ਅਕਾਲ ਤਖ਼ਤ ’ਤੇ ਹਮਲੇ ਲਈ ਮੁੱਖ ਜਿੰਮੇਵਾਰ ਉਹ ਲੋਕ ਹਨ ਜਿਨ੍ਹਾਂ ਨੇ ਇੱਕ ਸਾਲ ਪਹਿਲਾਂ ਹੀ ਕਹਿਣਾਂ ਸ਼ੁਰੂ ਕਰ ਦਿੱਤਾ ਸੀ ਕਿ ਅਕਾਲ ਤਖ਼ਤ ’ਤੇ ਚੰਬਲ ਦੇ ਡਾਕੂਆਂ ਦਾ ਕਬਜ਼ਾ ਹੋ ਗਿਆ ਹੈ: ਗਿਆਨੀ ਅਲਵਰ
*ਕਿਸੇ ਰਹਿਤਨਾਮੇ ’ਚ ਤੁਰਕਾਂ ਜਾਂ ਮੁਸਲਮਾਨਾਂ ਨਾਲ ਵਰਤਣ ਦੀ ਕੋਈ ਮਨਾਹੀ ਨਹੀਂ ਪਰ ਗੁਰੂ ਪ੍ਰਵਾਰ ਦੇ ਮੈਂਬਰਾਂ ਮੀਣਿਆਂ, ਧੀਰਮੱਲੀਏ, ਰਾਮਰਾਈਆਂ ਨਾਲ ਵਰਤਣ ਦੀ ਮਨਾਹੀ ਹੈ
*ਜਿਹੜੇ ਲੋਕ ਸ਼ਬਦ ਦੇ ਦਾਇਰੇ ਅੰਦਰ ਰਹਿਣ ਦੀਆਂ ਸਲਾਹਾਂ ਦਿੰਦੇ ਹਨ ਉਨ੍ਹਾਂ ਨੂੰ ਨਾ ਸ਼ਬਦ ਦਾ ਪਤਾ ਹੈ ਨਾ ਸ਼ਬਦ ਦੇ ਦਾਇਰੇ ਦਾ ਪਤਾ ਹੈ
ਬਠਿੰਡਾ, 26 ਜਨਵਰੀ (ਕਿਰਪਾਲ ਸਿੰਘ): ਬੇਸ਼ੱਕ ਤੁਰਕਾਂ ਦਾ ਰਾਜ ਹੋਣ ਕਰਕੇ ਉਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਬੇਅੰਤ ਸਿੰਘਾਂ ਨੂੰ ਅਕਹਿ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਪਰ ਕਿਸੇ ਰਹਿਤਨਾਮੇ ’ਚ ਤੁਰਕਾਂ ਜਾਂ ਮੁਸਲਮਾਨਾਂ ਨਾਲ ਵਰਤਣ ਦੀ ਸਿੱਖਾਂ ਨੂੰ ਕੋਈ ਮਨਾਹੀ ਨਹੀਂ ਹੈ ਜਦੋਂ ਕਿ ਗੁਰੂ ਪ੍ਰਵਾਰਕ ਮੈਂਬਰਾਂ ਜਿਵੇਂ ਮੀਣਿਆਂ, ਧੀਰਮੱਲੀਏ ਰਾਮਰਾਈਆਂ ਨਾਲ ਵਰਤਣ ਦੀ ਮਨਾਹੀ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।
ਉਨ੍ਹਾਂ ਕਿਹਾ ਬਾਬਾ ਪ੍ਰਿਥੀ ਚੰਦ ਗੁਰੂ ਰਮਦਾਸ ਜੀ ਦੇ ਵੱਡੇ ਪੁੱਤਰ ਤੇ ਗੁਰੂ ਅਰਜੁਨ ਸਾਹਿਬ ਜੀ ਦੇ ਵੱਡੇ ਭਰਾ ਸਨ। ਜਿਨ੍ਹਾਂ ਵੱਲੋਂ ਗੁਰੂ ਘਰ ਦੀ ਵਿਰੋਧਤਾ ਕੀਤੇ ਜਾਣ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ‘ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ।’ (ਵਾਰ 26 ਪਉੜੀ 33)। ਬਾਬਾ ਧੀਰਮੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ, ਗੁਰੂ ਹਰਿ rਇ ਸਾਹਿਬ ਜੀ ਦੇ ਭਰਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਤੀਜੇ ਸਨ। ਬਾਬਾ ਰਾਮਰਾਇ ਗੁਰੂ ਹਰਿਰਾਇ ਸਾਹਿਬ ਜੀ ਦੇ ਵੱਡੇ ਪੁੱਤਰ ਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਵੱਡੇ ਭਰਾ ਸਨ।
ਗੁਰੂ ਪ੍ਰੀਵਾਰ ਦੇ ਮੈਂਬਰ ਹੁੰਦੇ ਹੋਏ ਵੀ ਉਨ੍ਹਾਂ ਗੁਰੂ ਘਰ ਦੀ ਵਿਰੋਧਤਾ ਕੀਤੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਸਮੇਂ ਮੀਣੇ, ਧੀਰਮੱਲੀਏ, ਰਾਮਰਾਈਆਂ ਨਾਲ ਰੋਟੀ ਬੇਟੀ ਦੀ ਸਾਂਝ ਪਾਉਣ ਤੋਂ ਸਿੱਖਾਂ ਨੂੰ ਮਨਾਹੀ ਕੀਤੀ। ਗੁਰਮਤਿ ਦੀ ਚੰਗੀ ਸੂਝ ਅਤੇ ਉਚੇ ਕਿਰਦਾਰ ਵਾਲਿਆਂ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਆਪਣੇ ਹੱਥੀਂ ਮਸੰਦ ਥਾਪਿਆ। ਮਸੰਦ ਜਿੱਥੇ ਸਿੱਖਾਂ ਕੋਲੋਂ ਕਾਰ ਭੇਟਾ ਉਗਰਾਹ ਕੇ ਗੁਰੂ ਘਰ ਪਹੁੰਚਾਉਂਦੇ ਸਨ ਉਥੇ ਆਪਣੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਇਸ ਲਈ ਉਨ੍ਹਾਂ ਦਾ ਪੰਥ ਵਿੱਚ ਬਹੁਤ ਸਤਿਕਾਰ ਸੀ। ਪਰ ਸਮਾਂ ਲੰਘਣ ਅਤੇ ਗੁਰੂ ਘਰ ਦੀ ਕਾਰ ਭੇਟਾ ਆਪ ਹੀ ਖਾ ਜਾਣ ਦੀ ਬੁਰੀ ਆਦਤ ਪੈ ਜਾਣ ਕਾਰn ਉਨ੍ਹਾਂ ਦੇ ਕਿਰਦਾਰ ਤੇ ਆਚਰਨ ਵਿੱਚ ਭਾਰੀ ਗਿਰਾਵਟ ਆ ਗਈ ਜਿਸ ਕਾਰਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਨ੍ਹਾਂ ਨੂੰ ਸਖਤ ਸਜਾਵਾਂ ਦਿੱਤੀਆਂ, ਮਸੰਦ ਸਿਸਟਮ ਬੰਦ ਕੀਤਾ ਤੇ ਸਿੱਖਾਂ ਨੂੰ ਮਸੰਦਾਂ ਨਾਲ ਵਰਤੋਂ ਵਿਹਾਰ ਰੱਖਣ ਤੋਂ ਵਰਜ ਦਿੱਤਾ। ਪੁਰਾਤਨ ਸਾਰੇ ਰਹਿਤਨਾਮਿਆਂ ਤੇ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਵੀ ਸਿੱਖਾਂ ਨੂੰ ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਆਂ ਨਾਲ ਵਰਤਣ ਤੋਂ ਵਰਜਿਆ ਗਿਆ ਹੈ ਇਸੇ ਲਈ ਅੱਜ ਵੀ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰੇ ਸਿੱਖਾਂ ਨੂੰ ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਆਂ ਨਾਲ ਵਰਤੋਂ ਵਿਹਾਰ ਤੇ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੀ ਹਦਾਇਤ ਕਰਦੇ ਹਨ।
ਇਹ ਸਾਰੇ ਵਿਅਕਤੀ ਬਾਹਰੋਂ ਕਿਸੇ ਹਮਲਾਵਰ ਕੌਮ ਨਾਲ ਸਬੰਧਤ ਨਹੀਂ ਸਨ ਬਲਕਿ ਕਦੇ ਸਿੱਖ ਪੰਥ ਦਾ ਹੀ ਹਰੀਆਵਲ ਹਿੱਸਾ ਸਨ ਤੇ ਅੱਜ ਵੀ ਵੇਖਣ ਨੂੰ ਸਿੱਖ ਹੀ ਜਾਪਦੇ ਹਨ ਪਰ ਉਨ੍ਹਾਂ ਦੇ ਕਿਰਦਾਰ ਸਦਕਾ ਉਨ੍ਹਾਂ ਨਾਲ ਵਰਤੋਂ ਵਿਹਾਰ ਰੱਖਣ ਤੋਂ ਸਿੱਖਾਂ ਨੂੰ ਮਨਾਹੀ ਹੈ। ਗੁਰੂ ਘਰ ਦੇ ਇਨ੍ਹਾਂ ਵਿਰੋਧੀਆਂ ਨਾਲੋਂ ਨਾਤਾ ਤੋੜ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਸੇਧ ਦਿੱਤੀ ਹੈ ਕਿ ਜਾਤੀ ਤੌਰ ’ਤੇ ਸਿੱਖ ਦਾ ਕਿਸੇ ਨਾਲ ਵਿਰੋਧ ਨਹੀਂ ਹੈ ਪਰ ਗੁਰਮਤਿ ਸਿਧਾਂਤਾਂ ਦਾ ਵਿਰੋਧ ਕਰਨ ਵਾਲੇ ਬੇਸ਼ੱਕ ਆਪਣੇ ਹੀ ਕਿਉਂ ਨਾ ਹੋਣ ਉਨ੍ਹਾਂ ਦਾ ਵਿਸਾਹ ਨਹੀਂ ਕਰਨਾ, ਇਸ ਲਈ ਪੰਥ ਨੂੰ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਸਰੀਰਕ ਤੌਰ ’ਤੇ ਹਮਲੇ ਕਰਨ ਵਾਲਿਆਂ ਨਾਲੋਂ ਘਰ ਦੇ ਮੈਂਬਰ ਜਿਹੜੇ ਗੁਰਮਤਿ ਸਿਧਾਂਤ ਦੇ ਵਿਰੋਧੀ ਹੋਣ ਉਹ ਕੌਮ ਲਈ ਜਿਆਦਾ ਖਤਰਨਾਕ ਹਨ।
ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਚੋਣਾਂ ਦੇ ਦਿਨਾਂ ਵਿੱਚ ਇਹ ਬੜਾ ਰੌਲਾ ਪਾਇਆ ਜਾਂਦਾ ਹੈ ਕਿ ਇਕ ਪਾਰਟੀ ਨੇ ਅਕਾਲ ਤਖ਼ਤ ’ਤੇ ਹਮਲਾ ਕਰਕੇ ਢਹਿ ਢੇਰੀ ਕੀਤਾ ਸੀ ਇਸ ਲਈ ਉਸ ਪਾਰਟੀ ਨਾਲ ਸਬੰਧ ਰੱਖਣ ਵਾਲਾ ਪੰਥ ਦੋਖੀ ਹੈ। ਉਨ੍ਹਾਂ ਕਿਹਾ ਇਹ ਠੀਕ ਹੈ ਹਮਲਾ ਕਰਨ ਵਾਲੀ ਪਾਰਟੀ ਦੋਸ਼ੀ ਹੈ ਪਰ ਅਕਾਲ ਤਖ਼ਤ ’ਤੇ ਹਮਲੇ ਲਈ, ਆਪਣੇ ਸਮਝੇ ਜਾ ਰਹੇ ਮਿੱਤਰ ਉਹ ਲੋਕ ਮੁੱਖ ਜਿੰਮੇਵਾਰ ਹਨ ਜਿਨ੍ਹਾਂ ਨੇ ਇੱਕ ਸਾਲ ਪਹਿਲਾਂ ਹੀ ਕਹਿਣਾਂ ਸ਼ੁਰੂ ਕਰ ਦਿੱਤਾ ਸੀ ਕਿ ਅਕਾਲ ਤਖ਼ਤ ’ਤੇ ਚੰਬਲ ਦੇ ਡਾਕੂਆਂ ਦਾ ਕਬਜ਼ਾ ਹੋ ਗਿਆ ਹੈ, ਇਨ੍ਹਾਂ ਦਾ ਕੁਝ ਕਰੋ। ਗਿਆਨੀ ਅਲਵਰ ਜੀ ਨੇ ਕਿਹਾ ਅਨੰਦਪੁਰ ਸਾਹਿਬ ਵਿਖੇ ਔਰੰਗਜ਼ੇਬ ਦੀਆਂ ਫੌਜਾਂ ਨੇ ਗੁਰੂ ਸਾਹਿਬ ’ਤੇ ਹਮਲਾ ਕੀਤਾ ਪਰ ਇਹ ਹਮਲਾ ਕਰਨ ਲਈ ਉਕਸਾਇਆ ਹਿੰਦੂ ਪਹਾੜੀ ਰਾਜਿਆਂ ਨੇ ਸੀ।
ਉਸੇ ਤਰ੍ਹਾਂ ਦੀ ਸਥਿਤੀ 1984 ’ਚ ਬਣੀ ਸੀ ਜਦੋਂ ਹਮਲਾ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਕੀਤਾ ਸੀ ਪਰ ਇਹ ਹਮਲਾ ਕਰਨ ਲਈ ਉਕਸਾਇਆ ਸਾਡੀ ਮਿੱਤਰ ਦੱਸੀ ਜਾ ਰਹੀ ਭਾਜਪਾ ਨੇ ਸੀ। ਹਮਲਾ ਕਰਵਾਉਣ ਵਾਲੀ ਇਹ ਗੱਲ ਉਨ੍ਹਾਂ ਨੇ ਕੋਈ ਛੁਪਾ ਕੇ ਨਹੀਂ ਰੱਖੀ, ਉਸ ਦੇ ਮੁੱਖ ਆਗੂ ਨੇ ਤਾਂ ਆਪਣੀ ਪੁਸਤਕ ਵਿੱਚ ਲਿਖ ਦਿੱਤਾ ਹੈ ਕਿ ਉਨ੍ਹਾਂ ਨੇ ਕਈ ਵਾਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਉਨ੍ਹਾਂ ’ਤੇ ਜੋਰ ਪਾਇਆ ਸੀ ਕਿ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ ਇਸ ਲਈ ਇਸ ’ਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾਵੇ। ਭਾਰਤੀ ਫੌਜਾਂ ਵੱਲੋਂ ਅਕਾਲ ਤਖ਼ਤ ਢਹਿ ਢੇਰੀ ਕੀਤੇ ਜਾਣ ਪਿੱਛੋਂ ਇਸ ਮਿੱਤਰ ਸਮਝੀ ਜਾ ਰਹੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਭੰਗੜੇ ਪਾ ਕੇ ਅਤੇ ਮਿਠਿਆਈਆਂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦੀ ਉਪਾਧੀ ਦੇ ਕੇ ਵਧਾਈਆਂ ਦਿੱਤੀਆਂ ਸਨ।
ਇਸ ਲਈ ਆਪਣੇ, ਜਿਹੜੇ ਬਾਬਾ ਪ੍ਰਿਥੀ ਚੰਦ, ਬਾਬਾ ਧੀਰਮੱਲ, ਬਾਬਾ ਰਾਮਰਾਇ ਵਾਂਗ ਸਿਧਾਂਤ ਦਾ ਵਿਰੋਧ ਕਰਨ ਅਤੇ ਆਪਣੇ ਨਿੱਜੀ ਸੁਆਰਥ ਕਾਰਣ ਦੁਸ਼ਮਨ ਨਾਲ ਮਿਲ ਜਾਣ ਉਹ ਦੁਸ਼ਮਣ ਨਾਲੋਂ ਜਿਆਦਾ ਘਾਤਕ ਹੁੰਦੇ ਹਨ ਤੇ ਦੁਸ਼ਮਨ ਨਾਲ ਮਿਲੇ ਇਨ੍ਹਾਂ ਲੋਕਾਂ ਦੀ ਪਛਾਣ ਕਰਕੇ ਇਨ੍ਹਾਂ ਤੋਂ ਦੂਰੀ ਬਣਾਈ ਰੱਖਣ ਦੀ ਜਿਆਦਾ ਲੋੜ ਹੈ।
ਗਿਆਨੀ ਅਲਵਰ ਨੇ ਕਿਹਾ ਸਿੱਖਾਂ ਨੂੰ ਗੁਮਰਾਹ ਕਰਨ ਲਈ ਇਹ ਅਵਾਜ਼ ਵੀ ਬੜੀ ਉਚੀ ਕੱਢੀ ਜਾ ਰਹੀ ਹੈ ਕਿ ਕਥਾ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਕਰਨੀ ਚਾਹੀਦੀ ਹੈ, ਕਥਾ ਕਰਦੇ ਸਮੇਂ ਹੋਰ ਫਾਲਤੂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ। ਗਿਆਨੀ ਅਲਵਰ ਨੇ ਕਿਹਾ ਜਿਹੜੇ ਲੋਕ ਸ਼ਬਦ ਦੇ ਦਾਇਰੇ ਅੰਦਰ ਰਹਿਣ ਦੀਆਂ ਸਲਾਹਾਂ ਦਿੰਦੇ ਹਨ ਉਨ੍ਹਾਂ ਨੂੰ ਨਾ ਸ਼ਬਦ ਦਾ ਪਤਾ ਹੈ ਨਾ ਸ਼ਬਦ ਦੇ ਦਾਇਰੇ ਦਾ ਪਤਾ ਹੈ। ਉਨ੍ਹਾਂ ਕਿਹਾ ਸ਼ਬਦ ਕੁਝ ਅੱਖਰਾਂ ਦੇ ਜੋੜ ਨੂੰ ਨਹੀਂ ਕਿਹਾ ਜਾਂਦਾ ਬਲਕਿ ਗੁਰੂ ਦੇ ਸ਼ਬਦ ਦਾ ਭਾਵ ਹੈ ਗੁਰੂ ਦੀ ਸਿੱਖਿਆ। ਤੇ ਸਿੱਖਿਆ ਕਿਸੇ ਅੱਖਰਾਂ ਦੇ ਜੋੜ ਨਾਲ ਬਣੇ ਸ਼ਬਦਾਂ ਦੇ ਭਾਸ਼ਾਈ ਅਰਥਾਂ ਤੱਕ ਸੀਮਤ ਨਹੀਂ ਹੈ ਬਲਕਿ ਸਾਡੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਹੈ ਉਸ ਦਾ ਸਮੁੱਚਾ ਗਿਆਨ ਹੈ।
ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਗਰੀਬ ਕ੍ਰਿਤੀ ਭਾਈ ਲਾਲੋ ਦੇ ਘਰ ਗਏ। ਉਨ੍ਹਾਂ ਦੇ ਘਰ ਇਕੱਠੀ ਹੋਈ ਸੰਗਤ ਵੀ ਕ੍ਰਿਤੀ ਤੇ ਗਰੀਬ ਹੀ ਹੋਵੇਗੀ ਕਿਉਂਕਿ ਕਿਸੇ ਗਰੀਬ ਦੇ ਘਰ ਕੋਈ ਅਮੀਰ ਜਾਂ ਉਚੇ ਰੁਤਬੇ ਵਾਲਾ ਤਾਂ ਜਾਂਦਾ ਨਹੀਂ। ਉਨ੍ਹਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਣ ਕੀਤਾ:
‘ਤਿਲੰਗ ਮਹਲਾ 1 ॥
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥1॥
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥2॥3॥5॥’
(ਗੁਰੂ ਗ੍ਰੰਥ ਸਾਹਿਬ - ਪੰਨਾ 723)।
ਗਿਆਨੀ ਅਲਵਰ ਨੇ ਕਿਹਾ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਕਥਾ ਕਰਨ ਦੀਆਂ ਸਲਾਹਾਂ ਦੇਣ ਵਾਲੇ ਅੱਜ ਦੇ ਸਿੱਖ ਹੁੰਦੇ ਤਾਂ ਉਹ ਗੁਰੂ ਨਾਨਕ ਸਾਹਿਬ ਨੂੰ ਕਹਿਣ ਕਿ ਸੱਚੇ ਪਾਤਸ਼ਾਹ ਇੱਕ ਪਾਸੇ ਤਾਂ ਤੁਸੀਂ ਆਖ ਰਹੇ ਹੋ ਕਿ ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥’ ਅਤੇ ‘ਸਚ ਕੀ ਬਾਣੀ ਨਾਨਕੁ ਆਖੈ’ ਪਰ ਜੇ ਬਾਬਰ ਪਾਪ ਦੀ ਜੰਝ ਲੈ ਕੇ ਕਾਬਲ ਤੋਂ ਆ ਗਿਆ ਹੈ ਉਹ ਜਬਰਦਸਤੀ ਧਨ ਮਾਲ ਤੇ ਇੱਜਤ ਲੁਟ ਰਿਹਾ ਹੈ, ਧਾਰਮਕ ਤੇ ਰਾਜਨੀਤਕ ਲੋਕਾਂ ਦੀ ਸ਼ਰਮ ਤੇ ਧਰਮ ਦੋਵੇਂ ਹੀ ਉਡ ਗਏ ਹਨ ਤਾਂ ਅਸੀਂ ਗਰੀਬੜੇ ਕੀ ਕਰ ਸਕਦੇ ਹਾਂ? ਅਸੀਂ ਇਨ੍ਹਾਂ ਤੋਂ ਕੀ ਲੈਣਾ ਦੇਣਾ ਹੈ? ਤੁਸੀਂ ਸਾਨੂੰ ਕੋਈ ਅਧਿਆਮਕਤਾ ਦੀ ਗੱਲ ਸੁਣਾਓ। ਪਰ ਗੁਰੂ ਨਾਨਕ ਸਾਹਿਬ ਜੀ ਦਾ ਟੀਚਾ ਦਬੇ ਕੁਚਲੇ ਲੋਕਾਂ ਨੂੰ ਆਸ ਪਾਸ ਵਿਚਰ ਰਹੇ ਜਾਬਰ ਲੋਕਾਂ ਦੀਆਂ ਧੱਕੇਸ਼ਾਹੀਆਂ ਦੀ ਜਾਣਕਾਰੀ ਦੇ ਕੇ ਇਨਸਾਫ ਲਈ ਲੋਕਾਂ ਦੀ ਲਾਮਬੰਦੀ ਕਰਨਾ ਹੈ ਨਾ ਕਿ ਕੇਵਲ ਬਗਲੇ ਵਾਂਗ ਸਮਾਧੀਆਂ ਲਾਉਣ ਦੀ ਸਿਖਿਆ ਦੇਣੀ। ਸੋ ਗੁਰਸ਼ਬਦ ਦੀ ਕਥਾ ਦਾ ਭਾਵ ਹੈ ਕਿ ਸ਼ਬਦ ਤੋਂ ਸੇਧ ਲੈ ਕੇ ਮੌਜੂਦਾ ਦੌਰ ਵਿੱਚ ਸਾਡੇ ਆਸ ਪਾਸ ਦੇ ਸਮਾਜ ਵਿੱਚ ਵਿਚਰ ਰਹੇ ਚੰਗੇ ਮਾੜੇ ਦੀ ਸੋਝੀ ਪ੍ਰਾਪਤ ਕਰਕੇ ਉਨ੍ਹਾਂ ਪ੍ਰਤੀ ਸੁਚੇਤ ਹੋਣਾ।
ਹਰਿੰਦਰ ਸਿੰਘ ਅਲਵਰ
ਅਕਾਲ ਤਖ਼ਤ ’ਤੇ ਹਮਲੇ ਲਈ ਮੁੱਖ ਜਿੰਮੇਵਾਰ ਉਹ ਲੋਕ ਹਨ ਜਿਨ੍ਹਾਂ ਨੇ ਇੱਕ ਸਾਲ ਪਹਿਲਾਂ ਹੀ ਕਹਿਣਾਂ ਸ਼ੁਰੂ ਕਰ ਦਿੱਤਾ ਸੀ ਕਿ ਅਕਾਲ ਤਖ਼ਤ ’ਤੇ ਚੰਬਲ ਦੇ ਡਾਕੂਆਂ ਦਾ ਕਬਜ਼ਾ ਹੋ ਗਿਆ ਹੈ:
Page Visitors: 2874