੰਦੀ ਹੈ ਕਿ ਹਰੇਕ ਜੀਅ ਵਿੱਚ ਰੱਬ ਦੇ ਦਰਸ਼ਨ ਕਰੋ ਕਿਉਂਕਿ ਰੱਬ ਦੀ ਜੋਤ ਤੋਂ ਬਿਨਾ ਕੋਈ ਜੀਵ ਨਹੀਂ ਹੈ:
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥ {ਪੰਨਾ 988}
ਜੇ ਸਾਡੀ ਸੋਚਣੀ ਇਤਨੀ ਉਚੀ ਹੋ ਜਾਵੇ ਤਾਂ ਸਾਰੀ ਦੁਨੀਆਂ ਹੀ ਸਾਡੀ ਦੋਸਤ ਹੈ।
Raja Singh Sikhmissionary
SKH MISSIONARY COLLEGE
ਰਾਜਾ ਸਿੰਘ ਮਿਸ਼ਨਰੀ
- = * FRIENDSHIP (ਦੋਸਤੀ) * = -
Page Visitors: 2777