ਪ੍ਰਿਥੀਏ ਧੀਰਮੱਲੀਏ ਤੇ ਰਾਮਰਾਈਏ; ਚੰਦੂਆਂ-ਗੰਗੂਆਂ ਨਾਲ ਮਿਲਕੇ ਸਿੱਖੀ ਸਿਧਾਂਤਾਂ ਨੂੰ ਨੇਸ਼ਤੋਨਾਬੂਦ ਕਰ ਰਹੇ ਹਨ: ਗਿਆਨੀ ਹਰਿੰਦਰ ਸਿੰਘ ਅਲਵਰ
ਕੂੜ ਰਾਜਨੀਤੀ ਦੇ ਸੁਆਰਥੀ ਹਿੱਤ ਪੂਰਨ ਲਈ ਅਕਾਲ ਤਖ਼ਤ ਦੀ ਸਰਬਉਚਤਾ ਸਮਰਪਤ ਹੋਣ ਦੀ ਦੁਹਾਈ ਦੇ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਗੁਰੂ ਤੋਂ ਵੀ ਉਪਰ ਦਾ ਰੁਤਬਾ ਦੇਣ ਦੀ ਕੁਤਾਹੀ ਕੀਤੀ ਜਾ ਰਹੀ ਹੈ
ਬਠਿੰਡਾ, 27 ਜਨਵਰੀ (ਕਿਰਪਾਲ ਸਿੰਘ): ਅਸੀਂ ਚੰਦੂਆਂ ਤੇ ਗੰਗੂਆਂ ਨੂੰ ਪਛਾਨਣ ਵਿੱਚ ਅਸਫਲ ਹੋ ਰਹੇ ਹਾਂ ਤੇ ਪੰਥ ਵਿੱਚ ਪੈਦਾ ਹੋਏ ਪ੍ਰਿਥੀਏ-ਧੀਰਮੱਲੀਏ ਤੇ ਰਾਮਰਾਈਏ; ਚੰਦੂਆ- ਗੰਗੂਆਂ ਨਾਲ ਮਿਲਕੇ ਸਾਰੀਆਂ ਪੰਥਕ ਸੰਸਥਾਵਾਂ ’ਤੇ ਕਬਜ਼ੇ ਕਰਕੇ ਸਿੱਖੀ ਸਿਧਾਂਤਾਂ ਨੂੰ ਨੇਸ਼ਤੋਨਾਬੂਦ ਕਰਨ ਵੱਲ ਵੱਧ ਰਹੇ ਹਨ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਪ੍ਰਸਿੱਧ ਕਥਾ ਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।
ਉਨ੍ਹਾਂ ਕਿਹਾ ਇਹ ਕਥਾ ਤਕਰੀਬਨ ਸਾਰੇ ਹੀ ਸਿੱਖ ਪ੍ਰਚਾਰਕ ਸਟੇਜਾਂ ’ਤੇ ਸੁਣਾਉਂਦੇ ਰਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਕੁਝ ਸਿੰਘਾਂ ਦੇ ਨਾਲ ਜਾ ਰਹੇ ਸਨ ਤਾਂ ਰਸਤੇ ਵਿੱਚ ਦਾਦੂ ਦੀ ਕਬਰ ਆ ਜਾਣ ’ਤੇ ਗੁਰੂ ਜੀ ਆਪਣੇ ਤੀਰ ਨਾਲ ਕਬਰ ਨੂੰ ਨਮਸ਼ਕਾਰ ਕਰਕੇ ਲੰਘ ਗਏ। ਸਿੰਘਾਂ ਨੇ ਉਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਂਹ ਫੜ ਲਈ ਤੇ ਪੁੱਛਣ ਲੱਗੇ ਕਿ ਗੁਰੂ ਜੀ ਇਹ ਕੀ ਕਰ ਰਹੇ ਹੋ? ਸਾਨੂੰ ਤਾਂ ਤੁਸੀਂ ਸਿੱਖਿਆ ਦਿੰਦੇ ਹੋ
‘ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਹੀ ਮਠ ਭੂਲ ਨ ਮਾਨੈ ॥
’ਪਰ ਤੁਸੀਂ ਖ਼ੁਦ ਕਬਰ ਨੂੰ ਨਮਸਕਾਰ ਰਹੇ ਹੋ! ਗੁਰੂ ਜੀ ਨੇ ਬਾਂਹ ਫੜਨ ਵਾਲੇ ਸਿੱਖ ਨੂੰ ਜੱਫੀ ’ਚ ਲੈ ਕੇ ਪਿਆਰ ਕੀਤਾ ਤੇ ਕਿਹਾ ਜੋ ਮੈਂ ਚਿਤਵਿਆ ਸੀ
‘ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥
ਖ਼ਾਲਸੇ ਮਹਿ ਹਉਂ ਕਰਉਂ ਨਿਵਾਸ॥’
ਮੇਰਾ ਉਹ ਸੁਪਨਾ ਅੱਜ ਪੂਰਾ ਹੋ ਗਿਆ ਹੈ। ਤੁਸੀਂ ਵਾਕਿਆ ਹੀ ਸਿੱਖੀ ਸਿਧਾਂਤ ਨੂੰ ਸਮਝ ਗਏ ਹੋ ਤੇ ਮੇਰਾ ਖ਼ਾਸ ਰੂਪ ਬਣ ਗਏ ਹੋ। ਸਿੱਖੀ ਸਿਧਾਂਤ ਦੇ ਵਿਰੁੱਧ ਕੋਈ ਵੱਡੇ ਤੋਂ ਵੱਡਾ ਵਿਅਕਤੀ ਭਾਵੇਂ ਉਹ ਗੁਰੂ ਹੀ ਕਿਉਂ ਨਾ ਹੋਵੇ ਉਸ ਨੂੰ ਟੋਕਣ ਦੀ ਤੁਹਾਡੀ ਇਹ ਹਿੰਮਤ ਸਿੱਧ ਕਰਦੀ ਹੈ ਕਿ ਖ਼ਾਲਸੇ ਵਿੱਚ ਗੁਰੂ ਨਿਵਾਸ ਕਰ ਰਿਹਾ ਹੈ।
ਦਾਦੂ ਦੀ ਕਬਰ ਨੂੰ ਨਮਸ਼ਕਾਰ ਕਰਕੇ ਮੈਂ ਤੁਹਾਡਾ ਇਮਤਿਹਾਨ ਲਿਆ ਸੀ ਤੇ ਤੁਸੀਂ ਇਸ ਵਿੱਚੋਂ ਪਾਸ ਹੋਏ ਹੋ। ਸਿੰਘਾਂ ਨੇ ਕਿਹਾ ਪਾਤਸ਼ਾਹ ਤੁਸੀਂ ਤਾਂ ਠੀਕ ਕਹਿੰਦੇ ਹੋਵੋਗੇ ਕਿ ਤੁਸੀਂ ਸਾਡਾ ਇਮਤਿਹਾਨ ਲਿਆ ਹੈ ਪਰ ਕਲ੍ਹ ਨੂੰ ਪੰਥ ਦਾ ਕੋਈ ਵੱਡਾ ਆਗੂ ਇਸ ਤਰ੍ਹਾਂ ਦੇ ਗੁਰਮਤਿ ਵਿਰੋਧੀ ਕੰਮ ਕਰਕੇ ਕਹਿ ਸਕਦਾ ਹੈ ਕਿ ਉਸ ਨੇ ਤਾਂ ਸਿੱਖਾਂ ਦਾ ਇਮਤਿਹਾਨ ਲੈਣ ਵਾਸਤੇ ਇਹ ਕੀਤਾ ਹੈ। ਸਿੰਘਾਂ ਦੀ ਇਸ ਦੂਰ ਦ੍ਰਿਸ਼ਟੀ ਸੋਚ ਨੂੰ ਵੇਖ ਕੇ ਗੁਰੂ ਜੀ ਹੋਰ ਖੁਸ਼ ਹੋਏ ਤੇ ਹੱਥ ਜੋੜ ਕੇ ਕਹਿਣ ਲੱਗੇ ਠੀਕ ਹੈ ਮੈਂ ਗਲਤੀ ਕੀਤੀ ਹੈ ਇਸ ਲਈ ਮੈਨੂੰ ਗੁਰੂ ਰੂਪ ਖ਼ਾਲਸਾ ਤਨਖ਼ਾਹ ਲਾਵੇ ਤੇ ਮੁਆਫ਼ੀ ਬਖ਼ਸ਼ੇ। ਉਨ੍ਹਾਂ ਕਿਹਾ ਇਹ ਸਾਖੀ ਸਾਨੂੰ ਸੇਧ ਦਿੰਦੀ ਹੈ ਕਿ ਕੋਈ ਕਿੱਡਾ ਵੀ ਵੱਡਾ ਆਗੂ ਜਾਂ ਉਚ ਅਹੁਦੇਦਾਰ ਹੋਵੇ ਉਸ ਵਲੋਂ ਕੀਤੀ ਗੁਰਮਤਿ ਵਿਰੋਧੀ ਕਾਰਵਾਈ ਦਾ ਸਪਸ਼ਟੀਕਰਨ ਮੰਗਣ ਦਾ ਖ਼ਾਲਸੇ ਨੂੰ ਹੱਕ ਹੈ ਤੇ ਗਲਤੀ ਕਰਨ ਵਾਲਾ ਆਗੂ ਪੰਥ ਨੂੰ ਜਵਾਬਦੇਹ ਹੈ।
ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਅੱਜ ਕੱਲ੍ਹ ਦਿੱਲੀ ਵਿੱਚ ਅਕਾਲ ਤਖ਼ਤ ਨੂੰ ਸਮਰਪਤ ਹੋਣ ਦਾ ਨਾਹਰਾ ਬੜੀ ਊਚੀ ਗੂੰਜ ਰਿਹਾ ਹੈ ਤੇ ਦੂਸਰੀ ਧਿਰ ਨੂੰ ਅਕਾਲ ਤਖ਼ਤ ਦੇ ਬਾਗੀ, ਭਗੌੜੇ ਹੋਣ ਦਾ ਦੋਸ਼ ਲਾ ਕੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਅਸੀਂ ਅਕਾਲ ਤਖ਼ਤ ਤੋਂ ਬਾਗੀ ਨਹੀਂ ਹਾਂ ਪਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸੇ ਨੂੰ ਦਿੱਤੇ ਹੱਕ ਦੀ ਵਰਤੋਂ ਕਰਦੇ ਹੋਏ ਅਕਾਲ ਤਖ਼ਤ ’ਤੇ ਕੀਤੇ ਗਏ ਕੁਝ ਗਲਤ ਫੈਸਲਿਆਂ ਸਬੰਧੀ ਸਪਸ਼ਟੀਕਰਨ ਦੀ ਮੰਗ ਕਰਦੇ ਹਾਂ।
ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਬਿਨਾਂ ਸਪਸ਼ਟੀਕਰਨ ਦਿੱਤਿਆਂ ਇਕ ਧਿਰ ਵੱਲੋਂ ਜਿਸ ਤਰ੍ਹਾਂ ਦੂਜੀ ਧਿਰ ’ਤੇ ਅਕਾਲ ਤਖ਼ਤ ਦੇ ਬਾਗੀ ਤੇ ਅਕਾਲ ਤਖ਼ਤ ਦੇ ਭਗੌੜੇ ਹੋਣ ਦੇ ਇੱਕ ਪਾਸੜ ਦੋਸ਼ ਲਾਏ ਜਾ ਰਹੇ ਹਨ ਇਸ ਤੋਂ ਜਾਪਦਾ ਹੈ ਕਿ ਇਹ ਆਪਣੀ ਕੂੜ ਰਾਜਨੀਤੀ ਦੇ ਸੁਆਰਥੀ ਹਿੱਤ ਪੂਰਨ ਲਈ ਅਕਾਲ ਤਖ਼ਤ ਦੀ ਸਰਬਉਚਤਾ ਸਮਰਪਤ ਹੋਣ ਦੀ ਦੁਹਾਈ ਦੇ ਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਗੁਰੂ ਤੋਂ ਵੀ ਉਪਰ ਦਾ ਰੁਤਬਾ ਦੇਣ ਦੀ ਕੁਤਾਹੀ ਕਰ ਰਹੇ ਹਨ। ਜੇ ਚੰਦੂਆਂ-ਗੰਗੂਆਂ , ਪ੍ਰਿਥੀਆਂ-ਧੀਰਮੱਲੀਆਂ , ਰਾਮਰਾਈਆਂ ਦਾ ਗੱਠਜੋੜ ਦਿੱਲੀ ਦੇ ਗੁਰਧਾਮਾਂ ’ਤੇ ਵੀ ਕਾਬਜ਼ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਮਤਿ ਸਿਧਾਂਤਾਂ ਦੀ ਅਣਦੇਖੀ ਕਰਨ ਵਾਲੇ ਵੱਡੇ ਤੋਂ ਵੱਡੇ ਵਿਅਕਤੀਆਂ ਨੂੰ ਟੋਕੇ ਜਾਣ ਤੇ ਸਵਾਲ ਕਰਨ ਦਾ ਸਿੱਖਾਂ ਨੂੰ ਦਿੱਤਾ ਹੱਕ ਵੀ ਇਨ੍ਹਾਂ ਨੇ ਖੋਹ ਲੈਣਾ ਹੈ। ਕਿਉਂਕਿ ਨਾ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਨਾ ਹੀ ਹਾਲੀ ਤੱਕ ਹੋਰ ਕਿਸੇ ਨੇ ਕਿਹਾ ਹੈ ਕਿ
‘ਜਾਗਤ ਜੋਤਿ ਜਪੈ ਨਿਸ ਬਾਸੁਰ ਏਕੁ ਬਿਨਾ ਮਨਿ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਹੀ ਮਠ ਭੂਲ ਨ ਮਾਨੈ ॥’
ਵੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਤੇ ਦਾਦੂ ਦੀ ਕਬਰ ਨੂੰ ਤੀਰ ਨਾਲ ਨਮਸ਼ਕਾਰ ਵੀ ਉਨ੍ਹਾਂ ਨੇ ਹੀ ਕੀਤਾ ਹੈ।
ਗੁਰੂ ਸਮਰਥ ਹੈ ਤੇ ਸਰਬ ਉਚ ਹੈ ਇਸ ਲਈ ਗੁਰੂ ਨੂੰ ਸਮਰਪਣ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਕੋਈ ਸਵਾਲ ਨਹੀਂ ਪੁੱਛਣਾ ਚਾਹੀਦਾ। ਪਰ ਇਹ ਰੌਲਾ ਪਾ ਰਹੇ ਹਨ ਕਿ ਅਕਾਲ ਤਖ਼ਤ ਨੂੰ ਸਮਰਪਣ ਹੋਵੋ ਤੁਸੀਂ ਉਨ੍ਹਾਂ ਨੂੰ ਕੋਈ ਸਵਾਲ ਨਾ ਪੁੱਛੋ। ਜੇ ਪੁੱਛੋਗੇ ਤਾਂ ਤੁਹਾਨੂੰ ਛੇਕ ਦਿੱਤਾ ਜਾਵੇਗਾ। ਗਿਆਨੀ ਅਲਵਰ ਨੇ ਕਿਹਾ ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਵਿੱਚ ਅਰਦਾਸ ਕਰੀਏ ਕਿ ਦਿੱਲੀ ਦੇ ਸਿੱਖਾਂ ਨੂੰ ਇੰਨੀ ਕੁ ਸੂਝ ਬਖ਼ਸ਼ਣ ਕਿ ਸਾਡਾ ਇਹ ਹੱਕ ਬਰਕਰਾਰ ਰਹੇ।
ਦਿੱਲੀ ਦੀ ਇੱਕੋ ਇੱਕ ਸਟੇਜ ਹੈ ਜਿੱਥੋਂ ਸਿਧਾਂਤ ਦੀ ਗੱਲ ਕੀਤੀ ਜਾਂਦੀ ਹੈ ਤੇ ਆਗੂਆਂ ਵੱਲੋਂ ਕੀਤੇ ਰਹੇ ਗੁਰਮਤਿ ਵਿਰੋਧੀ ਕਾਰਵਾਈਆਂ ਸਬੰਧੀ ਸੰਗਤਾਂ ਨੂੰ ਜਾਗਰੂਕ ਕਰਕੇ ਸਿਧਾਂਤ ਕਾਇਮ ਰੱਖਣ ਦੀ ਆਵਾਜ਼ ਦਿੱਤੀ ਜਾਂਦੀ ਹੈ। ਜੇ ਇਹ ਸਟੇਜ਼ ਵੀ ਜਾਂਦੀ ਰਹੀ ਤਾਂ ਚੰਦੂਆਂ ਗੰਗੂਆਂ ਨੇ ਇਹ ਅਵਾਜ਼ ਵੀ ਬੰਦ ਕਰ ਦੇਣੀ ਹੈ।
ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪ੍ਰਿਥੀਏ ਧੀਰਮੱਲੀਏ ਤੇ ਰਾਮਰਾਈਏ; ਚੰਦੂਆਂ-ਗੰਗੂਆਂ ਨਾਲ ਮਿਲਕੇ ਸਿੱਖੀ ਸਿਧਾਂਤਾਂ ਨੂੰ ਨੇਸ਼ਤੋਨਾਬੂਦ ਕਰ ਰਹੇ ਹਨ:
Page Visitors: 2830